ਅਮਰ ਸ਼ਹੀਦ ਬਾਬਾ ਦੀਪ ਸਿੰਘ

By January 26, 2018 0 Comments


baba deep singh

ਸਿੱਖ ਧਰਮ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨ ਤਾਰਨ ਵਿੱਚ ਪਿਤਾ ਭਗਤਾ ਤੇ ਮਾਤਾ ਜਿਉਣੀ ਦੇ ਘਰ ਹੋਇਆ। ਉਨ੍ਹਾਂ ਦੇ ਬਚਪਨ ਦਾ ਨਾਮ ਦੀਪਾ ਸੀ। ਉਨ੍ਹਾਂ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਹੋਣ ਕਰਕੇ ਆਨੰਦਪੁਰ ਹੋਲਾ ਮਹੱਲਾ ਵੇਖਣ ਗਿਆ ਤਾਂ ਉੱਥੇ ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤੇ ਸਿੰਘ ਸਜ ਗਏ। ਇਸ ਪਿੱਛੋਂ ਉਹ ਅਨੰਦਪੁਰ ਸਾਹਿਬ ਠਹਿਰ ਗਏ ਅਤੇ ਗੁਰਸਿੱਖੀ ਤੇ ਗੁਰਮਤ ਦੇ ਪ੍ਰਚਾਰ ਵਿੱਚ ਲੱਗ ਗਏ। ਇੱਥੇ ਰਹਿੰਦਿਆਂ ਹੀ ਉਨ੍ਹਾਂ ਫਾਰਸੀ, ਸੰਸਕ੍ਰਿਤ ਅਤੇ ਹੋਰ ਭਾਸ਼ਾਵਾਂ ਦਾ ਗਿਆਨ ਲਿਆ ਅਤੇ ਸ਼ਸਤਰ ਵਿਦਿਆ ਹਾਸਲ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਵਿੱਚ ਬਾਬਾ ਦੀਪ ਸਿੰਘ ਨੇ ਤਲਵੰਡੀ ਸਾਬੋ ਵਿੱਚ ਭਾਈ ਮਨੀ ਸਿੰਘ ਨਾਲ ਗੁਰਬਾਣੀ ਦੇ ਹੱਥ ਲਿਖਤ ਸਰੂਪ ਤਿਆਰ ਕਰਨ ਦੀ ਸੇਵਾ ਵੀ ਨਿਭਾਈ। ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਸਾਹਿਬ ਦੀ ਯਾਤਰਾ ਤੇ ਜਾਣ ਸਮੇਂ ਇੱਥੋਂ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਜੀ ਨੂੰ ਸੌਂਪ ਗਏ ਸਨ। ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਈ ਜੰਗਾਂ ਲੜੀਆਂ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਉਪਰ ਜਬਰ ਜ਼ੁਲਮ ਦਾ ਦੌਰ ਸ਼ੁਰੂ ਹੋ ਗਿਆ। ਅਹਿਮਦ ਸ਼ਾਹ ਅਬਦਾਲੀ ਜੋ ਹਰ ਵਰ੍ਹੇ ਲੁੱਟਮਾਰ ਦੇ ਮਨੋਰਥ ਨਾਲ ਆਉਂਦਾ ਸੀ, ਨੇ ਸਿੱਖਾਂ ਦਾ ਖੁਰਾਖੋਜ ਮਿਟਾਉਣ ਲਈ ਜ਼ੁਲਮ ਦੀ ਹਨੇਰੀ ਚਲਾ ਦਿੱਤੀ। ਉਸ ਨੇ ਦਰਬਾਰ ਸਾਹਿਬ ਉਪਰ ਹਮਲਾ ਕਰ ਕੇ ਇਸ ਦੀ ਪਵਿੱਤਰਤਾ ਅਤੇ ਆਸਥਾ ਨੂੰ ਭੰਗ ਕਰਨ ਦੀ ਕੋਸ਼ਿਸ ਕੀਤੀ। ਜਦੋਂ ਬਾਬਾ ਦੀਪ ਸਿੰਘ ਕੋਲ ਦਰਬਾਰ ਸਾਹਿਬ ਦੀ ਬੇਅਦਬੀ ਦੀ ਖ਼ਬਰ ਪੁੱਜੀ ਤਾਂ ਉਨ੍ਹਾਂ ਨੇ ਇਸ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਕਰ ਲਿਆ। ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚਣ ਤੱਕ ਬਾਬਾ ਜੀ ਦੇ ਜਥੇ ਵਿੱਚ ਬਹੁਤ ਸਾਰੇ ਸਿੰਘ ਹੋਰ ਸ਼ਾਮਲ ਹੋ ਗਏ ਸਨ। ਤਰਨ ਤਾਰਨ ਜਾ ਕੇ ਬਾਬਾ ਜੀ ਨੇ ਸਫ਼ਲਤਾ ਲਈ ਅਰਦਾਸ ਕੀਤੀ। ਸਿੰਘਾਂ ਦੇ ਅੰਮ੍ਰਿਤਸਰ ਵੱਲ ਕੂਚ ਕਰਨ ਦੀ ਖ਼ਬਰ ਜਦੋਂ ਲਾਹੌਰ ਦੇ ਸੂਬੇ ਕੋਲ ਪੁੱਜੀ ਤਾਂ ਉਸ ਨੇ ਫ਼ੌਜਦਾਰ ਜਹਾਨ ਖਾਂ ਦੀ ਅਗਵਾਈ ਹੇਠ ਆਪਣੀ ਫ਼ੌਜ ਅੰਮ੍ਰਿਤਸਰ ਲਈ ਰਵਾਨਾ ਕਰ ਦਿੱਤੀ। ਗੋਹਲਵੜ ਦੇ ਨਜ਼ਦੀਕ ਬਾਬਾ ਦੀਪ ਸਿੰਘ ਦੇ ਜਥੇ ਦਾ ਜਹਾਨ ਖਾਂ ਦੀ ਫ਼ੌਜ ਨਾਲ ਟਾਕਰਾ ਹੋ ਗਿਆ। ਇਸ ਮੈਦਾਨ ਵਿੱਚ ਵੀ ਸਿੰਘ ਸੂਰਬੀਰਤਾ ਨਾਲ ਲੜੇ ਸਨ। ਜਦੋਂ ਜਹਾਨ ਖਾਂ ਦੀ ਫ਼ੌਜ ਦਾ ਭਾਰੀ ਨੁਕਸਾਨ ਹੋਣ ਲੱਗਾ ਤਾਂ ਸ਼ਾਹੀ ਫੌਜ ਵਿੱਚ ਭਾਜੜਾਂ ਪੈ ਗਈਆਂ।
ਇਸ ਦੌਰਾਨ ਹਾਜੀ ਅਤਾਈ ਖਾਂ ਵੀ ਆਪਣੀ ਫ਼ੌਜ ਤੇ ਭਾਰੀ ਮਾਤਰਾ ਵਿੱਚ ਹਥਿਆਰ ਲੈ ਕੇ ਪੁੱਜ ਗਿਆ। ਇੱਥੇ ਬਹੁਤ ਘਮਸਾਣ ਦੀ ਲੜਾਈ ਹੋਈ। ਸਿੰਘਾਂ ਨੇ ਬਹਾਦਰੀ ਵਿਖਾਉਂਦਿਆਂ ਦੁਸ਼ਮਣਾਂ ਦੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ। ਅੰਮ੍ਰਿਤਸਰ ਦੇ ਬਾਹਰ ਰਾਮਸਰ ਕੋਲ ਬਾਬਾ ਦੀਪ ਸਿੰਘ ਜੀ ਨੂੰ ਗਰਦਨ ਵਿੱਚ ਤਲਵਾਰ ਦਾ ਮਾਰੂ ਫੱਟ ਲੱਗ ਗਿਆ। ਬਾਬਾ ਜੀ ਨੇ ਆਪਣੇ ਹੱੱਥ ਨਾਲ ਸੀਸ ਨੂੰ ਸੰਭਾਲਦੇ ਹੋਏ ਇੱਕ ਹੱਥ ਵਿੱਚ ਨੌਂ ਸੇਰ ਦੇ ਦੋ-ਧਾਰੇ ਖੰਡੇ ਨਾਲ ਜਹਾਨ ਖਾਂ ਦਾ ਸਿਰ ਲਾਹ ਦਿੱਤਾ। ਬਾਬਾ ਜੀ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਨਤਮਸਤਕ ਹੁੰਦਿਆਂ ਸ਼ਹੀਦੀ ਪਾ ਗਏੇ।
ਗੁਰਜੀਵਨ ਸਿੰਘ ਸਿੱਧੂ ਨਥਾਣਾ
ਸੰਪਰਕ: 94170-79435
Tags:
Posted in: ਸਾਹਿਤ