ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ: ਕੁਝ ਨਿਵੇਕਲੇ ਪੱਖ

By December 25, 2017 0 Comments


ਪ੍ਰੀਤਮ ਸਿੰਘ (ਪ੍ਰੋ.)*
ਹਰ ਸਾਲ ਦਸੰਬਰ ਦੇ ਆਖ਼ਰੀ ਹਫ਼ਤੇ ਸਿੱਖ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ ਪੇਸ਼ ਕਰਦਾ ਹੈ। ਸ਼ਹਾਦਤ ਦਾ ਜਾਮ ਪੀਣ ਵਾਲੀਆਂ ਇਹ ਦੋਵੇਂ ਸੱਚਮੁੱਚ ਨਿੱਕੀਆਂ ਜਿੰਦਾਂ ਸਨ। ਸਭ ਤੋਂ ਛੋਟੇ ਫਤਹਿ ਸਿੰਘ ਦਾ ਜਨਮ 25 ਫਰਵਰੀ 1699 ਨੂੰ ਹੋਇਆ ਸੀ। ਸ਼ਹਾਦਤ ਸਮੇਂ ਇਸ ਜਿੰਦ ਨੇ ਤਾਂ ਉਮਰ ਦੇ ਸੱਤ ਵਰ੍ਹੇ ਵੀ ਪੂਰੇ ਨਹੀਂ ਸੀ ਕੀਤੇ। ਬਾਬਾ ਫਤਹਿ ਸਿੰਘ ਤੋਂ ਵੱਡੇ ਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ 1696 ਨੂੰ ਹੋਇਆ ਅਤੇ ਸ਼ਹਾਦਤ ਸਮੇਂ ਉਹ ਮਸਾਂ 9 ਵਰ੍ਹਿਆਂ ਦੇ ਹੋਏ ਸਨ। ਸਾਰੀਆਂ ਸਭਿਆਤਾਵਾਂ ਤੇ ਸਭਿਆਚਾਰਾਂ ਵਿੱਚ ਬਾਲਪਣ ਨੂੰ ਮਾਸੂਮੀਅਤ ਨਿਰਮਲਤਾ ਤੇ ਨਿਰਛਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਲਈ ਏਨੀ ਛੋਟੀ ਉਮਰੇ ਜਿਸ ਜ਼ਾਲਮਾਨਾ ਢੰਗ ਨਾਲ ਦੋਵਾਂ ਸਾਹਿਬਜ਼ਾਦਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਉਹ ਸਾਕਾ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦੀਆਂ ਸਭ ਤੋਂ ਦਰਦਨਾਕ ਯਾਦਾਂ ਵਿੱਚੋਂ ਇਕ ਹੈ।
sahibzade
ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੋਚਦੇ ਤਾਂ ਮਨੁੱਖੀ ਇਤਿਹਾਸ ਤੇ ਮਨੁੱਖੀ ਕਿਰਦਾਰ ਦੇ ਕਈ ਪਹਿਲੂ ਸਾਡੇ ਜ਼ਿਹਨ ਵਿੱਚ ਉਭਰਦੇ ਹਨ। ਸਭ ਤੋਂ ਪਹਿਲਾਂ ਮਨੁੱਖੀ ਇਤਿਹਾਸ ’ਚ ਕੁਝ ਪੱਖਾਂ ਬਾਰੇ ਵਿਚਾਰਨਾ ਇੱਥੇ ਜਾਇਜ਼ ਜਾਪਦਾ ਹੈ। ਪੂਰੇ ਮਨੁੱਖੀ ਇਤਿਹਾਸ ਦੌਰਾਨ ਦੋ ਤੱਤਾਂ ਦਰਮਿਆਨ ਹਮੇਸ਼ਾ ਹੀ ਜੱਦੋ-ਜਹਿਦ ਚੱਲਦੀ ਰਹੀ ਹੈ। ਇਕ ਪਾਸੇ ਉਹ ਹਨ, ਜਿਨ੍ਹਾਂ ਕੋਲ ਤਾਕਤ ਹੈ ਅਤੇ ਜਿਹੜੇ ਇਸ ਤਾਕਤ ਨੂੰ ਆਪਣੇ ਵਿਰੋਧੀ ਜਾਪਣ ਵਾਲੇ ਅਨਸਰਾਂ ਨੂੰ ਕੁਚਲਣ ਵਾਸਤੇ ਵਰਤਦੇ ਆਏ ਹਨ; ਦੂਜੇ ਪਾਸੇ ਉਹ ਲੋਕ ਹਨ ਜੋ ਮਨੁੱਖੀ ਹਸਤੀ ਤੇ ਆਜ਼ਾਦੀ ਦੀ ਮਰਿਆਦਾ ਤੇ ਵਕਾਰ ਨੂੰ ਸਰਬਉੱਚ ਮੰਨਦੇ ਹਨ ਅਤੇ ਆਪਣੇ ਮੱਤ, ਆਪਣੇ ਵਿਚਾਰਾਂ ਤੇ ਵਿਸ਼ਵਾਸਾਂ ਲਈ ਜਾਨ ਵਾਰਨ ਲਈ ਵੀ ਤਿਆਰ ਰਹਿੰਦੇ ਹਨ। ਇਨ੍ਹਾਂ ਦੋਵਾਂ ਤੱਤਾਂ ਦਰਮਿਆਨ ਸਦੀਵੀ ਸੰਘਰਸ਼ ਨੂੰ ਬਦੀ ਤੇ ਨੇਕੀ ਦਰਮਿਆਨ ਜੰਗ ਵੀ ਕਿਹਾ ਜਾਂਦਾ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਵਿੱਚ ਸਰਹਿੰਦ ਦਾ ਸੂਬੇਦਾਰ ਬਦੀ ਦਾ ਪ੍ਰਤੀਕ ਹੈ ਅਤੇ ਦੋਵੇਂ ਸਾਹਿਬਜ਼ਾਦੇ ਨੇਕੀ ਦੇ ਪ੍ਰਤੀਕ। ਜੋ ਵੀ ਸੱਤਾਧਾਰੀ ਹੁੰਦੇ ਹਨ, ਉਹ ਆਪਣੀ ਤਾਕਤ ਦੀ ਵਰਤੋਂ ਆਪਣੀ ਸੱਤਾ ਦੇ ਹਕੀਕੀ ਜਾਂ ਗ਼ੈਰ-ਹਕੀਕੀ ਵਿਰੋਧੀਆਂ ਉਪਰ ਜ਼ੁਲਮ ਢਾਹੁਣ ਜਾਂ ਉਨ੍ਹਾਂ ਨੂੰ ਕਸ਼ਟ ਦੇਣ ਲਈ ਕਰਦੇ ਹਨ ਅਤੇ ਅਜਿਹਾ ਕਰਨਾ ਆਪਣੀ ਤਾਕਤ ਦੇ ਮੁਜ਼ਾਹਰੇ ਦਾ ਜਾਇਜ਼ ਹਥਿਆਰ ਵੀ ਸਮਝਦੇ ਹਨ। ਕਈ ਵਾਰ ਇਹ ਜ਼ੋਰਾਵਰ, ਸੱਤਾ ਦੇ ਗ਼ਰੂਰ ਤੇ ਸਰੂਰ ਕਾਰਨ ਇੰਨੇ ਜ਼ਿਆਦਾ ਨਿਰੰਕੁਸ਼ ਹੋ ਜਾਂਦੇ ਹਨ ਕਿ ਦੂਜਿਆਂ ਨੂੰ ਵੱਧ ਤੋਂ ਵੱਧ ਦੁਖ-ਦਰਦ ਦੇਣ ਵਿੱਚ ਹੀ ਉਨ੍ਹਾਂ ਨੂੰ ਖੁਸ਼ੀ ਮਿਲਣ ਲਗਦੀ ਹੈ। ਅਜਿਹੇ ਬਹੁਤ ਸਾਰੇ ਬ੍ਰਿਤਾਂਤ ਸੁਣਨ ਨੂੰ ਮਿਲਦੇ ਹਨ ਜਦੋਂ ਪੁਲੀਸ ਜਾਂ ਫ਼ੌਜ ਦੀ ਹਿਰਾਸਤਕਾਰਾਂ ਵਿੱਚ ਮੌਜੂਦ ਵਿਅਕਤੀਆਂ, ਜੋ ਕਿ ਆਪਣੇ ਕਾਬਜ਼ਕਾਰਾਂ ਲਈ ਕੋਈ ਖ਼ਤਰਾ ਵੀ ਨਹੀਂ ਹੁੰਦੇ, ਉੱਪਰ ਅਕਹਿ ਤੇ ਅਸਹਿ ਅਣਮਨੁੱਖੀ ਤਸ਼ੱਦਦ ਇਸ ਕਰਕੇ ਢਾਹਿਆ ਜਾਂਦਾ ਹੈ ਕਿ ਅਜਿਹਾ ਤਸ਼ੱਦਦ ਜੇਲ੍ਹ ਅਧਿਕਾਰੀਆਂ ਜਾਂ ਪੁਲੀਸ ਅਧਿਕਾਰੀਆਂ ਜਾਂ ਸੈਨਿਕ ਅਧਿਕਾਰੀਆਂ ਨੂੰ ਬਲਸ਼ਾਲੀ ਹੋਣ ਦੀ ਖੁਸ਼ੀ ਤੇ ਸਰੂਰ ਬਖ਼ਸ਼ਦਾ ਹੈ। ਉਨ੍ਹਾਂ ਨੂੰ ਤਾਂ ਕੁਝ ਪਲਾਂ ਲਈ ਬਲਸ਼ਾਲੀ ਤੇ ਜੇਤੂ ਹੋਣ ਦੀ ਖੁਸ਼ੀ ਮਿਲ ਜਾਂਦੀ ਹੈ, ਪਰ ਸੰਸਾਰ ਅਸਲ ਵਿੱਚ ਆਪਣੇ ਵਿਸ਼ਵਾਸਾਂ ਤੇ ਵਿਚਾਰਾਂ ਲਈ ਤਸ਼ੱਦਦ ਬਰਦਾਸ਼ਤ ਕਰਨ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਹੀ ਮਾਨਤਾ ਦਿੰਦਾ ਤੇ ਪ੍ਰਵਾਨਦਾ ਹੈ ਅਤੇ ਤਸੀਹਾਕਾਰਾਂ ਨੂੰ ਜ਼ਾਲਮਾਂ ਤੇ ਦਾਨਵਾਂ ਵਾਂਗ ਇਤਿਹਾਸ ਦੇ ਕੂੜੇਦਾਨ ਵਿੱਚ ਰੋਲ ਦਿੰਦਾ ਹੈ।

ਕੌਣ ਵਜ਼ੀਰ ਖਾਨ ਨੂੰ ਜਾਂ ਉਸ ਕਾਜ਼ੀ ਨੂੰ ਜਾਣਦਾ ਹੈ, ਜਿਸ ਨੇ ਪਹਿਲਾਂ ਇਸਲਾਮੀ ਸ਼ਰ੍ਹਾ ਦੇ ਸਿਧਾਂਤਾਂ ਮੁਤਾਬਕ ਛੋਟੇ ਸਾਹਿਬਜ਼ਾਦਿਆਂ ਨੂੰ ਕਿਸੇ ਵੀ ਜੁਰਮ ਦਾ ਦੋਸ਼ੀ ਨਾ ਹੋਣਾ ਕਰਾਰ ਦੇਣ ਮਗਰੋਂ ਵਜ਼ੀਰ ਖ਼ਾਨ ਦੇ ਦਬਾਅ ਕਾਰਨ ਦੋਸ਼ੀ ਕਰਾਰ ਦੇ ਦਿੱਤਾ ਅਤੇ ਦੀਵਾਰ ਵਿੱਚ ਜ਼ਿੰਦਾ ਚਿਣਵਾ ਕੇ ਉਨ੍ਹਾਂ ਦੀ ਜਾਨ ਲੈਣ ਦਾ ਹੁਕਮ ਸੁਣਾ ਦਿੱਤਾ। ਸਾਨੂੰ ਨਹੀਂ ਪਤਾ ਕਿ ਵਜ਼ੀਰ ਖਾਨ ਜਾਂ ਉਸ ਕਾਜ਼ੀ ਦੇ ਕੋਈ ਜਾਨਸ਼ੀਨ ਬਚੇ ਵੀ ਜਾਂ ਨਹੀਂ। ਜੇ ਉਨ੍ਹਾਂ ਵਿੱਚੋਂ ਕੋਈ ਜ਼ਿੰਦਾ ਹੈ ਤਾਂ ਉਹ ਆਪਣੇ ਪਰਿਵਾਰ ਦੀ ਇਨ੍ਹਾਂ ਜ਼ਾਲਮਾਂ ਨਾਲ ਸਾਂਝ ਉੱਤੇ ਮਾਤਮ ਮਨਾਉਂਦਾ ਹੋਵੇਗਾ। ਦੂਜੇ ਪਾਸੇ, ਸਾਹਿਬਜ਼ਾਦਿਆਂ ਨੂੰ ਕਰੋੜਾਂ ਪ੍ਰਾਣੀਆਂ ਵਲੋਂ ਸਨੇਹ, ਅਦਬ, ਸ਼ਰਧਾ ਤੇ ਪ੍ਰਸੰਸਾ ਤੇ ਸਤਿਕਾਰ ਨਾਲ ਅਤੇ ਸਮੁੱਚੀ ਲੋਕਾਈ ਲਈ ਪ੍ਰੇਰਨਾ ਸਰੋਤ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਕੀਤਾ ਜਾਂਦਾ ਰਹੇਗਾ। ਜ਼ਾਹਿਰ ਹੈ ਕਿ ਇਤਿਹਾਸ ਸਾਨੂੰ ਸਦਾ ਇਹੋ ਸਬਕ ਪੜ੍ਹਾਉਂਦਾ ਰਹੇਗਾ ਕਿ ਬਦੀ ਦੀ ਜਿੱਤ ਆਰਜ਼ੀ ਤੇ ਅਸਥਾਈ ਹੁੰਦੀ ਹੈ, ਸਦੀਵੀ ਤੇ ਸਥਾਈ ਜਿੱਤ ਤਾਂ ਨੇਕੀ ਦੀ ਹੀ ਹੁੰਦੀ ਹੈ।
ਇਤਿਹਾਸ ਦੇ ਇਸੇ ਪ੍ਰਸੰਗ ਵਿੱਚ ਮਨੁੱਖੀ ਚਰਿੱਤਰ ਦੇ ਬਹੁਤ ਸਾਰੇ ਪਹਿਲੂਆਂ ਉੱਤੇ ਝਾਤ ਮਾਰਨੀ ਵੀ ਜ਼ਰੂਰੀ ਜਾਪਦੀ ਹੈ। ਛੋਟੇ ਸਾਹਿਬਜ਼ਾਦਿਆਂ ਦੇ ਵਿਹਾਰ ਦੀ ਮਿਸਾਲ ਸਾਡੇ ਸਾਹਮਣੇ ਹੈ: ਏਨੀ ਨਿੱਕੀ ਉਮਰ ਵਿੱਚ ਵੀ ਉਹ ਸੂਝ-ਬੂਝ, ਬਹਾਦਰੀ, ਦ੍ਰਿੜ੍ਹਤਾ ਤੇ ਆਪਣੇ ਅਕੀਦਿਆਂ ਉੱਤੇ ਪੱਕੇ ਰਹਿਣ ਦੀ ਮਿਸਾਲ ਕਾਇਮ ਕਰ ਗਏ। ਜ਼ਾਹਿਰ ਹੈ ਉਹ ਆਪਣੇ ਮਹਾਨ ਦਾਦਾ, ਗੁਰੂ ਤੇਗ ਬਹਾਦਰ ਜੀ ਵੱਲੋਂ ਸਥਾਪਿਤ ਉਸ ਮਹਾਨ ਰਵਾਇਤ ਪ੍ਰਤੀ ਚੇਤਨ ਸਨ, ਜਿਨ੍ਹਾਂ ਨੇ ਆਪਣੇ ਵਿਚਾਰਧਾਰਕ ਵਿਰੋਧੀਆਂ ਭਾਵ ਕਸ਼ਮੀਰੀ ਪੰਡਿਤਾਂ ਦੇ ਧਾਰਮਿਕ ਮਾਨਵੀ ਅਧਿਕਾਰਾਂ ਦੀ ਹਿਫਾਜ਼ਤ ਲਈ ਆਪਣੀ ਜਾਨ ਕੁਰਬਾਨ ਕਰਨ ਨੂੰ ਤਰਜੀਹ ਦਿੱਤੀ। ਇਸ ਪੂਰੇ ਕ੍ਰਮ ਵਿੱਚ ਇਹ ਸੋਚਣਾ ਮੁਸ਼ਕਲ ਨਹੀਂ ਕਿ ਇਨ੍ਹਾਂ ਨਿੱਕੀਆਂ ਜ਼ਿੰਦਾਂ ਨੂੰ ਉਨ੍ਹਾਂ ਦੇ ਧਰਮ ਦੇ ਉੱਚ ਆਦਰਸ਼ਾਂ ਤੇ ਪਰਿਵਾਰਕ ਇਤਿਹਾਸ ਤੋਂ ਵਾਕਫ਼ ਕਰਵਾਉਣ ਵਿੱਚ ਉਨ੍ਹਾਂ ਦੀ ਦਾਦੀ, ਮਾਤਾ ਗੁਜਰੀ ਜੀ ਦਾ ਕਿੰਨਾ ਵੱਡਾ ਯੋਗਦਾਨ ਰਿਹਾ। ਇਹ ਉਸ ਦਾਦੀ ਦੀ ਸੋਚ ਤੇ ਸਿੱਖਿਆਵਾਂ ਦਾ ਪ੍ਰਤਾਪ ਸੀ ਕਿ ਉਮਰ ਪੱਖੋਂ ਛੋਟੇ, ਪਰ ਆਪਣੀ ਇਤਿਹਾਸਕ ਭੂਮਿਕਾ ਦੀ ਸੂਝ-ਬੂਝ ਪੱਖੋਂ ਪਰਪੱਕ ਇਨ੍ਹਾਂ ਸਾਹਿਬਜ਼ਾਦਿਆਂ ਨੇ ਆਪਣੇ ਜਿਸਮਾਨੀ ਬਚਾਅ ਦੀ ਬਜਾਏ ਆਪਣੇ ਅਕੀਦਿਆਂ ਉੱਤੇ ਡਟੇ ਰਹਿਣ ਨੂੰ ਪਹਿਲ ਦਿੱਤੀ। ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਇਤਿਹਾਸ ਸਾਨੂੰ ਇਹ ਵੀ ਦੱਸਦਾ ਹੈ ਕਿ ਭਾਵੇਂ ਉਮਰ ਦੇ ਨਾਲ ਕਈ ਸਰੀਰਿਕ ਤੇ ਬੌਧਿਕ ਸੀਮਾਵਾਂ ਜੁੜੀਆਂ ਹੁੰਦੀਆਂ ਹਨ, ਪਰ ਇਹ ਸੀਮਾਵਾਂ ਵੀ ਲਚੀਲੀਆਂ ਹੁੰਦੀਆਂ ਹਨ। ਕੁਝ ਲੋਕ ਉਮਰ ਪੱਖੋਂ ਛੋਟੇ ਪਰ ਬਹੁਤ ਸੂਝਵਾਨ ਤੇ ਦਲੇਰ ਹੋ ਸਕਦੇ ਹਨ ਪਰ ਕਈ ਹੋਰ ਉਮਰ ਪੱਖੋਂ ਵੱਡੇ ਹੋਣ ਦੇ ਬਾਵਜੂਦ ਵਿਹਾਰ ਤੇ ਕਿਰਦਾਰ ਪੱਖੋਂ ਅਪਰਿਪੱਕ ਤੇ ਬਚਗ਼ਾਨਾ ਹੀ ਰਹਿੰਦੇ ਹਨ।
ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਣ ਦੀ ਖਬਰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪੁੱਜੀ ਅਸਹਿ ਠੇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਥੋਂ ਹੀ ਗੁਰੂ ਗੋਬਿੰਦ ਸਿੰਘ ਸਦਾਚਾਰਕ ਦ੍ਰਿੜ੍ਹਤਾ ਦੀ ਅਜਿਹੀ ਬੁਲੰਦੀ ’ਤੇ ਪੁੱਜੇ ਜੋ ਮਨੁੱਖੀ ਇਤਿਹਾਸ ਵਿੱਚ ਬਹੁਤ ਘੱਟ ਹੀ ਵੇਖਣ ਨੂੰ ਮਿਲਦੀ ਹੈ। ਗੁਰੂ ਸਾਹਿਬ ਦੇ ਜੀਵਨ ਵਿੱਚ ਅਜਿਹੀ ਇਕ ਵੀ ਘਟਨਾ ਨਹੀਂ ਮਿਲਦੀ ਜਦੋਂ ਉਨ੍ਹਾਂ ਨੇ ਬੇਦੋਸ਼ੇ ਮੁਸਲਮਾਨ ਨਾਗਰਿਕਾਂ ਨੂੰ ਖੁਦ ਨੁਕਸਾਨ ਪਹੁੰਚਾਉਣ ਬਾਰੇ ਸੋਚਿਆ ਹੋਵੇ ਜਾਂ ਫਿਰ ਆਪਣੇ ਸਿੱਖਾਂ ਨੂੰ ਇਸ ਤਰ੍ਹਾਂ ਪਰਤਵਾਂ ਵਾਰ ਕਰਨ ਦਾ ਇਸ਼ਾਰਾ ਕੀਤਾ ਹੋਵੇ। ਉਨ੍ਹਾਂ ਦੇ ਸ਼ਰਧਾਲੂਆਂ ਦੇ ਮਨਾਂ ਵਿੱਚ ਵਜ਼ੀਰ ਖ਼ਾਨ ਖ਼ਿਲਾਫ਼ ਗੁੱਸਾ ਜ਼ਰੂਰ ਭੜਕਿਆ ਹੋਵੇਗਾ, ਪਰ ਗੁਰੂ ਜੀ ਵੱਲੋਂ ਆਪਣੇ ਸਿੱਖਾਂ ਨੂੰ ਦ੍ਰਿੜ੍ਹਾਈਆਂ ਗਈਆਂ ਉੱਚ ਨੈਤਿਕ ਕਦਰਾਂ ਨੇ ਵਜ਼ੀਰ ਖ਼ਾਨ ਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਖ਼ਿਲਾਫ਼ ਕਿਸੇ ਵੀ ਅਨੈਤਿਕ ਜਵਾਬੀ ਹਮਲੇ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ। ਬੇਸ਼ੱਕ ਬਾਅਦ ਵਿੱਚ ਬੰਦਾ ਬਹਾਦਰ ਨੇ ਸਰਹਿੰਦ ਉੱਤੇ ਹਮਲੇ ਦੀ ਅਗਵਾਈ ਕੀਤੀ ਅਤੇ ਉਸ ਦੇ ਜਰਨੈਲ ਫਤਹਿ ਸਿੰਘ ਨੇ ਇਸ ਜੰਗ ਦੌਰਾਨ ਵਜ਼ੀਰ ਖ਼ਾਨ ਨੂੰ ਮਾਰ ਮੁਕਾਇਆ ਸੀ।
ਅਤਿਅੰਤ ਘਿਨਾਉਣੇ ਦੌਰ ਵਿੱਚ ਵੀ ਕੁਝ ਸ਼ਖਸ ਅਜਿਹੇ ਹੁੰਦੇ ਹਨ ਜੋ ਆਪਣੇ ਜ਼ਮੀਰ ਦੀ ਆਵਾਜ਼ ਸੁਣਦੇ ਹਨ। ਮਾਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਨ ਅਜਿਹਾ ਹੀ ਇਕ ਸ਼ਖਸ ਸੀ, ਜਿਸ ਨੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਵੱਲੋਂ ਆਪਣੇ ਭਰਾ ਨੂੰ ਮਾਰੇ ਜਾਣ ਦੇ ਬਾਵਜੂਦ ਛੋਟੇ ਸਾਹਿਬਜ਼ਾਦਿਆਂ ਨੂੰ ਸੁਣਾਈ ਗਈ ਸਜ਼ਾ-ਏ-ਮੌਤ ਦਾ ਵਿਰੋਧ ਕੀਤਾ ਸੀ। ਉਸ ਨੇ ਦਲੀਲ ਦਿੱਤੀ ਕਿ ਉਸ ਦਾ ਭਰਾ ਮੈਦਾਨ-ਏ-ਜੰਗ ਵਿੱਚ ਮਾਰਿਆ ਗਿਆ ਸੀ ਅਤੇ ਛੋਟੇ ਸਾਹਿਬਜ਼ਾਦੇ ਤਾਂ ਬਿਲਕੁਲ ਬੇਕਸੂਰ ਸਨ। ਇਸ ਦਿਆਲਤਾ ਭਰਪੂਰ ਬਹਾਦਰੀ ਵਾਲੇ ਇਕ ਕਾਰਨਾਮੇ ਨੇ ਮਾਲੇਰਕੋਟਲੇ ਦੇ ਨਵਾਬ ਦਾ ਨਾਂ ਇਤਿਹਾਸ ਵਿੱਚ ਅਮਰ ਕਰ ਦਿੱਤਾ। ਇਹ ਚੰਗੀ ਗੱਲ ਹੈ ਕਿ ਨਵਾਬ ਮਾਲੇਰਕੋਟਲਾ ਵੱਲੋਂ ਮਾਰੇ ਹਾਅ ਦੇ ਨਾਅਰੇ ਨੂੰ ਸਿੱਖ ਕੌਮ ਕਦੇ ਨਹੀਂ ਭੁੱਲੀ ਅਤੇ ਭਵਿੱਖ ਵਿੱਚ ਵੀ ਨਹੀਂ ਭੁੱਲੇਗੀ।
ਗੰਗੂ ਬ੍ਰਾਹਮਣ ਇਕ ਘ੍ਰਿਣਤ ਪਾਤਰ ਹੈ, ਜਿਸ ਨੇ ਦਹਾਕਿਆਂਬੱਧੀ ਗੁਰੂ ਸਾਹਿਬ ਪਰਿਵਾਰ ਦੀ ਸੇਵਾ ਕੀਤੀ ਅਤੇ ਜਦੋਂ ਉਸ ਨਾਜ਼ੁਕ ਦੌਰ ਵਿੱਚ ਉਸ ਦੀ ਬੇਨਤੀ ਪ੍ਰਵਾਨ ਕਰਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਉਸ ਦੇ ਘਰ ਸ਼ਰਨ ਲੈ ਲਈ ਤਾਂ ਉਸ ਨੇ ਧੋਖੇ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਉਸ ਦਾ ਕਿਰਦਾਰ ਦਰਸਾਉਂਦਾ ਹੈ ਕਿ ਲਾਲਚ ਮਨੁੱਖ ਨੂੰ ਧੋਖਾ ਕਰਨ ਲਈ ਕਿਵੇਂ ਮਜਬੂਰ ਕਰਦਾ ਹੈ। ਗੰਗੂ ਬ੍ਰਾਹਮਣ ਵੱਲੋਂ ਕੀਤੀ ਗਈ ਧੋਖਾਦੇਹੀ ਦੇ ਉਲਟ ਬਾਬਾ ਮੋਤੀ ਰਾਮ ਮਹਿਰਾ ਨੇ ਮਿਸਾਲੀ ਕਾਰਵਾਈ ਕਰਦਿਆਂ ਗੁਰੂ ਪਰਿਵਾਰ ਪ੍ਰਤੀ ਪੂਰੀ ਵਫਾਦਾਰੀ ਨਿਭਾਈ। ਉਸ ਨੇ ਕਿਸੇ ਤਰੀਕੇ ਠੰਢੇ ਬੁਰਜ ਵਿੱਚ ਪੁੱਜ ਕੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ। ਜਦੋਂ ਵਜ਼ੀਰ ਖ਼ਾਨ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਮੋਤੀ ਰਾਮ ਮਹਿਰਾ ਦੇ ਨਾਲ-ਨਾਲ ਉਸ ਦੀ ਮਾਤਾ, ਪਤਨੀ ਅਤੇ ਬਹੁਤ ਛੋਟੀ ਉਮਰ ਦੇ ਪੁੱਤਰ ਦੀ ਗ੍ਰਿਫਤਾਰੀ ਦੇ ਹੁਕਮ ਸੁਣਾ ਦਿੱਤਾ। ਮੋਤੀ ਰਾਮ ਮਹਿਰਾ ਨੇ ਆਪਣੀ ਕਾਰਵਾਈ ਨੂੰ ਨੈਤਿਕ ਤੌਰ ’ਤੇ ਸਹੀ ਦਰਸਾਇਆ ਤਾਂ ਉਸ ਨੂੰ ਪੂਰੇ ਪਰਿਵਾਰ ਸਮੇਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਦੀਵਾਨ ਟੋਡਰ ਮੱਲ ਵੀ ਉੱਚ ਆਚਰਣ ਦਾ ਵਿਅਕਤੀ ਸੀ, ਜਿਸ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ। ਸਾਡੀ ਸਿਮਰਤੀ ਅਤੇ ਇਤਿਹਾਸਕ ਲਿਖਤਾਂ ਵਿੱਚ ਵਜ਼ੀਰ ਖ਼ਾਨ ਅਤੇ ਗੰਗੂ ਬ੍ਰਾਹਮਣ ਘ੍ਰਿਣਾ ਦੇ ਪਾਤਰ ਹਨ ਜਦੋਂਕਿ ਛੋਟੇ ਸਾਹਿਬਜ਼ਾਦਿਆਂ, ਨਵਾਬ ਮਾਲੇਰਕੋਟਲਾ, ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਨੂੰ ਸਤਿਕਾਰਿਆ ਜਾਂਦਾ ਹੈ। ਇਹੋ ਕੁਰਬਾਨੀ ਦਾ ਵਕਾਰ ਹੈ।
ਪ੍ਰੀਤਮ ਸਿੰਘ (ਪ੍ਰੋ.)*
* ਲੇਖਕ ਔਕਸਫੋਰਡ ਬਰੁਕਸ ਯੂਨੀਵਰਸਿਟੀ ਯੂ.ਕੇ. ਵਿੱਚ ਇਕਨੋਮਿਕਸ ਦਾ ਪ੍ਰੋਫੈਸਰ ਹੈ
Tags:
Posted in: ਸਾਹਿਤ