ਨੱਨੇ ਤੋਂ ਨਾਰਦਮੁਨੀ ਤੇ ਨੱਨੇ ਤੋਂ ਨਵਜੋਤ ਸਿੱਧੂ

By January 23, 2018 0 Comments


sidhu

ਸਾਖੀ ਸੁਣੀ ਸੀ ਛੋਟੇ ਹੁੰਦਿਆਂ ਕਿ ਕਿਸੇ ਖੂਬਸੂਰਤ ਰਾਜਕੁਮਾਰੀ ਦਾ ਸਵੰਬਰ ਹੋਣਾ ਸੀ। ਧਰਤੀ ਦੇ ਰਾਜਕੁਮਰਾਂ ਤੋਂ ਇਲਾਵਾ ਦੇਵ-ਲੋਕ ‘ਚੋਂ ਨਾਰਦਮੁਨੀ ਤੇ ਅਗਨੀ ਦੇਵਤਾ ਦੋਵੇਂ ਵਿਆਹ ਕਰਵਾਉਣ ਲਈ ਤਿਆਰ ਹੋਏ ਫਿਰਨ।

ਨਾਰਦਮੁਨੀ ਜਾ ਕੇ ਬ੍ਰਹਮਾ ਨੂੰ ਕਹਿੰਦਾ, ਮਾਲਕੋ ਤੁਹਾਡੀ ਮੈਂ ਬਹੁਤ ਸੇਵਾ ਕੀਤੀ ਆ, ਕਦੇ ਕੁਝ ਮੰਗਿਆ ਨੀ। ਤੁਹਾਡੇ ਕਹੇ ਮੈਂ ਕਦੇ ਕਿਸੇ ਨਾਲ ਜੁੜਿਆ ਤੇ ਕਦੇ ਕਿਸੇ ਨਾਲ। ਸਾਰੀ ਗੁਪਤ ਸੂਚਨਾ ਲਿਆ ਕੇ ਦਿੱਤੀ, ਦੇਵਤੇ ਦੇਵਤਿਆਂ ਨਾਲ ਆਪਸ ‘ਚ ਫਸਾਏ, ਰਾਖਸ਼ਾਂ ਨੂੰ ਰਾਖਸ਼ਾਂ ਨਾਲ ਫਸਾਇਆ, ਹੁਣ ਮੇਰਾ ਕੰਮ ਕਰੋ ਮਿੰਨਤ ਈ ਆ। …………………………ਮੈਂ ਕਰਾਉਣਾ ਰਾਜਕੁਮਾਰੀ ਨਾਲ ਵਿਆਹ, ਮੇਰੀ ਸ਼ਕਲ ਨੀ ਬਹੁਤੀ ਸੋਹਣੀ………ਮੇਰੇ ਸੋਹਣਾ ਜਿਹਾ ਮੂੰਹ ਲਾ ਦਿਓ।

ਬ੍ਰਹਮਾ ਨੇ ਸੋਚਿਆ ਜੇ ਇਹਦਾ ਵਿਆਹ ਹੋ ਗਿਆ, ਇਹ ਤਾਂ ਗਿਆ ਮੇਰੇ ਹੱਥੋਂ। ਇੱਧਰ ਉਧਰ ਚੁਆਤੀਆਂ ਲਾਉਣ ਲਈ ਮੈਂ ਇਹਦੇ ਅਰਗਾ ਹੰਢਿਆ ਬੰਦਾ ਕਿੱਥੋਂ ਲੱਭੂੰ।……………………… ਓਹਨੇ ਨਾਰਦਮੁਨੀ ਦੇ ਬਾਂਦਰ ਦਾ ਮੂੰਹ ਲਾ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਜਾ ਨਾਰਦ….. ਤੇਰੇ ਦੁਨੀਆਂ ਦਾ ਸਭ ਤੋਂ ਸੋਹਣਾ ਮੂੰਹ ਲਾ ਦਿੱਤਾ।

