ਪੰਜਾਬ ਦੇ ਸੁਨਹਿਰੀ ਦੌਰ ‘ਚ ਗੋਰੇ ਵੀ ਇਥੇ ਨੌਕਰੀ ਕਰਨ ਆਉਂਦੇ ਸੀ

By February 7, 2018 0 Comments


ranjit singhਸਿੱਖ ਰਾਜ ਦੇ ਦੌਰਾਨ ਬੜੇ ਜਨਰਲ, ਸੈਂਕੜੇ ਸਿਪਾਹੀ ਅਤੇ ਪ੍ਰਬੰਧਕੀ ਹੁਨਰ ਰੱਖਣ ਵਾਲੇ ਲੋਕ ਬਿਹਤਰ ਜੀਵਨ ਦੀ ਆਸ ਲੈ ਕੇ ਪੱਛਮ ਦੀ ਧਰਤੀ ਤੋਂ ਪੰਜਾਬ ਪਹੁੰਚੇ ਅਤੇ ਖੁਸ਼ਹਾਲ ਅਤੇ ਸਵੈਮਾਣ ਵਾਲਾ ਜੀਵਨ ਬਤੀਤ ਕਰਦੇ ਰਹੇ | ਇਨ੍ਹਾਂ ਜਨਰਲਾਂ ਦੁਆਰਾ ਤਿਆਰ ਅਤੇ ਸਿੱਖਿਅਤ ਫ਼ੌਜ ਨੂੰ ‘ਫ਼ੌਜ-ਏ-ਖ਼ਾਸ’ ਦਾ ਨਾਂਅ ਦਿੱਤਾ ਗਿਆ ਸੀ | ਭਾਰਤੀ ਖਿੱਤੇ ਦੀ ਇਹ ਪਹਿਲੀ ਫ਼ੌਜ ਸੀ, ਜਿਸ ਕੋਲ ਯੂਰਪੀ ਪੱਧਰ ਦਾ ਜੰਗੀ ਹੁਨਰ ਸੀ ਅਤੇ ਇਹ ਫਿਰੰਗੀ ਫ਼ੌਜ ਨੂੰ ਟੱਕਰ ਦੇਣ ਲਈ ਤਕਨੀਕੀ ਤੌਰ ‘ਤੇ ਬਿਲਕੁਲ ਤਿਆਰ ਸੀ | ਇਸ ਫ਼ੌਜ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ 1835 ਨੂੰ ਮਹਾਰਾਜੇ ਨੇ ਸਾਰੀ ਹੀ ਸਿੱਖ ਫ਼ੌਜ ਨੂੰ ਇਸੇ ਵਿਧੀ ਮੁਤਾਬਿਕ ਸਿਖਲਾਈ ਦੇਣ ਦਾ ਫੈਸਲਾ ਕੀਤਾ | ਇਸ ਖ਼ਬਰ ਨੇ ਅੰਗਰੇਜ਼ਾਂ ਦੇ ਕੰਨ ਖੜ੍ਹੇ ਕਰ ਦਿੱਤੇ ਅਤੇ ਉਨ੍ਹਾਂ ਨੇ 1837 ਵਿਚ ਇਕ ਅਧਿਕਾਰਤ ਹੁਕਮ ਜਾਰੀ ਕਰ ਦਿੱਤਾ ਕਿ ਹਰ ਉਸ ਯੂਰਪੀ ਫ਼ੌਜੀ ਅਫ਼ਸਰ ਨੂੰ ਗਿ੍ਫ਼ਤਾਰ ਕਰ ਲਿਆ ਜਾਵੇ ਜੋ ਖ਼ਾਲਸਾ ਰਾਜ ਦੀ ਨੌਕਰੀ ਦੀ ਭਾਲ ਵਿਚ ਪੰਜਾਬ ਵੱਲ ਨੂੰ ਸਫਰ ਕਰ ਰਿਹਾ ਹੋਵੇ | ਹਰ ਪੱਖ ਤੋਂ ਕਾਬਿਲ ਅਤੇ ਤਾਕਤਵਰ ਸਿੱਖ ਰਾਜ ਦਾ ਇਹ ਬਹੁਤ ਵੱਡਾ ਦੁਖਾਂਤ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਕ ਯੋਗ ਆਗੂ ਦੀ ਘਾਟ ਕਾਰਨ ਇਸ ਹਕੂਮਤ ਦੇ ਵਾਰਿਸ ਗੱਦਾਰਾਂ ਅਤੇ ਮੌਕਾਪ੍ਰਸਤ ਲੋਕਾਂ ਦੀਆਂ ਬਦਨੀਤੀਆਂ ਦਾ ਸ਼ਿਕਾਰ ਹੋ ਕੇ ਮੁੜ ਗੁਲਾਮੀ ਦੇ ਵਹਿਣਾਂ ਵਿਚ ਰੁੜ੍ਹ ਗਏ |

ਉਹਨਾਂ ਵਿਦੇਸ਼ੀ ਕਾਮਿਆਂ ਵਿੱਚੋ ਕੁਝ ਹੇਠ ਲਿਖੇ ਹਨ :

ਫਰਾਂਸ ਦਾ ਜੰਮਪਲ ਅਗਸਤੇ ਕੋਟ 20 ਸਾਲ ਦੀ ਉਮਰ ਵਿਚ ਨੈਪੋਲੀਅਨ ਦੀ ਫ਼ੌਜ ਵਿਚ ਭਰਤੀ ਹੋਇਆ ਪਰ 1815 ਵਿਚ ਵਾਟਰਲੂ ਦੀ ਲੜਾਈ ਵਿਚ ਹਾਰ ਤੋਂ ਬਾਅਦ ਨੌਕਰੀ ਤੋਂ ਵਿਹਲਾ ਹੋ ਗਿਆ | 1818 ਵਿਚ ਇਸ ਨੇ ਫਰਾਂਸ ਛੱਡ ਦਿੱਤਾ ਅਤੇ ਬਗਦਾਦ ਵਿਚ ਪਰਸ਼ੀਅਨ ਫ਼ੌਜ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ | ਇੱਥੇ ਹੀ ਉਹ ਇਟਾਲੀਅਨ ਕਰਨਲ ਪਾਉਲੋ ਇਵੇਟਬਲ ਨੂੰ ਮਿਲਿਆ ਅਤੇ ਇਹ ਦੋਵੇਂ ਚੰਗੀਆਂ ਸੰਭਾਵਨਾਵਾਂ ਦੀ ਤਲਾਸ਼ ਵਿਚ 1827 ਨੂੰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਪਹੁੰਚ ਗਏ | ਇਸ ਦਾ ਲੰਮਾ ਫ਼ੌਜੀ ਤਜਰਬਾ ਇਸ ਦੇ ਕੰਮ ਆਇਆ ਅਤੇ ਮਹਾਰਾਜੇ ਨੇ ਇਸ ਨੂੰ ਫ਼ੌਜ ਦੇ ਤੋਪਖਾਨੇ ਵਿਚ ਤੋਪਚੀਆਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਦਿੱਤੀ | ਇਸ ਤੋਂ ਇਲਾਵਾ ਸ: ਲਹਿਣਾ ਸਿੰਘ ਮਜੀਠੀਆ ਨਾਲ ਮਿਲ ਕੇ ਇਹ ਕਾਰਤੂਸ, ਬੰਦੂਕਾਂ ਅਤੇ ਤੋਪਾਂ ਬਣਾਉਣ ਵਾਲੇ ਕਾਰਖਾਨੇ ਦੇ ਕੰਮ ਦੀ ਨਜ਼ਰਸਾਨੀ ਵੀ ਕਰਦਾ ਸੀ | ਇਹ ਹਥਿਆਰ ਬਣਾਉਣ ਦੇ ਮਾਮਲੇ ਵਿਚ ਤਕਨੀਕੀ ਅਤੇ ਵਿਗਿਆਨਕ ਢੰਗ ਦੀ ਸੂਝ-ਬੂਝ ਰੱਖਦਾ ਸੀ | ਜਦ ਇਸ ਨੇ ਕਾਰਖਾਨੇ ਵਿਚ ਪਹਿਲਾ ਫਿਊਜ ਵਾਲਾ ਬੰਬ ਤਿਆਰ ਕਰਵਾਇਆ ਤਾਂ ਮਹਾਰਾਜੇ ਨੇ ਇਸਨੂੰ 30,000 ਰੁ. ਦਾ ਨਕਦ ਇਨਾਮ ਦਿੱਤਾ | ਜਾਗੀਰ ਤੋਂ ਇਲਾਵਾ ਇਸ ਨੂੰ 2500 ਰੁ. ਮਹੀਨਾ ਤਨਖਾਹ ਮਿਲਦੀ ਸੀ | ਖ਼ਾਲਸਾ ਫ਼ੌਜ ਨੂੰ ਬਿਹਤਰ ਤੋਪਾਂ ਅਤੇ ਵਧੀਆ ਤੋਪਚੀ ਉਪਲਬਧ ਕਰਾਉਣ ਵਿਚ ਇਸ ਦਾ ਸਭ ਤੋਂ ਜ਼ਿਆਦਾ ਯੋਗਦਾਨ ਸੀ | ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਸਿੱਖ ਰਾਜ ਦੀ ਸਥਾਪਤੀ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰਦਾ ਰਿਹਾ | ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ 1841 ਵਿਚ ਮਹਾਰਾਜਾ ਸ਼ੇਰ ਸਿੰਘ ਨੂੰ ਤਾਕਤ ਵਿਚ ਲਿਆਉਣ ਵਿਚ ਇਸ ਦਾ ਕਾਫੀ ਯੋਗਦਾਨ ਸੀ | ਸ਼ੇਰ ਸਿੰਘ ਦੀ ਹੱਤਿਆ ਤੋਂ ਬਾਅਦ ਇਹ ਦੁਖੀ ਹੋਇਆ ਆਪਣੀ ਪੰਜਾਬਣ ਪਤਨੀ ਅਤੇ ਬੱਚੇ ਸਮੇਤ 1844 ਵਿਚ ਫਰਾਂਸ ਵਾਪਸ ਚਲਾ ਗਿਆ ਅਤੇ ਅੰਤਿਮ ਸਾਹਾਂ ਤੱਕ ਉੱਥੇ ਹੀ ਰਿਹਾ | ਇਸ ਦੀ ਲਿਖੀ ਹੋਈ ਇਕ ਕਿਤਾਬ ਵੀ ਉਪਲਬਧ ਹੈ | ਜਿਸ ਵਿਚ ਇਸ ਨੇ 1818 ਤੋਂ 1844 ਤੱਕ ਸੀਰੀਆ ਤੋਂ ਲਾਹੌਰ ਤੱਕ ਦੇ ਆਪਣੇ ਜੀਵਨ ਸਫਰ ਦਾ ਜ਼ਿਕਰ ਕੀਤਾ ਹੈ | ਇਸ ਕਿਤਾਬ ਦਾ ਆਖਰੀ ਭਾਗ ਇਸ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀ ਅਜ਼ੀਮ ਹਕੂਮਤ ਨੂੰ ਸਮਰਪਤ ਕੀਤਾ ਹੈ |

