ਸ਼ਿਵ ਸੈਨਾ ਨੇਤਾ ਹੱਤਿਆ ਕਾਂਡ ਦੇ ਗਵਾਹ ਵਲੋਂ ਖ਼ੁਦਕੁਸ਼ੀ

By January 25, 2018 0 Comments


paajityਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਹੋਏ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਕਤਲ ਕਾਂਡ ਦੇ ਮਾਮਲੇ ‘ਚ ਭਾਵੇਂ ਖੰਨਾ ਪੁਲਿਸ ਵਲੋਂ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਰਮਨਾ ਤੇ ਕੁਝ ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਆਪਣੇ ਹੱਥਾਂ ‘ਚ ਲੈ ਲਿਆ ਸੀ ਤੇ ਇਨ੍ਹਾਂ ਕਥਿਤ ਦੋਸ਼ੀਆਂ ਦਾ ਕਈ ਵਾਰ ਪੁਲਿਸ ਰਿਮਾਂਡ ਵੀ ਲਿਆ ਗਿਆ ਸੀ | ਪਰ ਹੁਣ ਜਾਪਦਾ ਹੈ ਕਿ ਇਸ ਜਾਂਚ ਏਜੰਸੀ ਨੂੰ ਮਾਮਲੇ ਵਿਚ ਕੋਈ ਠੋਸ ਸਬੂਤ ਹੱਥ ਨਹੀਂ ਲੱਗ ਰਹੇ | ਜਿਸ ਕਾਰਨ ਐਨ. ਆਈ. ਏ. ਆਪਣਾ ਕੇਸ ਮਜ਼ਬੂਤ ਕਰਨ ਲਈ ਕਤਲ ਕਾਂਡ ਵਾਲੀ ਥਾਂ ਦੇ ਨੇੜੇ ਮੌਜੂਦ ਲੋਕਾਂ ‘ਤੇ ਦਬਾਅ ਪਾ ਕੇ ਗਵਾਹ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਉਸ ਵੇਲੇ ਹੋਇਆ ਜਦੋਂ ਅੱਜ ਸਵੇਰੇ ਦੁਰਗਾ ਗੁਪਤਾ ਕਤਲ ਕਾਂਡ ਵਾਲੀ ਜਗ੍ਹਾ ਨੇੜੇ ਸਥਿਤ ਮੋਚੀ ਦਾ ਕੰਮ ਕਰਦੇ ਰਾਮਪਾਲ ਨੇ ਸਰਹਿੰਦ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਗੌਰਤਲਬ ਹੈ ਕਿ ਮਿ੍ਤਕ ਦੇ ਪੁੱਤਰ ਅਤੇ ਪਤਨੀ ਨੇ ਦੋਸ਼ ਲਾਇਆ ਕਿ ਰਾਮਪਾਲ ਨੇ ਐਨ. ਆਈ. ਏ. ਵਲੋਂ ਵਾਰ-ਵਾਰ ਪੁੱਛਗਿੱਛ ਕਰਨ ਤੋਂ ਪ੍ਰੇਸ਼ਾਨ ਹੋ ਕੇ ਅਤੇ ਗਵਾਹ ਬਣਾਉਣ ਲਈ ਦਬਾਅ ਬਣਾਉਣ ਕਰ ਕੇ ਹੀ ਖ਼ੁਦਕੁਸ਼ੀ ਕੀਤੀ ਹੈ |
ਐਨ. ਆਈ. ਏ. ‘ਤੇ ਦੋਸ਼
ਮਿ੍ਤਕ ਰਾਮਪਾਲ ਦੇ ਬੇਟੇ ਮਨੀਸ਼ ਕੁਮਾਰ ਨੇ ਕਿਹਾ ਕਿ ਐਨ. ਆਈ. ਏ. ਵਲੋਂ ਉਸ ਦੇ ਪਿਤਾ ਨੂੰ ਰੋਜ਼ ਹੀ ਬੁਲਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ | ਉਹ ਪ੍ਰੇਸ਼ਾਨ ਸਨ, ਕਿਉਂਕਿ ਉਨ੍ਹਾਂ ਨੂੰ ਪੁੱਛਗਿੱਛ ਲਈ ਕਦੇ ਵੀ ਕਿਤੇ ਵੀ ਬੁਲਾ ਲਿਆ ਜਾਂਦਾ ਸੀ | ਮਨੀਸ਼ ਨੇ ਦੋਸ਼ ਲਾਇਆ ਕਿ ਰਾਮਪਾਲ ਨੂੰ ਗਵਾਹੀ ਦੇਣ ਲਈ ਮਨਾਉਣ ਵਾਸਤੇ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ | ਮਨੀਸ਼ ਮੁਤਾਬਿਕ ਸੋਮਵਾਰ ਸ਼ਾਮ ਨੂੰ ਉਸ ਦੇ ਪਿਤਾ ਨੇ ਕਿਹਾ ਸੀ ਕਿ ਕੱਲ੍ਹ ਮੰਗਲਵਾਰ ਨੂੰ ਸਵੇਰੇ ਐਨ. ਆਈ. ਏ. ਨੇ ਫਿਰ ਪੁੱਛਗਿੱਛ ਕਰਨੀ ਹੈ | ਉਹ ਵਾਰ-ਵਾਰ ਦੀ ਪੁੱਛਗਿੱਛ ਤੋਂ ਪ੍ਰੇਸ਼ਾਨ ਹੋ ਗਏ ਸਨ ਤੇ ਇਸੇ ਕਾਰਨ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ |

ਜਦੋਂ ਕਿ ਮਿ੍ਤਕ ਦੀ ਪਤਨੀ ਕਮਲੇਸ਼ ਨੇ ਕਿਹਾ ਕਿ ਮੇਰੇ ਪਤੀ ਐਨ. ਆਈ. ਏ. ਦੀ ਪੁੱਛ ਪੜਤਾਲ ਤੋਂ ਬਹੁਤ ਪ੍ਰੇਸ਼ਾਨ ਸਨ, ਉਹ ਇਸ ਲਈ ਵੀ ਡਰੇ ਹੋਏ ਸਨ ਕਿ ਉਨ੍ਹਾਂ ਨੂੰ ਅੱਜ ਦਿੱਲੀ ਲਿਜਾਇਆ ਜਾਵੇਗਾ | ਅੱਜ ਸਵੇਰੇ ਉਹ ਸਾਡੇ ਉੱਠਣ ਤੋਂ ਪਹਿਲਾਂ ਹੀ ਘਰੋਂ ਚਲੇ ਗਏ ਅਤੇ ਨਹਿਰ ਕੰਢੇ ਪਹੁੰਚ ਕੇ ਕਿਸੇ ਕੋਲੋਂ ਟੈਲੀਫ਼ੋਨ ਲੈ ਕੇ ਫ਼ੋਨ ਕੀਤਾ ਤੇ ਕਿਹਾ ਕਿ ਬੱਚਿਆਂ ਦਾ ਧਿਆਨ ਰੱਖੀ ਮੈਂ ਨਹਿਰ ਵਿਚ ਛਾਲ ਮਾਰਨ ਲੱਗਾ ਹਾਂ | ਜਦੋਂ ਤੱਕ ਅਸੀਂ ਉੱਥੇ ਪਹੁੰਚਦੇ ਭਾਣਾ ਵਰਤ ਚੁੱਕਾ ਸੀ |
ਸ਼ਿਵ ਸੈਨਾ ਨੇਤਾ ਨੂੰ ਪਹੰੁਚਾਇਆ ਸੀ ਹਸਪਤਾਲ
ਗੌਰਤਲਬ ਹੈ ਕਿ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਐਨ. ਆਈ. ਏ. ਮੌਕੇ ਦੇ ਗਵਾਹਾਂ ਦੀ ਤਲਾਸ਼ ‘ਚ ਹੈ ਪਰ ਨੇੜੇ ਦੇ ਦੁਕਾਨਦਾਰ ਗਵਾਹੀ ਦੇਣ ਜਾਂ ਕੋਈ ਜਾਣਕਾਰੀ ਦੇਣ ਤੋਂ ਕਤਰਾ ਰਹੇ ਹਨ | ਇਸ ਦਰਮਿਆਨ ਕੁਝ ਲੋਕਾਂ ਨੇ ਕਿਹਾ ਕਿ ਐਨ. ਆਈ. ਏ. ਘਟਨਾ ਸਥਾਨ ਤੋਂ ਕਾਫ਼ੀ ਦੂਰ-ਦੂਰ ਤੱਕ ਦੇ ਲੋਕਾਂ, ਜਿਨ੍ਹਾਂ ਦਾ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਣ ਦਾ ਮਤਲਬ ਹੀ ਨਹੀਂ, ਨੂੰ ਵੀ ਗਵਾਹੀ ਦੇਣ ਲਈ ਬੁਲਾ ਰਹੀ ਹੈ | ਜਿਸ ਕਾਰਨ ਇਹ ਲੋਕ ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ ਲਾ ਰਹੇ ਹਨ | ਗੌਰਤਲਬ ਹੈ ਕਿ ਕਤਲ ਕਾਂਡ ਵਾਲੇ ਦਿਨ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਨੂੰ ਲਹੂ-ਲੁਹਾਨ ਦੇਖ ਕੇ ਖ਼ੁਦਕੁਸ਼ੀ ਕਰਨ ਵਾਲੇ ਰਾਮਪਾਲ ਨੇ ਹੀ ਦੁਰਗਾ ਗੁਪਤਾ ਨੂੰ ਹੋਰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਸੀ |
Source Ajit




Tags: , ,