ਉਦੋਂ ਕਿਹੜਾ ਸ਼ੀਸ਼ੇ ਹੁੰਦੇ ਸੀ, ਨਾਰਦਮੁਨੀ ਬ੍ਰਹਮਾ ਦੇ ਲਾਏ ਮੂੰਹ ‘ਤੇ ਭਰੋਸਾ ਕਰਕੇ ਕਦੇ ਰਾਜਕੁਮਾਰੀ ਦੇ ਸੱਜੇ ਗੇੜੇ ਦਵੇ ਤੇ ਕਦੇ ਖੱਬੇ, ਬਈ ਸਭ ਤੋਂ ਸੋਹਣਾ ਤਾਂ ਮੈਂ ਈ ਆਂ। ਜਦ ਹਟੇ ਈ ਨਾ ਤਾਂ ਰਾਜਕੁਮਾਰੀ ਕਹਿੰਦੀ; ਜਾਹ ਪਰੇ ਬਾਂਦਰ ਜਿਹਾ, ਮੂੰਹ ਦੇਖਿਆ ਆਪਣਾ, ਹਟਦਾ ਈ ਨੀ ਟਪੂੰ ਟਪੂੰ ਕਰਨੋਂ। ਤੇ ਓਹਨੇ ਕੁਦਰਤੀ ਸੁਹੱਪਣ ਵਾਲੇ ਅਗਨੀ ਦੇਵਤਾ ਦੇ ਗਲ ਹਾਰ ਪਾ ਦਿੱਤਾ।

ਨੱਨੇ ਤੋਂ ਨਾਰਦਮੁਨੀ ਤੇ ਨੱਨੇ ਤੋਂ ਨਵਜੋਤ ਸਿੱਧੂ ਪਰ ਇਸ ਕਥਾ ਦਾ ਨਵਜੋਤ ਸਿੱਧੂ ਨਾਲ ਕੋਈ ਸਬੰਧ ਨੀ ਤੇ ਨਾ ਇਸ ਗੱਲ ਨਾਲ ਸਬੰਧ ਹੈ ਕਿ ਸਿੱਧੂ ਦੇ ਸ਼ਹਿਰ ਅੰਮ੍ਰਿਤਸਰ ਦਾ ਮੇਅਰ ਚੁਣਨ ਦੀ ਜਿੰਮੇਵਾਰੀ ਵਾਲਾ ਹਾਰ ਕੈਪਟਨ ਨੇ ਜਾਖੜ ਤੇ ਫਤਿਹਪ੍ਰਤਾਪ ਬਾਜਵੇ ਦੇ ਗਲ਼ ਪਾ ਦਿੱਤਾ ਆ। ਇਹ ਮੁਹਾਲੀ ਦਾ ਮੇਅਰ ਬਦਲਣ ਨੂੰ ਫਿਰਦਾ ਸੀ, ਅਗਲਿਆਂ ਇਹਦੇ ਸ਼ਹਿਰ ਵਾਲਾ ਵੀ ਇਹਦੀ ਮਰਜ਼ੀ ਨਾਲ ਚੁਣਨ ਨਹੀਂ ਦੇਣਾ।

ਨਾਰਦਮੁਨੀ ਨੂੰ ਨਾ ਦੇਵਤਿਆਂ ਨੇ ਕਦੇ ਗੰਭੀਰਤਾ ਨਾਲ ਲਿਆ, ਨਾ ਹੁਣ ਵਾਲੇ ਸਿਆਸਤਦਾਨ ਲੈ ਰਹੇ ਨੇ। ਹਰ ਯੁਗ ‘ਚ ਵਰਤ ਕੇ ਔਹ ਮਾਰਦੇ ਰਹੇ ਆ!

– ਗੁਰਪ੍ਰੀਤ ਸਿੰਘ ਸਹੋਤਾ
Tags: