ਬਾਜ਼ਾਂ ਵਾਲੇ ਸ਼ਹਿਨਸ਼ਾਹ

By October 31, 2017 0 Comments


guru govind singhਛੇਵੇਂ ਅਤੇ ਦਸਵੇਂ ਪਾਤਸ਼ਾਹ ਜੀ ਬਾਦਸ਼ਾਹ ਦਰਵੇਸ਼ ਸਨ। ਉਨ੍ਹਾਂ ਨੂੰ ਚਿੱਟਿਆਂ ਬਾਜ਼ਾਂ ਵਾਲੇ ਪਾਤਸ਼ਾਹ ਜੀ ਵੀ ਆਖਿਆ ਜਾਂਦਾ ਹੈ। ਉਨ੍ਹਾਂ ਕੋਲ ਦੁਨਿਆਵੀ ਅਤੇ ਦਰਗਾਹੀ ਦੋਵੇਂ ਪਾਤਸ਼ਾਹੀਆਂ ਸਨ। ਤਾਂ ਹੀ ਉਨ੍ਹਾਂ ਨੂੰ ਸੱਚੇ ਪਾਤਸ਼ਾਹ ਵੀ ਆਖਿਆ ਜਾਂਦਾ ਹੈ। ਆਕਾਸ਼ਾਂ ਵਿਚ ਉਡਦੇ ਬਾਜ਼ ਆਜ਼ਾਦੀ ਦੇ ਪ੍ਰਤੀਕ ਹਨ। ਇਕ ਵਾਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਚਿੱਟੇ ਘੋੜੇ ਉੱਤੇ ਅਸਵਾਰ ਹੋ ਕੇ ਅਤੇ ਹੱਥ ਉੱਤੇ ਚਿੱਟਾ ਬਾਜ਼ ਸਜਾ ਕੇ ਸ਼ਿਕਾਰ ਨੂੰ ਚੱਲੇ। ਆਪ ਜੀ ਨੇ ਬਹੁਤ ਮਹੀਨ ਸੁੰਦਰ ਪੁਸ਼ਾਕ ਪਹਿਨੀ ਹੋਈ ਸੀ ਅਤੇ ਸੀਸ ਉੱਤੇ ਰੇਸ਼ਮੀ ਦਸਤਾਰ ਸੀ, ਜਿਸ ਉੱਪਰ ਹੀਰੇ ਜੜਤ ਕਲਗੀ ਝਿਲਮਿਲਾ ਰਹੀ ਸੀ। ਜਦੋਂ ਆਪ ਜੀ ਇਸ ਅਦੁੱਤੀ ਰੂਪ ਵਿਚ ਬਾਹਰ ਨਿਕਲੇ ਤਾਂ ਅੱਗੋਂ ਆਪ ਜੀ ਨੂੰ ਦੋ ਪਿਓ-ਪੁੱਤਰ ਮਿਲੇ। ਉਨ੍ਹਾਂ ਨੇ ਆਪ ਜੀ ਦੇ ਚਰਨਾਂ ‘ਤੇ ਮੱਥਾ ਟੇਕ ਕੇ ਸੇਵਾ ਮੰਗੀ। ਮਹਾਰਾਜ ਜੀ ਨੇ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ? ਉਨ੍ਹਾਂ ਨੇ ਕਿਹਾ ਜੀ ਅਸੀਂ ਮੁਸੱਵਰ ਹਾਂ ਅਤੇ ਤਸਵੀਰਾਂ ਬਣਾਉਂਦੇ ਹਾਂ। ਕਿਰਪਾ ਕਰਕੇ ਸਾਨੂੰ ਆਪਣੇ ਅਤੀ ਸੁੰਦਰ ਸਰੂਪ ਦੀ ਇਕ ਤਸਵੀਰ ਬਣਾਉਣ ਦੀ ਆਗਿਆ ਬਖਸ਼ੋ। ਮਹਾਰਾਜ ਜੀ ਮੁਸਕਰਾਏ। ਉਨ੍ਹਾਂ ਨੇ ਉਸੇ ਸਮੇਂ ਆਪਣਾ ਸਾਮਾਨ ਕੱਢ ਕੇ ਮਹਾਰਾਜ ਜੀ ਦੀ ਡੀਲ ਡੌਲ ਅਤੇ ਚਿਹਨ ਚੱਕਰਾਂ ਦੇ ਨਿਸ਼ਾਨ ਉਲੀਕ ਲਏ। ਘਰ ਜਾ ਕੇ ਉਨ੍ਹਾਂ ਨੇ ਤਸਵੀਰ ਨੂੰ ਸੰਪੂਰਨ ਕੀਤਾ ਅਤੇ ਦੂਜੇ ਦਿਨ ਮਹਾਰਾਜ ਜੀ ਦੀ ਹਜ਼ੂਰੀ ਵਿਚ ਲੈ ਕੇ ਆਏ। ਮਹਾਰਾਜ ਜੀ ਨੇ ਦੋਵਾਂ ਨੂੰ ਖੁਸ਼ੀਆਂ ਅਤੇ ਇਨਾਮ ਬਖਸ਼ ਕੇ ਨਿਹਾਲ ਕੀਤਾ। ਬਾਜ਼ਾਂ ਵਾਲੇ ਪਾਤਸ਼ਾਹ ਜੀ ਦਾ ਇਹ ਇਤਿਹਾਸਕ ਚਿੱਤਰ ਅੱਜ ਵੀ ਸਾਂਭਿਆ ਹੋਇਆ ਹੈ।
ਦਸਵੇਂ ਪਾਤਸ਼ਾਹ ਜੀ ਤਾਂ ਬਚਪਨ ਤੋਂ ਹੀ ਤੀਰਾਂ ਦੇ ਖਿਡਾਰ ਅਤੇ ਬਾਜ਼ਾਂ ਦੇ ਉਡਾਰ ਸਨ। ਆਪ ਜੀ ਨੇ ਰਾਜ ਜੋਗ ਕਮਾਇਆ, ਸ਼ਾਹਾਨਾ ਠਾਠ-ਬਾਠ ਰੱਖਿਆ, ਵਧੀਆ ਤੋਂ ਵਧੀਆ ਹਾਥੀ-ਘੋੜਿਆਂ ਦੀ ਸਵਾਰੀ ਕੀਤੀ। ਉਸ ਸਮੇਂ ਬਾਜ਼ ਉਡਾਉਣਾ ਵੀ ਸ਼ਾਹੀ ਠਾਠ-ਬਾਠ ਦਾ ਸੂਚਕ ਸੀ। ਆਪ ਜੀ ਦੇ ਸ਼ਾਹੀ ਜਲਾਲ ਦੀਆਂ ਖ਼ਬਰਾਂ ਸੁਣ ਕੇ ਔਰੰਗਜ਼ੇਬ ਬਹੁਤ ਤਿਲਮਿਲਾਇਆ। ਉਸ ਨੇ ਹੁਕਮ ਚਾੜ੍ਹਿਆ ਕਿ ਗੁਰੂ ਜੀ ਸਾਧਾਂ-ਫਕੀਰਾਂ ਵਾਂਗ ਰਹਿਣ, ਦਰਬਾਰ ਨਾ ਲਾਉਣ, ਬਾਜ਼ ਨਾ ਉਡਾਉਣ। ਪਰ ਮਹਾਰਾਜ ਜੀ ਨੇ ਉਹ ਸਭ ਨਿਸ਼ਾਨੀਆਂ ਧਾਰਨ ਕੀਤੀਆਂ ਜੋ ਜ਼ਿੰਦਗੀ ਦੇ ਵਿਕਾਸ ਅਤੇ ਆਜ਼ਾਦੀ ਲਈ ਜ਼ਰੂਰੀ ਸਨ। ਫਰਾਂਸ ਦੇ ਇਕ ਸਿਆਣੇ ਨੌਸਟਰਾਡੈਮਸ ਨੇ ਸੋਲ੍ਹਵੀਂ ਸਦੀ ਵਿਚ ਕੁਝ ਭਵਿੱਖਬਾਣੀਆਂ ਕੀਤੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਸੱਚ ਨਿਕਲੀਆਂ ਹਨ। ਉਸ ਨੇ ਲਿਖਿਆ ਹੈ ਕਿ ਇਕ ਸਮੇਂ ਨੇਕੀ ਉੱਤੇ ਬਦੀ ਭਾਰੂ ਹੋ ਜਾਵੇਗੀ ਅਤੇ ਛੋਟੇ ਬੱਚਿਆਂ ਨੂੰ ਕੁਰਬਾਨੀ ਦੇਣੀ ਪਵੇਗੀ। ਇਸ ਪਿੱਛੋਂ ਬਾਜ਼ ਧਰਤੀ ਉੱਤੇ ਨੇਕੀ ਅਤੇ ਬਲ ਦੀਆਂ ਸ਼ਕਤੀਆਂ ਵਧਾਉਣ ਵਿਚ ਸਹਾਇਤਾ ਦੇਵੇਗਾ। ਇਹ ਇਸ਼ਾਰਾ ਮਹਾਰਾਜ ਜੀ ਦੇ ਲਾਲਾਂ ਅਤੇ ਬਾਜ਼ ਵੱਲ ਜਾਪਦਾ ਹੈ। **
ਡਾ ਸਰਬਜੀਤ ਕੌਰ ਸੰਧਾਵਾਲੀਆਂ
Tags:
Posted in: ਸਾਹਿਤ