ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ‘ਚ ਲੱਭੇ ਬੰਬ ਧਮਾਕੇ ਦੇ ਦੋਸ਼ੀ

By February 10, 2018 0 Comments


**ਬਰਗਾੜੀ ਬੇਅਦਬੀ ਕਾਂਡ ਵੀ ਹੱਲ ਹੋਣ ਦੇ ਨੇੜੇ- ਖਟੜਾ**
***ਗਰਮ ਖਿਆਲੀਆਂ ‘ਤੇ ਸ਼ੱਕ ਸਹੀ ਸਾਬਤ ਨਹੀਂ ਹੋਇਆ***
maur
ਜਲੰਧਰ, 9 ਫਰਵਰੀ (ਮੇਜਰ ਸਿੰਘ)- ਬਰਗਾੜੀ ਬੇਅਦਬੀ ਮਾਮਲੇ ਦੀ ਪੈੜ ਨੱਪਦੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਦ ਸਿਰਸਾ ਵਿਖੇ ਤਫ਼ਤੀਸ਼ ਕਰਨ ਲੱਗੀ ਤਾਂ ਉਨ੍ਹਾਂ ਨੂੰ ਡੇਰਾ ਸਿਰਸਾ ਦੀ ਵਰਕਸ਼ਾਪ ਲਈ ਕਲਪੁਰਜ਼ੇ ਸਪਲਾਈ ਕਰਨ ਵਾਲੇ ਸੁਨੀਲ ਕੁਮਾਰ ਰਾਹੀਂ ਅਜਿਹੀਆਂ ਕੜੀਆਂ ਜੁੜੀਆਂ ਕਿ ਮੌੜ ਬੰਬ ਧਮਾਕੇ ਦੀ ਸਾਜਿਸ਼ ਪਰਦਾਫਾਸ਼ ਹੋ ਗਈ |

ਜਾਂਚ ‘ਚ ਸ਼ਾਮਿਲ ਇਕ ਅਧਿਕਾਰੀ ਨੇ ਦੱਸਿਆ ਕਿ ਬੇਅਦਬੀ ਕਾਂਡ ਦੀ ਬਾਜਾਖਾਨਾ ਤੇ ਆਸਪਾਸ ਦੇ ਖੇਤਰਾਂ ‘ਚ ਜਾਂਚ-ਪੜਤਾਲ ਦੌਰਾਨ ਕੁਝ ਅਜਿਹੇ ਸੁਰਾਗ ਲੱਭੇ ਜੋ ਦੋਸ਼ੀਆਂ ਦੇ ਸਿਰਸਾ ਵਾਲੇ ਪਾਸੇ ਹੋਣ ਦੇ ਸੰਕੇਤ ਦੇ ਰਹੇ ਸਨ | ਅਜਿਹੇ ਤੱਥ ਲੱਭਣ ਬਾਅਦ ਜਾਂਚ ਟੀਮ ਦੇ ਕਈ ਦਲ ਸਿਰਸਾ ਤੇ ਆਸਪਾਸ ਦੇ ਖੇਤਰਾਂ ਦੀ ਮਿੱਟੀ ਛਾਣਨ ਲੱਗੇ |

ਕਿਸੇ ਸੂਤਰ ਰਾਹੀਂ ਉਨ੍ਹਾਂ ਦਾ ਸੰਪਰਕ ਸਿਰਸਾ ਵਿਖੇ ਮੋਟਰ ਗੱਡੀਆਂ ਦੇ ਸਪੇਅਰ ਪਾਰਟਸ ਦੀ ਦੁਕਾਨ ਦੇ ਮਾਲਕ ਸੁਨੀਲ ਨਾਲ ਹੋ ਗਿਆ | ਸੁਨੀਲ ਡੇਰਾ ਸਿਰਸਾ ਅੰਦਰਲੀਆਂ ਸਾਰੀਆਂ ਮੋਟਰ ਗੱਡੀਆਂ ਲਈ ਕਲਪੁਰਜ਼ੇ ਸਪਲਾਈ ਕਰਦਾ ਸੀ | ਜਾਂਚ ਟੀਮ ਨੇ ਜਦ ਉਸ ਦੇ ਵਹੀ ਖਾਤੇ ਫਰੋਲੇ ਤਾਂ ਪਤਾ ਲੱਗਾ ਕਿ ਉਹ ਕਲਪੁਰਜ਼ੇ ਦੇਣ ਆਉਂਦਾ ਸੀ ਤੇ ਹਫਤੇ-ਦਸ ਦਿਨ ਬਾਅਦ ਆਪਣੇ ਬਣਦੇ ਪੈਸੇ ਲੈਣ ਆਉਂਦਾ ਸੀ |
ਡੇਰੇ ਦੀ ਵੀ. ਆਈ. ਪੀ. ਵਰਕਸ਼ਾਪ ‘ਚ ਆਮ ਕਰਕੇ ਲੈਕਸਸ, ਮਰਸੀਡੀਜ਼, ਬੀ. ਐਮ. ਡਬਲਿਊ ਤੇ ਹੋਰ ਮਹਿੰਗੀਆਂ ਗੱਡੀਆਂ ਹੁੰਦੀਆਂ ਸਨ | ਪਰ ਜਦ ਦਸੰਬਰ ਦੇ ਵਹੀ ਖਾਤੇ ਵਿਚ ਇਕ ਮਾਰੂਤੀ 800 ਦਾ ਸਾਮਾਨ ਭੇਜਣ ਦੀ ਗੱਲ ਸਾਹਮਣੇ ਆਈ ਤਾਂ ਜਾਂਚ ਟੀਮ ਦੇ ਕੰਨ ਖੜ੍ਹੇ ਹੋ ਗਏ, ਕਿਉਂਕਿ ਗੁਰਮੀਤ ਰਾਮ ਰਹੀਮ ਦੀਆਂ ਕਾਰਾਂ ਦੀ ਕਤਾਰ ਵਿਚ ਮਾਰੂਤੀ 800 ਕਿਥੋਂ ਆ ਗਈ?

ਸੁਨੀਲ ਨੇ ਹੀ ਫਿਰ ਭਾਂਡਾ ਭੰਨਿਆ ਕਿ ਡੇਰੇ ਦੀ ਵੀ. ਆਈ. ਪੀ. ਵਰਕਸ਼ਾਪ ਦਾ ਹੈੱਡ ਕਾਲਾ ਜੋ ਕਿ ਡੱਬਵਾਲੀ ਨੇੜਲੇ ਅਲੀਕੇ ਦਾ ਵਸਨੀਕ ਹੈ, ਇਹ ਕਾਰ ਲੈ ਕੇ ਆਉਂਦਾ ਰਿਹਾ ਹੈ | ਇਸੇ ਵਰਕਸ਼ਾਪ ਵਿਚ ਹਰਮੇਲ ਸਿੰਘ ਤੇ ਅਵਤਾਰ ਸਿੰਘ ਵੀ ਕੰਮ ਕਰਦੇ ਸਨ ਤੇ ਗੁਰਮੀਤ ਰਾਮ ਦੇ ਖਾਸਮ-ਖਾਸ ਸਾਧੂਆਂ ਵਿਚ ਸ਼ਾਮਿਲ ਸਨ | ਜਾਂਚ ਦਲ ਦਾ ਕਹਿਣਾ ਹੈ ਕਿ ਇਹ ਤਿੰਨੋਂ ਸਾਧੂ ਗੁਰਮੀਤ ਰਾਮ ਰਹੀਮ ਵਲੋਂ ਨਿਪੁੰਸਕ ਕੀਤੇ ਸਾਧੂਆਂ ਵਿਚ ਸ਼ਾਮਿਲ ਹਨ |

ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨਾਲ ਸਬੰਧਿਤ ਅਮਰੀਕ ਸਿੰਘ ਬੰਬ ਧਮਾਕੇ ਲਈ ਵਰਤੀ ਬੈਟਰੀ ਲਿਆਉਣ ਅਤੇ ਕਾਰ ਦਾ ਹੋਰ ਸਾਮਾਨ ਬਦਲਣ ‘ਚ ਸ਼ਾਮਿਲ ਸੀ | ਸੰਪਰਕ ਕਰਨ ‘ਤੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀ. ਆਈ. ਜੀ. ਰਣਬੀਰ ਸਿੰਘ ਖਟੜਾ ਨੇ ਦੱਸਿਆ ਕਿ ਅਮਰੀਕ ਸਿੰਘ ਅਤੇ ਕਾਲਾ ਮੌੜ ਬੰਬ ਧਮਾਕੇ ਦੇ ਦੋਸ਼ੀਆਂ ‘ਚ ਨਾਮਜ਼ਦ ਕੀਤੇ ਗਏ ਹਨ |

ਸੂਤਰਾਂ ਮੁਤਾਬਿਕ ਸਿਰਸਾ ਵਿਖੇ ਘੁੰਮਦਿਆਂ ਪੁਲਿਸ ਜਾਂਚ ਟੀਮ ਨੂੰ ਪਤਾ ਲੱਗਾ ਕਿ ਵਰਕਸ਼ਾਪ ‘ਚ ਕੰਮ ਕਰਨ ਵਾਲੇ ਸਾਧੂ ਹਰਮੇਲ ਰਾਮ ਰਹੀਮ ਦੇ ਜੇਲ੍ਹ ਚਲੇ ਜਾਣ ਬਾਅਦ ਡੇਰਾ ਬੰਦ ਹੋਣ ਕਰਕੇ ਸਿਰਸਾ-ਦਿੱਲੀ ਸੜਕ ਉੱਪਰ ਵਰਕਸ਼ਾਪ ਚਲਾ ਰਿਹਾ ਹੈ ਅਤੇ ਅਵਤਾਰ ਸਿੰਘ ਨਾਂਅ ਦਾ ਇਕ ਹੋਰ ਸਾਧੂ ਵੀ ਉਨ੍ਹਾਂ ਦੇ ਨਾਲ ਹੀ ਹੈ | ਇਨ੍ਹਾਂ ਸਾਰਿਆਂ ਤੋਂ ਇਕੱਤਰ ਕੀਤੀ ਸੂਚਨਾ ਤੋਂ ਹੀ ਪਤਾ ਲੱਗਾ ਕਿ ਮਾਰੂਤੀ 800 ਨੂੰ ਵੀ. ਆਈ. ਪੀ. ਵਰਕਸ਼ਾਪ ‘ਚ ਲਿਜਾ ਕੇ ਪੇਂਟ ਬਦਲਿਆ ਤੇ ਹੋਰ ਕਈ ਸਾਜ਼ੋ-ਸਾਮਾਨ ਪਾਇਆ ਗਿਆ |

ਜਾਂਚ ਟੀਮ ਦਾ ਕਹਿਣਾ ਹੈ ਕਿ ਕਾਲਾ ਤੇ ਅਮਰੀਕ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਇਸ ਭੇਦ ਦਾ ਪਰਦਾ ਖੁੱਲ੍ਹੇਗਾ ਕਿ ਕਾਰ ਕਿਸ ਦੇ ਕਹਿਣ ਉੱਪਰ ਵਰਕਸ਼ਾਪ ‘ਚ ਲਿਆਂਦੀ ਗਈ ਤੇ ਮੌੜ ਬੰਬ ਧਮਾਕੇ ਦਾ ਨਿਸ਼ਾਨਾ ਕੌਣ ਸੀ?

**ਗਰਮ ਖਿਆਲੀਆਂ ‘ਤੇ ਸ਼ੱਕ ਸਹੀ ਸਾਬਤ ਨਹੀਂ ਹੋਇਆ**

ਪੰਜਾਬ ‘ਚ ਵਾਪਰਦੀ ਹਰ ਹਿੰਸਾ ਦੀ ਘਟਨਾ ‘ਚ ਗਰਮ ਖਿਆਲੀ ਸਿੱਖਾਂ ਦੇ ਹੱਥ ਹੋਣ ਦਾ ਸ਼ੱਕ ਵੀ ਗਲਤ ਸਾਬਤ ਹੋਇਆ ਹੈ | ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏ ਮੌੜ ਬੰਬ ਧਮਾਕੇ ਪਿੱਛੇ ਵੀ ਪੁਲਿਸ ਸਮੇਤ ਕਈ ਰਾਜਸੀ ਪਾਰਟੀਆਂ ਨੇ ਗਰਮ ਖਿਆਲੀਆਂ ਦਾ ਹੱਥ ਹੋਣ ਦਾ ਹੀ ਸ਼ੱਕ ਜ਼ਾਹਰ ਕੀਤਾ ਸੀ | ਪਹਿਲੇ ਕਈ ਮਹੀਨੇ ਪੁਲਿਸ ਜਾਂਚ ਦੀ ਸੂਈ ਵੀ ਉਸੇ ਪਾਸੇ ਹੀ ਘੁੰਮਦੀ ਰਹੀ ਹੈ |

**ਬਰਗਾੜੀ ਬੇਅਦਬੀ ਕਾਂਡ ਹੱਲ ਹੋਣ ਦੇ ਨੇੜੇ- ਖਟੜਾ**

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀ. ਆਈ. ਜੀ. ਸ: ਰਣਬੀਰ ਸਿੰਘ ਖਟੜਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੀ ਜਾਂਚ ਵੀ ਜਲਦੀ ਹੀ ਸਿਰੇ ਚੜ੍ਹਨ ਦਾ ਸੰਕੇਤ ਦਿੱਤਾ ਹੈ | ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਦੀ ਸੂਈ ਵੀ ਸਿਰਸੇ ਵਾਲੇ ਪਾਸੇ ਹੀ ਘੁੰਮਦੀ ਹੈ ਤੇ ਇਸ ਬਾਰੇ ਖੁਲਾਸਾ ਜਲਦੀ ਹੋ ਸਕਦਾ ਹੈ |