ਗੁਰ ਰਾਮਦਾਸ ਰਾਖਹੁ ਸਰਣਾਈ

By October 21, 2017 0 Comments


ਡਾ. ਸਤਿੰਦਰ ਪਾਲ ਸਿੰਘ
guru ramdas ji
ਗੁਰੂ ਰਾਮਦਾਸ ਦੀ ਸ਼ਰਨ ਹਰੇਕ ਸਿੱਖ ਦੇ ਮਨ ਦੀ ਤਾਂਘ ਤੇ ਅਰਦਾਸ ਹੈ। ਔਗੁਣਾਂ ਨਾਲ ਭਰਿਆ ਹੋਇਆ ਮਨੁੱਖ ਮੁਕਤੀ ਦੀ ਆਸ ਵਿੱਚ ਭਟਕਦਾ ਫਿਰਦਾ ਹੈ। ਗੁਰੂ ਰਾਮਦਾਸ ਜੀ ਦੀ ਮਿਹਰ ਵਿਕਾਰਾਂ ਨੂੰ ਵਸ ’ਚ ਕਰਨ ਵਾਲੀ ਹੈ। ਜਮ ਦਾ ਭੈਅ ਮਿਟ ਜਾਂਦਾ ਹੈ। ਗੁਰੂ ਸਾਹਿਬ ਦੀ ਕਿਰਪਾ ਭਵਸਾਗਰ ਤੋਂ ਪਾਰ ਉਤਾਰਨ ਵਾਲੀ ਹੈ।
ਗੁਰੂ ਰਾਮਦਾਸ ਜੀ ਦੇ ਸੱਦੇ ਹੋਏ ਕਰੋੜਾਂ ਲੋਕ ਹਰ ਸਾਲ ਅੰਮ੍ਰਿਤਸਰ ਸਾਹਿਬ ਪੁੱਜ ਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਲਾਉਂਦੇ ਹਨ। ਜੋ ਨਹੀਂ ਜਾ ਪਾਂਦੇ ਉਹ ਗੁਰ ਸ਼ਬਦ ਅੱਗੇ ਨਤਮਸਤਕ ਹੁੰਦੇ ਹਨ। ਗੁਰੂ ਸਾਹਿਬ ਨੇ ਕਿਹਾ ਕਿ ਸਮਰਪਣ, ਸ਼ਰਧਾ ਤੇ ਭਾਵਨਾ ਨਾਲ ਹੀ ਵਾਹਿਗੁਰੂ ਦੀ ਨਦਰਿ ਮਿਲਦੀ ਹੈ,“ ਮਨੁ ਤਨੁ ਅਰਪਿਆ ਬਹੁਤ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ।’’ ਸਮਰਪਣ, ਸ਼ਰਧਾ ਤੇ ਪ੍ਰੇਮ ਗੁਰਸਿੱਖੀ ਦੇ ਮੁੱਖ ਤੱਤ ਹਨ। ਭਾਈ ਜੇਠਾ ਤੋਂ ਗੁਰੂ ਰਾਮਦਾਸ ਬਣਨ ਤਕ ਦੀ ਯਾਤਰਾ ਵੀ ਇਨ੍ਹਾਂ ਪੜਾਵਾਂ ਤੋਂ ਹੋ ਕੇ ਹੀ ਗੁਜ਼ਰੀ ਸੀ।
ਮਨੁੱਖ ਜਦੋਂ ਤਕ ਆਪਣੇ ’ਤੇ ਮਾਣ ਕਰੀ ਜਾਂਦਾ ਹੈ, ਉਸ ਅੰਦਰ ਸਮਰਪਣ ਦੀ ਭਾਵਨਾ ਨਹੀਂ ਬਣਦੀ। ਭੱਟ ਕਵੀ ਭਾਈ ਕੀਰਤ ਨੇ ਕਿਹਾ ਕਿ ਆਪਣੇ ਔਗੁਣ ਪਛਾਣੇ ਬਿਨਾਂ ਵਾਹਿਗੁਰੂ ਦੀ ਸ਼ਰਨ ਦੀ ਮਹੱਤਤਾ ਸਮਝ ਨਹੀਂ ਆਉਂਦੀ। ਜੋ ਵਾਹਿਗੁਰੂ ਤੋਂ ਦੂਰ ਹੈ, ਉਹ ਔਗੁਣਾਂ, ਵਿਕਾਰਾਂ ਨਾਲ ਭਰਿਆ ਹੋਇਆ ਹੈ, ਉਸ ਅੰਦਰ ਕੋਈ ਗੁਣ , ਸਮਰੱਥਾ ਨਹੀਂ ਜੋ ਦੁੱਖਾਂ, ਕਲੇਸ਼ਾਂ ਤੋਂ ਉਭਾਰ ਲਵੇ। ਗੁਰੂ ਦੀ ਸਿੱਖਿਆ ਤੋਂ ਵਿਹੂਣਾ ਮਨੁੱਖ ਦਿਨ ਰਾਤ ਪਾਪ ਕਮਾਈ ਜਾਂਦਾ ਹੈ। ਉਹ ਮਾਇਆ, ਮੋਹ ਵਿੱਚ ਪੈ ਕੇ ਜੀਵਨ ਦਾ ਮਨੋਰਥ ਗੁਆ ਬਹਿੰਦਾ ਹੈ। ਅਜਿਹੇ ਮਨੁੱਖ ਦਾ ਮਨ ਭਰਮਾਂ ਵਿੱਚ ਪਿਆ ਹੋਇਆ ਭਟਕਦਾ ਰਹਿੰਦਾ ਹੈ। ਇਸ ਕਾਰਨ ਉਸ ਨੂੰ ਤਿਲ ਮਾਤਰ ਵੀ ਸੁਖ ਨਸੀਬ ਨਹੀਂ ਹੁੰਦਾ। ਪਰਮਾਤਮਾ ਦੀ ਮਿਹਰ ਨਾਲ ਹੀ ਮਨੁੱਖ ਦੀ ਚੇਤਨਾ ਜਾਗਦੀ ਹੈ।
ਬਚਪਨ ਵਿੱਚ ਹੀ ਗੁਰੂ ਰਾਮਦਾਸ ਜੀ ਦੇ ਸਿਰ ’ਤੇ ਮਾਤਾ-ਪਿਤਾ ਦਾ ਹੱਥ ਨਾ ਰਿਹਾ। ਪਰਿਵਾਰ ਦੇ ਪਾਲਣ ਪੋਸ਼ਣ ਦਾ ਕੋਈ ਜ਼ਰੀਆ ਨਹੀਂ ਸੀ। ਉਨ੍ਹਾਂ ਨੂੰ ਨਾਨਕੇ ਆਉਣਾ ਪਿਆ। ਦਿਨ ਭਰ ਗਲੀ ਗਲੀ ਘੂੰਙਣੀਆਂ ਵੇਚ ਕੇ ਗੁਜ਼ਾਰਾ ਕਰਨ ਲੱਗੇ। ਉਨ੍ਹਾਂ ਨੇ ਇਸ ਹਾਲਾਤ ਵਿੱਚ ਗੁਰੂ ਅਮਰਦਾਸ ਜੀ ਦੀ ਸ਼ਰਨ ਲਈ। ਵਾਹਿਗੁਰੂ ਦੀ ਸ਼ਰਨ ਮਗਰੋਂ ਮਨ ਨਾਮ ਜਪਣ ਲੱਗ ਪੈਂਦਾ ਹੈ। ਮਨੁੱਖ ਦੇ ਮਨ ਦੀ ਸ਼ਰਧਾ ਨੂੰ ਗੁਰੂ ਰਾਮਦਾਸ ਸਾਹਿਬ ਨੇ ਆਪਣੀ ਬਾਣੀ ਵਿੱਚ ਸੁੰਦਰ ਰੂਪ ਦਿੱਤਾ:
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ।।
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ।।
ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ।।
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ।। (ਪੰਨਾ 849)
ਗੁਰੂ ਸਾਹਿਬ ਦੇ ਇਹ ਵਚਨ ਗੁਰਸਿੱਖ ਦੀ ਸੱਚੀ ਸ਼ਰਧਾ ਦਾ ਸਟੀਕ ਬਿਆਨ ਹਨ। ਪ੍ਰਭੂ ਦੀ ਵਡਿਆਈ ਤੇ ਅਡੋਲ ਵਿਸ਼ਵਾਸ, ਸੰਸਾਰ ਵਿੱਚ ਵਰਤ ਰਹੇ ਉਸ ਇੱਕੋ ਇੱਕ ਦੇ ਹੁਕਮ, ਭਗਤ ਦੇ ਅੰਦਰ ਤੇ ਬਾਹਰ ਦੀ ਅਵਸਥਾ ਤੇ ਪਲ ਪਲ ਦੀ ਰੱਬੀ ਬਿਰਤੀ ਤੋਂ ਸ਼ਰਧਾ ਦਾ ਜਨਮ ਹੁੰਦਾ ਹੈ। ਆਪਣੇ ਆਪ ਨੂੰ ਪੂਰਨ ਤੌਰ ’ਤੇ ਪਰਮਾਤਮਾ ਦੇ ਭਰੋਸੇ ਟਿਕਾ ਦੇਣਾ ਤੇ ਉਸ ਵਿੱਚ ਲੀਨ ਹੋ ਜਾਣਾ ਹੀ ਪਰਮਾਤਮਾ ਪ੍ਰਤੀ ਸ਼ਰਧਾ ਹੈ। ਇਸ ਦਾ ਅਗਲਾ ਪੜਾਅ ਪਰਮਾਤਮਾ ਪ੍ਰਤੀ ਪ੍ਰੇਮ ਉਪਜਣਾ ਹੈ।
ਗੁਰੂ ਰਾਮਦਾਸ ਜੀ ਨੇ ਕਿਹਾ ਕਿ ਗੁਰਸਿੱਖ ਅੰਦਰ ਪਰਮਾਤਮਾ ਦੀ ਪ੍ਰੀਤ ਪੈਦਾ ਹੋਣ ਵਿੱਚ ਗੁਰਸਿੱਖ ਦੀ ਕੋਈ ਵਡਿਆਈ ਨਹੀਂ। ਇਹ ਪ੍ਰੀਤ ਤਾਂ ਪਰਮਾਤਮਾ ਆਪ ਲਗਾਉਂਦਾ ਹੈ। ਸਮਰਪਣ ਤੇ ਸ਼ਰਧਾ ਦੀ ਅਵਸਥਾ ਆਪਣੇ ’ਤੇ ਮਾਣ ਕਰਨ ਦਾ ਕੋਈ ਕਾਰਨ ਨਹੀਂ ਰਹਿਣ ਦਿੰਦੀ। ਪਰਮਾਤਮਾ ਦੀ ਪ੍ਰਸੰਨਤਾ ਗੁਰਸਿੱਖ ਦੀ ਪ੍ਰਸੰਨਤਾ ਹੋ ਜਾਂਦੀ ਹੈ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿੱਚ ਬਾਉਲੀ ਦੀ ਖੁਦਾਈ ਸਮੇਂ ਇੱਕ ਥੜ੍ਹਾ ਬਣਾਉਣ ਦੀ ਇੱਛਾ ਪ੍ਰਗਟ ਕੀਤੀ, ਜਿਸ ’ਤੇ ਬਹਿ ਕੇ ਗੁਰੂ ਸਾਹਿਬ ਬਾਉਲੀ ਦੇ ਕੰਮ ਦੀ ਨਿਗਰਾਨੀ ਕਰ ਸਕਣ। ਇਸ ਲਈ ਗੁਰੂ ਅਮਰਦਾਸ ਜੀ ਨੇ ਆਪਣੇ ਵੱਡੇ ਦਾਮਾਦ ਭਾਈ ਰਾਮਾ ਜੀ ਤੇ ਨਿੱਕੇ ਦਾਮਾਦ ਭਾਈ ਜੇਠਾ ਨੂੰ ਵੱਖ ਵੱਖ ਥੜ੍ਹੇ ਬਣਾਉਣ ਲਈ ਕਿਹਾ। ਥੜ੍ਹੇ ਬਣ ਕੇ ਤਿਆਰ ਹੋ ਗਏ ਤਾਂ ਗੁਰੂ ਅਮਰਦਾਸ ਸਾਹਿਬ ਦੇ ਦੋਵਾਂ ਦੇ ਬਣਾਏ ਥੜ੍ਹੇ ਨਾਪਸੰਦ ਕਰ ਦਿੱਤੇ ਤੇ ਢਾਹ ਕੇ ਦੁਬਾਰਾ ਬਣਾਉਣ ਲਈ ਕਿਹਾ। ਥੜ੍ਹੇ ਦੁਬਾਰਾ ਬਣੇ ਤਾਂ ਗੁਰੂ ਅਮਰਦਾਸ ਜੀ ਨੇ ਨੁਕਸ ਕੱਢ ਕੇ ਥੜ੍ਹੇ ਫਿਰ ਤੁੜਵਾ ਦਿੱਤੇ। ਇਹ ਸਿਲਸਿਲਾ ਕਈ ਦਿਨਾਂ ਤੱਕ ਚੱਲਿਆ ਤਾਂ ਭਾਈ ਰਾਮਾ ਜੀ ਨਾਰਾਜ਼ ਹੋ ਗਏ। ਭਾਈ ਜੇਠਾ ਜੀ ਨੇ ਕਿਹਾ ਕਿ ਉਹ ਤਾਂ ਖ਼ੁਸ਼ ਹਨ ਕਿ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਦੀ ਗ਼ਲਤੀ ਕੱਢੀ ਤੇ ਨਵੀਂ ਰਾਹ ਵਿਖਾਈ। ਗੁਰੂ ਅਮਰਦਾਸ ਜੀ ਦੀ ਪ੍ਰਸੰਨਤਾ ਵਿੱਚ ਹੀ ਉਨ੍ਹਾਂ ਦੀ ਪ੍ਰਸੰਨਤਾ ਹੈ।
ਆਪਣੇ ਆਪ ਨੂੰ ਮਿਟਾ ਦੇਣਾ ਤੇ ਵਾਹਿਗੁਰੂ ਵਿੱਚ ਆਪਣੇ ਆਪ ਨੂੰ ਸਮੋ ਦੇਣਾ ਹੀ ਪ੍ਰੇਮ ਹੈ। ਪ੍ਰੇਮ ਤੋਂ ਸੇਵਾ ਦੀ ਸਮਝ ਆਉਂਦੀ ਹੈ। ਇਸ ਅਤੁੱਲ ਅਵਸਥਾ ਵਿੱਚ ਵਾਹਿਗੁਰੂ ਦੀ ਸੇਵਾ ਪਰਮ ਪਦ ਸਮਾਨ ਹੋ ਜਾਂਦੀ ਹੈ। ਗੁਰੂ ਅਮਰਦਾਸ ਜੀ ਦੇ ਜਵਾਈ ਬਣਨ ਤੋਂ ਬਾਅਦ ਵੀ ਗੁਰੂ ਰਾਮਦਾਸ ਜੀ ਸਿਰ ’ਤੇ ਮਿੱਟੀ ਦੀ ਟੋਕਰੀ ਚੁੱਕ ਕੇ ਬਾਉਲੀ ਦੀ ਸੇਵਾ ’ਚ ਲੱਗੇ ਰਹੇ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਇਹ ਮਿੱਟੀ ਗਾਰੇ ਦੀ ਟੋਕਰੀ ਨਹੀਂ, ਸਗੋਂ ਦੀਨ ਦੁਨੀਆਂ ਦਾ ਛਤਰ ਹੈ।

ਸੰਪਰਕ: 94159-60533
Tags:
Posted in: ਸਾਹਿਤ