ਕੈਪਟਨ ਸਰਕਾਰ ਸੌਦਾ ਸਾਧ ਦੇ ਪ੍ਰੇਮੀਆਂ ’ਤੇ ਮਿਹਰਬਾਨ ਕਿਉਂ…?

By February 13, 2018 0 Comments


ਜਸਪਾਲ ਸਿੰਘ ਹੇਰਾਂ
cpatamrahim
ਇੱਕ ਪਾਸੇ ਸਰਕਾਰ ਤੇ ਅਦਾਲਤ ਖ਼ੁਦ ਇਹ ਪ੍ਰਵਾਨ ਵੀ ਕਰ ਚੁੱਕੀਆਂ ਹਨ, ਸਾਬਤ ਵੀ ਕਰ ਚੁੱਕੀ ਹੈ ਕਿ ਸੌਦਾ ਸਾਧ ਬਲਾਤਕਾਰੀ, ਲੁਟੇਰਾ, ਦਹਿਸ਼ਤਗ਼ਰਦ, ਧੋਖੇਬਾਜ਼ ਅਤੇ ਠੱਗ ਹੈ। ਕੀ ਫ਼ਿਰ ਅਜਿਹੇ ਵਿਅਕਤੀ ਨੂੰ ‘‘ਧਾਰਮਿਕ ਆਗੂ’’ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ ਅਤੇ ਉਸਦੇ ਅੰਨੇ ਸ਼ਰਧਾਲੂ ਨੂੰ ਇੱਕ ਗੁੰਡੇ ਅਨਸਰ ਦੀ ਮਾਨਤਾ ਬਣਾਈ ਰੱਖਣ ਦੀ ਆਗਿਆ ਦਿੱਤੀ ਜਾ ਸਕਦੀ ਹੈ? ਇੱਕ ਪਾਸੇ ਹਰਿਆਣਾ ਸਰਕਾਰ ਇਹ ਸਾਬਤ ਕਰ ਚੁੱਕੀ ਹੈ ਕਿ ਪੰਚਕੂਲੇ ’ਚ ਹੋਈ ਹਿੰਸਾ ਜਿਸ ’ਚ 50 ਕੁ ਦੇ ਆਸ-ਪਾਸ ਲੋਕ ਮਾਰੇ ਗਏ ਸਨ ਅਤੇ ਸਾੜ-ਫੂਕ ਤੇ ਭੰਨ-ਤੋੜ ਦਾ ਤਾਂ ਕੋਈ ਹਿਸਾਬ ਹੀ ਨਹੀਂ ਰਿਹਾ ਸੀ। ਉਹ ਸੌਦਾ ਸਾਧ ਦੀ ਕਰਤੂਤ ਸੀ। ਦੂਜੇ ਪਾਸੇ ਪੰਜਾਬ ਪੁਲਿਸ ਮੌੜ ਬੰਬ ਕਾਂਡ ਦੀਆਂ ਤਾਰਾਂ ਵੀ ਸੌਦਾ ਸਾਧ ਨਾਲ ਜੋੜ ਰਹੀ ਹੈ ਅਤੇ ਸੰਭਾਵਨਾ ਤਾਂ ਇਹ ਵੀ ਦੱਸੀ ਜਾਂਦੀ ਹੈ ਕਿ ਗੁਰੂ ਗੰ੍ਰਥ ਸਾਹਿਬ ਦੇ ਬੇਅਦਬੀ ਕਾਂਡ ਦੀਆਂ ਤਾਰਾਂ ਵੀ ਸੌਦਾ ਸਾਧ ਨਾਲ ਹੀ ਜੁੜਨੀਆਂ ਹਨ। ਧਰਮ ਤੇ ਮਨੁੱਖਤਾ ਦਾ ਦੁਸ਼ਮਣ ਕੋਈ ਧਾਰਮਿਕ ਆਗੂ ਕਿਵੇਂ ਹੋ ਸਕਦਾ ਹੈ? ਪੰ੍ਰਤੂ ਪੰਜਾਬ ਦੀ ਕੈਪਟਨ ਸਰਕਾਰ, ਸੌਦਾ ਸਾਧ ’ਤੇ ਦਿਆਲ ਹੋ ਗਈ ਹੈ। ਕਿਉਂ? ਇਸਦਾ ਜਵਾਬ ਤਾਂ ਕੈਪਟਨ ਸਾਬ ਹੀ ਦੇ ਸਕਦੇ ਹਨ। ਪੰ੍ਰਤੂ ਜਿਸ ਤਰਾਂ ਕੈਪਟਨ ਸਰਕਾਰ ਨੇ ਸੌਦਾ ਸਾਧ ਦੇ ਪ੍ਰੇਮੀਆਂ ਨੂੰ ਮੁੜ ਤੋਂ ਵੱਖ-ਵੱਖ ਕੂੜ ਘਰਾਂ ’ਚ ਕੂੜ ਚਰਚਾ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਪਹਿਲੀ ਗੱਲ ਤਾਂ ਇਹ ਸਰਕਾਰ ਤੇ ਇਨਸਾਫ਼ ਦੋਵਾਂ ਦਾ ਜਲੂਸ ਹੈ, ਦੂਜਾ ਇਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ। ਆਖ਼ਰ ਸਰਕਾਰ ਇੱਕ ਗੁੰਡੇ ਬਦਮਾਸ਼ ਨੂੰ ਮੁੜ ਤੋਂ ਧਾਰਮਿਕ ਆਗੂ ਵਜੋਂ ਸਥਾਪਿਤ ਕਰਨ ’ਚ ਦਿਲਚਸਪੀ ਕਿਉਂ ਦਿਖਾਉਣ ਲੱਗ ਪਈ ਹੈ?