ਜੌਹਨ ਹੋਲਮਸ (ਬਰਤਾਨੀਆ)

ਇਹ ਅੰਗਰੇਜ਼ ਸੀ ਅਤੇ ਇਸ ਨੇ ਸਿੱਖ ਰਾਜ ਦੇ ਆਖਰੀ ਸਾਲਾਂ ਦੌਰਾਨ ਸਿੱਖ ਫ਼ੌਜ ਵਿਚ ਨੌਕਰੀ ਕੀਤੀ | ਪਹਿਲਾਂ ਇਹ ਬੰਗਾਲ ਦੀ ਇਕ ਫ਼ੌਜੀ ਟੁਕੜੀ ਵਿਚ ਰਿਹਾ ਪਰ 1829 ਵਿਚ ਬਿਹਤਰ ਭਵਿੱਖ ਲਈ ਪੰਜਾਬ ਆ ਗਿਆ | ਇਸ ਨੇ ਪੇਸ਼ਾਵਰ ਅਤੇ ਜਮਰੌਦ ਦੀਆਂ ਲੜਾਈਆਂ ਵਿਚ ਹਿੱਸਾ ਲਿਆ ਅਤੇ ਪਹਿਲੀ ਐਾਗਲੋ-ਸਿੱਖ ਲੜਾਈ ਵੀ ਲੜੀ | ਸਿੱਖ ਫ਼ੌਜਾਂ ਵਿਚ ਇਸ ਨੂੰ ਬਿ੍ਟਿਸ਼ ਹਕੂਮਤ ਦਾ ਜਾਸੂਸ ਹੋਣ ਦੇ ਨਜ਼ਰੀਏ ਤੋਂ ਵੇਖਿਆ ਜਾਣ ਲੱਗਾ ਅਤੇ 1848 ਵਿਚ ਜਦ ਇਹ ਬੰਨੋ ਵਿਚ ਤੈਨਾਤ ਸੀ ਤਾਂ ਸਿੱਖ ਫ਼ੌਜੀਆਂ ਨੇ ਇਸ ਨੂੰ ਕਤਲ ਕਰ ਦਿੱਤਾ |

ਇਹ ਸਾਡੇ ਇਤਿਹਾਸ ਦੀ ਅਮੀਰੀ ਅਤੇ ਖੁਸ਼ਹਾਲੀ ਦੀ ਗਾਥਾ ਦਾ ਇਕ ਛੋਟਾ ਜਿਹਾ ਬਿਆਨ ਹੈ | ਸ਼ਾਇਦ ਕਿਤੇ ਸਾਡੇ ਪੁਰਖਿਆਂ ਕੋਲੋਂ ਸਾਡੀ ਤਕਦੀਰ ਨੂੰ ਸੰਭਾਲਦਿਆਂ ਕੋਈ ਕਮੀ ਰਹਿ ਗਈ ਜਾਂ ਖਬਰੇ ਸਾਡੀ ਕਿਸਮਤ ਵਿਚ ਏਹੀ ਕੁਝ ਲਿਖਿਆ ਸੀ ਕਿ ਅੱਜ ਸਮੇਂ ਦਾ ਗੇੜ ਬਿਲਕੁਲ ਪੁੱਠਾ ਵਗ ਰਿਹਾ ਹੈ | ਭਾਰੀ ਤਨਖਾਹਾਂ ਦੇ ਕੇ ਪੱਛਮੀ ਹੁਨਰਮੰਦਾਂ ਨੂੰ ਨੌਕਰੀਆਂ ‘ਤੇ ਰੱਖਣ ਵਾਲੇ ਸਿੱਖ ਰਾਜ ਦੇ ਵਾਰਿਸ ਅੱਜ ਪੂਰੀ ਦੁਨੀਆ ਵਿਚ ਚੰਗੇ ਭਵਿੱਖ ਦੀ ਤਲਾਸ਼ ਵਿਚ ਨਿਕਲੇ ਹੋਏ ਸਖਤ ਮੁਸ਼ੱਕਤ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ | ਆਪਣੀ ਮਿੱਟੀ, ਪਰਿਵਾਰ, ਗੁਰਧਾਮਾਂ ਅਤੇ ਤਿਉਹਾਰਾਂ ਤੋਂ ਦੂਰ ਆਪਣੀ ਜ਼ਿੰਦਗੀ ਨੂੰ ਜੀਣ ਅਤੇ ਪਿੱਛੇ ਰਹਿ ਗਿਆਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਲੰਮੀ ਜੱਦੋ-ਜਹਿਦ ਵਿਚ ਪਏ ਹੋਏ ਹਨ | ਖ਼ੈਰ, ਸਾਡੇ ਖ਼ੂਨ ਵਿਚ ਉਹ ਗਰਦਿਸ਼ ਅਜੇ ਵੀ ਮੌਜੂਦ ਹੈ ਜਿਸ ਨਾਲ ਅਸੀਂ ਔਖੀਆਂ ਘਾਟੀਆਂ ਸਰ ਕਰ ਸਕਦੇ ਹਾਂ ਅਤੇ ਕਰ ਰਹੇ ਹਾਂ | ਅਸੀਂ ਜ਼ਿੰਦਗੀ ਦੇ ਵਿਚ ਏਨੀ ਮਿਹਨਤ ਕਰਨ ਦੀ ਹਿੰਮਤ ਰੱਖਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲੀ ਅਤੇ ਆਜ਼ਾਦੀ ਦਾ ਜੀਵਨ ਮਾਣ ਸਕਣਗੀਆਂ |
Tags: