ਕੀ ਹੈ ਭੀਮਾ-ਕੋਰੇਗਾਉਂ ਦੀ ਲੜਾਈ

By January 7, 2018 0 Comments


ਬਲਵਿੰਦਰ ਸਿੰਘ ਸਿਪਰੇ
bhemr

ਮਹਾਰਾਸ਼ਟਰ ਦੀ ਸਰਜ਼ਮੀਨ ਉੱਤੇ ਪਹਿਲੀ ਜਨਵਰੀ, 1818 ਨੂੰ ਲੜੀ ਗਈ ਭੀਮਾ-ਕੋਰੇਗਾਉਂ ਦੀ ਲੜਾਈ ਇਤਿਹਾਸ ਵਿੱਚ ਨਿਵੇਕਲਾ ਸਥਾਨ ਰੱਖਦੀ ਹੈ, ਕਿਉਂਕਿ ਇਸ ਲੜਾਈ ਵਿੱਚ ਉਸ ਵਕਤ ਅਛੂਤ ਮੰਨੀ ਜਾਂਦੀ ਮਹਾਰਾਸ਼ਟਰ ਦੀ ਮਹਾਰ ਜਾਤੀ ਨਾਲ ਸਬੰਧਿਤ ਜਵਾਨਾਂ ਦੀ ਬਹੁਗਿਣਤੀ ਵਾਲੀ ਅੰਗਰੇਜ਼ ਫ਼ੌਜ ਦੀ ਛੋਟੀ ਜਿਹੀ ਟੁਕੜੀ ਨੇ ਕਰੀਬ 30,000 ਜਵਾਨਾਂ ਵਾਲੀ ਮਰਾਠਾ ਫ਼ੌਜ ਨੂੰ ਹਰਾ ਦਿੱਤਾ ਸੀ। ਇਸੇ ਕਾਰਨ ਇਸ ਲੜਾਈ ਨੂੰ ਦੁਨੀਆਂ ਦੀਆਂ ਲਾਸਾਨੀ ਲੜਾਈਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਭੀਮਾ ਦਰਿਆ ਦੇ ਕੰਢੇ ਕੋਰੇਗਾਉਂ ਪਿੰਡ ਵਿੱਚ ਹੋਈ ਇਸ ਲੜਾਈ ਨਾਲ ਸੰਸਾਰ ਦੇ ਨਕਸ਼ੇ ਤੋਂ ਮਰਾਠਾ ਰਾਜ ਦਾ ਅੰਤ ਹੋ ਗਿਆ।

ਮਰਾਠਿਆਂ ਦੀ ਵਿਸ਼ਾਲ ਫ਼ੌਜ ਨੂੰ ਕਰਾਰੀ ਹਾਰ ਦੇਣ ਵਾਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇਸ ਛੋਟੀ ਜਿਹੀ ਫ਼ੌਜ ਵਿੱਚ ਕਥਿਤ ਅਛੂਤ ਮਹਾਰ ਜਾਤੀ ਨਾਲ ਸਬੰਧਿਤ ਜਵਾਨਾਂ ਦੀ ਬਹੁਗਿਣਤੀ ਹੋਣ ਕਾਰਨ ਇਸ ਲੜਾਈ ਨੂੰ ਮਹਾਰਾਸ਼ਟਰ ਦੇ ਦਲਿਤ ਉਸ ਵਕਤ ਉੱਚੀਆਂ ਜਾਤਾਂ ਦੇ ਦਬਦਬੇ ਵਾਲੇ ਮਰਾਠਾ ਰਾਜ ਤੇ ਫ਼ੌਜ ਉੱਤੇ ਆਪਣੀ ਫ਼ਤਿਹ ਦੇ ਰੂਪ ਵਿੱਚ ਦੇਖਦੇ ਹਨ। ਅੱਜ ਲੜਾਈ ਤੋਂ 200 ਵਰ੍ਹੇ ਬਾਅਦ ਇਸ ਨੂੰ ਮੁਲਕ ਵਿੱਚ ਦਲਿਤਾਂ ਦੇ ਗੌਰਵਮਈ ਇਤਿਹਾਸ ਦਾ ਪ੍ਰਤੀਕ ਮੰਨਦਿਆਂ ‘ਸ਼ੌਰਿਆ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

ਮਰਾਠਾ ਰਾਜ ਦੀ ਨੀਂਹ ਰੱਖਣ ਵਾਲੇ ਛਤਰਪਤੀ ਸ਼ਿਵਾ ਜੀ ਦੇ ਖ਼ੁਦ ਪਛੜੇ ਮਰਾਠਾ ਵਰਗ ਨਾਲ ਸਬੰਧਿਤ ਹੋਣ ਕਾਰਨ ਉਨ੍ਹਾਂ ਦੇ ਰਾਜ ਵਿੱਚ ਜਾਤੀਵਾਦੀ ਵਲਗਣਾਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਛਤਰਪਤੀ ਸ਼ਿਵਾਜੀ ਨੇ ਆਪਣੀ ਫ਼ੌਜ ਵਿੱਚ ਮਹਾਰਾਂ ਨੂੰ ਅਹਿਮ ਸਥਾਨ ਦਿੱਤਾ। ਇਸ ਸਦਕਾ ਅਛੂਤਾਂ ਨੂੰ ਸਦੀਆਂ ਦੀ ਜਾਤੀਵਾਦੀ ਗ਼ੁਲਾਮੀ ਤੋਂ ਕੁਝ ਆਜ਼ਾਦੀ ਦਾ ਅਹਿਸਾਸ ਵੀ ਹੋਇਆ। ਸ਼ਿਵਾ ਜੀ ਦੇ 3 ਅਪਰੈਲ, 1680 ਨੂੰ ਚਲਾਣਾ ਕਰ ਜਾਣ ਪਿੱਛੋਂ ਮਰਾਠਾ ਰਾਜ ਵਿੱਚ ਹੌਲੀ-ਹੌਲੀ ਛਤਰਪਤੀ ਦੀ ਅਹਿਮੀਅਤ ਘਟਦੀ ਗਈ ਤੇ ਉਹ ਨਾਂਮਾਤਰ ਦੇ ਰਾਜੇ ਬਣ ਕੇ ਰਹਿ ਗਏ ਅਤੇ ਰਾਜ ਦੀ ਅਸਲੀ ਤਾਕਤ ਪੇਸ਼ਵਾ ਕੋਲ ਆਉਂਦੀ ਗਈ। ਇਸ ਦੇ ਸਿੱਟੇ ਵਜੋਂ ਢਿੱਲੀ ਪਈ ਜਾਤੀਵਾਦੀ ਜਕੜ ਮੁੜ ਕਸਣੀ ਸ਼ੁਰੂ ਹੋ ਗਈ। ਮਹਾਰਾਂ ਸਣੇ ਦੂਜੀਆਂ ਅਛੂਤ ਜਾਤਾਂ ਲਈ ਮਰਾਠਾ ਫ਼ੌਜ ਦੇ ਦਰਵਾਜ਼ੇ ਬੰਦ ਹੋਣ ਲੱਗੇ ਤੇ ਪਹਿਲਾਂ ਵਾਲੀਆਂ ਪਾਬੰਦੀਆਂ ਆਇਦ ਹੋਣ ਲੱਗੀਆਂ।

ਆਖ਼ਰੀ ਪੇਸ਼ਵਾ ਬਾਜੀ ਰਾਓ ਦੋਇਮ (ਜਿਸ ਦੀ ਪ੍ਰੇਮ ਕਹਾਣੀ ਉੱਤੇ ਪਿੱਛੇ ਜਿਹੇ ਫ਼ਿਲਮ ‘ਬਾਜੀਰਾਓ ਮਸਤਾਨੀ’ ਬਣੀ ਸੀ) ਨੇ ਹਕੂਮਤ ਵਿੱਚ ਮੁੜ ਤੋਂ ਮਨੂੰ ਸਮ੍ਰਿਤੀ ਵਾਲਾ ਵਿਧਾਨ ਲਾਗੂ ਕਰਦਿਆਂ ਅਛੂਤਾਂ ਨੂੰ ਗ਼ੁਲਾਮੀ ਦੇ ਸੰਗਲਾਂ ਵਿੱਚ ਬੰਨ੍ਹ ਦਿੱਤਾ। ਉੱਧਰ ਇੱਕ ਵਾਰੀ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਚੁੱਕੇ ਮਹਾਰ ਇਸ ਨੂੰ ਬਰਦਾਸ਼ਤ ਨਹੀਂ ਸਨ ਕਰ ਸਕਦੇ ਤੇ ਉਹ ਪੇਸ਼ਵਾ ਤੋਂ ਬਹੁਤ ਔਖੇ ਸਨ।

ਦੂਜੇ ਪਾਸੇ ਮਰਾਠਿਆਂ ਨੇ ਚੌਥੀ ਤੇ ਆਖ਼ਰੀ ਐਂਗਲੋ-ਮੈਸੂਰ ਜੰਗ ਵਿੱਚ ਭਾਵੇਂ ਅੰਗਰੇਜ਼ਾਂ ਦਾ ਸਾਥ ਦੇ ਕੇ ਟੀਪੂ ਸੁਲਤਾਨ ਦੇ ਰਾਜ ਦਾ ਖ਼ਾਤਮਾ ਕਰਵਾਇਆ, ਪਰ ਇਸ ਦੇ ਬਾਵਜੂਦ ਅੰਗਰੇਜ਼ਾਂ ਦੀਆਂ ਨਜ਼ਰਾਂ ਮਰਾਠਾ ਰਾਜ ਨੂੰ ਨਿਗਲਣ ਉੱਤੇ ਲੱਗੀਆਂ ਹੋਈਆਂ ਸਨ। ਮੁੰਬਈ ਵਿੱਚ ਉਹ ਕਿਤੇ ਪਹਿਲਾਂ ਦੇ ਡੇਰੇ ਜਮਾ ਚੁੱਕੇ ਸਨ। ਉਨ੍ਹਾਂ ਮਹਾਰਾਸ਼ਟਰ ਦੇ ਮੁਕਾਮੀ ਲੋਕਾਂ ਨੂੰ ਆਪਣੀ ਫ਼ੌਜ ਵਿੱਚ ਭਰਤੀ ਕਰਨਾ ਸ਼ੁਰੂ ਕੀਤਾ ਤਾਂ ਮਹਾਰ ਖ਼ੁਸ਼ੀ ਨਾਲ ਅੰਗਰੇਜ਼ਾਂ ਵੱਲੋਂ ਲੜਨ ਲਈ ਤਿਆਰ ਹੋ ਗਏ। ਜਦੋਂ ਅੰਗਰੇਜ਼ਾਂ ਨੇ ਮਹਾਰ ਫ਼ੌਜੀਆਂ ਨੂੰ ਮਰਾਠਾ ਫ਼ੌਜ ਉੱਤੇ ਹਮਲੇ ਲਈ ਤਿਆਰ ਕਰਨਾ ਸ਼ੁਰੂ ਕੀਤਾ ਤਾਂ ਮਹਾਰ ਆਗੂਆਂ ਨੇ ਪੇਸ਼ਵਾ ਬਾਜੀਰਾਓ ਕੋਲ ਪਹੁੰਚ ਕਰ ਕੇ ਸੁਲ੍ਹਾ ਦੀ ਕੋਸ਼ਿਸ਼ ਵੀ ਕੀਤੀ, ਪਰ ਬਾਜੀਰਾਓ ਨੇ ਮਹਾਰਾਂ ਨੂੰ ਕੋਈ ਛੋਟ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ।

ਇਸ ਹਾਲਾਤ ਵਿੱਚ ਆਖ਼ਿਰ 1 ਜਨਵਰੀ, 1818 ਨੂੰ ਭੀਮਾ-ਕੋਰੇਗਾਉਂ ਦੀ ਲੜਾਈ ਲੜੀ ਗਈ। ਇਸ ਤੋਂ ਪਹਿਲਾਂ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਜੋ ਮਰਾਠਿਆਂ ਅਤੇ ਅਫ਼ਗਾਨਾਂ-ਪਠਾਣਾਂ ਉੱਤੇ ਆਧਾਰਿਤ ਮੁਸਲਮਾਨ ਫ਼ੌਜਾਂ ਦਰਮਿਆਨ ਲੜੀ ਗਈ, ਵਿੱਚ ਹਾਰਨ ਕਾਰਨ ਮਰਾਠਾ ਰਾਜ ਦੀ ਹਾਲਤ ਪਤਲੀ ਹੋ ਚੁੱਕੀ ਸੀ। ਅੰਗਰੇਜ਼ ਵੀ ਇਸੇ ਮੌਕੇ ਦੀ ਉਡੀਕ ਵਿੱਚ ਸਨ ਤੇ ਉਨ੍ਹਾਂ ਮਰਾਠਿਆਂ ਨਾਲ ਪੰਗੇ ਲੈਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਵਿਚਕਾਰ 1775 ਤੋਂ 1785 ਤਕ ਪਹਿਲੀ ਤੇ 1803 ਤੋਂ 1805 ਦਰਮਿਆਨ ਦੂਜੀ ਅੰਗਰੇਜ਼-ਮਰਾਠਾ ਜੰਗ ਲੜੀ ਗਈ, ਪਰ 1816 ਤੋਂ 1819 ਦੌਰਾਨ ਹੋਈ ਤੀਜੀ ਤੇ ਆਖ਼ਰੀ ਜੰਗ ਫ਼ੈਸਲਾਕੁਨ ਸਾਬਤ ਹੋਈ, ਜਦੋਂ ਮਰਾਠਾ ਰਾਜ ਦਾ ਖ਼ਤਮਾ ਕਰ ਦਿੱਤਾ ਗਿਆ। ਤੀਜੀ ਜੰਗ ਦੌਰਾਨ 5 ਨਵੰਬਰ, 1817 ਨੂੰ ਹੋਈ ਖੜਕੀ ਦੀ ਲੜਾਈ ਵਿੱਚ ਹਾਰ ਕੇ ਪੇਸ਼ਵਾ ਬਾਜੀ ਰਾਓ ਆਪਣੀ ਰਾਜਧਾਨੀ ਪੁਣੇ ਛੱਡ ਕੇ ਸਤਾਰਾ ਭੱਜ ਗਿਆ। ਇਸ ਦੌਰਾਨ ਦਸੰਬਰ 1817 ਵਿੱਚ ਪੁਣੇ ਦੇ ਅੰਗਰੇਜ਼ ਕਮਾਂਡਰ ਕਰਨਲ ਚਾਰਲਸ ਬਾਰਟਨ ਬਰ ਨੂੰ ਪਤਾ ਲੱਗਾ ਕਿ ਪੇਸ਼ਵਾ ਦੀ ਵੱਡੀ ਫ਼ੌਜ ਪੁਣੇ ‘ਤੇ ਹਮਲਾ ਕਰਨ ਲਈ ਵਧ ਰਹੀ ਸੀ ਤਾਂ ਉਨ੍ਹਾਂ ਸ਼ਿਰੂਰ ਤੋਂ ਫ਼ੌਜੀ ਮੱਦਦ ਮੰਗੀ।

ਬੰਬੇ ਪ੍ਰੈਜ਼ੀਡੈਂਸੀ ਗਜ਼ਟ ਜਿਲਦ 18, ਅੰਕ 3 ਵਿੱਚ ਲਿਖਿਆ ਹੈ: ”ਕੈਪਟਨ ਫਰਾਂਸਿਸ ਸਟੱਟਨ ਦੀ ਅਗਵਾਈ ਹੇਠ ਬੰਬੇ ਨੇਟਿਵ ਇਨਫੈਂਟਰੀ (ਪੈਦਲ ਫ਼ੌਜ) ਦੀ ਪਹਿਲੀ ਰੈਜੀਮੈਂਟ ਦੀ ਦੂਜੀ ਬਟਾਲੀਅਨ ਦੇ 500 ਜਵਾਨ, 300 ਅਨਿਯਮਤ ਘੋੜਸਵਾਰਾਂ ਦੇ ਦਸਤੇ ਸਮੇਤ 31 ਦਸੰਬਰ (1817) ਨੂੰ ਸ਼ਿਰੂਰ ਤੋਂ ਪੁਣੇ ਲਈ ਰਵਾਨਾ ਹੋਏ। ਸਾਰੀ ਰਾਤ ਪੈਦਲ ਤੁਰਦੇ ਹੋਏ ਇਹ ਜਵਾਨ ਸਵੇਰੇ ਉੱਚੀ ਜ਼ਮੀਨ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਭੀਮਾ ਦਰਿਆ ਦੇ ਪਾਰ 25000 ਘੋੜਸਵਾਰਾਂ ਦੀ ਮਰਾਠਾ ਫ਼ੌਜ ਦਿਖਾਈ ਦਿੱਤੀ ਤੇ ਕੈਪਟਨ ਸਟੱਟਨ ਨੇ ਕੋਰੇਗਾਉਂ ਵਿੱਚ ਮਰਾਠਾ ਫ਼ੌਜ ਦੇ ਟਾਕਰੇ ਦਾ ਫ਼ੈਸਲਾ ਕੀਤਾ। ਜਦੋਂ ਮਰਾਠਾ ਕਮਾਂਡਰਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਆਪਣੀ 5000 ਪੈਦਲ ਫ਼ੌਜ ਵੀ ਸੱਦ ਲਈ।” ਅੰਗਰੇਜ਼ ਫ਼ੌਜ ਦੇ ਸਾਰੇ 500 ਪੈਦਲ ਸਿਪਾਹੀ ਮਹਾਰ ਸਨ। ਇਨ੍ਹਾਂ ਜਵਾਨਾਂ ਨੇ ਲੜਾਈ ਦੌਰਾਨ ਲਾਸਾਨੀ ਬਹਾਦਰੀ ਦਾ ਸਬੂਤ ਦਿੱਤਾ।

ਸੰਪਰਕ: 98555-85322
bhemr