ਕੀ ਹਾਲੇਂ ਵੀ ਵੋਟ ਰਾਜਨੀਤੀ ਵਰਤੀ ਜਾ ਰਹੀ ਹੈ ਜਾਂ ਫ਼ਿਰ ਸੌਦਾ ਸਾਧ ਤੋਂ ਕਿਸੇ ਹੋਰ ਲਾਹੇ ਦੀ ਉਮੀਦ ਕੀਤੀ ਜਾ ਰਹੀ ਹੈ? ਸਰਕਾਰ ਦਾ ਮੁੱਢਲਾ ਫ਼ਰਜ਼ ਹੈ ਕਿ ਉਹ ਆਪਣੇ ਨਾਗਰਿਕ ਨੂੰ ਠੱਗੀ-ਠੋਰੀ ਤੋਂ ਬਚਾਵੇ, ਉਨਾਂ ਦਾ ਕਿਸੇ ਤਰਾਂ ਦਾ ਸ਼ੋਸਣ ਨਾ ਹੋਣ ਦਿੱਤਾ ਜਾਵੇ, ਉਨਾਂ ਨੂੰ ਕੋਈ ਬਲੈਕਮੇਲਿੰਗ ਨਾ ਕਰ ਸਕੇ। ਪ੍ਰੰਤੂ ਸੌਦਾ ਸਾਧ ਇਹ ਸਾਰਾ ਕੁਝ ਕਰਦਾ ਰਿਹਾ, ਸਾਬਤ ਹੋ ਚੁੱਕਾ ਹੈ। ਪ੍ਰੰਤੂ ਇਸਦੇ ਬਾਦਜੂਦ ਅੰਨੀਆਂ ਅੱਖਾਂ ਨੂੰ ਖੋਲਣ ਦਾ ਯਤਨ ਕਰਨਾ ਤਾਂ ਦੂਰ ਉਲਟਾ ਉਨਾਂ ਨੂੰ ਅੰਨੇ ਖੂਹ ’ਚ ਛਾਲ ਮਾਰਨ ਲਈ ਸਰਕਾਰ ਇਹ ਬੰਦੋਬਸਤ ਕਰ ਰਹੀ ਹੈ ਕਿ ਕੋਈ ਉਨਾਂ ਨੂੰ ਖੂਹ ’ਚ ਛਾਲ ਮਾਰਨ ਤੋਂ ਰੋਕ ਨਾ ਸਕੇ। 28 ਅਗਸਤ 2017 ਨੂੰ ਸੌਦਾ ਸਾਧ ਨੂੰ ਅਦਾਲਤ ਨੇ ਬਲਾਤਕਾਰੀ ਐਲਾਨ ਦਿੱਤਾ ਸੀ। ਉਸ ਸਮੇਂ ਤਾਂ ਸਰਕਾਰ ਨੇ ਇਨਾਂ ਕੂੜ ਘਰਾਂ ਨੂੰ ਬੰਦ ਕਰਵਾ ਦਿੱਤਾ ਸੀ ਤਾਂ ਕਿ ਸਮਾਜ ’ਚ ਫੈਲ ਰਹੀ ਬੁਦਬੂ ਨੂੰ ਰੋਕਿਆ ਜਾਵੇ। ਸੌਦਾ ਸਾਧ ਦੇ ਪੰਜਾਬ ’ਚ 97 ਡੇਰੇ ਹਨ। ਹੁਣ ਜਦੋਂ ਪੰਜਾਬ ’ਚ ਮੁੱਖ ਡੇਰਾ ਸਲਾਬਤਪੁਰਾ ਖੋਲ ਦਿੱਤਾ ਗਿਆ ਹੈ, ਫ਼ਿਰ ਇਹ ਬਾਕੀ ਡੇਰੇ ਖੁੱਲਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਕੀ ਸਿੱਖਾਂ ਨੂੰ ਸਰਕਾਰ ਦੀ ਇਸ ਗ਼ਲਤ ਤੇ ਬੇਵਕੂਫ਼ੀ ਭਰੀ ਕਾਰਵਾਈ ਵਿਰੁੱਧ ਮੁੜ ਮੈਦਾਨ ’ਚ ਨਿਤਰਣਾ ਪਵੇਗਾ? ਸਿੱਖ ਇਸ ਗੱਲ ਦੀ ਆਗਿਆ ਹਰਗਿਜ਼ ਨਹੀਂ ਦੇ ਸਕਦੇ ਕਿ ਇੱਕ ਬਲਾਤਕਾਰੀ, ਗੁੰਡੇ, ਲੁਟੇਰੇ, ਅਯਾਸ਼ ਤੇ ਬਦਮਾਸ਼ ਦੀ ਗੁਰੂਆਂ ਦੀ ਪਵਿੱਤਰ ਧਰਤੀ ’ਤੇ ਇੱਕ ਧਾਰਮਿਕ ਆਗੂ ਵਜੋਂ ਮਾਨਤਾ ਹੋਵੇ। ਜੇ ਅੱਜ ਵੀ ਕੋਈ ਗੁਰਮੀਤ ਰਾਮ ਰਹੀਮ ਨੂੰ ਸਾਧ ਮੰਨਦਾ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਅਕਲ ਦਾ ਅੰਨਾ ਹੋ ਸਕਦਾ ਹੈ। ਪੰ੍ਰਤੂ ਅਕਲ ਦੇ ਅੰਨਿਆਂ ਨੂੰ ਸਰਕਾਰ ਖੁਸ਼ ਕਰਨ ਵੱਲ ਕਿਉਂ ਤੁਰੀ ਹੈ?

