ਬਹਾਦਰ ਸਿੱਖ ਜਰਨੈਲ: ਸਰਦਾਰ ਜੋਧ ਸਿੰਘ ਰਾਮਗੜ੍ਹੀਆ

By February 14, 2018 0 Comments


ਬਿਕਰਮਜੀਤ ਸਿੰਘ ਜੀਤ
jodh singh ramgarhia
ਸਿੱਖ ਮਿਸਲ ਕਾਲ ਦੌਰਾਨ ‘ਰਾਮਗੜ੍ਹੀਆ’ ਮਿਸਲ ਦੇ ਜਥੇਦਾਰ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ‘ਦਲ ਖਾਲਸਾ’ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਉਂਦਿਆਂ ਜਿੱਥੇ ਕਾਂਗੜੇ ਦੇ ਪਹਾੜੀ ਰਾਜਿਆਂ ਤੋਂ ਖਿਰਾਜ ਵਸੂਲੀ ਕੀਤੀ, ਉੱਥੇ ਹੋਰਾਂ ਮਿਸਲਦਾਰਾਂ ਨਾਲ ਮਿਲ ਕੇ ਅਹਿਮਦਸ਼ਾਹ ਦੁਰਾਨੀ ਨਾਲ ਕਈ ਲੜਾਈਆਂ ਲੜੀਆਂ ਅਤੇ ਹੋਰ ਅਨੇਕਾਂ ਕਾਰਨਾਮੇ ਕੀਤੇ, ਜਿਨ੍ਹਾਂ ਦਾ ਆਪਣਾ ਵੱਖਰਾ ਮਾਣਮੱਤਾ ਇਤਿਹਾਸ ਹੈ।
1803 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦੇਹਾਂਤ ਪਿੱਛੋਂ ਉਨ੍ਹਾਂ ਦੇ ਦੋ ਪੁੱਤਰਾਂ, ਸਰਦਾਰ ਜੋਧ ਸਿੰਘ ਤੇ ਸਰਦਾਰ ਵੀਰ ਸਿੰਘ ਵਿੱਚੋਂ ਵੱਡੇ ਪੁੱਤਰ ਸਰਦਾਰ ਜੋਧ ਸਿੰਘ ਰਾਮਗੜ੍ਹੀਆ (ਜਿਨ੍ਹਾਂ ਦਾ ਜਨਮ 1757 ਈਸਵੀ ਨੂੰ ਹੋਇਆ ਸੀ) ਮਿਸਲ ਦੇ ਜਥੇਦਾਰ ਬਣੇ। ਸਰਦਾਰ ਜੋਧ ਸਿੰਘ ਵੀ ਆਪਣੇ ਪਿਤਾ ਵਾਂਗ ਬਹੁਤ ਬਹਾਦਰ, ਦਲੇਰ, ਦੂਰ-ਅੰਦੇਸ਼ੀ ਅਤੇ ਸਿਆਣੇ ਯੋਧੇ ਸਨ। ਉਨ੍ਹਾਂ ਨੇ ਆਪਣੇ ਪਿਤਾ ਦੀ ਜਗ੍ਹਾ ਸੰਭਾਲਦਿਆਂ ਹੀ ਗੱਡੋ ਮਾਲਾ, ਭੰਗਾ ਤੇ ਹੁਸ਼ਿਆਰਪੁਰ ਆਦਿ ਪਰਗਣਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲੇ ਦੇ ਰਾਜਾ ਅਮਰ ਸਿੰਘ ਦੀ ਵੀ ਕਈ ਲੜਾਈਆਂ ਵਿੱਚ ਮਦਦ ਕੀਤੀ।
ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਦੀ ਬਹਾਦਰੀ, ਦਲੇਰੀ ਅਤੇ ਸਿਆਣਪ ਨੂੰ ਵੇਖਦਿਆਂ ਸਰਦਾਰ ਜੋਧ ਸਿੰਘ ਨਾਲ ਮਿੱਤਰਤਾ ਗੰਢਣ ਲਈ ਵਿਚਾਰ ਬਣਾਇਆ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਲਿਖਦੇ ਹਨ, ‘ਸਰਕਾਰ ਨੇ ਸਰਦਾਰ ਜੋਧ ਸਿੰਘ ਰਾਮਗੜ੍ਹੀਏ ਦੇ ਵਰਿਆਮਤਾ ਦੇ ਕਾਰਨਾਮਿਆਂ ਬਾਰੇ ਬਹੁਤ ਕੁਝ ਸੁਣਿਆ ਸੀ। 1803 ਵਿੱਚ ਜਦ ਖਾਲਸਾ ਰਾਜ ਦੀ ਇਮਾਰਤ ਅਜੇ ਨੀਹਾਂ ਵਿੱਚੋਂ ਨਿਕਲੀ ਹੀ ਸੀ, ਇਸ ਨੂੰ ਮਜ਼ਬੂਤ ਬਣਾਇਆ ਅਤੇ ਸੁਰੱਖਿਅਤ ਬਣਾਉਣ ਲਈ ਸਰਦਾਰ ਜੋਧ ਸਿੰਘ ਵਰਗੇ ਕਈ ਜੋਧਿਆਂ ਦੀ ਸਹਾਇਤਾ ਤੇ ਕੁਰਬਾਨੀਆਂ ਦੀ ਲੋੜ ਸੀ, ਜੋ ਸ਼ੇਰ-ਏ-ਪੰਜਾਬ ਨੇ ਇਸ ਬਾਰੇ ਸ੍ਰੀ ਬਾਬਾ ਸਾਹਿਬ ਸਿੰਘ ਨੂੰ ਆਪਣੇ ਵਿਚਾਰ ਦੱਸੇ।’

ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਾਹਿਬ ਸਿੰਘ ਦੀ ਸਹਾਇਤਾ ਨਾਲ ‘ਰਾਮਗੜ੍ਹੀਆ ਮਿਸਲ’ ਵੱਲ ਦੋਸਤੀ ਦਾ ਹੱਥ ਅੱਗੇ ਵਧਾਇਆ। ਸਿੱਖ ਇਤਿਹਾਸ ਰਿਸਰਚ ਬੋਰਡ, ਅੰਮ੍ਰਿਤਸਰ ਦੇ ਸਾਬਕਾ ਰਿਸਰਚ ਸਕਾਲਰ ਕਿਰਪਾਲ ਸਿੰਘ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ ਜੀਵਨ ਅਤੇ ਘਾਲਣਾ’ ਵਿੱਚ ਅੰਗਰੇਜ਼ ਲਿਖਾਰੀ ਸਰ ਲੈਪਲ ਗ੍ਰਿਫਨ ਦੇ ਹਵਾਲੇ ਨਾਲ ਲਿਖਦੇ ਹਨ, ‘‘ਮਹਾਰਾਜਾ ਰਣਜੀਤ ਸਿੰਘ ਨੇ ‘ਰਾਮਗੜ੍ਹੀਆ ਮਿਸਲ’ ਨਾਲ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਆਪਣੇ ਹੱਥ ਦਾ ਪੰਜਾ ਕੇਸਰ ਨਾਲ ਰੰਗ ਕੇ ਮਿੱਤਰਤਾ ਦੇ ਪਰਚੇ ’ਤੇ ਮੋਹਰ ਲਾਈ।’ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਜੋਧ ਸਿੰਘ ਦੀ ਅਗਵਾਈ ਵਾਲੀ ‘ਰਾਮਗੜ੍ਹੀਆ ਮਿਸਲ’ ਨੂੰ ਆਪਣੇ ਨਾਲ ਰਲਾ ਕੇ ਆਪਣੀ ਰਾਜਨੀਤਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਲਿਆ।’’
ਮਹਾਰਾਜਾ ਰਣਜੀਤ ਸਿੰਘ ਨੇ ਜਦ ਲਾਹੌਰ ਤੋਂ ਬਾਅਦ ਸਿੱਖਾਂ ਦੀ ਧਾਰਮਿਕ ਅਤੇ ਅਧਿਆਤਮਿਕ ਰਾਜਧਾਨੀ ਅੰਮ੍ਰਿਤਸਰ ਉੱਪਰ ਕਬਜ਼ਾ ਕਰਨ ਦਾ ਫੈਸਲਾ ਕੀਤਾ ਤਾਂ ਅੰਮ੍ਰਿਤਸਰ ’ਤੇ ਅਧਿਕਾਰ ਸਥਾਪਿਤ ਕਰਨ ਲਈ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਦੀ ਬੜੀ ਅਹਿਮ ਭੂਮਿਕਾ ਰਹੀ। ਸਰਦਾਰ ਜੋਧ ਸਿੰਘ ਨੇ ਕਸੂਰ ਅਤੇ ਮੁਲਤਾਨ ਦੀਆਂ ਲੜਾਈਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਮਦਦ ਕੀਤੀ। ਸਰਦਾਰ ਜੋਧ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਵੀਰਤਾ ਦੇ ਜੌਹਰ ਪਹਿਲੀ ਵਾਰ ਕਸੂਰ ਦੀ ਵੱਡੀ ਲੜਾਈ ਸਮੇਂ ਦਿਖਾਏ, ਜਿਹੜੀ ਕਸੂਰੀਏ ਪਠਾਣਾਂ ਕੁਤਬਦੀਨ ਖ਼ਾਨ ਆਦਿ ਨਾਲ ਲੜੀ ਗਈ। ਇਸ ਸੰਗਰਾਮ ਵਿੱਚ ਸਰਦਾਰ ਜੋਧ ਸਿੰਘ ਆਪਣੇ 2 ਹਜ਼ਾਰ ਚੋਣਵੇਂ ਜਵਾਨਾਂ ਨਾਲ ਸ਼ਾਮਲ ਹੋਏ, ਇਸ ਦੌਰਾਨ ਉਨ੍ਹਾਂ ਦੀ ਤੇਗ ਦੇ ਜੌਹਰ ਦੇਖ ਕੇ ਸ਼ੇਰ-ਏ-ਪੰਜਾਬ ਵਾਹ ਵਾਹ ਕਰ ਉੱਠੇ। ਇੰਨੀ ਭਾਰੀ ਸਹਾਇਤਾ ਨੂੰ ਮੁੱਖ ਰੱਖਦਿਆਂ ਮਹਾਰਾਜਾ ਰਣਜੀਤ ਸਿੰਘ ਨੇ 25 ਹਜ਼ਾਰ ਰੁਪਏ ਦੀ ਸਾਲਾਨਾ ਆਮਦਨ ਦੇ ਪਰਗਣੇ ਘੁਮਣ ਨੂੰ ਗੁਲਾਬ ਸਿੰਘ ਪਾਸੋਂ ਲੈ ਕੇ ਸਰਦਾਰ ਜੋਧ ਸਿੰਘ ਨੂੰ ਦੇ ਦਿੱਤੇ। ਇਸ ਤੋਂ ਇਲਾਵਾ ਸ਼ੇਖੂਪੁਰ ਇਲਾਕੇ ਦੇ 11 ਪਿੰਡ, ਜਿਨ੍ਹਾਂ ਦੀ ਆਮਦਨ 12 ਹਜ਼ਾਰ ਰੁਪਏ ਸਾਲਾਨਾ ਸੀ; ਵੀ ਦਿੱਤੇ।
ਸਰਦਾਰ ਜੋਧ ਸਿੰਘ ਮੈਦਾਨ-ਏ-ਜੰਗ ਦੇ ਨਿਡਰ ਯੋਧਾ ਦੇ ਨਾਲ ਨਾਲ ਮਨ ਦੇ ਵੀ ਬੜੇ ਸਾਫ਼ ਸਨ। ਜਦੋਂ ਉਨ੍ਹਾਂ ਦੇਖਿਆ ਕਿ ਸ਼ੇਰ-ਏ-ਪੰਜਾਬ ਉਨ੍ਹਾਂ ਨਾਲ ਦਿਲੋਂ ਪਿਆਰ ਕਰਦੇ ਹਨ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਐਸੇ ਘੁਲ-ਮਿਲ ਗਏ ਕਿ ਇੱਕ-ਦੂਜੇ ਨੂੰ ਦੇਖੇ ਬਿਨਾਂ ਰਹਿ ਨਹੀਂ ਸਨ ਸਕਦੇ। ਖਾਲਸਾ ਦਰਬਾਰ ਦੇ ਰਿਕਾਰਡ ਅਨੁਸਾਰ ਪਤਾ ਲੱਗਦਾ ਹੈ ਕਿ 1803 ਤੋਂ 1816 ਤਕ ਖਾਲਸਾ ਰਾਜ ਦੇ ਵਾਧੇ ਲਈ ਜਿੰਨੀਆਂ ਲੜਾਈਆਂ ਲੜੀਆਂ ਗਈਆਂ, ਸਾਰੀਆਂ ਵਿੱਚ ਸਰਦਾਰ ਜੋਧ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮਹਾਰਾਜਾ ਰਣਜੀਤ ਸਿੰਘ, ਸਰਦਾਰ ਜੋਧ ਸਿੰਘ ਦੀ ਇੰਨੀ ਇੱਜ਼ਤ ਕਰਦੇ ਸਨ ਕਿ ਸ਼ਾਹੀ ਦਰਬਾਰ ਵਿੱਚ ਇਨ੍ਹਾਂ ਨੂੰ ਆਪਣੇ ਬਰਾਬਰ ਬਿਠਾਉਂਦੇ ਸਨ ਅਤੇ ਉਨ੍ਹਾਂ ਨੂੰ ‘ਬਾਬਾ ਜੀ’ ਕਹਿ ਕੇ ਬੁਲਾਉਂਦੇ ਸਨ।
