ਗੈਂਗਲੈਂਡ: ਉਲਝਿਆ ਸਮਾਜਿਕ ਤਾਣਾ-ਬਾਣਾ ਵੀ ਜ਼ਿੰਮੇਵਾਰ

By February 5, 2018 0 Comments


ਹਮੀਰ ਸਿੰਘ
gang
ਸਮਾਜ ਸ਼ਾਸਤਰੀਆਂ ਅਤੇ ਰਾਜਨੀਤਿਕ ਵਿਗਿਆਨੀਆਂ ਦੀ ਸੁਣੀ ਜਾਵੇ ਤਾਂ ਬੇਰੁਜ਼ਗਾਰੀ, ਹਥਿਆਰਾਂ ਦਾ ਸ਼ੌਕ, ਲੋਕਾਂ ਵਿੱਚ ਨਿਵੇਕਲੀ ਪਛਾਣ ਅਤੇ ਤਾਕਤ ਦਾ ਮੁਜ਼ਾਹਰਾ ਕਰਨ ਦੀ ਖ਼ਾਹਿਸ਼ ਸਮੇਤ ਸਮਾਜਿਕ ਸਰੋਕਾਰਾਂ ਤੋਂ ਸੱਖਣੀ ਸਿਆਸਤ ਅਤੇ ਵਰਤਮਾਨ ਸਮਾਜਿਕ ਤਾਣਾ-ਬਾਣਾ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆਂ ਵੱਲ ਧੱਕਣ ਲਈ ਜ਼ਰਖ਼ੇਜ਼ ਜ਼ਮੀਨ ਦਾ ਕੰਮ ਕਰ ਰਿਹਾ ਹੈ। ਪ੍ਰਬੰਧਕੀ ਤਾਣੇ-ਬਾਣੇ ਤੋਂ ਇਨਸਾਫ਼ ਦੀ ਨਾ-ਉਮੀਦੀ ਤੇ ਗੈਂਗਸਟਰਾਂ ਵੱਲੋਂ ਦਿਵਾਇਆ ਜਾ ਰਿਹਾ ਤੁਰੰਤ ਨਿਆਂ ਬਹੁਤ ਸਾਰੇ ਗੈਂਗਸਟਰਾਂ ਨੂੰ ਸਮਾਜਿਕ ਮਾਨਤਾ ਦਿਵਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਇਸ ਵੇਲੇ ਪੰਜਾਬ ਦੀ ਧਰਤੀ ਤੋਂ ਬੇਮੁੱਖ ਹੋ ਕੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾ ਕੇ ਵਸਣ ਲਈ ਯਤਨ ਕਰ ਰਹੇ ਹਨ। ਕਿਸਾਨ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਖੇਡਾਂ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਨੌਜਵਾਨਾਂ ਦਾ ਇੱਕ ਹਿੱਸਾ ਗੈਂਗਸਟਰ ਬਣਨ ਲਈ ਕਿਉਂ ਕਾਹਲਾ ਹੈ? ਪੁਲੀਸ ਵੱਲੋਂ ਮਾਰਿਆ ਗਿਆ ਕੋਈ ਵੀ ਨੌਜਵਾਨ ਭਾਵੇਂ ਗੈਂਗਸਟਰ ਹੀ ਹੋਵੇ, ਪਰ ਉਸ ਦੀ ਮੌਤ ਮਗਰੋਂ ਸਿਆਸੀ ਆਗੂਆਂ ਅਤੇ ਪਾਰਟੀਆਂ ਵਿੱਚ ਮਨਾਏ ਜਾਂਦੇ ਜਸ਼ਨ ਤੇ ਵਧਾਈਆਂ ਦੇਣ ਦਾ ਚਲਣ ਇਸੇ ਮਾਨਸਿਕਤਾ ਦਾ ਪ੍ਰਤੀਕ ਹੈ ਕਿ ਹੁਕਮਰਾਨ ਇਸ ਅਸਲੋਂ ਗੰਭੀਰ ਵਰਤਾਰੇ ਪਿਛਲੇ ਕਾਰਨਾਂ ਤੱਕ ਜਾਣ ਨੂੰ ਤਿਆਰ ਨਹੀਂ ਹਨ। ਇਸੇ ਮਾਨਸਿਕਤਾ ਨੂੰ ਦੇਖਦਿਆਂ ਸੰਗਠਿਤ ਅਪਰਾਧ ਦਾ ਡਰ ਦਿਖਾ ਕੇ ਪੁਲੀਸ ਪਕੋਕਾ ਜਾਂ ਹੋਰ ਕਈ ਤਰ੍ਹਾਂ ਦੇ ਸਖ਼ਤ ਕਾਨੂੰਨ ਬਣਾਉਣ ਨੂੰ ਤਰਜੀਹ ਦੇ ਰਹੀ ਹੈ, ਜਿਨ੍ਹਾਂ ਦੀ ਆੜ ਵਿੱਚ ਬਹੁਤ ਸਾਰੇ ਬੇਕਸੂਰ ਨੌਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈ਼ਸਰ ਹਰਵਿੰਦਰ ਸਿੰਘ ਭੱਟੀ ਦਾ ਮੰਨਣਾ ਹੈ ਕਿ ਜ਼ਮੀਨਾਂ ਦੀ ਲਗਾਤਾਰ ਹੋ ਰਹੀ ਵੰਡ, ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਘੱਟ ਰਹੀ ਵੁੱਕਤ ਨੌਜਵਾਨਾਂ ਨੂੰ ਅਪਰਾਧਿਕ ਰਾਹਾਂ ਵੱਲ ਧੱਕ ਰਹੀ ਹੈ। ਹੁਣ ਸਰਪੰਚ ਬਣ ਕੇ ਮੁੱਖ ਮੰਤਰੀ ਦੀ ਕੁਰਸੀ ਦਾ ਸੁਫ਼ਨਾ ਦੇਖਣ ਦਾ ਦੌਰ ਖ਼ਤਮ ਹੋ ਚੁੱਕਿਆ ਹੈ। ਸਿਆਸਤ ਕੁਝ ਪਰਿਵਾਰਾਂ ਦੀ ਜਕੜ ਵਿੱਚ ਹੈ। ਸਾਧਾਰਨ ਪਰਿਵਾਰਾਂ ਦੇ ਨੌਜਵਾਨਾਂ ਲਈ ਸਿਆਸਤ ਦਾ ਰਾਹ ਲਗਭਗ ਬੰਦ ਹੋ ਚੁੱਕਿਆ ਹੈ। ਸਥਾਨਕ ਪੱਧਰ ’ਤੇ ਨਗਰ ਨਿਗਮ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਜ਼ੋਰ ਜਬਰਦਸਤੀ ਨਾਲ ਸੱਤਾਧਾਰੀ ਧਿਰ ਵੱਲੋਂ ਆਪਣੇ ਹੀ ਜੀ-ਹਜ਼ੂਰੀਆਂ ਨੂੰ ਜਿਤਾਉਣ ਦਾ ਰਿਵਾਜ ਨੌਜਵਾਨਾਂ ਨੂੰ ਨਿਰਾਸ਼ ਕਰ ਰਿਹਾ ਹੈ।
ਕਰੀਬ ਚਾਲੀ ਸਾਲ ਪਹਿਲਾਂ ਵਿਦਿਆਰਥੀ ਰਾਜਨੀਤੀ ਵਿੱਚੋਂ ਆਏ ਜਗਮੀਤ ਬਰਾੜ, ਪ੍ਰੇਮ ਸਿੰਘ ਚੰਦੂਮਾਜਰਾ ਤੇ ਬੀਰ ਦਵਿੰਦਰ ਸਿੰਘ ਤੋਂ ਬਾਅਦ ਕੁਲਜੀਤ ਨਾਗਰਾ ਅਪਵਾਦ ਦੇ ਰੂਪ ਵਿੱਚ ਪ੍ਰਵਾਨ ਚੜ੍ਹਿਆ ਹੈ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈ਼ਸਰ ਮਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਲੋਕ ਅਪਰਾਧਿਕ ਗਤੀਵਿਧੀਆਂ ਵਿੱਚ ਪੈਂਦੇ ਸਨ, ਪਰ ਗੈਂਗਸਟਰ ਬਣਨ ਦਾ ਰੁਝਾਨ ਨਵਾਂ ਹੈ। ਸਕੂਲ ਵਿੱਚੋਂ ਨਿਕਲੇ ਨੌਜਵਾਨ ਆਪਣੇ ਆਲੇ-ਦੁਆਲੇ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦੇ ਹਨ। ਅਜਿਹੀ ਹਾਲਤ ਵਿੱਚ ਜਿਹੜੀ ਗੱਡੀ ਮਿਲੀ, ਉਸੇ ’ਤੇ ਚੜ੍ਹ ਜਾਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਚੌਤਰਫ਼ਾ ਫੈਲੇ ਰੇਤ, ਸ਼ਰਾਬ ਤੇ ਡਰੱਗ ਮਾਫ਼ੀਆ ਸਮੇਤ ਬੇਕਸੂਰਾਂ ’ਤੇ ਕੀਤੇ ਜਾਂਦੇ ਪੁਲੀਸੀਆ ਤਸ਼ੱਦਦ ਤੇ ਜੇਲ੍ਹਾਂ ਵਿੱਚ ਹੁੰਦੇ ਗ਼ੈਰਮਨੁੱਖੀ ਵਿਵਹਾਰ ਕਰਕੇ ਕਈ ਵਾਰ ਨੌਜਵਾਨ ਅਪਰਾਧਿਕ ਬਿਰਤੀਆਂ ਵੱਲ ਧੱਕ ਦਿੱਤੇ ਜਾਂਦੇ ਹਨ। ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕਾਲਜਾਂ-ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਵਿੱਚ ਵਿਚਾਰਧਾਰਕ ਗਰੁੱਪ ਵੀ ਨਾਮਾਤਰ ਹੀ ਹਨ।
