ਆਖ਼ਿਰ ਤੁਰ ਗਈ ਜੱਗੇ ਡਾਕੂ ਦੀ ਧੀ ਗੁਲਾਬ ਕੌਰ

By January 18, 2018 0 Comments


ਬਲਰਾਜ ਸਿੰਘ ਸਿੱਧੂ ਐੱਸ.ਪੀ.
ਲੋਕ ਗਾਥਾ
jagga daku

ਜਗਤ ਸਿੰਘ ਸਿੱਧੂ ਉਰਫ਼ ਜੱਗੇ ਡਾਕੂ ਨੂੰ ਜਿਉਂਦਾ ਜਾਗਦਾ ਵੇਖਣ ਵਾਲੀ ਉਸ ਦੀ ਧੀ ਗੁਲਾਬ ਕੌਰ 3 ਜਨਵਰੀ 2018 ਨੂੰ ਤਕਰੀਬਨ 101 ਸਾਲ ਦੀ ਉਮਰ ਭੋਗ ਕੇ ਪ੍ਰਲੋਕ ਸਿਧਾਰ ਗਈ। ਮੇਰੀ ਮਲੋਟ ਪੋਸਟਿੰਗ ਵੇਲੇ ਲੋਕਾਂ ਅਤੇ ਅਖ਼ਬਾਰਾਂ ਤੋਂ ਪਤਾ ਲੱਗਿਆ ਕਿ ਪੰਜਾਬ ਦੇ ਪ੍ਰਸਿੱਧ ਲੋਕ ਨਾਇਕ ਜੱਗੇ ਡਾਕੂ ਦੀ ਧੀ ਰੇਸ਼ਮ ਕੌਰ ਥਾਣਾ ਲੰਬੀ ਦੇ ਪਿੰਡ ਵਣਵਾਲਾ ਅਨੂਕਾ ਵਿੱਚ ਵੱਸਦੀ ਹੈ। ਇਸ ਲਈ ਉਸ ਨੂੰ ਆਪਣੇ ਅੱਖੀਂ ਵੇਖਣ ਦੀ ਖਿੱਚ ਕਾਰਨ ਇੱਕ ਦਿਨ ਮੈਂ ਵਣਵਾਲਾ ਅਨੂਕਾ ਪਹੁੰਚ ਗਿਆ। ਜੱਗੇ ਦੀ ਧੀ ਦਾ ਪੇਕਿਆਂ ਦਾ ਨਾਮ ਗੁਲਾਬ ਕੌਰ ਅਤੇ ਸਹੁਰਿਆਂ ਦਾ ਰੇਸ਼ਮ ਕੌਰ ਹੈ। ਉਸ ਵੇਲੇ 94-95 ਸਾਲ ਦੀ ਰੇਸ਼ਮ ਕੌਰ ਮਾਨਸਿਕ ਤੇ ਸਰੀਰਕ ਪੱਖੋਂ ਪੂਰੀ ਚੇਤੰਨ ਸੀ, ਬੱਸ ਥੋੜ੍ਹਾ ਉੱਚਾ ਸੁਣਦੀ ਸੀ। ਉਹ ਨੌਂ ਸਾਲ ਦੀ ਸੀ ਜਦੋਂ ਜੱਗਾ ਆਪਣੇ ਹੀ ਸਾਥੀ ਲਾਲੂ ਨਾਈ ਦੀ ਗੱਦਾਰੀ ਕਾਰਨ ਮਾਰਿਆ ਗਿਆ। ਆਪਣੇ ਪਿਤਾ ਬਾਰੇ ਉਸ ਨੂੰ ਇਸ ਤਰ੍ਹਾਂ ਗਿਆਨ ਹੈ ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ। ਉਸ ਨੇ ਆਪਣੇ ਪਿਤਾ ਬਾਰੇ ਇਉਂ ਦੱਸਿਆ:
ਸਿੱਧੂ ਗੋਤ ਦੇ ਜੱਗੇ ਦਾ ਜਨਮ 1901-02 ਦੇ ਲਾਗੇ ਚਾਗੇ ਪਿੰਡ ਬੁਰਜ ਰਣ ਸਿੰਘ ਵਾਲਾ, ਤਹਿਸੀਲ ਚੂਨੀਆਂ, ਜ਼ਿਲ੍ਹਾ ਲਾਹੌਰ ਵਿੱਚ ਹੋਇਆ ਸੀ। ਉਹ ਮੱਖਣ ਸਿੰਘ ਸਿੱਧੂ ਤੇ ਮਾਤਾ ਭਾਗ ਕੌਰ ਦਾ ਇਕਲੌਤਾ ਪੁੱਤਰ ਸੀ। ਜੱਗਾ ਅਜੇ 2-3 ਸਾਲ ਦਾ ਸੀ ਜਦੋਂ ਮੱਖਣ ਸਿੰਘ ਦੀ ਮੌਤ ਹੋ ਗਈ, ਪਰ ਭਾਗ ਕੌਰ ਨੇ ਲੰਮੀ ਉਮਰ ਭੋਗੀ। ਉਸ ਦੀ ਮੌਤ ਆਜ਼ਾਦੀ ਤੋਂ ਬਾਅਦ ਭਾਰਤ ਆ ਕੇ ਹੋਈ ਸੀ। ਜੱਗੇ ਦਾ ਵਿਆਹ 16-17 ਸਾਲ ਦੀ ਉਮਰ ਵਿੱਚ ਪਿੰਡ ਤਲਵੰਡੀ, ਜ਼ਿਲ੍ਹਾ ਲਾਹੌਰ ਦੀ ਵਸਨੀਕ ਇੰਦਰ ਕੌਰ ਨਾਲ ਹੋਇਆ। ਜੱਗੇ ਦੇ ਜਨਮ ਤੋਂ ਪਹਿਲਾਂ ਉਸ ਦੇ ਛੇ ਭਰਾ ਪੈਦਾ ਹੋਏ ਸਨ ਜੋ ਬਚਪਨ ਵਿੱਚ ਹੀ ਮਰ ਗਏ। ਸੋ ਜੱਗਾ ਆਪਣੇ ਮਾਪਿਆਂ ਦਾ ਸੁੱਖਾਂ ਲੱਧਾ ਪੁੱਤਰ ਸੀ। ਉਸ ਦੀਆਂ ਦੋ ਸਕੀਆਂ ਵੱਡੀਆਂ ਭੈਣਾਂ ਵੀ ਸਨ। ਸੁੱਖਾਂ ਲੱਧਾ ਪੁੱਤਰ ਹੋਣ ਕਾਰਨ ਮਿਲੇ ਲਾਡ ਪਿਆਰ ਤੇ ਬਚਪਨ ਵਿੱਚ ਹੋਈ ਪਿਉ ਦੀ ਮੌਤ ਨੇ ਉਸ ਨੂੰ ਵਿਗਾੜ ਦਿੱਤਾ। ਅੱਸੀ ਕਿਲਿਆਂ ਦੇ ਮਾਲਕ ਜੱਗੇ ਦਾ ਡਾਕੂ ਬਣਨਾ ਕੋਈ ਆਰਥਿਕ ਮਜਬੂਰੀ ਨਹੀਂ ਸੀ। ਆਜ਼ਾਦੀ ਤੋਂ ਬਾਅਦ ਉਸ ਜ਼ਮੀਨ ਬਦਲੇ ਉਸ ਦੀ ਵਾਰਿਸ ਰੇਸ਼ਮ ਕੌਰ ਨੂੰ ਪਿੰਡ ਝੰਡੇ ਕਲਾਂ, ਨਜ਼ਦੀਕ ਸਰਦੂਲਗੜ੍ਹ (ਮਾਨਸਾ) ਵਿੱਚ 45 ਕਿੱਲੇ ਜ਼ਮੀਨ ਅਲਾਟ ਹੋਈ ਜੋ ਉਸ ਦੇ ਸਹੁਰੇ ਪਰਿਵਾਰ ਨੇ ਵੇਚ ਕੇ ਵਣਵਾਲੇ ਲੈ ਲਈ। ਜੱਗਾ ਬਚਪਨ ਤੋਂ ਹੀ ਅਲੱਥ ਸੀ। ਇੱਕ ਵਾਰ ਉਹ ਸਾਥੀਆਂ ਸਮੇਤ ਆਪਣੇ ਚਾਚੇ ਦੇ ਖੇਤ ਗੰਨੇ ਚੂਪਣ ਜਾ ਵੜਿਆ। ਮੁੰਡਿਆਂ ਨੂੰ ਖੇਤ ਉਜਾੜਦੇ ਵੇਖ ਕੇ ਚਾਚੇ ਨੇ ਉਸ ਨੂੰ ਫੈਂਟ ਦਿੱਤਾ। ਗੁੱਸੇ ਵਿੱਚ ਆ ਕੇ ਉਸ ਨੇ ਘਰੋਂ ਕੁਹਾੜੀ ਲਿਆ ਕੇ ਚਾਚੇ ਦੇ ਖੂਹ ਦੀਆਂ ਟਿੰਡਾਂ ਭੰਨ ਦਿੱਤੀਆਂ ਤੇ ਰੱਸੀਆਂ ਵੱਢ ਕੇ ਮਾਹਲ ਖੂਹ ਵਿੱਚ ਸੁੱਟ ਦਿੱਤੀ। ਛੋਟੀ ਉਮਰ ਵਿੱਚ ਹੋਇਆ ਵਿਆਹ ਵੀ ਉਸ ਦੇ ਅੱਥਰੇ ਸੁਭਾਅ ਨੂੰ ਨਾ ਬਦਲ ਸਕਿਆ। ਰੇਸ਼ਮ ਕੌਰ ਜੱਗੇ ਦੀ ਇਕਲੌਤੀ ਔਲਾਦ ਹੈ। ਉਸ ਦਾ ਜਨਮ ਜੱਗੇ ਦੇ ਵਿਆਹ ਤੋਂ 2-3 ਸਾਲ ਬਾਅਦ ਹੋਇਆ ਸੀ। ਜੱਗੇ ਦੀ ਪਿੰਡ ਕਾਵੇਂ ਦੇ ਕੇਹਰ ਸਿੰਘ ਸੰਧੂ ਨਾਲ ਬੜੀ ਯਾਰੀ ਸੀ। ਇਸ ਯਾਰੀ ਨੂੰ ਰਿਸ਼ਤੇਦਾਰੀ ਵਿੱਚ ਬਦਲਣ ਲਈ ਉਸ ਨੇ ਆਪਣੀ ਧੀ ਦਾ ਸਾਕ ਕੇਹਰ ਸਿੰਘ ਦੇ ਭਤੀਜੇ ਅਵਤਾਰ ਸਿੰਘ ਸੰਧੂ ਨੂੰ ਕਰ ਦਿੱਤਾ। ਉਸ ਵੇਲੇ ਰੇਸ਼ਮ ਕੌਰ ਦੀ ਉਮਰ ਪੰਜ-ਛੇ ਸਾਲ ਸੀ, ਪਰ ਰੇਸ਼ਮ ਕੌਰ ਦਾ ਵਿਆਹ ਜੱਗੇ ਦੀ ਮੌਤ ਤੋਂ ਚਾਰ ਸਾਲ ਬਾਅਦ ਹੋਇਆ। ਹੁਣ ਉਸ ਦਾ ਭਰਿਆ ਪੂਰਾ ਪਰਿਵਾਰ ਹੈ।

ਰੇਸ਼ਮ ਕੌਰ ਮੁਤਾਬਿਕ ਜੱਗੇ ਦਾ ਕੱਦ ਪੰਜ ਫੁੱਟ ਅੱਠ-ਨੌਂ ਇੰਚ ਸੀ। ਜਵਾਨੀ ਵਿੱਚ ਭਲਵਾਨੀ ਕਰਦਾ ਰਿਹਾ ਹੋਣ ਕਰਕੇ ਬੇਹੱਦ ਮਜ਼ਬੂਤ ਤੇ ਫੁਰਤੀਲਾ, ਪਰ ਕੋਰਾ ਅਨਪੜ੍ਹ ਸੀ। ਮੁੱਛਾਂ ਕੁੰਢੀਆਂ, ਕੇਸ ਰੱਖੇ ਹੋਏ, ਦਾੜ੍ਹੀ ਕਤਰਾਵੀਂ, ਧੂਹਵੀਂ ਚਾਦਰ ਤੇ ਲਾਹੌਰੀਆਂ ਵਾਲੀ ਪਿੱਛੋਂ ਚੁੱਕ ਕੇ ਸ਼ਮ੍ਹਲੇ ਵਾਲੀ ਪੱਗ ਬੰਨ੍ਹਦਾ ਸੀ। ਅੱਥਰੇ ਸੁਭਾਅ ਕਾਰਨ ਉਡਾਰ ਹੋਣ ’ਤੇ ਵੈਲੀਆਂ ਨਾਲ ਉੱਠਣ ਬੈਠਣ ਲੱਗ ਪਿਆ। ਰੇਸ਼ਮ ਕੌਰ ਮੁਤਾਬਿਕ ਜੱਗੇ ਦੇ ਭਗੌੜਾ ਹੋਣ ਦਾ ਕਾਰਨ ਇਹ ਹੈ ਕਿ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਉਹ ਉੱਥੇ ਹਾਜ਼ਰ ਸੀ। ਜਦੋਂ ਸਾਕੇ ਤੋਂ ਬਾਅਦ ਪੁਲੀਸ ਨੇ ਲੋਕਾਂ ਦੀ ਧਰ ਪਕੜ ਸ਼ੁਰੂ ਕੀਤੀ ਤਾਂ ਇੱਕ ਜਵਾਨ ਲੜਕੀ ਨੂੰ ਵੀ ਪੁਲੀਸ ਨੇ ਗੱਡੀ ਵਿੱਚ ਸੁੱਟ ਲਿਆ। ਉਸ ਲੜਕੀ ਨੂੰ ਛੁਡਵਾਉਣ ਲਈ ਜੱਗਾ ਪੁਲੀਸ ਨਾਲ ਭਿੜ ਗਿਆ ਤੇ ਮਾਰ ਕੁੱਟ ਹੋਣ ਤੋਂ ਬਾਅਦ ਡਰਦਿਆਂ ਭਗੌੜਾ ਹੋ ਗਿਆ, ਪਰ ਇਹ ਗੱਲ ਸਹੀ ਨਹੀਂ ਲੱਗਦੀ। ਨਨਕਾਣਾ ਸਾਹਿਬ ਦਾ ਸਾਕਾ ਫਰਵਰੀ 1921 ਵਿੱਚ ਹੋਇਆ ਸੀ। ਉਸ ਵੇਲੇ ਜੱਗੇ ਦੀ ਉਮਰ ਤਕਰੀਬਨ 20 ਸਾਲ ਸੀ ਤੇ ਨਨਕਾਣਾ ਸਾਹਿਬ ਲਾਹੌਰ ਤੋਂ ਕਾਫ਼ੀ ਦੂਰ ਪੈਂਦਾ ਹੈ। ਉਹ ਸਿਰਫ਼ ਤਿੰਨ-ਚਾਰ ਮਹੀਨੇ ਭਗੌੜਾ ਰਿਹਾ ਤੇ 29 ਸਾਲ ਦੀ ਉਮਰ ਵਿੱਚ ਹੀ ਮਾਰਿਆ ਗਿਆ। ਜੇ ਰੇਸ਼ਮ ਕੌਰ ਦੀ ਗੱਲ ਮੰਨੀ ਜਾਵੇ ਤਾਂ ਉਹ ਨੌਂ ਸਾਲ ਭਗੌੜਾ ਰਿਹਾ ਜੋ ਸੰਭਵ ਨਹੀਂ। ਉਂਜ ਵੀ ਉਸ ਨੇ ਜ਼ਿਆਦਾ ਵਾਰਦਾਤਾਂ ਲਾਹੌਰ ਦੇ ਆਸ-ਪਾਸ ਹੀ ਕੀਤੀਆਂ ਸਨ।
ਜੱਗੇ ਦੇ ਪਿੰਡ ਵਿੱਚ ਬਹੁਗਿਣਤੀ ਮੁਸਲਮਾਨ ਤੇਲੀਆਂ ਦੀ ਸੀ ਤੇ ਸਿੱਧੂ ਜੱਟਾਂ ਦੇ 15-16 ਘਰ ਹੀ ਸਨ। ਤੇਜ਼ ਤਬੀਅਤ ਦਾ ਜੱਗਾ ਕਿਸੇ ਦੀ ਉੱਚੀ ਨੀਵੀਂ ਗੱਲ ਬਰਦਾਸ਼ਤ ਨਹੀਂ ਸੀ ਕਰਦਾ। ਉਸ ਦਾ ਸਭ ਤੋਂ ਪਹਿਲਾ ਪੰਗਾ ਇਲਾਕੇ ਦੇ ਪਟਵਾਰੀ ਚੌਧਰੀ ਰੱਬ ਨਿਵਾਜ਼ ਨਾਲ ਪਿਆ। ਜ਼ਮੀਨ ਸਬੰਧੀ ਕੋਈ ਕਾਗਜ਼ ਮੰਗਣ ’ਤੇ ਪਟਵਾਰੀ ਪੁੱਠਾ ਬੋਲਿਆ ਤਾਂ ਜੱਗੇ ਨੇ ਉਸ ਨੂੰ ਕੁੱਟ ਕੱਢਿਆ। ਫਿਰ ਉਸ ਨੇ ਜੌੜੇ ਪੁਲਾਂ ’ਤੇ ਤਲਵੰਡੀ ਪਿੰਡ ਦੇ ਤਿੜੇ ਹੋਏ ਨੱਕਈ ਸਰਦਾਰ ਕੁੱਟੇ। ਤਕੜੇ ਬੰਦੇ ਕੁੱਟਣ ਕਰਕੇ ਉਸ ਦੀ ਇਲਾਕੇ ਵਿੱਚ ਬੱਲੇ ਬੱਲੇ ਹੋ ਗਈ। ਇਸ ਤੋਂ ਬਾਅਦ ਉਸ ਦਾ ਪੰਗਾ ਇਲਾਕੇ ਦੇ ਜ਼ੈਲਦਾਰ ਹੀਰਾ ਸਿੰਘ ਚੱਠੇ ਨਾਲ ਪੈ ਗਿਆ। ਜ਼ੈਲਦਾਰ ਨੇ ਸਿੱਧਾ ਉਲਝਣ ਦੀ ਬਜਾਏ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨੀ ਠੀਕ ਸਮਝੀ। ਉਸ ਨੇ ਜੱਗੇ ’ਤੇ ਕੋਈ ਝੂਠਾ ਸੱਚਾ ਕੇਸ ਪਵਾ ਕੇ ਚਾਰ ਸਾਲ ਦੀ ਕੈਦ ਕਰਵਾ ਦਿੱਤੀ। ਜਦੋਂ ਜੱਗਾ ਬਾਹਰ ਆਇਆ ਤਾਂ ਕੁਦਰਤੀ ਨਜ਼ਦੀਕੀ ਪਿੰਡ ਭਾਈ ਫੇਰੂ ਚੋਰੀ ਹੋ ਗਈ। ਉਸ ਪਿੰਡ ਦੇ ਥਾਣੇ (ਕੱਚੀ ਕੋਠੀ) ਦਾ ਥਾਣੇਦਾਰ ਅਸਗਰ ਅਲੀ ਬੜਾ ਕੁਰੱਖਤ ਤੇ ਜ਼ੁਬਾਨ ਦਾ ਮਾੜਾ ਸੀ। ਉਸ ਨੇ ਸ਼ੱਕ ਵਿੱਚ ਜੱਗੇ ਨੂੰ ਥਾਣੇ ਹਾਜ਼ਰ ਮੰਗ ਲਿਆ। ਜਦੋਂ ਮੋਹਤਬਰ ਉਸ ਨੂੰ ਪੇਸ਼ ਕਰਵਾਉਣ ਲਈ ਲਿਜਾ ਰਹੇ ਸਨ ਤਾਂ ਰਸਤੇ ਵਿੱਚ ਜੱਗੇ ਨੇ ਜਵਾਬ ਦੇ ਦਿੱਤਾ। ਉਸ ਨੇ ਕਿਹਾ ਕਿ ਜੇ ਥਾਣੇਦਾਰ ਨੇ ਉਸ ਨੂੰ ਗਾਲ੍ਹ-ਮੰਦਾ ਕੀਤਾ ਤਾਂ ਉਸ ਨੇ ਥਾਣੇਦਾਰ ਨੂੰ ਢਾਹ ਲੈਣਾ ਹੈ। ਮੋਹਤਬਰਾਂ ਸਾਹਮਣੇ ਥਾਣੇਦਾਰ ਨਾਲ ਜੁੱਤੀਉ ਜੁੱਤੀ ਹੋਇਆ ਤਾਂ ਬਾਅਦ ਵਿੱਚ ਉਨ੍ਹਾਂ ਲਈ ਪ੍ਰੇਸ਼ਾਨੀ ਹੋਵੇਗੀ। ਇਸ ਤੋਂ ਬਾਅਦ ਜੱਗਾ ਭਗੌੜਾ ਹੋ ਗਿਆ ਤੇ ਫਿਰ ਪਿੱਛੇ ਭਉਂ ਕੇ ਨਾ ਵੇਖਿਆ।
ਚੜ੍ਹਦੀ ਜਵਾਨੀ ਤੋਂ ਹੀ ਸੋਹਣ ਤੇਲੀ ਉਸ ਦਾ ਭਰਾਵਾਂ ਵਰਗਾ ਯਾਰ ਸੀ। ਜੱਗੇ ਨੇ ਪਹਿਲੀ ਥਰੀ ਨਾਟ ਥਰੀ ਰਾਈਫਲ ਇੱਕ ਸਿਪਾਹੀ ਕੋਲੋਂ ਤੇ ਬਾਰਾਂ ਬੋਰ ਬੰਦੂਕ ਪਿੰਡੇ ਆਚਰਕੇ ਦੇ ਆਤਮਾ ਸਿੰਘ ਬਾਣੀਏ ਤੋਂ ਖੋਹੀ ਸੀ। ਪਹਿਲਾ ਡਾਕਾ ਉਸ ਨੇ ਝੰਡਾ ਸਿੰਘ ਨਿਰਮਲਕੇ ਤੇ ਠਾਕਰ ਸਿੰਘ ਮੰਡਿਆਲੀ ਨਾਲ ਰਲ ਕੇ ਲਾਇਲਪੁਰ ਦੇ ਨਜ਼ਦੀਕ ਪਿੰਡ ਘੁਮਿਆਰੀ ਵਿੱਚ ਸਰਾਫਾਂ ਦੇ ਘਰ ਮਾਰਿਆ। ਇਸ ਡਾਕੇ ਵਿੱਚ ਸਾਰਿਆਂ ਹਿੱਸੇ ਡੇਢ ਡੇਢ ਸੇਰ ਸੋਨਾ ਆਇਆ। ਚਾਂਦੀ ਉਨ੍ਹਾਂ ਨੇ ਬਾਅਦ ਵਿੱਚ ਵੰਡਣ ਲਈ ਝੰਡਾ ਸਿੰਘ ਨਿਰਮਲਕੇ ਦੇ ਘਰ ਅਮਾਨਤ ਵਜੋਂ ਰੱਖ ਦਿੱਤੀ। ਇਸ ਡਾਕੇ ਵੇਲੇ ਉਨ੍ਹਾਂ ਨੇ ਲੋਕਾਂ ਦੇ ਕਰਜ਼ੇ ਦੀਆਂ ਵਹੀਆਂ ਫੂਕ ਦਿੱਤੀਆਂ। ਇਸ ਕਰਕੇ ਲੋਕਾਂ ਵਿੱਚ ਉਸ ਦੀ ਛਵੀ ਰੌਬਿਨਹੁੱਡ ਵਾਲੀ ਬਣ ਗਈ। ਇਸ ਤੋਂ ਬਾਅਦ ਜੱਗੇ ਨੇ ਬੰਤਾ ਸਿੰਘ, ਸੋਹਣ ਤੇਲੀ, ਲਾਲੂ ਨਾਈ, ਭੋਲੂ ਤੇ ਬਾਵੇ ਆਦਿ ਨੂੰ ਰਲਾ ਕੇ ਆਪਣਾ ਵੱਖਰਾ ਗਰੋਹ ਬਣਾ ਲਿਆ। ਲਾਲੂ ਨਾਈ ਗਰੋਹ ਦੀ ਰੋਟੀ ਪਕਾਉਂਦਾ ਸੀ। ਉਸ ਤੋਂ ਬਾਅਦ ਜੱਗੇ ਨੇ ਕਈ ਛੋਟੇ ਮੋਟੇ ਡਾਕੇ ਮਾਰੇ, ਪਰ ਮਸ਼ਹੂਰ ਡਾਕੇ ਸਾਇਦਪੁਰ ਤੇ ਲਾਇਲਪੁਰ ਵਾਲੇ ਸਨ। ਹਰ ਡਾਕੇ ਵੇਲੇ ਸ਼ਾਹੂਕਾਰਾਂ ਦੀਆਂ ਕਰਜ਼ੇ ਵਾਲੀਆਂ ਵਹੀਆਂ ਸਾੜਨ ਦੀ ਆਦਤ ਕਾਰਨ ਲੋਕ ਉਸ ਨੂੰ ਪੂਜਣ ਦੀ ਹੱਦ ਤਕ ਪਿਆਰ ਕਰਨ ਲੱਗੇ। ਗ਼ਰੀਬ ਜੱਟਾਂ ਦੀ ਬੜੀ ਤਮੰਨਾ ਹੁੰਦੀ ਸੀ ਕਿ ਕਾਸ਼! ਕਿਤੇ ਜੱਗਾ ਸਾਡੇ ਸ਼ਾਹਾਂ ਦੇ ਘਰ ਡਾਕਾ ਮਾਰੇ। ਪੁਲੀਸ ਵੀ ਜੱਗੇ ਤੋਂ ਕੰਨ ਭੰਨਣ ਲੱਗੀ। ਜੱਗੇ ਦੇ ਪਿੰਡ ਤੋਂ ਕੁਝ ਮੀਲ ਦੂਰ ਸਿੱਧੂਪੁਰ ਪਿੰਡ ਦਾ ਮਸ਼ਹੂਰ ਡਾਕੂ ਮਲੰਗੀ ਹੋਇਆ ਹੈ। ਉਸ ਨੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਸਿੱਧੂਪੁਰ ਦੇ ਜ਼ੈਲਦਾਰਾਂ ਦਾ ਸਾਰਾ ਟੱਬਰ ਮਾਰ ਦਿੱਤਾ ਸੀ। ਉਸ ਦੀ ਏਨੀ ਦਹਿਸ਼ਤ ਸੀ ਕਿ ਲੋਕ ਕਹਿੰਦੇ ਹੁੰਦੇ ਸਨ, ‘ਦਿਨੇ ਰਾਜ ਫਰੰਗੀ ਦਾ ਤੇ ਰਾਤੀਂ ਰਾਜ ਮਲੰਗੀ ਦਾ।’ ਉਸ ਨੂੰ ਉਸ ਦੇ ਮੇਲ ਮਿਲਾਪ ਵਾਲੇ ਕਿਸੇ ਬੰਦੇ ਨੇ ਇਨਾਮ ਦੇ ਲਾਲਚ ਵਿੱਚ ਮੁਖਬਰੀ ਕਰ ਕੇ ਪੁਲੀਸ ਤੋਂ ਮਰਵਾ ਦਿੱਤਾ ਸੀ। ਜੱਗੇ ਦੀ ਭਗੌੜਾ ਹੋਣ ਤੋਂ ਪਹਿਲਾਂ ਹੀ ਮਲੰਗੀ ਨਾਲ ਬਹੁਤ ਯਾਰੀ ਸੀ। ਉਹ ਲੰਘਦਾ ਵੜਦਾ ਜੱਗੇ ਤੋਂ ਰੋਟੀ ਪਾਣੀ ਖਾ ਜਾਂਦਾ ਸੀ। ਜਦੋਂ ਜੱਗੇ ਦੀ ਪੂਰੀ ਚੜ੍ਹਾਈ ਹੋ ਗਈ ਤਾਂ ਉਸ ਨੇ ਮਲੰਗੀ ਦਾ ਬਦਲਾ ਲੈਣ ਦੀ ਠਾਣ ਲਈ। ਉਸ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਉਸ ਦਾ ਆਪਣਾ ਹਾਲ ਮਲੰਗੀ ਵਾਲਾ ਹੋਣ ਵਾਲਾ ਹੈ ਤੇ ਉਸ ਦਾ ਸਾਥੀ ਲਾਲੂ ਨਾਈ ਪੁਲੀਸ ਨਾਲ ਰਲ ਚੁੱਕਿਆ ਹੈ। ਉਹ ਇੱਕ ਦਿਨ ਦੁਪਹਿਰੇ ਮਲੰਗੀ ਦੇ ਉੱਜੜੇ ਹੋਏ ਡੇਰੇ ਉਸ ਦੀ ਅੰਨ੍ਹੀ ਮਾਂ ਕੋਲ ਜਾ ਪਹੁੰਚੇ। ਲਾਲੂ ਨਾਈ ਦਾ ਪਿੰਡ ਲੱਖੂਕੇ, ਸਿੱਧੂਪੁਰ ਦੇ ਨਜ਼ਦੀਕ ਹੀ ਪੈਂਦਾ ਸੀ। ਉਸ ਨੇ ਮਿਲਣ ਗਿਲਣ ਤੇ ਸ਼ਰਾਬ ਮੰਗਵਾਉਣ ਬਹਾਨੇ ਆਪਣੇ ਪੰਜੇ ਭਰਾਵਾਂ ਨੂੰ ਮਲੰਗੀ ਦੇ ਡੇਰੇ ਬੁਲਾ ਲਿਆ। ਸੋਹਣ ਤੇਲੀ ਨੇ ਲੱਖੂਕੇ ਪਿੰਡ ਆਪਣੇ ਕਿਸੇ ਵਾਕਫ਼ ਨੂੰ ਮਿਲਣ ਜਾਣਾ ਸੀ, ਇਸ ਲਈ ਉਸ ਨੇ ਨਾ ਪੀਤੀ। ਕਾਫ਼ੀ ਦੇਰ ਸ਼ਰਾਬ ਪੀਣ ਤੋਂ ਬਾਅਦ ਜਦੋਂ ਜੱਗਾ ਤੇ ਸੋਹਣ ਸ਼ਰਾਬੀ ਹੋ ਗਏ ਤਾਂ ਸਾਰਿਆਂ ਨੇ ਰੋਟੀ ਖਾਧੀ। ਰੋਟੀ ਖਾਣ ਤੋਂ ਬਾਅਦ ਬੰਤਾ ਤੇ ਜੱਗਾ ਸੌਂ ਗਏ ਤੇ ਸੋਹਣ ਆਪਣੇ ਵਾਕਫ਼ ਨੂੰ ਮਿਲਣ ਲਈ ਤੁਰ ਗਿਆ। ਉਸ ਦੇ ਜਾਂਦਿਆਂ ਸਾਰ ਲਾਲੂ ਹੋਰਾਂ ਨੇ ਜੱਗੇ ਅਤੇ ਬੰਤੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜੱਗੇ ਨੂੰ ਦੋ ਗੋਲੀਆਂ ਲੱਗੀਆਂ। ਸੋਹਣ ਤੇਲੀ ਗੋਲੀ ਚਲਦੀ ਸੁਣ ਕੇ ਵਾਪਸ ਭੱਜ ਆਇਆ। ਉਸ ਨੇ ਹਾਲਤ ਵੇਖ ਕੇ ਲਾਲੂ ਨੂੰ ਢਾਹ ਲਿਆ ਤਾਂ ਲਾਲੂ ਦੇ ਭਰਾ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ। ਲਾਲੂ ਨੂੰ ਇਨਾਮ ਵਿੱਚ ਇੱਕ ਘੋੜੀ, ਇੱਕ ਮੁਰੱਬਾ ਜ਼ਮੀਨ ਤੇ ਭਾਰੀ ਰਕਮ ਮਿਲੀ, ਪਰ ਉਹ ਕਿਸੇ ਹੋਰ ਮੁਕੱਦਮੇ ਵਿੱਚ ਜੇਲ੍ਹ ਪਹੁੰਚ ਗਿਆ ਜਿੱਥੇ ਜੱਗੇ ਦੇ ਕਤਲ ਤੋਂ ਦੁਖੀ ਕੈਦੀਆਂ ਨੇ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ।
ਜੱਗੇ ਹੱਥੋਂ ਕੁਝ ਮਾੜੇ ਕੰਮ ਵੀ ਹੋਏ। ਬਾਰਾਂ ਬੋਰ ਦੀ ਬੰਦੂਕ ਉਸ ਨੇ ਜਿਸ ਅਤਰ ਸਿੰਘ ਆਚਰਕੇ ਤੋਂ ਖੋਹੀ ਸੀ, ਉਹ ਉਸ ਦਾ ਦੋਸਤ ਸੀ। ਇਸ ਤੋਂ ਇਲਾਵਾ ਉਹ ਇੱਕ ਵਾਰੀ ਆਪਣੇ ਪਿੰਡ ਗਿਆ ਤਾਂ ਲੋਕ ਉਸ ਨੂੰ ਵੇਖ ਕੇ ਲੁਕਣ ਛਿਪਣ ਲੱਗੇ ਜਿਨ੍ਹਾਂ ਵਿੱਚ ਪਿੰਡ ਦਾ ਨੱਥੂ ਤੇਲੀ ਵੀ ਸੀ। ਉਸ ਨਾਲ ਪਤਾ ਨਹੀਂ ਲਾਲੂ ਨਾਈ ਦੀ ਕੋਈ ਪੁਰਾਣੀ ਦੁਸ਼ਮਣੀ ਸੀ। ਉਹ ਹੱਥ ਬੰਨ੍ਹੀ ਖੜ੍ਹਾ ਸੀ ਕਿ ਲਾਲੂ ਨੇ ਛਵ੍ਹੀ ਮਾਰ ਕੇ ਉਸ ਦੇ ਹੱਥ ਵੱਢ ਦਿੱਤੇ। ਉਸ ਨੂੰ ਤੜਪਦਾ ਵੇਖ ਕੇ ਜੱਗੇ ਦੇ ਕਹਿਣ ’ਤੇ ਲਾਲੂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਜੱਗੇ ਦੇ ਸਾਥੀ ਬੰਤੇ ਦੀ ਚਾਚੀ ਦੇ ਪਿੰਡ ਥੰਮਣਕੇ ਵਾਲੇ ਦੇ ਬਾਵੇ ਬੈਰਾਗੀ ਨਾਲ ਨਾਜਾਇਜ਼ ਸਬੰਧ ਸਨ। ਜਦੋਂ ਉਹ ਰੋਕਣ ’ਤੇ ਵੀ ਨਾ ਹਟੀ ਤਾਂ ਜੱਗੇ ਹੋਰੀਂ ਉਸ ਦਾ ਕਤਲ ਕਰ ਕੇ ਬਾਵੇ ਨੂੰ ਮਾਰਨ ਉਸ ਦੇ ਘਰ ਜਾ ਪਏ। ਬਾਵੇ ਬੈਰਾਗੀ ਨੇ ਡਰਦੇ ਮਾਰੇ ਟੱਬਰ ਸਮੇਤ ਅੰਦਰ ਵੜ ਕੇ ਕੁੰਡੇ ਮਾਰ ਲਏ। ਜੱਗੇ ਦੇ ਗਰੋਹ ਨੇ ਛੱਤਾਂ ਪੁੱਟ ਕੇ ਅੱਗ ਲਾ ਦਿੱਤੀ। ਉਨ੍ਹਾਂ ਨੂੰ ਉਮੀਦ ਸੀ ਕਿ ਬਾਵੇ ਹੋਰੀਂ ਬਾਹਰ ਆ ਜਾਣਗੇ, ਪਰ ਸਾਰਾ ਟੱਬਰ ਸਮੇਤ ਬਾਵੇ ਦੀਆਂ ਧੀਆਂ ਦੇ ਅੰਦਰ ਹੀ ਧੂੰਏਂ ਕਾਰਨ ਦਮ ਘੁਟ ਕੇ ਮਰ ਗਿਆ।
ਇਸ ਤੋਂ ਇਲਾਵਾ ਰੇਸ਼ਮ ਕੌਰ ਨੇ ਘੁਮਿਆਰੀ ਵਾਲੇ ਡਾਕੇ ਬਾਰੇ ਬੜੀ ਦਿਲਚਸਪ ਗੱਲ ਦੱਸੀ ਕਿ ਉਹ ਸੋਨਾ ਕਿਸੇ ਦੇ ਕੰਮ ਨਾ ਆਇਆ। ਜੱਗੇ ਦੇ ਮਰਨ ਤੋਂ ਬਾਅਦ ਪੁਲੀਸ ਨੇ ਸਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਕੇ ਸੋਨਾ ਬਰਾਮਦ ਕਰਵਾ ਲਿਆ। ਪੁਲੀਸ ਨੇ ਜੱਗੇ ਦੇ ਘਰ ਦੀ ਛੱਤ ਵਿੱਚੋਂ ਸੋਨੇ ਦੀ ਪੋਟਲੀ ਬਰਾਮਦ ਕੀਤੀ ਸੀ। ਜੱਗੇ ਹੋਰਾਂ ਨੇ ਸੋਨਾ ਵੰਡ ਕੇ ਚਾਂਦੀ ਬਾਅਦ ਵਿੱਚ ਵੰਡਣ ਲਈ ਝੰਡਾ ਸਿੰਘ ਨਿਰਮਲਕੇ ਦੇ ਘਰ ਅਮਾਨਤ ਵਜੋਂ ਰੱਖੀ ਸੀ। ਉਸ ਨੇ ਆਪਣੇ ਹਿੱਸੇ ਆਇਆ ਸੋਨਾ ਤੇ ਚਾਂਦੀ ਚਾਟੀਆਂ ਵਿੱਚ ਪਾ ਕੇ ਆਪਣੇ ਖੇਤਾਂ ਵਿੱਚ ਦੱਬ ਦਿੱਤੀ ਜਿਸ ਬਾਰੇ ਉਸ ਦੇ ਪਰਿਵਾਰ ਨੂੰ ਪਤਾ ਨਹੀਂ ਸੀ। ਉਸ ਦੇ ਮੁਜ਼ਾਰੇ ਖੇਤਾਂ ਵਿੱਚ ਪੱਠੇ ਕੁਤਰਨ ਲਈ ਮੁੱਢੀ ਗੱਡਣ ਲੱਗੇ ਤਾਂ ਚਾਟੀਆਂ ਉਨ੍ਹਾਂ ਨੂੰ ਲੱਭ ਗਈਆਂ। ਉਨ੍ਹਾਂ ਨੇ ਚੁੱਪਚਾਪ ਚਾਟੀਆਂ ਗਾਇਬ ਕਰ ਦਿੱਤੀਆਂ। ਝੰਡਾ ਸਿੰਘ ਨੂੰ ਪੁਲੀਸ ਨੇ ਬਹੁਤ ਕੁੱਟਿਆ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਖੇਤ ਪੁੱਟ ਸੁੱਟੇ, ਪਰ ਸੋਨਾ ਹੁੰਦਾ ਤਾਂ ਮਿਲਦਾ। ਉਹ ਤਸ਼ੱਦਦ ਕਾਰਨ ਕੁਝ ਦਿਨਾਂ ਬਾਅਦ ਪੁਲੀਸ ਹਿਰਾਸਤ ਵਿੱਚ ਹੀ ਮਰ ਗਿਆ।
ਜੱਗੇ ਦੀ ਮੌਤ 1930-31 ਦੇ ਕਰੀਬ ਫੱਗਣ (ਫਰਵਰੀ-ਮਾਰਚ) ਮਹੀਨੇ ਹੋਈ ਤੇ ਪੋਸਟਮਾਰਟਮ ਕਸੂਰ ਹੋਇਆ ਸੀ। ਲਾਸ਼ ਲੈਣ ਲਈ ਰੇਸ਼ਮ ਕੌਰ, ਇੰਦਰ ਕੌਰ ਤੇ ਜੱਗੇ ਦੇ ਭੂਆ ਦੇ ਪੁੱਤਰ ਗਏ ਸਨ। ਦੋ ਦਿਨ ਬਾਅਦ ਬਹੁਤ ਮੁਸ਼ਕਿਲ ਨਾਲ ਲਾਸ਼ ਮਿਲੀ ਸੀ। ਜੱਗੇ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਬੁਰਜ ਰਣਸਿੰਘ ਵਾਲਾ ਕੀਤਾ ਗਿਆ ਸੀ। ਉਸ ਦੀ ਕੋਈ ਸਮਾਧ ਵਗੈਰਾ ਨਹੀਂ ਬਣਾਈ ਗਈ। ਗਾਣਿਆਂ ਵਾਲੇ ਬੋਲੀ ਜਾਂਦੇ ਹਨ ਕਿ ‘ਪੂਰਨਾ, ਤੂੰ ਮਾਂ ਦਾ ਪੁੱਤ ਮਾਰ ਦਿੱਤਾ ਵੇ ਜੱਗਾ ਸੂਰਮਾ’ ਪਰ ਅਸਲੀਅਤ ਇਹ ਹੈ ਕਿ ਜੱਗੇ ਨੂੰ ਕਿਸੇ ਪੂਰਨ ਥਾਣੇਦਾਰ ਨੇ ਨਹੀਂ ਸਗੋਂ ਉਸ ਦੇ ਸਾਥੀ ਲਾਲੂ ਨਾਈ ਨੇ ਹੀ ਮਾਰਿਆ ਸੀ। ਰੇਸ਼ਮ ਕੌਰ ਨੂੰ ਆਪਣੇ ਪਿਤਾ ’ਤੇ ਬਹੁਤ ਮਾਣ ਸੀ ਤੇ ਉਸ ਨੂੰ ਡਾਕੂ ਕਹਿਣ ’ਤੇ ਗੁੱਸਾ ਕਰ ਜਾਂਦੀ ਸੀ। ਉਹ ਮਰਨ ਤਕ ਲਾਲੂ ਨਾਈ ਨੂੰ ਅੰਤਾਂ ਦੀ ਨਫ਼ਰਤ ਕਰਦੀ ਰਹੀ। ਉਹ ਜੱਗੇ ਦੀਆਂ ਕਹਾਣੀਆਂ ਬਹੁਤ ਮਾਣ ਭਰੇ ਤਰੀਕੇ ਨਾਲ ਦੱਸਦੀ ਸੀ।
ਬਲਰਾਜ ਸਿੰਘ ਸਿੱਧੂ ਐੱਸ.ਪੀ.
ਸੰਪਰਕ: 98151-24449
Tags:
Posted in: ਸਾਹਿਤ