ਸਰਦਾਰ ਜੋਧ ਸਿੰਘ ਰਾਮਗੜ੍ਹੀਆ ਜਿੱਥੇ ਦਲੇਰ ਅਤੇ ਬਹਾਦਰ ਯੋਧੇ ਸਨ, ਉੱਥੇ ਗੁਰੂ-ਘਰ ਦੇ ਵੀ ਅਨਿਨ ਸਿੱਖ ਸਨ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ‘ਬੁੰਗਾ ਰਾਮਗੜ੍ਹੀਆ’ ਬਣਾਵਾਇਆ ਅਤੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਾਸਤੇ ਬਣਾਏ ਗਏ ਪੁਲ ਦੇ ਕਿੰਗਰਿਆਂ ਲਈ ਦਿੱਲੀ ਅਤੇ ਆਗਰੇ ਤੋਂ ਪੱਚੀਕਾਰੀ ਵਾਲੇ ਪੱਥਰ ਮੰਗਵਾ ਕੇ ਦਿੱਤੇ। ਗੁਰੂ-ਘਰ ਪ੍ਰਤੀ ਆਪਣੀ ਸ਼ਰਧਾ ਮੁੱਖ ਰੱਖਦਿਆਂ ਉਨ੍ਹਾਂ ਅੰਮ੍ਰਿਤਸਰ ਵਿੱਚ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਦੀਆਂ ਕੁਝ ਮੰਜ਼ਿਲਾਂ ਦੀ ਉਸਾਰੀ ਵੀ ਕਰਵਾਈ। ਇਸ ਤੋਂ ਇਲਾਵਾ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿੱਚ ਬਣੇ ਗੁਰਦੁਆਰਾ ਗਰਨਾ ਸਾਹਿਬ, ਬੋਦਲ (ਹੁਸ਼ਿਆਰਪੁਰ) ਦੀ ਸਭ ਤੋਂ ਪਹਿਲੀ ਸੇਵਾ ਵੀ ਸਰਦਾਰ ਜੋਧ ਸਿੰਘ ਨੇ ਕੀਤੀ ਸੀ।
1816 ਵਿੱਚ ਕੁਝ ਕੁ ਦਿਨ ਬਿਮਾਰ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਧਰਮੀ ਅਤੇ ਸਾਦਗੀ ਭਰਪੂਰ ਇਸ ਬਹਾਦਰ ਸਿੱਖ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੇ ਅਧੀਨ ਸਾਰਾ ਇਲਾਕਾ ਜ਼ਬਤ ਕਰ ਕੇ ਉਨ੍ਹਾਂ ਦੀ ਪਤਨੀ, ਭਰਾ ਸਰਦਾਰ ਵੀਰ ਸਿੰਘ ਅਤੇ ਚਾਚਾ ਸਰਦਾਰ ਤਾਰਾ ਸਿੰਘ ਦੇ ਪੁੱਤਰ ਸਰਦਾਰ ਦੀਵਾਨ ਸਿੰਘ ਨੂੰ ਜਾਗੀਰ ਦੇ ਦਿੱਤੀ। ਉਨ੍ਹਾਂ ਦਾ ਯਾਦਗਾਰੀ ਸਥਾਨ ਛੋਟੇ ਜਿਹੇ ਅੱਠ-ਨੁੱਕਰੀ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਅੰਮ੍ਰਿਤਸਰ ਵਿਖੇ ਗੁਰਦੁਆਰਾ ‘ਸ਼ਹੀਦ ਗੰਜ’ ਬਾਬਾ ਦੀਪ ਸਿੰਘ ਜੀ ਵਿੱਚ ਬਣਿਆ ਹੋਇਆ ਹੈ। ਇਹ ਸਥਾਨ ਉਨ੍ਹਾਂ ਵੱਲੋਂ ਕੀਤੀਆਂ ਪੰਥ ਪ੍ਰਤੀ ਸੇਵਾਵਾਂ ਦੀ ਯਾਦ ਦਿਵਾਉਂਦਾ ਹੈ।

ਸੰਪਰਕ: 87278-00372
Tags: , , , ,
Posted in: ਸਾਹਿਤ