ਇਹ ਸੁਆਲ ਕਈ ਸ਼ੰਕੇ ਖੜੇ ਕਰਦਾ ਹੈ। ਕੀ ਕੈਪਟਨ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦਾ ਸੱਚ, ਸਾਹਮਣੇ ਨਹੀਂ ਲਿਆਉਣਾ ਚਾਹੁੰਦੀ? ਉਹ ਇਸ ਕਾਂਡ ਦੇ ਦੋਸ਼ੀਆਂ ਨੂੰ ਜਿਨਾਂ ’ਚ ਸੌਦਾ ਸਾਧ ਦੇ ਨਾਲ-ਨਾਲ ਬਾਦਲਕੇ ਤੇ ਭਗਵਾਂ ਬਿ੍ਰਗੇਡ ਦੀ ਹਿੱਸੇਦਾਰੀ ਵੀ ਹੈ, ਉਨਾਂ ਨੂੰ ਨੰਗੇ ਨਹੀਂ ਕਰਨਾ ਚਾਹੁੰਦੀ। ਪ੍ਰਧਾਨ ਮੰਤਰੀ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਕੈਪਟਨ ਦੀ ਮਿਲਣੀ ਇਸ ਬੁਣੀ ਗਈ ਤਾਣੀ ਦਾ ਸਿੱਟਾ ਤਾਂ ਨਹੀਂ? ਕੈਪਟਨ ਸਰਕਾਰ ਪਹਿਲਾਂ ਹੀ ਕਈ ਸਿੱਖ ਮੁੱਦਿਆਂ ’ਤੇ ਸਿੱਖ ਭਾਵਨਾਵਾਂ ਤੋਂ ਉਲਟ ਫੈਸਲੇ ਲੈ ਚੁੱਕੀ ਹੈ। ਹੁਣ ਜੇ ਸਰਕਾਰ ਸੌਦਾ ਸਾਧ ਤੇ ਉਸਦੇ ਚੇਲਿਆਂ ਦੀ ਪੁਸ਼ਤ ਪਨਾਹੀ ਕਰਦੀ ਹੈ ਤਾਂ ਇਸ ਦਾ ਸਾਫ਼ ਤੇ ਸਪੱਸ਼ਟ ਸੰਕੇਤ ਹੈ ਕਿ ਸਿੱਖੀ ਤੇ ਸਿੱਖ ਜੁਆਨੀ ਦੇ ਘਾਣ ਲਈ ਭਗਵੇਂ, ਬਾਦਲਕੇ ਤੇ ਕੈਪਟਨਕੇ ਇੱਕ-ਮਿੱਕ ਹੀ ਨਹੀਂ। ਸਿੱਖਾਂ ਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਸਗੋਂ ਕੌਮ ਦੀ ਰਾਖ਼ੀ ਤੇ ਦੁਸ਼ਮਣ ਨਾਲ ਸਿੱਧੀ ਲੜਾਈ ਲਈ ਖ਼ੁਦ ਤਿਆਰ ਰਹਿਣਾ ਚਾਹੀਦਾ ਹੈ।

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar
Tags: ,