ਲੰਗਰ ਦੀ ਪ੍ਰਥਾ ਪਿੱਛੇ ਉਦੇਸ਼ ਕੀ ਹੈ?

By October 30, 2017 0 Comments


akbar langer
ਕਈ ਵਾਰ ਵਿਦਵਾਨ ਅਤੇ ਪ੍ਰਚਾਰਕ ‘ਲੰਗਰ’ ਦੇ ਨਾਲ ਲੋੜਵੰਦ ਸ਼ਬਦ ਜੋੜ ਕੇ ਇਸ ਦੇ ਡੂੰਘੇ ਭਾਵਾਂ ਨੂੰ ਭੋਜਨ ਤੱਕ ਹੀ ਸੀਮਤ ਕਰ ਦਿੰਦੇ ਹਨ। ਵਿਸ਼ਾਲ ਭੰਡਾਰੇ ਜਾਂ ਭੋਜ ਤਾਂ ਪਹਿਲਾਂ ਵੀ ਬਹੁਤ ਚਲਦੇ ਸਨ, ਜਿਨ੍ਹਾਂ ਨੂੰ ਸਮਾਜਿਕ ਸੇਵਾ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਭੋਜਾਂ ਅਤੇ ਲੰਗਰ ਵਿਚਲੇ ਬਹੁਤ ਹੀ ਸੂਖਮ ਫ਼ਰਕ ਦੀ ਪੜਚੋਲ ਇਸ ਲੇਖ ਵਿਚ ਕਰਾਂਗੇ।
ਜਦੋਂ ਅਸੀਂ ਗੁਰੂ ਸਾਹਿਬਾਨਾਂ ਵਲੋਂ ਚਲਾਏ ਲੰਗਰਾਂ ਨੂੰ ਗੌਰ ਨਾਲ ਵਾਚਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਲੰਗਰ ਸਿਰਫ਼ ਭੋਜਨ ਖਾਣ ਵਾਲੀ ਪ੍ਰਕਿਰਿਆ ਨਹੀਂ ਹੈ। ਪਹਿਲੇ ਗੁਰਾਂ ਨੇ ਸਾਧੂਆਂ ਲਈ ਲੰਗਰ ਲਗਾਇਆ ਅਤੇ ਉਨ੍ਹਾਂ ਨੂੰ ਭੋਜਨ ਛਕਾਇਆ। ਕੀ ਭੋਜਨ ਛਕਣਾ ਅਤੇ ਛਕਾਉਣਾ ਹੀ ਮੰਤਵ ਸੀ? ਮੇਰੀ ਸਮਝੇ ਨਹੀਂ। ਬਾਲ ਗੁਰੂ ਅਤੇ ਗਿਆਨਵਾਨ ਸਾਧੂਆਂ ਦਾ ਇਕੱਠੇ ਭੋਜਨ ਛਕਣਾ ਸਾਂਝੀਵਾਲਤਾ ਦਾ ਮੁਜ਼ਾਹਰਾ ਸੀ, ਜਿਸ ਉਪਰੰਤ ਬ੍ਰਹਮ ਗਿਆਨ ਗੋਸ਼ਟ ਹੋਈ ਹੋਵੇਗੀ। ਵੱਡੇ-ਛੋਟੇ, ਊਚ-ਨੀਚ ਵਰਗੇ ਮਾਨਸਿਕ ਪਰਦੇ ਤੋੜ ਕੇ ਹੀ ਗਿਆਨ ਦੀ ਸਾਂਝ ਪੈ ਸਕਦੀ ਹੈ, ਜੋ ਕਿ ਕਈ ਹਜ਼ਾਰਾਂ ਸਾਲਾਂ ਤੋਂ ਭਾਰਤੀ ਗਿਆਨ ਪ੍ਰਣਾਲੀ ਵਿਚੋਂ ਲੁਪਤ ਕਰ ਦਿੱਤੀ ਗਈ ਸੀ। ਗਿਆਨ ਦੀ ਸਾਂਝ ਪਾਉਣ ਦੀ ਪਿਰਤ ਨੂੰ ਮੁੜ ਸੁਰਜੀਤ ਕਰਨ ਦਾ ਇਹ ਇਕ ਨੁਕਤਾ ਪੇਸ਼ ਕੀਤਾ ਗਿਆ। ਇਸੇ ਹੀ ਸਿਧਾਂਤ ਨੂੰ ਦੂਜੇ ਗੁਰੂ ਸਾਹਿਬ ਨੇ ਅੱਗੇ ਤੋਰਿਆ। ਤੀਸਰੇ ਗੁਰਾਂ ਨੇ ਇਸ ਨੂੰ ਹੋਰ ਯੋਜਨਾਬੱਧ ਤਰੀਕੇ ਨਾਲ ਦ੍ਰਿੜ੍ਹ ਕੀਤਾ। ਰਾਜੇ ਅਤੇ ਰੰਕ ਦੀ ਬਰਾਬਰੀ ਦੀ ਮਿਸਾਲ ਕਾਇਮ ਕਰਕੇ ਜਾਤਾਂ-ਪਾਤਾਂ ਜਾਂ ਵਿਤਕਰੇ ਦੇ ਅੰਤ ਦੀ ਸ਼ੁਰੂਆਤ ਕਰ ਦਿੱਤੀ। ਦੇਸ਼ ਵਾਸੀਆਂ ਨੂੰ ਵਿਤਕਰਿਆਂ ਦੀਆਂ ਜ਼ੰਜੀਰਾਂ ਵਿਚੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ।
ਇਕ ਸਮਾਂ ਇਹ ਸੀ ਕਿ ਉੱਚ ਜਾਤ ਵਾਲੇ ਜਾਂ ਅਮੀਰ ਰਾਜੇ ਜਦੋਂ ਭੋਜ ਕਰਿਆ ਕਰਦੇ ਸਨ ਤਾਂ ਨੀਵੀਂ ਜਾਤੀ ਲਈ ਉਧਰ ਨੂੰ ਤੱਕਣ ਦੀ ਵੀ ਆਗਿਆ ਨਹੀਂ ਸੀ ਹੁੰਦੀ। ਉੱਚੇ-ਅਮੀਰ ਆਪਸ ਵਿਚ ਰਲ ਬੈਠਦੇ। ਜੇ ਕਿਧਰੇ ਗ਼ਰੀਬ ਜਾਂ ਨੀਚ ਜਾਤ ਨੂੰ ਦਾਨ ਕਰਦੇ ਤਾਂ ਵੀ ਉਸ ਵਿਚ ਕੋਈ ਅਮੀਰ ਰਲ ਕੇ ਨਾ ਬੈਠਦਾ। ਹਜ਼ਾਰਾਂ ਸਾਲ ਇਸ ਤਰ੍ਹਾਂ ਚੱਲਣ ਨਾਲ ਗਿਆਨ ਅਤੇ ਵਿਚਾਰਾਂ ਦੀ ਉੱਤਮਤਾ ਵਿਚ ਫ਼ਰਕ ਪੈਂਦਾ ਰਿਹਾ। ਸਮਾਜ ਛਲਣੀ ਹੋ ਗਿਆ ਅਤੇ ਅਖ਼ੀਰ ਨੂੰ ਗ਼ੁਲਾਮ ਹੋ ਗਿਆ। ਜਦੋਂ ਗੁਰੂ-ਘਰ ਰਾਹੀਂ ਇਹ ਜੰਜਾਲ ਟੁੱਟਣ ਦੀ ਸੂਚਨਾ ਸਮਾਜ ਨੂੰ ਮਿਲੀ ਤਾਂ ਸਿੱਖ ਅਤੇ ਹੋਰ ਚਾਹਵਾਨ ਗੁਰੂ-ਘਰ ਆਉਣ ਲੱਗੇ। ਆਉਂਦੇ ਹੀ ਪਹਿਲਾਂ ਪੰਗਤ ਵਿਚ ਬੈਠ ਕੇ ਭੋਜਨ ਛੱਕਣਾ ਅਤੇ ਫਿਰ ਗੁਰੂ ਦੀ ਸੰਗਤ ਕਰ ਕੇ ਬ੍ਰਹਮ ਗਿਆਨ ਸਰਵਣ ਕਰਨਾ, ਮਾਨੋ ਇਸ ਤਰ੍ਹਾਂ ਹੋਇਆ ਜਿਵੇਂ ਮਾਰੂਥਲ ਵਿਚ ਕਈ ਵਰ੍ਹਿਆਂ ਦੇ ਸੋਕੇ ਉਪਰੰਤ ਘਣੇ ਬੱਦਲ ਦੀਆਂ ਬੂੰਦਾਂ ਡਿਗੀਆਂ ਹੋਣ। ਇਸ ਦੀ ਸੋਭਾ ਇਉਂ ਫੈਲੀ ਜਿਵੇਂ ਪਹਿਲੇ ਮੀਂਹ ਦੀਆਂ ਕਣੀਆਂ ਦੀ ਛੋਹ ਨਾਲ ਮਿੱਟੀ ਦੀ ਮਹਿਕ ਫੈਲਦੀ ਹੈ। ਸੋ, ਲੰਗਰ ਸਿਰਫ਼ ਭੋਜਨ ਨਹੀਂ ਹੈ, ਰਸੋਈ ਵਿਚੋਂ ਸਾਦਗੀ ਨਾਲ ਪੱਕ ਰਹੇ ਭੋਜਨ ਦੀ ਮਹਿਕ ਹੈ, ਇਹ ਪੰਗਤ ਵਿਚ ਬੈਠਣ ਦੀ ਸਾਂਝੀਵਾਲਤਾ ਹੈ ਅਤੇ ਉਪਰੰਤ ਸੰਗਤ ਵਿਚ ਇਕੱਠੇ ਬੈਠ ਕੇ ਹਰੀ ਦਾ ਜੱਸ ਹੈ। ਜੇ ਇਹ ਤਿੰਨ ਸਿਧਾਂਤ ਇਕੱਠੇ ਨਹੀਂ ਹਨ ਤਾਂ ਗੁਰਮਤ ਸਿਧਾਂਤ ਅਨੁਸਾਰ ਲੰਗਰ ਕਸਵੱਟੀ ‘ਤੇ ਸਹੀ ਨਹੀਂ ਹੈ।
ਕਈ ਵਿਦਵਾਨ ਲੰਗਰ ਨੂੰ ਸਿਰਫ਼ ਭੋਜਨ ਤੱਕ ਸੀਮਤ ਨਜ਼ਰੀਆ ਦਿੰਦੇ ਹਨ ਅਤੇ ਇਸ ਪ੍ਰਥਾ ਨੂੰ ਸਿਰਫ਼ ਸਮਾਜਿਕ ਪੱਖ ਤੋਂ ਹੀ ਦੇਖਣਾ ਚਾਹੁੰਦੇ ਹਨ। ਉਹ ਇਉਂ ਸੋਚਦੇ ਹਨ ਕਿ ਲੋੜਵੰਦ ਸਿਰਫ਼ ਗ਼ਰੀਬ ਹੁੰਦਾ ਹੈ ਅਤੇ ਲੰਗਰ ਸਿਰਫ਼ ਗ਼ਰੀਬਾਂ ਲਈ ਸੀ। ਕੀ ਗੋਇੰਦਵਾਲ ਸਾਹਿਬ ਸਿਰਫ਼ ਗ਼ਰੀਬ ਜਾਂ ਭੁੱਖੇ ਵਸਦੇ ਸਨ? ਮੇਰੀ ਸਮਝੇ ਤਾਂ ਉਸ ਸਮੇਂ ਦੇ ਦੁਨੀਆ ਦੇ ਸਭ ਤੋਂ ਰੱਜੇ ਅਤੇ ਸ੍ਰਿਸ਼ਟੀ ਦੇ ਪਾਤਸ਼ਾਹ ਉਸ ਧਰਤੀ ‘ਤੇ ਬਿਰਾਜਮਾਨ ਸਨ, ਜਿਨ੍ਹਾਂ ਨੂੰ ਦੇਸ਼ ਦਾ ਬਾਦਸ਼ਾਹ ਆਪ ਚੱਲ ਕੇ ਮਿਲਣ ਆਇਆ। ਸਿਰਫ਼ ਭੁੱਖਿਆਂ ਲਈ ਲੰਗਰ ਦੀ ਪ੍ਰਥਾ ਸ਼ੁਰੂ ਕਰ ਕੇ ਕਿੰਨੀ ਕੁ ਲੁਕਾਈ ਨੂੰ ਰਜਾਇਆ ਜਾ ਸਕਦਾ ਸੀ? ਅਸਲ ਵਿਚ ਗ਼ਰੀਬ ਨੂੰ ਭੋਜਨ ਖੁਆ ਕੇ ਉਸ ਦੀ ਭੁੱਖ ਹੀ ਦੂਰ ਨਹੀਂ ਸੀ ਕਰਦੇ ਗੁਰੂ ਸਾਹਿਬ। ਉਪਰੰਤ ਉਸ ਨੂੰ ਨਾਮ ਨਾਲ ਜੋੜ ਕੇ ਕਿਰਤ ਕਰਨ ਦਾ ਸਿਧਾਂਤ ਵੀ ਦ੍ਰਿੜ੍ਹਾਉਂਦੇ ਸਨ। ਇਹੀ ਸਿਧਾਂਤ ਤਾਂ ਸਿੱਖਾਂ ਦੀ ਹਰ ਗ਼ਰੀਬੀ ਨੂੰ ਅੱਜ ਵੀ ਦੂਰ ਕਰ ਰਿਹਾ ਹੈ।
ਸਾਂਝੀਵਾਲਤਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਗੁਰੂ ਅਮਰਦਾਸ ਜੀ ਨੇ ਬਾਉਲੀ ਬਣਵਾਈ, ਜਿਸ ਦੇ ਜਲ ਨਾਲ ਹਰ ਕੋਈ ਇਸ਼ਨਾਨ ਕਰ ਸਕਦਾ ਸੀ। ਲੰਗਰ ਪਹਿਲਾਂ ਹੀ ਚਲਦਾ ਸੀ। ਉਨ੍ਹਾਂ ਦੀ ਹਦਾਇਤ ਉੱਤੇ ਗੁਰੂ ਰਾਮ ਦਾਸ ਜੀ ਨੇ ‘ਗੁਰੂ ਕੇ ਚੱਕ ਅੰਮ੍ਰਿਤਸਰ’ ਦੀ ਮੋੜ੍ਹੀ ਗੱਡੀ। ਸਰੋਵਰ ਬਣਾਏ ਗਏ। ਪੰਜਵੇਂ ਗੁਰਾਂ ਨੇ ਦੋ ਗੁਰਧਾਮ ਤਿਆਰ ਕਰਵਾਏ, ਹਰਿਮੰਦਰ ਅਤੇ ਗੁਰਦੁਆਰਾ ਤਰਨ ਤਾਰਨ ਸਾਹਿਬ। ਦੋਵਾਂ ਗੁਰਧਾਮਾਂ ਵਿਖੇ ਵਿਸ਼ਾਲ ਸਰੋਵਰ ਹਨ ਅਤੇ ਦਰਬਾਰ ਸਾਹਿਬ। ਇਹ ਨਕਸ਼ਾ ਗੁਰਮਤਿ ਸਿਧਾਂਤ ਅਨੁਸਾਰ ਸੰਪੂਰਨ ਹੈ।
ਰੂਹਾਨੀ ਸਿਧਾਂਤ ਇਹ ਕਹਿੰਦਾ ਹੈ ਜਦੋਂ ਸਾਡੀ ਰੂਹ ਵੈਰਾਗ ਦੀ ਭੁੱਖ ਨਾਲ ਤੜਫਦੀ ਹੈ ਤਾਂ ਅਸੀਂ ਦੂਰ-ਦੂਰ ਤੱਕ ਗੁਰੂ ਦੀ ਭਾਲ ਕਰਦੇ ਹਾਂ। ਦੱਸ ਪੈਣ ‘ਤੇ ਚੱਲ ਕੇ ਉਸ ਵੱਲ ਨੂੰ ਤੁਰ ਪੈਂਦੇ ਹਾਂ ਅਤੇ ਪੈਂਡਾ ਤਹਿ ਕਰ ਕੇ ਉਸ ਦੇ ਦੁਆਰੇ ਪਹੁੰਚਦੇ ਹਾਂ ਤਾਂ ਅੱਗੋਂ ਇਕ ਸਿੱਖ ਉਸ ਦਾ ਸਵਾਗਤ ਕਰਦਾ ਹੈ ਅਤੇ ਜੀ ਆਇਆਂ ਕਹਿੰਦਾ ਹੈ। ਪਰ ਯਾਤਰੀ ਸਫ਼ਰ ਅਤੇ ਵੈਰਾਗ ਤੋਂ ਵਿਆਕੁਲ ਹੋਇਆ ਹੈ, ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਸਿੱਖ ਜਾਣਦਾ ਹੈ ਕਿ ਜਿਸ ਤਰ੍ਹਾਂ ਸਮੁੰਦਰੀ ਬੇੜੇ ਨੂੰ ਬੰਦਰਗਾਹ ਨਾਲ ਜੁੜਨ ਲਈ ਲੰਗਰ ਦੀ ਲੋੜ ਹੈ, ਉਸੇ ਹੀ ਤਰ੍ਹਾਂ ਇਸ ਯਾਤਰੀ ਨੂੰ ਵੀ ਪਹਿਲਾਂ ਠਹਿਰਾਓ ਦੀ ਲੋੜ ਹੈ। ਉਹ ਉਸ ਨੂੰ ਰਸਤੇ ਦੀ ਥਕਾਨ ਤੋਂ ਨਿਰਮਲ ਹੋਣ ਲਈ ਸਰੋਵਰ ਵਿਚ ਇਸ਼ਨਾਨ ਕਰਨ ਲਈ ਪ੍ਰੇਰਦਾ ਹੈ। ਸਰੋਵਰ ਵਿਚ ਹੋਰ ਕਿੰਨੇ ਪ੍ਰਾਣੀ ਇਸ਼ਨਾਨ ਕਰ ਰਹੇ ਹਨ ਦੇਖ ਵਿਸਮਾਦ ਹੋ ਜਾਂਦਾ ਹੈ ਕਿ ਸਾਰੇ ਇਕੋ ਹੀ ਥਾਂ ਪਵਿੱਤਰ ਹੋ ਰਹੇ ਹਨ? ਉਪਰੰਤ ਉਹ ਸਿੱਖ ਯਾਤਰੀ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਂਦਾ ਹੈ ਅਤੇ ਉਸ ਦੇ ਪੇਟ ਦੀ ਭੁੱਖ-ਪਿਆਸ ਨੂੰ ਮਿਟਾਉਂਦਾ ਹੈ। ਉਪਰੰਤ ਉਸ ਨੂੰ ਆਰਾਮ ਕਰ ਕੇ ਰਹਿਰਾਸ ਵੇਲੇ ਸੰਗਤ ਵਿਚ ਆ ਕੇ ਗੁਰੂ ਦਰਸ਼ਨ ਕਰਨ ਲਈ ਕਹਿੰਦਾ ਹੈ। ਹੁਣ ਤੱਕ ਸਰੀਰ ਨਿਰਮਲ ਹੋ ਚੁੱਕਾ ਸੀ ਪਰ ਵੈਰਾਗ ਹੋਰ ਪ੍ਰਚੰਡ ਹੋ ਰਿਹਾ ਸੀ ਕਿ ਜੇ ਗੁਰੂ ਕਾ ਸਿੱਖ ਇਹੋ ਜਿਹਾ ਹੈ ਤਾਂ ਗੁਰੂ ਦਾ ਕੀ ਰੂਪ ਹੋਵੇਗਾ? ਸ਼ਾਮ ਨੂੰ ਗੁਰੂ-ਦਰਬਾਰ ਵਿਚ ਪਹੁੰਚ ਕੇ ਜਿਵੇਂ ਹੀ ਗੁਰੂ ਦੇ ਮੁੱਖ ਵੱਲ ਤੱਕਦਾ ਹੈ ਤਾਂ ਉਹ ਵਿਸਮਾਦ ਵਿਚ ਸੁੰਨ ਹੋ ਜਾਂਦਾ ਹੈ। ਇਹ ਤਾਂ ਉਹ ਸਿੱਖ ਹੀ ਸੀ, ਜੋ ਉਸ ਦੀ ਸਵੇਰੇ ਤੋਂ ਸੇਵਾ ਕਰ ਰਿਹਾ ਸੀ। ਏਨਾ ਮਹਾਨ ਹੈ ਗੁਰੂ! ਜੀ ਹਾਂ, ਇਹ ਪੰਜਵੇਂ ਗੁਰਾਂ ਦੀ ਵਾਰਤਾ ਹੈ।
ਕੀ ਅੱਜ ਵੀ ਲੰਗਰ ਦੀ ਅਹਿਮੀਅਤ ਹੈ? ਜੀ ਬਿਲਕੁਲ, ਉਤਨੀ ਹੀ ਜਿਤਨੀ ਗੁਰੂ ਸਾਹਿਬ ਵਕਤ ਸੀ। ਅੱਜ ਇਕੱਲੇ ਹਰਮਿੰਦਰ ਸਾਹਿਬ ਵਿਖੇ ਦੋ ਲੱਖ ਪ੍ਰਾਣੀ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ ਅਤੇ ਰੂਹਾਨੀਅਤ ਨਾਲ ਜੁੜਦੇ ਹਨ। ਦੁਨੀਆ ਦੇ ਹਰ ਕੋਨੇ ਵਿਚ ਗੁਰੂ-ਘਰਾਂ ਵਿਚ ਜਾ ਕੇ ਕਰੋੜਾਂ ਪ੍ਰਾਣੀ ਬਾਣੀ ਨਾਲ ਜੁੜਦੇ ਹਨ ਅਤੇ ਲੋੜ ਮੁਤਾਬਿਕ ਲੰਗਰ ਵੀ ਛਕਦੇ ਹਨ ਅਤੇ ਲੋੜ ਪੈਣ ‘ਤੇ ਲੰਗਰ ਲਾਉਂਦੇ ਵੀ ਹਨ। ਲੱਖਾਂ ਭਾਈ ਮੰਝ ਹਨ, ਜੋ ਬਿਨਾਂ ਸਵਾਲ ਗੁਰੂ ਦੀ ਗੋਲਕ ਵਿਚ ਦਸਵੰਧ ਪਾਉਂਦੇ ਹਨ।
ਆਪਣੇ ਪਿੰਡਾਂ ਜਾਂ ਵਿਦੇਸ਼ਾਂ ਵਿਚ ਗੁਰੂ-ਘਰਾਂ ਦੀ ਲੰਗਰ ਵਿਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਬਿਲਕੁਲ ਗੁਰਮਤ ਵਾਲੀ ਅਤੇ ਛਕਣ ਵਾਲੇ ਭਾਈ ਮੰਝ ਵਰਗੇ। ਕਈ ਥਾਵਾਂ ‘ਤੇ ਸੁਣਨ ਅਤੇ ਦੇਖਣ ਨੂੰ ਮਿਲਿਆ ਹੈ ਕਿ ਕੁਝ ਕੁ ਪ੍ਰਾਣੀ ਗੁਰੂ-ਘਰ ਸਿਰਫ਼ ਲੰਗਰ ਛਕਣ ਹੀ ਜਾਂਦੇ ਹਨ ਅਤੇ ਕੁਝ ਕੁ ਆਪਣੇ ਨਾਲ ਕਈ ਦਿਨਾਂ ਦਾ ਲੰਗਰ ਡੱਬਿਆਂ ਵਿਚ ਬੰਨ੍ਹ ਕੇ ਲੈ ਜਾਂਦੇ ਹਨ। ਇਹ ਸਰਾਸਰ ਮਨਮੁੱਖਤਾ ਹੈ ਅਤੇ ਉਨ੍ਹਾਂ ਨੂੰ ਬਿਲਕੁਲ ਵੀ ਜਚਦਾ ਨਹੀਂ। ਕਈ ਵਾਰੀ ਇਹੋ ਜਿਹੀ ਸਥਿਤੀ ਆ ਸਕਦੀ ਹੈ ਪਰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਢੁਕਵੀਂ ਸੇਵਾ ਜ਼ਰੂਰ ਕੀਤੀ ਜਾਵੇ। ਹਾਂ, ਜੇ ਕੋਈ ਭਾਈਚਾਰੇ ਵਿਚੋਂ ਬਿਮਾਰ ਹੋ ਜਾਵੇ ਜਾਂ ਅਤਿ ਲੋੜ ਪੈ ਜਾਵੇ ਤਾਂ ਪ੍ਰਬੰਧਕਾਂ ਨੂੰ ਦੱਸ ਕੇ ਉਸ ਤੱਕ ਲੰਗਰ ਅੱਪੜਦਾ ਕਰਨਾ ਪੁੰਨ ਹੋਵੇਗਾ। ਜੇ ਕੋਈ ਬੇਅਦਬੀ ਕਰੇ ਤਾਂ ਉਸ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਿਧਾਂਤ ਨਾਲ ਜੋੜਨਾ ਚਾਹੀਦਾ ਹੈ।
ਇਸ ਗੱਲ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਭੁੱਖੇ ਪੇਟ ਕਦੇ ਵੀ ਭਗਤੀ ਨਹੀਂ ਹੁੰਦੀ। ਸੰਗਤ ਨੂੰ ਭੁੱਖਿਆਂ ਦਰਬਾਰ ਵਿਚ ਬਿਠਾਈ ਰੱਖਣਾ ਅਤੇ ਸਮੇਂ ਸਿਰ ਲੰਗਰ ਨਾ ਵਰਤਾਉਣਾ ਵੀ ਗੁਰ-ਸੰਗਤ ਸਿਧਾਂਤ ਨੂੰ ਕਮਜ਼ੋਰ ਕਰਦਾ ਹੈ। ਸੋ, ਲੰਗਰ ਸਮੇਂ ਸਿਰ ਹੀ ਵਰਤਾ ਦੇਣਾ ਚਾਹੀਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਲੰਗਰ ਸਾਦਾ ਹੋਵੇ ਅਤੇ ਉਸ ਵਿਚ ਸਮੇਂ ਦੀਆਂ ਘਰੇਲੂ ਪ੍ਰਚੱਲਿਤ ਵੰਨਗੀਆਂ ਹੋਣ। ਲੰਗਰ ਅਤਿ ਪੌਸ਼ਟਿਕ ਹੋਣਾ ਚਾਹੀਦਾ ਹੈ ਅਤੇ ਸਫ਼ਾਈ ਤੇ ਸੰਭਾਲ ਦੇ ਸਥਾਨਕ ਭੋਜਨ ਕਾਨੂੰਨਾਂ ਦੀ ਵੀ ਪਾਲਣਾ ਕੀਤੀ ਜਾਵੇ। ਇਸ ਤਰ੍ਹਾਂ ਕਰਨ ਨਾਲ ਲੰਗਰ ਦੀ ਪਵਿੱਤਰਤਾ ਕਾਇਮ ਰਹੇਗੀ ਅਤੇ ਨਵੀਂ ਪੀੜ੍ਹੀ ਦਾ ਵਿਸ਼ਵਾਸ ਹੋਰ ਵਧੇਗਾ।
Amandeep Singh Sidhu

-ਆਸਟ੍ਰੇਲੀਆ। ਮੋਬਾ: +61431197305
harmanradio@gmail.com
Via Ajit Jalandhar




Tags: ,
Posted in: ਸਾਹਿਤ