ਮੌਜੂਦਾ ਗਾਣਿਆਂ, ਫਿਲਮਾਂ ਅਦਿ ਰਾਹੀਂ ਹਿੰਸਾ ਅਤੇ ਹਥਿਆਰਾਂ ਨੂੰ ਮਿਲਦੀ ਮਾਨਤਾ ਵੀ ਨੌਜਵਾਨਾਂ ਨੂੰ ਗੈਂਗਸਟਰ ਬਣਨ ਵੱਲ ਪ੍ਰੇਰਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈ਼ਸਰ ਜਗਰੂਪ ਸੇਖੋਂ ਮੰਨਦੇ ਹਨ ਕਿ ਜੱਗਾ ਜੱਟ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ, ਜਿਊਣਾ ਮੌੜ, ਦੁੱਲਾ ਭੱਟੀ ਪੰਜਾਬ ਦੇ ਵਿਰਾਸਤੀ ਨਾਇਕ ਹਨ ਤੇ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਅਜੋਕੇ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਵਰਤੋਂ ਕਰਨੀ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ। ਜਦੋਂ ਸਿਸਟਮ ਇਨਸਾਫ਼ ਦੇਣਾ ਬੰਦ ਕਰ ਜਾਂਦਾ ਹੈ ਤਾਂ ਲੋਕ ਜਾਂ ਤਾਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ, ਤੇ ਕੁਝ ਹਾਰ ਕੇ ਜ਼ਿੰਦਗੀ ਜਿਵੇਂ-ਕਿਵੇਂ ਕੱਢਣ ਦਾ ਰਾਹ ਅਪਣਾ ਲੈਂਦੇ ਹਨ, ਪਰ ਕੁਝ ਅਜਿਹੇ ਵੀ ਹੁੰਦੇ ਹਨ, ਜੋ ਸਿਸਟਮ ਖ਼ਿਲਾਫ਼ ਬਗਾਵਤੀ ਸੁਰ ਰੱਖਦੇ ਹਨ। ਜੇ ਅਜਿਹੇ ਨੌਜਵਾਨਾਂ ਨੂੰ ਵਿਚਾਰਧਾਰਕ ਸੇਧ ਮਿਲ ਜਾਵੇ ਤਾਂ ਉਹ ਇਨਕਲਾਬੀ ਭੂਮਿਕਾ ਨਿਭਾਉਂਦੇ ਹਨ, ਨਹੀਂ ਤਾਂ ਗੈਂਗਸਟਰ ਬਣਨ ਵਰਗੇ ਰਾਹਾਂ ’ਤੇ ਤੁਰ ਪੈਂਦੇ ਹਨ।
ਅਰਥ ਸ਼ਾਸਤਰੀ ਪ੍ਰੋ. ਸੁੱਚਾ ਸਿੰਘ ਗਿੱਲ ਕਹਿੰਦੇ ਹਨ ਕਿ ਅਸਲ ਵਿੱਚ ਨੌਜਵਾਨਾਂ ਦਾ ਸੁਫ਼ਨਾ ਗੁਆਚ ਰਿਹਾ ਹੈ। ਨੌਜਵਾਨ ਉਮਰ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਰੁਜ਼ਗਾਰ ਨਹੀਂ। ਗੈਂਗਸਟਰ ਜ਼ਿਆਦਾ ਪੇਂਡੂ ਮੁੰਡੇ ਹਨ। ਚੰਗੇ ਖਿਡਾਰੀ ਵੀ ਹਨ, ਪਰ ਸਿਸਟਮ ਉਨ੍ਹਾਂ ਨਾਲ ਬੇਰੁਖੀ ਨਾਲ ਪੇਸ਼ ਆਉਂਦਾ ਹੈ। ਪੇਂਡੂ ਅਰਥਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਜਦੋਂ ਇਹ ਨੌਜਵਾਨ ਆਗੂਆਂ ਅਤੇ ਅਫ਼ਸਰਾਂ ਨੂੰ ਤੇਜ਼ੀ ਨਾਲ ਅਮੀਰ ਹੁੰਦਿਆਂ ਦੇਖਦੇ ਹਨ ਤਾਂ ਆਪ ਵੀ ਕੋਈ ਸੌਖਾ ਰਾਹ ਤਲਾਸ਼ਣ ਲੱਗਦੇ ਹਨ। ਗੈਂਗਸਟਰਾਂ ਦੇ ਵਰਤਾਰੇ ਬਾਰੇ ਗੰਭੀਰ ਅਧਿਐਨ ਦੀ ਲੋੜ ਹੈ
Tags: