ਕੈਪਟਨ ਸਾਬ! ਕੌਮ ਤੋਂ ਦੂਰੀ ਨੂੰ ਵਧਾਓ ਨਾ…

By February 5, 2018 0 Comments


ਜਸਪਾਲ ਸਿੰਘ ਹੇਰਾਂ

 

justin-trudeau
captain trudeu
ਭਾਵੇਂ ਸੱਤਾ ਦਾ ਨਸ਼ਾ, ਜਿਸਦੇ ਸਿਰ ਚੜ ਜਾਂਦਾ ਹੈ, ਉਹ ਆਪਣੇ ਆਪ ਨੂੰ ‘ਰੱਬ’ ਅਤੇ ਰੱਬ ਨੂੰ ‘ਟੱਬ’ ਸਮਝਣ ਲੱਗ ਪੈਂਦਾ ਹੈ। ਪੰ੍ਰਤੂ ਇਸੇ ਹੰਕਾਰ ਕਾਰਣ ਆਖ਼ਰ ਉਹ ਕਿਥੇ ਜਾ ਡਿੱਗਦਾ ਹੈ, ਇਸਦੀਆਂ ਹਜ਼ਾਰਾਂ ਉਦਹਾਰਣਾਂ ਸਾਹਮਣੇ ਹੋਣ ਦੇ ਬਾਵਜੂਦ ਸੱਤਾ ਦੇ ਨਸ਼ੇ ’ਚ ਮਗ਼ਰੂਰ ਸਿਆਸੀ ਆਗੂ ਇਸ ਸੱਚ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦੇ। ਸੁਖਬੀਰ ਬਾਦਲ ਤੇ ਉਸਦੇ ਕਰੀਬੀਆਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਚੜਿਆ ਹੋਇਆ ਸੀ, 10 ਸਾਲ ਉਨਾਂ ਇਸ ਨਸ਼ੇ ’ਚ ਪੰਜਾਬ ਦੇ ਲੋਕਾਂ ਨੂੰ ‘ਭੇਡਾਂ’ ਸਮਝ ਕੇ ਸੱਤਾ ਦੀ ਡਾਂਗ ਨਾਲ ਹੱਕਿਆ। ਰੱਜ ਕੇ ਲੁੱਟਿਆ, ਰੱਜ ਕੇ ਕੁੱਟਿਆ ਤੇ ਰੱਜ ਕੇ ਲਲਕਾਰੇ ਮਾਰੇ ਕਿ ਉਹ 25 ਸਾਲ ਇਸ ਸੂਬੇ ’ਤੇ ਰਾਜ ਕਰਨਗੇ ਤੇ ਇਵੇਂ ਹੀ ਲੁੱਟਣਗੇ ਤੇ ਕੁੱਟਣਗੇ। ਸੱਤਾ ਦੇ ਨਸ਼ੇ ’ਚ ਉਨਾਂ ਨੇ ਦੋ ਜਹਾਨ ਦੇ ਵਾਲੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਅਤੇ ਸਿੱਖੀ ਦੇ ਘਾਣ ਤੋਂ ਵੀ ਭੋਰਾ ਭਰ ਗੁਰੇਜ਼ ਨਹੀਂ ਕੀਤਾ, ਨਤੀਜਾ ਸਭ ਦੇ ਸਾਹਮਣੇ ਹੈ। 25 ਸਾਲ ਰਾਜ ਕਰਨ ਦੇ ਦਮਗਜੇ ਮਾਰਨ ਵਾਲੇ ਵਿਰੋਧੀ ਧਿਰ ਵੀ ਨਹੀਂ ਬਣ ਸਕੇ। ਸੜਕਾਂ ’ਤੇ ਧਰਨੇ ਮਾਰਨ ਯੋਗੇ ਰਹਿ ਗਏ। ਕੌਮ ਦੀ ਨਫ਼ਰਤ, ਰੋਹ ਤੇ ਰੋਸ ਹਾਲੇ ਵੀ ਉਵੇਂ ਹੀ ਬਰਕਰਾਰ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਬਾਦਲਕਿਆਂ ਨਾਲੋਂ ਕਿਤੇ ਚੰਗਾ ਸਿੱਖ ਤੇ ਚੰਗਾ ਹਾਕਮ ਸਾਬਤ ਹੋਣ ਵਾਲਾ, ਮੰਨ ਕੇ ਪੰਜਾਬ ਦੀ ਸੱਤਾ ਸੰਭਾਲ ਦਿੱਤੀ। ਪੰ੍ਰਤੂ ਜਿਵੇਂ ਹੀ ਕਾਂਗਰਸੀਆਂ ਨੂੰ ਸੱਤਾ ਹਾਸਲ ਹੋਈ, ਉਸਦਾ ਨਸ਼ਾ ਸਿਰ ਚੜ ਗਿਆ। ਜਿਸ ਕਾਰਣ ਸਰਕਾਰ ਦੇ ਪਹਿਲੇ ਸਾਲ ’ਚ ਪੰਜਾਬ ’ਚ ਚਾਰੇ ਪਾਸੇ ‘‘ਸਰਕਾਰ ਕਿੱਥੇ ਆ’’ ‘‘ਹਾਏ ਕੈਪਟਨ ਸਰਕਾਰ’’ ਦੀ ਹਾਹਾਕਾਰ ਸੁਣਾਈ ਦੇਣ ਲੱਗ ਪਈ ਹੈ। ਵੈਟੀਲੇਟਰ ’ਤੇ ਪਏ ਪੰਜਾਬ ਨੂੰ ਚੰਗੇ ਸਿਆਣੇ, ਤਜ਼ਰਬੇਕਾਰ ‘ਵੈਦ’ ਦੀ ਲੋੜ ਸੀ, ਪੰ੍ਰਤੂ ਕਾਂਗਰਸ ਦੀ ਸਰਕਾਰ ਪੰਜਾਬ ਨੂੰ ਵੈਟੀਲੇਟਰ ਤੋਂ ਭੁੰਜੇ ਲਾਹ ਕੇ ਉਸ ਦਾ ਗਲ ਘੁੱਟ ਕੇ ਜਲਦੀ ‘ਫ਼ਾਹਾ’ ਮੁਕਾਉਣ ਦੇ ਰਾਹ ਪੈ ਗਈ ਹੋਈ ਹੈ।

ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੈ, ਸਰਕਾਰ ਦੀ ਕੋਈ ਠੋਸ ਨੀਤੀ ਨਹੀਂ, ਭਿ੍ਰਸ਼ਟ ਆਗੂਆਂ ਦੀ ਨਜ਼ਰ ਭਿ੍ਰਸਟਾਚਾਰ ਰਾਂਹੀ ਲੁੱਟ ’ਤੇ ਹੈ, ਸਰਕਾਰ ਇੱਕ ਸੁਰ ਨਹੀਂ, ਹੳੂਮੇ ਦਾ ਟਕਰਾਅ ਚੱਲ ਰਿਹਾ ਹੈ। ਅਜਿਹੇ ਕਾਰਣਾਂ ਕਰਕੇ ਪੰਜਾਬ ’ਚ ਤਬਾਹ ਹੋ ਚੁੱਕੀ ਆਰਥਿਕਤਾ ਨੂੰ ਕੋਈ ਠੁੰਮਣਾ ਮਿਲਣਾ ਸੰਭਵ ਨਹੀਂ ਹੈ। ਤਬਾਹੀ ਹਮੇਸ਼ਾਂ ਹਾਹਾਕਾਰ ਮਚਾਉਦੀ ਹੈ, ਇਸ ਕਾਰਣ ਪੰਜਾਬ ’ਚ ਚਾਰੇ ਪਾਸੇ ਹਾਹਾਕਾਰ ਮੱਚਣੀ ਸੁਭਾਵਿਕ ਹੀ ਸੀ, ਜਿਹੜੀ ਮੱਚੀ ਹੋਈ ਹੈ। ਰਹਿੰਦੀ-ਖੰੂਹਦੀ ਕਸਰ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਤੇ ‘ਸਿੱਖ ਵਿਰੋਧੀ ਸੋਚ’ ਦੇ ਭਾਰੂ ਹੋਣ ਨੇ ਕੱਢ ਦਿੱਤੀ ਹੈ। ਪੰਜਾਬ ’ਚ ਅਫ਼ਸਰਸ਼ਾਹੀ ਭਾਰੂ ਹੈ। ਬੇਲਗ਼ਾਮ ਅਫ਼ਸਰਸ਼ਾਹੀ ਕਦੇ ਵੀ ਲੋਕ ਹਿਤੂ ਨਹੀਂ ਹੋ ਸਕਦੀ। ਪਿਛਲੇ 10 ਮਹੀਨਿਆਂ ’ਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੇ ਜਖ਼ਮਾਂ ’ਤੇ ਮੱਲਮ ਲਾਉਣ ਦੀ ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ। ਉਲਟਾ ਅੱਲੇ ਜਖ਼ਮਾਂ ’ਤੇ ਲੂਣ ਕਈ ਵਾਰ ਭੁੱਕ ਦਿੱਤਾ ਹੈ। ਕਨੇਡਾ ਦਾ ਪ੍ਰਧਾਨ ਮੰਤਰੀ ਟੂਰੋਡੋ, ਭਾਰਤ ਦੇ ਦੌਰੇ ਸਮੇਂ ‘‘ਧਰਤੀ ਦੇ ਸੱਚਖੰਡ’’ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ ਆ ਰਿਹਾ ਹੈ। ਉਸਦੇ ਨਾਲ ਉਸਦੇ ਸਿੱਖੀ ਸਰੂਪ ਵਾਲੇ ਦੋ ਪ੍ਰਮੁੱਖ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਨਵਦੀਪ ਸਿੰਘ ਬੈਂਸ ਵੀ ਆ ਰਹੇ ਹਨ। ਜਿਨਾਂ ’ਤੇ ਸਮੁੱਚਾ ਸਿੱਖ ਪੰਥ ਮਾਣ ਕਰਦਾ ਹੈ। ਕੈਪਟਨ ਵੱਲੋਂ ਇਹ ਬਿਆਨ ਦੇਣਾ ਕਿ ਉਹ ਕਨੇਡਾ ਦੇ ਪ੍ਰਧਾਨ ਮੰਤਰੀ ਦਾ ਤਾਂ ਸੁਆਗਤ ਕਰੇਗਾ ਪ੍ਰੰਤੂ ਉਸਦੇ ਸਿੱਖ ਮੰਤਰੀਆਂ ਦਾ ਨਹੀਂ। ਕੋਈ ਵੀ ਮਾੜੀ-ਮੋਟੀ ਅਕਲ ਰੱਖਣ ਵਾਲਾ ਵਿਅਕਤੀ ਇਸ ਬਿਆਨ ਨੂੰ ‘ਬੇਹੂਦਾ’ ਹੀ ਮੰਨੇਗਾ। ਜੇ ਦੇਸ਼ ਦੀ ਸਰਕਾਰ ਨੂੰ ਉਨਾਂ ਮੰਤਰੀਆਂ ਬਾਰੇ ਜਾਂ ਉਨਾਂ ਦੀਆਂ ਕਨੇਡਾ ’ਚ ਗਤੀਵਿਧੀਆਂ ਬਾਰੇ ਕੋਈ ਇਤਰਾਜ਼ ਨਹੀਂ, ਫ਼ਿਰ ਆਖ਼ਰ ਕੈਪਟਨ ਨੂੰ ਆਪਣੇ ‘ਸਿੱਖ ਭਰਾਵਾਂ’ ’ਤੇ ਕਿਉਂ ਇਤਰਾਜ਼ ਹੈ? ਕੀ ਉਹ ਕੈਪਟਨ ਤੋਂ ਖ਼ਾਲਿਸਤਾਨ ਮੰਗਣ ਆ ਰਹੇ ਹਨ? ਦੂਸਰਾ ਜੇ ਕੱਲ ਨੂੰ ਕੋਈ ਇਹ ਆਖ਼ੇ ਕਿ ਉਹ ਮੁੱਖ ਮੰਤਰੀ ਕੈਪਟਨ ਦਾ ਤਾਂ ਸੁਆਗਤ ਕਰੂਗਾ, ਪੰ੍ਰਤੂ ਨਾਲ ਆਉਣ ਵਾਲੇ ਉਸਦੇ ਕਿਸੇ ਵਜ਼ੀਰ ਦਾ ਨਹੀਂ? ਤਾਂ ਕੀ ਇਹ ਕੈਪਟਨ ਦੀ ਤੌਹੀਨ ਨਹੀਂ ਮੰਨੀ ਜਾਵੇਗੀ ਅਤੇ ਕੀ ਕੈਪਟਨ ਇਸ ਤਰਾਂ ਕਰਨ ਦੀ ਆਗਿਆ ਦੇਵੇਗਾ?

ਟੂਰੋਡੋ ਦੇ ਮੰਤਰੀ ਉਸਦੀ ਚੋਣ ਹਨ, ਦੇਸ਼ ਦੇ ਮੰਤਰੀ ਮੰਡਲ ਦਾ ਅਹਿਮ ਹਿੱਸਾ ਹਨ, ਟੂਰੋਡੋ ਦਾ ਪਰਿਵਾਰ ਹੈ, ਫ਼ਿਰ ਉਹ ਆਪਣੇ ਮੰਤਰੀਆਂ ਦੇ ਨਿਰਾਦਰ ਦੀ ਆਗਿਆ ਦੇ ਕੇ, ਆਪਣੇ ਦੇਸ਼ ਦਾ ਨਿਰਾਦਰ ਕਿਵੇਂ ਕਰਵਾੳੂਗਾ? ਵਿਚਾਰਾਂ ’ਚ ਮੱਤਭੇਦ ਹੁੰਦੇ ਹਨ, ਉਨਾਂ ਮੱਤਭੇਦਾਂ ਦਾ ਪ੍ਰਗਟਾਵਾ ਕਰਨ ਲਈ ਸਮਾਂ ਤੇ ਪਲੇਟਫ਼ਾਰਮ ਮੌਕੇ ਅਨੁਸਾਰ ਹੰੁਦੇ ਹਨ। ਹਰ ਗੱਲ ਹਰ ਥਾਂ ਨਹੀਂ ਕੀਤੀ ਜਾ ਸਕਦੀ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਲਾਹ ਜ਼ਰੂਰ ਦਿਆਂਗੇ ਕਿ ਉਹ ਬਾਦਲ ਦੇ ਰਾਹ ਤੁਰਨ ਦਾ ਯਤਨ ਨਾ ਕਰਨ ਅਤੇ ਕੌਮ ਤੋਂ ਆਪਣੀਆਂ ਦੂਰੀਆਂ ਨੂੰ ਵਧਾਉਣ ਦੀ ਥਾਂ ਘਟਾਇਆ ਜਾਵੇ। ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਕਟਿਹਰੇ ’ਚ ਖੜਾ ਕੀਤਾ ਜਾਵੇ ਅਤੇ ਸਿੱਖ ਨੌਜਵਾਨਾਂ ਨੂੰ ਚੰਗੀ ਸੇਧ, ਚੰਗਾ ਰੁਜ਼ਗਾਰ, ਚੰਗਾ ਮਾਹੌਲ ਦੇ ਕੇ, ਨਿੱਘੀ ਗਲਵਕੜੀ ’ਚ ਲਿਆ ਜਾਵੇ। ਹਾਲੇਂ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਿੱਖ ਦੁਸ਼ਮਣ ਤਾਕਤਾਂ ਦੇ ਹੱਥਾਂ ’ਚ ਖੇਡਣ ਦੀ ਥਾਂ ਕੌਮ ਦੇ ਵਿਹੜੇ ’ਚ ਆ ਕੇ ਕੌਮ ਦਾ ਭਰੋਸਾ ਜਿੱਤਿਆ ਜਾਵੇ। ਇਹੀ ਕੈਪਟਨ ਲਈ, ਪੰਜਾਬ ਲਈ ਅਤੇ ਸਿੱਖ ਪੰਥ ਲਈ ਚੰਗਾ ਸਾਬਤ ਹੋਵੇਗਾ।

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar
Tags: , , , , ,