Exclusive: ਐਨਕਾਊਂਟਰ ਤੋਂ ਪਹਿਲਾਂ ‘ABP ਸਾਂਝਾ’ ਨੂੰ ਕਿਉਂ ਮਿਲਣਾ ਚਾਹੁੰਦਾ ਸੀ ਗੌਂਡਰ?

By January 28, 2018 0 Comments


ਯਾਦਵਿੰਦਰ ਸਿੰਘ ਦੀ ਰਿਪੋਰਟ
vg (4)
ਚੰਡੀਗੜ੍ਹ: 25 ਜਨਵਰੀ। ਦਿਨ ਵੀਰਵਾਰ। ਸ਼ਾਮ ਦੇ ਤਕਰੀਬਨ ਚਾਰ ਵਜੇ ਸੀ। ਮੇਰੇ ਫੋਨ ਦੀ ਘੰਟੀ ਵੱਜੀ। ਸਕਰੀਨ ‘ਤੇ ਨੰਬਰ ਸੀ +4719226। ਸ਼ਾਇਦ ਇੰਟਰਨੈਟ ਕਾਲ ਸੀ। ਆਮ ਫੋਨਾਂ ਵਾਂਗ ਮੈਂ ਕਾਲ ਰਸੀਵ ਕੀਤੀ। ਕਾਲਰ ਨੇ ਪੁੱਛਿਆ ‘ਪੱਤਰਕਾਰ ਯਾਦਵਿੰਦਰ ਬੋਲਦੈਂ? ਮੇਰੀ ਹਾਂ ਸੁਣਦਿਆਂ ਨਾਲ ਹੀ ਕਾਲਰ ਕਹਿੰਦਾ ‘ਮੈਂ ਵਿੱਕੀ ਬੋਲ ਰਿਹਾਂ’। ਮੈਂ ਪੁੱਛਦਾਂ, ‘ਕੌਣ ਵਿੱਕੀ ? ਉਸ ਨੇ ਕਿਹਾ ‘ਵਿੱਕੀ ਗੌਂਡਰ’। ਪੂਰਾ ਪੰਜਾਬ ਜਿਸ ਨੂੰ ਗੈਂਗਸਟਰ ਗੌਂਡਰ ਦੇ ਨਾਂ ਨਾਲ ਜਾਣਦਾ ਹੈ, ਉਸ ਨੂੰ ਗੌਂਡਰ ਨਾਲੋਂ ਵਿੱਕੀ ਕਹਾਉਣਾ ਜ਼ਿਆਦਾ ਪਸੰਦ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਉਸ ਦੇ ਐਨਕਾਊਂਟਰ ਤੋਂ 24 ਘੰਟੇ ਪਹਿਲਾਂ ਹੋਇਆ।

ਖੈਰ ਅੱਗੇ ਗੱਲਬਾਤ ਸ਼ੁਰੂ ਹੁੰਦੀ ਹੈ। ਮੈਂ ਕਿਹਾ ‘ਦੱਸੋ ਬਿਲਕੁਲ ਪੱਤਰਕਾਰ ਯਾਦਵਿੰਦਰ ਬੋਲ ਰਿਹਾਂ’। ਗੌਂਡਰ ਨੇ ਕਿਹਾ ‘ਮੈਂ ਗੋਆ ਤੋਂ ਬੋਲ ਰਿਹਾਂ ਤੇ ਗੰਦੀ-ਭੜਕਾਊ ਗਾਇਕੀ ਤੇ ਗਾਇਕਾਂ ਸਬੰਧੀ ਗੱਲ ਕਰਨੀ ਚਾਹੁੰਦਾ ਹਾਂ। ਇਸੇ ਮਸਲੇ ‘ਤੇ ਤੁਹਾਨੂੰ ਇੰਟਰਵਿਊ ਦੇਣੀ ਚਾਹੁੰਦਾ ਹਾਂ। ਮੈਂ ਕਿਹਾ ‘ਮਿਲ ਕੇ ਗੱਲ ਹੋ ਸਕਦੀ ਹੈ। ਮਿਲ ਲਵੋ, ਇਸ ਤਰ੍ਹਾਂ ਨਹੀਂ । ਬੱਸ ਏਨਾ ਕਹਿ ਕੇ ਮੈਂ ਫੋਨ ਕੱਟ ਦਿੱਤਾ।’ ਵਿੱਕੀ ਮੌਤ ਤੋਂ ਪਹਿਲਾਂ ਸਾਨੂੰ ਇੰਟਰਵਿਊ ਦੇਣਾ ਚਾਹੁੰਦਾ ਸੀ। ਭਾਵੇਂ ਸਾਨੂੰ ਕੋਈ ਕਾਹਲੀ ਨਹੀਂ ਸੀ ਪਰ ਗੌਂਡਰ ਇੰਟਰਵਿਊ ਲਈ ਉਤਾਵਲਾ ਸੀ।

ਗੌਂਡਰ ਦੀ ਕਾਲ ਦਾ ਦਿਨ ਵੀਰਵਾਰ ਸੀ। ਸ਼ੁੱਕਰਵਾਰ ਨੂੰ ਪੁਲਿਸ ਨੇ ਰਾਜਸਥਾਨ ਬਾਰਡਰ ਦੇ ਹਿੰਦੂਮਲ ਕੋਟ ਵਿੱਚ ਉਸ ਨੂੰ ਐਨਕਾਉਂਟਰ ‘ਚ ਮਾਰ ਦਿੱਤਾ। ਹੋ ਸਕਦੈ ਜੇ ਐਨਕਾਉਂਟਰ ਨਾ ਹੁੰਦਾ ਤਾਂ ਉਹ ਮੇਰੇ ਤੱਕ ਪਹੁੰਚਣ ਦੀ ਫੇਰ ਕੋਸ਼ਿਸ਼ ਕਰਦਾ। ਪੁਲਿਸ ਮੁਤਾਬਕ ਵੀ ਕਾਲ ਲੁਕੇਸ਼ਨ ਕਰਕੇ ਹੀ ਪੁਲੀਸ ਗੌਂਡਰ ਤੱਕ ਪੁੱਜੀ ਸੀ।

ਵਿੱਕੀ ਦੀ ਕਾਲ ਤੋਂ ਬਾਅਦ ਮੈਂ ਸੋਚਿਆ ਉਸ ਨੇ ਇੰਨੇ ਪੱਤਰਕਾਰਾਂ ‘ਚੋਂ ਸਿਰਫ਼ ਮੈਨੂੰ ਹੀ ਸੰਪਰਕ ਕਿਉਂ ਕੀਤਾ? ਜਵਾਬ ਵੀ ਮੇਰੇ ਕੋਲ ਸੀ। 2016 ‘ਚ ਮੈਂ ਪੰਜਾਬ ਦੇ ਸਾਰੇ ਵੱਡੇ ਗੈਂਗਸਟਰਾਂ ਬਾਰੇ ‘ਏਬੀਪੀ ਸਾਂਝਾ’ ‘ਤੇ ਸੀਰੀਜ਼ ਕੀਤੀ ਸੀ। ਵਿੱਕੀ ਗੌਂਡਰ ਵਾਲੇ ਐਪੀਸੋਡ ‘ਚ ਉਸ ਦੇ ਮਾਤਾ-ਪਿਤਾ ਨਾਲ ਗੱਲਬਾਤ ਵੀ ਹੋਈ ਸੀ। ਮਾਤਾ-ਪਿਤਾ ਵਿੱਕੀ ਤੋਂ ਬੇਹੱਦ ਦੁਖੀ ਸਨ। ਇੰਟਰਵਿਊ ਦੌਰਾਨ ਬੇਹੱਦ ਭਾਵੁਕ ਹੋਏ ਸਨ। ਮੈਨੂੰ ਲੱਗਦੈ ਗੌਂਡਰ ਨੇ ਉਹ ਐਪੀਸੋਡ ਜ਼ਰੂਰ ਦੇਖਿਆ ਹੋਵੇਗਾ। ਇਸੇ ਲਈ ਉਸ ਨੇ ਮੇਰੇ ਨਾਲ ਸੰਪਰਕ ਕੀਤਾ।

ਮੇਰੀ ਜ਼ਿੰਦਗੀ ‘ਚ ਇੱਕ ਵਾਰ ਅਜਿਹੇ ਪਲ ਪਹਿਲਾਂ ਵੀ ਆਏ ਸੀ। ਜਦੋਂ ਗੈਂਗਸਟਰਾਂ ਦੀ ਸੀਰੀਜ਼ ‘ਏਬੀਪੀ ਸਾਂਝਾ’ ‘ਤੇ ਚੱਲਣ ਤੋਂ ਬਾਅਦ ਮੈਨੂੰ ‘ਦਵਿੰਦਰ ਬੰਬੀਹਾ’ ਨਾਂ ਦਾ ਗੈਂਗਸਟਰ ਮਿਲਿਆ ਸੀ। ਉਹ ਵੀ ਇੰਟਰਵਿਊ ਦੇਣਾ ਚਾਹੁੰਦਾ ਸੀ ਪਰ ਹਾਲਾਤ ਦਾ ਹਵਾਲਾ ਦੇ ਕੇ ਉਸ ਨੇ ਕੁਝ ਦਿਨ ਰੁਕਣ ਦੀ ਸਲਾਹ ਦੇ ਦਿੱਤੀ। ਕੁਝ ਮਹੀਨਿਆਂ ਬਾਅਦ ਹੀ ‘ਬੰਬੀਬਾ’ ਦਾ ਬਠਿੰਡਾ ‘ਚ ਪੁਲਿਸ ਐਨਕਾਉਂਟਰ ਹੋ ਗਿਆ। ਗੱਲਬਾਤ ਦੌਰਾਨ ਉਹ ਆਪਣੇ ਨਾਲ ਪੰਜਾਬ ਦੇ ਕਈ ਵੱਡੇ ਸਿਆਸੀ ਲੀਡਰਾਂ ਦੇ ਲਿੰਕ ਹੋਣ ਦੇ ਦਾਅਵੇ ਕਰਦਾ ਸੀ। ਇੰਟਰਵਿਊ ‘ਚ ਮੂੰਹੋਂ ਇਹ ਸ਼ਬਦ ਨਾ ਨਿਕਲ ਜਾਵੇ, ਇਸੇ ਲਈ ਉਸ ਨੇ ਦੁਬਾਰਾ ਮਿਲਣ ਲਈ ਕਿਹਾ ਸੀ।

‘ਏਬੀਪੀ ਸਾਂਝਾ’ ਨੇ ਛੋਟੀ ਜਿਹੀ ਉਮਰ ਵਿੱਚ ਗੁੰਡਾਗਰਦੀ ਦੀ ਰਾਹ ਫੜ੍ਹ ਕੇ ਗੈਂਗਸਟਰ ਬਣਨ ਵਾਲੇ ਸਾਰੇ ਵੱਡੇ ਗੈਂਗਸਟਰਾਂ ਦੇ ਘਰਦਿਆਂ ਨਾਲ ਗੱਲਬਾਤ ਕਰਕੇ “ਗੈਂਗਸ ਆਫ ਪੰਜਾਬ” ਨਾਂ ਦੀ ਸੀਰੀਜ਼ ਚਲਾਈ ਸੀ। ਇਸ ਨੂੰ ਹੁਣ ਵੀ ਤੁਸੀਂ ਸਾਡੇ ਯੂ ਟਿਊਬ ਚੈਨਲ ‘ਤੇ ਦੇਖ ਸਕਦੇ ਹੋ।

Courtesy : ABP Sanjha
Tags: