ਲਾਹੌਰੀਆ ਦੀ ਪਤਨੀ ਨੇ ਲਾਏ ਪੁਲੀਸ ਉੱਤੇ ਝੂਠਾ ਮੁਕਾਬਲਾ ਬਣਾਉਣ ਦੇ ਦੋਸ਼

By February 4, 2018 0 Comments


fake encounterਗੁਰਸ਼ਰਨਜੀਤ ਸਿੰਘ
ਮਲੋਟ, 3 ਫਰਵਰੀ

ਪਿੰਡ ਸਰਾਵਾਂ ਬੋਦਲਾ ਵਿੱਚ ਅੱਜ ਵਿੱਕੀ ਗੌਂਡਰ ਦੀ ਅੰਤਿਮ ਅਰਦਾਸ ਮੌਕੇ ਪੁੱਜੀ ਗੈਂਗਸਟਰ ਪ੍ਰੇਮਾ ਲਾਹੌਰੀਆ ਦੀ ਪਤਨੀ ਰਾਜਵਿੰਦਰ ਕੌਰ ਲਾਹੌਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਮੁਕਾਬਲਾ ਹੋਣ ਤੋਂ ਪਹਿਲਾਂ ਉਸ ਦੀ ਆਪਣੇ ਪਤੀ ਨਾਲ ਤਕਰੀਬਨ 10 ਮਿੰਟ ਗੱਲ ਹੋਈ ਸੀ, ਜਿਸ ਵਿੱਚ ਪ੍ਰੇਮਾ ਦਾ ਕਹਿਣਾ ਸੀ ਕਿ ਉਹ ਪੁਲੀਸ ਅੱਗੇ ਆਤਮ ਸਮਰਪਣ ਕਰਨ ਜਾ ਰਹੇ ਹਨ, ਇਹ ਸ਼ਬਦ ਉਸ ਦੇ ਮਨ ਵਿੱਚ ਉਥਲ ਪੁਥਲ ਮਚਾ ਰਹੇ ਸਨ ਕਿ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੂੰ ਮੀਡੀਆ ਰਾਹੀਂ ਨਸ਼ਰ ਕੀਤੀਆਂ ਜਾ ਰਹੀਆਂ ਖ਼ਬਰਾਂ ਤੋਂ ਹੀ ਪਤਾ ਲੱਗਿਆ ਕਿ ਪੁਲੀਸ ਨੇ ਇਨ੍ਹਾਂ ਨੂੰ ਮੁਕਾਬਲਾ ਬਣਾ ਕੇ ਮਾਰ ਦਿੱਤਾ ਹੈ। ਉਹ ਇਨਸਾਫ਼ ਦੀ ਮੰਗ ਕਰਦੇ ਹਨ ਤੇ ਚਾਹੁੰਦੇ ਹਨ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਮੁਕਾਬਲੇ ਵਿੱਚ ਮਾਰੇ ਗਏ ਤੀਸਰੇ ਨੌਜਵਾਨ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਸ ਦੇ ਪਤੀ ਨੇ ਕਦੇ ਵੀ ਸ਼ਵਿੰਦਰ ਸਿੰਘ ਦਾ ਜ਼ਿਕਰ ਨਹੀਂ ਸੀ ਕੀਤਾ। ਇਹ ਪੁੱਛਣ ਉੱਤੇ ਕਿ ਪ੍ਰੇਮਾ ਵੱਲੋਂ ਮੁਕਾਬਲੇ ਵਾਲੇ ਦਿਨ ਤੋਂ ਪਹਿਲਾਂ ਹੀ ਆਤਮ ਸਮਰਪਣ ਦੀ ਗੱਲ ਕੀਤੀ ਗਈ ਸੀ ਜਾਂ ਪਹਿਲਾਂ ਵੀ ਕਦੇ ਕਿਹਾ ਸੀ ਤਾਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਸੀ। ਪਰਿਵਾਰਕ ਮੈਂਬਰ ਉਸ ਨੂੰ ਇਸ ਰਸਤੇ ਨੂੰ ਛੱਡ ਕੇ ਮੁੜ ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਪ੍ਰੇਰਦੇ ਰਹਿੰਦੇ ਸਨ। ਉਸ ਨੇ ਕਿਹਾ ਕਿ ਫ਼ਿਲਹਾਲ ਉਨ੍ਹਾਂ ਨੂੰ ਰਾਜਸਥਾਨ ਪੁਲੀਸ ਦੀ ਕਾਰਵਾਈ ਤੋਂ ਪੂਰੀ ਉਮੀਦ ਹੈ ਕਿ ਉਹ ਇਨਸਾਫ਼ ਦੇਣਗੇ।
ਉੱਧਰ ਪ੍ਰੇਮਾ ਲਾਹੌਰੀਆ ਦੇ ਚਾਚਾ ਅਰਜਨ ਸਿੰਘ ਨੂੰ ਜਦੋਂ ਵਿੱਕੀ ਤੇ ਪ੍ਰੇਮਾ ਦੇ ਆਪਸੀ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਾਲਜ ਪੜ੍ਹਾਈ ਦੌਰਾਨ ਉਨ੍ਹਾਂ ਦੀ ਦੋਸਤੀ ਹੋ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਹਾਈਕੋਰਟ ਦੇ ਜੱਜ ਵਲੋਂ ਕਰਵਾਈ ਜਾਵੇ ਤਾਂ ਜੋ ਝੂਠੇ ਪੁਲੀਸ ਮੁਕਾਬਲੇ ਦਾ ਸੱਚ ਨਿੱਤਰ ਕੇ ਸਾਹਮਣੇ ਆ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਭਾਜਪਾ ਆਗੂ ਕੇ ਡੀ ਭੰਡਾਰੀ ਵੱਲੋਂ ਪ੍ਰੇਮਾ ਉੱਤੇ ਇੱਕ ਝੂਠਾ ਕੇਸ ਪਵਾਉਣ ਕਾਰਨ ਪ੍ਰੇਮਾ ਇਸ ਰਾਹ ਵੱਲ ਤੁਰ ਪਿਆ ਸੀ। ਪੁਲੀਸ ਨੇ ਉਸ ਕੋਲੋਂ ਇੱਕ ਪਿਸਤੌਲ ਅਤੇ ਪਾਊਡਰ ਦੀ ਬਰਾਮਦਗੀ ਵਿਖਾ ਕੇ ਕੇਸ ਦਰਜ ਕੀਤਾ ਸੀ ਜਦੋਂ ਕਿ ਪੁਲੀਸ ਨੇ ਪ੍ਰੇਮਾ ਦੇ ਨਾਲ ਉਸ ਦੇ ਸਾਲੇ ਨੂੰ ਵੀ ਕਾਬੂ ਕੀਤਾ ਸੀ, ਪਰ ਉਸ ਨੂੰ ਭਜਾ ਦਿੱਤਾ ਤੇ ਉਸ ਦਾ ਹੀ ਲਾਇਸੈਂਸੀ ਪਿਸਤੌਲ ਪ੍ਰੇਮਾ ਕੋਲੋਂ ਬਰਾਮਦ ਵਿਖਾ ਦਿੱਤਾ। ਚੰਗਾ ਖਿਡਾਰੀ ਹੋਣ ਦੇ ਨਾਤੇ ਚਾਹ ਵੀ ਨਾ ਪੀਣ ਵਾਲੇ ਪ੍ਰੇਮਾ ਉੱਤੇ ਪਾਊਡਰ ਦੇ ਪਾਏ ਇਸ ਮਾਮਲੇ ਵਿੱਚ ਛੇ ਮਹੀਨੇ ਪ੍ਰੇਮਾ ਦੀ ਜ਼ਮਾਨਤ ਨਾ ਹੋਈ ਤੇ ਉਹ ਬਾਗੀ ਹੋ ਕੇ ਫ਼ਰਾਰ ਹੋ ਗਿਆ। ਪੁਲੀਸ ਮੁਕਾਬਲੇ ਦੇ ਮੁੱਖ ਅਧਿਕਾਰੀ ਬਿਕਰਮ ਬਰਾੜ ਦੀ ਵਿੱਕੀ ਨਾਲ ਨੇੜਤਾ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਹ ਜ਼ਿਆਦਾ ਕੁੱਝ ਨਹੀਂ ਜਾਣਦੇ।

ਮੇਰੇ ਉੱਤੇ ਲਾਏ ਦੋਸ਼ ਬੇਬੁਨਿਆਦ: ਭੰਡਾਰੀ
ਇਸ ਸਬੰਧੀ ਸਾਬਕਾ ਵਿਧਾਇਕ ਕੇ.ਡੀ ਭੰਡਾਰੀ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਗਲਤ ਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਸ ਦਾ ਇਨ੍ਹਾਂ ਨੌਜਵਾਨਾਂ ਨਾਲ ਦੂਰ ਨੇੜੇ ਦਾ ਵੀ ਬਾਵਸਤਾ ਨਹੀਂ ਸੀ।
Tags: