ਸਾਡੀ ਵਿਵਸਥਾ ਹੀ ਬਣਾਉਂਦੀ ਹੈ ‘ਵਿੱਕੀ ਗੌਂਡਰ’

By February 6, 2018 0 Comments


gounder

ਪ੍ਰੋਫੈਸਰ ਹੀਰਾ ਸਿੰਘ
ਪਿਛਲੇ ਮਹੀਨੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਵਿੱਕੀ ਗੌਂਡਰ ਦੀਆਂ ਰੋਜ਼ਾਨਾਂ ਅਖ਼ਬਾਰਾਂ ਵਿੱਚ ਖ਼ਬਰਾਂ ਆ ਰਹੀਆਂ ਹਨ। ਇਹ ਵਿੱਕੀ ਗੌਂਡਰ ਕੌਣ ਹੈ ? ਇਹ ਕੋਈ ਬੇਗਾਨਾਂ ਨਹੀਂ ਸਾਡੇ ਤੁਹਾਡੇ ਧੀਆਂ ਪੁੱਤਰਾਂ ਵਿੱਚੋਂ ਹੀ ਇੱਕ ਹੈ। ਜ਼ਿਲ੍ਹਾ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾ ਦਾ ਵਸਨੀਕ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ 28 ਸਾਲ ਦੀ ਭਰ ਜਵਾਨ ਉਮਰ ਵਿੱਚ ਮਾਰਿਆ ਗਿਆ। ਸਰਕਾਰ ਦੀਆਂ ਰਿਪੋਰਟਾਂ ਨੂੰ ਹੀ ਸਹੀ ਮੰਨੀਏ ਤਾਂ ਇਸ ਵੇਲੇ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਹਨ ਜੋ ਜੀਵਨ ਦੀ ਸਹੀ ਤੋਰ ਤੋਂ ਭਟਕ ਕੇ ਗੈਂਗਸਟਰਾਂ ਦਾ ਜੀਵਨ ਜੀਅ ਰਹੇ ਹਨ। ਸਿੱਧੇ ਸਾਦੇ ਨੌਜਵਾਨ ਪੜ੍ਹਨ ਦੀ ਉਮਰੇ ਅਜਿਹੇ ਪੁੱਠੇ ਕਾਰਿਆਂ ਵਿੱਚ ਕਿਉਂ ਫਸ ਜਾਂਦੇ ਹਨ, ਜੋ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਮੈਨੂੰ ਚਾਰ ਕਾਰਨ ਅਜਿਹੇ ਲੱਗਦੇ ਹਨ ਜਿਹੜੇ ਨੌਜਵਾਨਾਂ ਨੂੰ ਗ਼ਲਤ ਰਸਤਿਆਂ ’ਤੇ ਪਾਉਂਦੇ ਹਨ। ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਸਾਡੇ ਰਾਜਨੀਤਕ ਲੀਡਰ ਹਨ। ਇੱਕ ਲੀਡਰ (ਵਿਸ਼ੇਸ਼ ਤੌਰ ’ਤੇ ਵਿਧਾਇਕ) ਅਤੇ ਉਸਦੇ ਇਲਾਕੇ ਵਿੱਚ ਰਹਿਣ ਵਾਲੇ ਉਸਦੇ ਨੇੜਲੇ ਆਦਮੀਆਂ ਦੁਆਲੇ ਅਜਿਹੇ ਨੌਜਵਾਨ ਜੁੜ ਜਾਂਦੇ ਹਨ ਜੋ ਨਾਜਾਇਜ਼ ਕਬਜ਼ੇ ਕਰਨ ਅਤੇ ਇਲਾਕੇ ਵਿੱਚ ਹੁੰਦੇ ਝਗੜਿਆਂ ਵਿੱਚ ਘੜੰਮ ਚੌਧਰੀ ਬਣਨ ਦੀ ਲਾਲਸਾ ਰੱਖਦੇ ਹਨ। ਇਹ ਛੋਟੇ ਛੋਟੇ ਲੀਡਰ ਵੱਡੇ ਲੀਡਰ ਦੀ ਹਮਾਇਤ ਅਤੇ ਪੁਲੀਸ ਦੀ ਮਦਦ ਨਾਲ ਆਪਣੀ ਚੱਕਵੀਂ ਕਿਸਮ ਦੀ ਲੀਡਰੀ ਕਰਨ ਲੱਗ ਪੈਂਦੇ ਹਨ। ਕਿਉਂਕਿ ਲੀਡਰ ਅਤੇ ਉਸਦੇ ਆਦਮੀਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਹਰ ਚੋਣ ਵਿੱਚ ਜਾਇਜ਼ ਨਾਜਾਇਜ਼ ਕੰਮਾਂ ਲਈ ਵਰਤਣਾ ਹੁੰਦਾ ਹੈ, ਇਸ ਲਈ ਉਹ ਇਨ੍ਹਾਂ ਨੌਜਵਾਨਾਂ ਦੀ ਹਮਾਇਤ ਕਰਦੇ ਹਨ। ਇਸ ਲੁਕਵੀਂ ਹਮਾਇਤ ਸਦਕਾ ਪੁਲੀਸ ਇਨ੍ਹਾਂ ਦੇ ਕੰਮਾਂ ਤੋਂ ਅੱਖਾਂ ਮੀਟ ਰੱਖਦੀ ਹੈ। ਅਕਸਰ ਇਹ ਨੌਜਵਾਨ ਨਸ਼ੇੜੀ ਕਿਸਮ ਦੇ ਹੁੰਦੇ ਹਨ। ਮੁਫ਼ਤ ਵਿੱਚ ਮਿਲਦੇ ਨਸ਼ਿਆਂ ਕਾਰਨ ਇਹ ਆਪਣੇ ਜੋਟੀਦਾਰਾਂ ਵਿੱਚ ਵਾਧਾ ਕਰਦੇ ਹਨ। ਜਦੋਂ ਮਹਿੰਗੇ ਨਸ਼ਿਆਂ ਦੀ ਪੂਰਤੀ ਵਿੱਚ ਕਮੀ ਆਉਂਦੀ ਹੈ ਤਾਂ ਇਹ ਨਸ਼ਿਆਂ ਦੇ ਕਾਰੋਬਾਰ ਵਿੱਚ ਪੈ ਜਾਂਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਨਸ਼ਿਆਂ ਦੀ ਦਲਦਲ ਵਿੱਚ ਧਕੇਲ ਰਹੇ ਲੀਡਰ ਉਨ੍ਹਾਂ ਦਾ ਭਲਾ ਨਹੀਂ ਕਰ ਰਹੇ। ਜਦੋਂ ਤੁਸੀਂ ਲੀਡਰਾਂ ਦੇ ਕਹਿਣੇ ਵਿੱਚ ਨਾ ਰਹੇ ਜਾਂ ਉਨ੍ਹਾਂ ਦੇ ਕੰਮ ਦੇ ਨਾ ਰਹੇ, ਤੁਹਾਨੂੰ ਕਾਨੂੰਨ ਦੇ ਸ਼ਿਕੰਜੇ ਵਿੱਚੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
ਦੂਸਰਾ ਵੱਡਾ ਕਾਰਨ ਬੇਰੁਜ਼ਗਾਰੀ ਹੈ। ਹਰ ਥਾਂ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਸਰਕਾਰਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ। ਪਹਿਲੀਆਂ ਸਰਕਾਰਾਂ ਆਪਣੇ ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਬਾਰੇ ਸੋਚਦੀਆਂ ਸਨ। ਪਰ ਅੱਜ ਦੀਆਂ ਸਰਕਾਰਾਂ ਬਹੁਰਾਸ਼ਟਰੀ ਕੰਪਨੀਆਂ ਨੂੰ ਦੇਸ਼ ਦੇ ਕੁਦਰਤੀ ਸਰੋਤ ਵੇਚ ਰਹੀਆਂ ਹਨ। ਨੌਜਵਾਨਾਂ ਦੀ ਭਲਾਈ ਲਈ ਕੋਈ ਸਕੀਮ ਨਹੀਂ, ਜੇਕਰ ਸਕੀਮ ਹੈ ਤਾਂ ਮੁਫ਼ਤ ਫੋਨ, ਮੁਫ਼ਤ ਮੋਬਾਈਲ ਡਾਟਾ, ਮੁਫ਼ਤ ਯਾਤਰਾ ਆਦਿ। ਰੁਜ਼ਗਾਰ ’ਤੇ ਲੱਗਿਆ ਨੌਜਵਾਨ ਗੈਂਗਸਟਰ ਨਹੀਂ ਬਣਦਾ, ਪਰ ਬੇਰੁਜ਼ਗਾਰੀ ਦੀ ਹਾਲਤ ਵਿੱਚ ਗੈਂਗਸਟਰ ਬਣਨ ਦੇ ਬਹੁਤ ਮੌਕੇ ਹੁੰਦੇ ਹਨ।
ਤੀਸਰਾ ਮੁੱਖ ਕਾਰਨ ਪੁਲੀਸ ਅਤੇ ਜੇਲ੍ਹ ਵਿਭਾਗ ਸਮੇਤ ਸਾਡੀ ਨਿਆਂਇਕ ਵਿਵਸਥਾ ਹੈ। ਜਦੋਂ ਵੀ ਕਿਸੇ ਇਲਾਕੇ ਵਿੱਚ ਕੋਈ ਵੱਡਾ ਜੁਰਮ ਹੁੰਦਾ ਹੈ ਤਾਂ ਪੁਲੀਸ ਨਿਰਪੱਖ ਜਾਂਚ ਕਰਨ ਦੀ ਬਜਾਇ ਇਲਾਕੇ ਦੇ ਰਾਜਨੀਤਕ ਲੀਡਰਾਂ ਦੀ ਰਾਇ ਲੈਣ ਲੱਗਦੀ ਹੈ। ਜੇਕਰ ਲੀਡਰ ਇਸ਼ਾਰਾ ਕਰ ਦੇਣ ਤਾਂ ਪੁਲੀਸ ਗੁਨਾਹਗਾਰ ਨੂੰ ਬਚਾਉਣ ’ਤੇ ਲੱਗ ਜਾਂਦੀ ਹੈ। ਜੇਕਰ ਲੀਡਰ ਦਾ ਕੋਈ ਹੁਕਮ ਨਹੀਂ ਤਾਂ ਪੁਲੀਸ ਪੈਸਾ ਬਣਾਉਣ ’ਤੇ ਲੱਗ ਜਾਂਦੀ ਹੈ। ਸਾਡੀ ਨਿਆਂ ਵਿਵਸਥਾ ਅਜਿਹੀ ਹੈ ਕਿ ਜੇਕਰ ਪੈਸਾ ਹੋਵੇ ਤਾਂ ਅਦਾਲਤਾਂ ਦੋਸ਼ੀ ਨੂੰ ਫਾਂਸੀ ਤੋਂ ਵੀ ਉਤਾਰ ਲੈਂਦੀਆਂ ਹਨ, ਪਰ ਜੇਕਰ ਪੈਸਾ ਨਹੀਂ ਤਾਂ ਅੱਧੀ ਬੋਤਲ ਦੇਸੀ ਸ਼ਰਾਬ ਦੇ ਜੁਰਮ ਵਿੱਚ ਵੀ ਛੇ ਮਹੀਨੇ ਜੇਲ੍ਹ ਵਿੱਚ ਬੰਦ ਰਹਿ ਸਕਦੇ ਹੋ। ਜੇਕਰ ਕਿਸੇ ਮੁਲਜ਼ਮ ਨੂੰ ਜੇਲ੍ਹ ਜਾਣਾ ਵੀ ਪਵੇ ਤਾਂ ਜੇਲ੍ਹ ਪੱਕੇ ਮੁਜਰਿਮਾਂ ਲਈ ਆਰਾਮਦਾਇਕ ਰਿਹਾਇਸ਼ਗਾਹ ਹੁੰਦੀ ਹੈ। ਉੱਥੇ ਵੱਡੇ ਮੁਜਰਿਮਾਂ ਦਾ ਰਾਜ ਚੱਲਦਾ ਹੈ। ਪਿਛਲੇ ਦਿਨਾਂ ਵਿੱਚ ਕਈ ਗੈਂਗਸਟਰ ਜੇਲ੍ਹਾਂ ਵਿੱਚੋਂ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਰਹੇ ਹਨ। ਅੱਜ ਮੋਬਾਈਲ ਇੰਟਰਨੈੱਟ ਸੇਵਾਵਾਂ ਨੇ ਜੇਲ੍ਹਾਂ ਦੀਆਂ ਦੀਵਾਰਾਂ ਦੀ ਉੱਚਾਈ ਨੂੰ ਬੇਕਾਰ ਕਰ ਦਿੱਤਾ ਹੈ। ਕਾਨੂੰਨ ਦੀਆਂ ਚੋਰ ਮੋਰੀਆਂ ਛੋਟੇ ਮੋਟੇ ਕੇਸਾਂ ਵਿੱਚ ਫਸੇ ਨੌਜਵਾਨਾਂ ਨੂੰ ਵੱਡੇ ਜੁਰਮ ਕਰਨ ਲਈ ਉਕਸਾਉਂਦੀਆਂ ਹਨ। ਪੰਜ-ਪੰਜ, ਛੇ-ਛੇ ਕੇਸ ਪੈਣ ’ਤੇ ਵੀ ਮੁਜਰਿਮਾਂ ਦੀਆਂ ਜ਼ਮਾਨਤਾ ਹੋ ਜਾਂਦੀਆਂ ਹਨ। ਕੇਸ ਸਾਲਾਂ ਦੇ ਸਾਲ ਸੁਸਤ ਚਾਲ ਚੱਲਦੇ ਰਹਿੰਦੇ ਹਨ। ਮੁਜਰਿਮ ਬਾਹਰ ਆ ਕੇ ਹੋਰ ਵਾਰਦਾਤਾਂ ਕਰਦੇ ਰਹਿੰਦੇ ਹਨ।
ਚੌਥਾ ਅਤੇ ਸਭ ਤੋਂ ਅਹਿਮ ਨੁਕਤਾ ਜੋ ਨੌਜਵਾਨਾਂ ਵਿੱਚ ਗੈਂਗਸਟਰ ਬਣਨ ਦੀ ਰੁਚੀ ਪੈਦਾ ਕਰਦਾ ਹੈ, ਉਹ ਹੈ ਸਾਡਾ ਮਨੋਰੰਜਨ ਮੀਡੀਆ। ਟੀ. ਵੀ. ਉੱਪਰ ਚੱਲਦੇ ਗੀਤਾਂ, ਵਿਸ਼ੇਸ਼ ਕਰਕੇ ਪੰਜਾਬੀ ਗੀਤਾਂ ਵਿੱਚ ਅਜਿਹੇ ਗਾਣਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਨ੍ਹਾਂ ਵਿੱਚ ਹਥਿਆਰਾਂ ਦੀ ਵਰਤੋਂ ਕਰਨ ਨੂੰ ਨੌਜਵਾਨਾਂ ਵਿੱਚ ਜਵਾਨੀ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਬਹੁਤ ਸਾਰੇ ਗੀਤਾਂ ਵਿੱਚ ਨੌਜਵਾਨ ਕੁੜੀਆਂ ਅਤੇ ਜ਼ਮੀਨਾਂ ਉੱਤੇ ਹਥਿਆਰਾਂ ਦੇ ਜ਼ੋਰ ਨਾਲ ਸਫਲ ਕਬਜ਼ੇ ਹੁੰਦੇ ਵਿਖਾਏ ਜਾਂਦੇ ਹਨ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਕਾਰਨ ਗ਼ਲਤ ਰਸਤੇ ਪਏ ਨੌਜਵਾਨਾਂ ਨੂੰ ਪੁਲੀਸ ਮੁਕਾਬਲਿਆਂ ਵਿੱਚ ਮਾਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ। ਮੌਤ ਨਾਲ ਖੇਡ ਰਹੇ ਇਨ੍ਹਾਂ ਗੈਂਗਸਟਰਾਂ ਨੂੰ ਸਿੱਧੇ ਰਾਹ ਲਿਆਉਣ ਦੇ ਨਾਲ ਨਾਲ ਸਾਨੂੰ ਆਪਣੀ ਵਿਵਸਥਾ ਨੂੰ ਵੀ ਬਦਲਣ ਦੀ ਲੋੜ ਹੈ। ਰਾਜਨੀਤੀ ਨੂੰ ਕਿੱਤੇ ਨਾਲੋਂ ਸੇਵਾ ਸਮਝਣ ਦੀ ਲੋੜ ਹੈ। ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਸਾਕਾਰਾਤਮਕ ਢੰਗ ਵਰਤ ਕੇ ਜਿਵੇਂ ਖੇਡਾਂ/ਕਲੱਬਾਂ ਦੀਆਂ ਗਤੀਵਿਧੀਆਂ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ। ਸਰਕਾਰੀ ਨੀਤੀਆਂ ਨੂੰ ਲੋਕ-ਕਲਿਆਣ ਵਾਲੀਆਂ ਬਣਾਉਣ। ਨਸ਼ਿਆਂ ਦੇ ਵਪਾਰ ਨੂੰ ਪਾਕਿਸਤਾਨ ਦੇ ਸਿਰ ਮੜ੍ਹਨ ਦੀ ਥਾਂ ਆਪਣੀ ਕਮੀ ਮੰਨ ਕੇ ਇਸ ਦਾ ਖਾਤਮਾ ਕਰਨ। ਪੁਲੀਸ ਛੋਟੇ ਮੋਟੇ ਜੁਰਮ ਕਰਨ ਵਾਲੇ ਨੌਜਵਾਨਾਂ ’ਤੇ ਨਕੇਲ ਕੱਸ ਕੇ ਉਨ੍ਹਾਂ ਨੂੰ ਵੱਡੇ ਮੁਜਰਿਮ ਬਣਨ ਤੋਂ ਰੋਕੇ। ਨਿਆਂਪਾਲਿਕਾ ਨੂੰ ਚਾਹੀਦਾ ਹੈ ਕਿ ਆਦੀ ਮੁਜਰਮਾਂ ਦੀ ਕੈਟਾਗਰੀ ਬਣਾ ਕੇ ਉਨ੍ਹਾਂ ਦੀਆਂ ਜ਼ਮਾਨਤਾਂ ਦੇ ਰਾਹ ਬੰਦ ਕਰੇ। ਇੰਜ ਹੀ ਪੰਜਾਬ ਦਾ ਜੇਲ੍ਹ ਵਿਭਾਗ ਵੀ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ।
ਸਭ ਤੋਂ ਜ਼ਰੂਰੀ ਇਹ ਹੈ ਕਿ ਪੰਜਾਬੀ ਸੱਭਿਆਚਾਰ ਦੇ ਨਾਮ ’ਤੇ ਅਸ਼ਲੀਲਤਾ, ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੀਆਂ ਫ਼ਿਲਮਾਂ ਅਤੇ ਐਲਬਮਾਂ ਨੂੰ ਰੋਕਣ ਲਈ ਪੰਜਾਬ ਵਿੱਚ ਸੈਂਸਰ ਬੋਰਡ ਵਰਗੀ ਕੋਈ ਕਾਨੂੰਨੀ/ਸੰਵਿਧਾਨਕ ਸੰਸਥਾ ਬਣਾਈ ਜਾਵੇ। ਇਲੈੱਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਗੈਂਗਸਟਰਾਂ ਦੀਆਂ ਖ਼ਬਰਾਂ ਨੂੰ ਵਿਸ਼ੇਸ਼ ਤਰਜੀਹ ਦੇ ਕੇ ਨਾ ਦਿਖਾਉਣ/ਛਾਪਣ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਕੋਈ ਨੌਜਵਾਨ ਘਰ ਬੈਠਿਆਂ ਗੈਂਗਸਟਰ ਨਹੀਂ ਬਣਦਾ, ਸਾਡੀ ਵਿਵਸਥਾ ਹੀ ਅਜਿਹਾ ਮਾਹੌਲ ਪੈਦਾ ਕਰਦੀ ਹੈ ਕਿ ਸਾਡੇ ਨੌਜਵਾਨ ‘ਵਿੱਕੀ ਗੌਂਡਰ’ ਬਣਨ ਲਈ ਮਜਬੂਰ ਹੁੰਦੇ ਹਨ। ਇਨ੍ਹਾਂ ਦੀ ਅਥਾਹ ਸ਼ਕਤੀ ਨੂੰ ਸਾਕਾਰਾਤਮਕ ਰੂਪ ਵਿੱਚ ਵਰਤਣ ਦੀ ਲੋੜ ਹੈ। ਰਾਜਨੀਤਕ ਇੱਛਾ ਤੋਂ ਬਿਨਾਂ ਕੋਈ ਗੈਂਗਸਟਰ ਗਰੁੱਪ ਬਣ/ਚੱਲ ਨਹੀਂ ਸਕਦਾ।
ਸੰਪਰਕ : 94175-34823




Tags: