ਚੜਿਆ ਸੂਰਜ ਜਗੁ ਰੁਸਨਾਈ

By October 15, 2017 0 Comments


guru-nanak-dev-ji1ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਨੂੰ ‘ਸੂਰਜ’ ਦੇ ਚੜ੍ਹਨ ਦੀ ਉਪਮਾ ਦੇ ਕੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਮਹਾਨਤਾ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਨਾਲ ਸੰਸਾਰ ਤੋਂ ਵਹਿਮਾਂ, ਪਾਖੰਡਾਂ, ਭਰਮਾਂ ਰੂਪੀ ਹਨੇਰਾ ਦੁਰ ਹੋ ਜਾਂਦਾ ਹੈ ਤੇ ਸਾਰੇ ਪਾਸੇ ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ।
ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਨਾਲ ਜੋ ਪ੍ਰਕਾਸ਼ ‘ਸੱਚ’ ਦੁਆਰਾ ਹੋਇਆ, ਉਸ ਨੂੰ ਸਮਝਣ ਲਈ ਸਾਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਰਸਾਏ ‘ਸੱਚ ਸਿਧਾਂਤ’ ਨੂੰ ਸਮਝਣ ਦੀ ਲੋੜ ਭਾਸਦੀ ਹੈ। ਗੁਰੂ ਨਾਨਕ ਬਾਣੀ ਵਿਚ ਅਕਾਲ ਪੁਰਖ ਨੂੰ ‘ਪਰਮ-ਸੱਚ’ ਮੰਨਿਆ ਗਿਆ ਹੈ। ਗੁਰੂ ਨਾਨਕ ਬਾਣੀ ਵਿਚ ਸੱਚ ਦੀ ਹੀ ਪ੍ਰਧਾਨਤਾ ਹੈ। ਹੋਣੀ ਵੀ ਸੀ, ਕਿਉਂਕਿ ਧੁਰ ਕੀ ਬਾਣੀ, ਇਲਾਹੀ ਬਾਣੀ ਸੱਚ ਹੀ ਤਾਂ ਹੋ ਸਕਦੀ ਹੈ। ਇਹੋ ਕਾਰਨ ਹੈ ਕਿ ਅੱਜ ਵੀ ਇਹ ਉਪਦੇਸ਼ ਗੂੰਜ ਰਿਹਾ ਹੈ :
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ£ 2£ 3£5£ (ਪੰਨਾ 723)
ਗੁਰੂ ਨਾਨਕ ਦੇਵ ਜੀ ‘ਜਪੁ’ ਬਾਣੀ ਦੇ ਆਰੰਭ ਵਿਚ ਬੜੇ ਹੀ ਸੰਖੇਪ ਸ਼ਬਦਾਂ ‘ਚ ਪਰਮ ਹਸਤੀ ਦੇ ਗੁਣਾਂ ਦਾ ਵਰਣਨ ਕਰਦੇ ਹਨ। ਪਰਮ-ਹਸਤੀ ਦੇ ਗੁਣਾਂ ਨੂੰ ਗੁਰੂ ਸਾਹਿਬ ਨੇ ਮੂਲ ਮੰਤਰ ਦੇ ਸਤ ਸਮਾਂਸਾਂ ਵਿਚ ਅੰਕਿਤ ਕੀਤਾ ਹੈ। ਮੂਲ ਮੰਤਰ ਦਾ ਦੂਸਰਾ ਸਮਾਂਸ ਸਤਿਨਾਮੁ ਹੈ। ਇਹ ਸ਼ਬਦ ਸਾਰੰਸ਼ ਰੂਪ ਵਿਚ ਗੁਰਬਾਣੀ ਵਿਚ 48 ਵਾਰੀ ਆਇਆ ਹੈ। ‘ਸਤਿ’ ਸ਼ਬਦ ਦੇ ਪ੍ਰਯੋਗ ਪਰਮ ਹਸਤੀ ਲਈ ਕੀਤਾ ਗਿਆ ਹੈ। ‘ਸਤਿ’ ਸ਼ਬਦ ਪਰਮ ਹਸਤੀ ਦੀ ਹੋਂਦ ਦਾ ਲਖਾਇਕ ਹੈ। ਇਹ ਹੋਂਦ ਅਸਥਾਈ ਨਹੀਂ ਸਥਾਈ ਹੈ, ਪਰਵਰਤਨਸ਼ੀਲ ਨਹੀਂ, ਅਪਰਵਰਤਨਸ਼ੀਲ ਹੈ। ਇਹ ਹੋਂਦ ਯੁੱਗਾਂ ਦੇ ਆਰੰਭ ਤੋਂ ਵੀ ਪਹਿਲਾਂ ਸੀ, ਹੁਣ ਵੀ ਹੈ, ਹਮੇਸ਼ਾਂ ਰਹੇਗੀ। ਗੁਰੂ ਨਾਨਕ ਸਾਹਿਬ ਪਰਮ-ਹਸਤੀ ਦੀ ਸਦੀਵੀ ਸਤਿ ਹੋਂਦ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ :
ਆਦਿ ਸਚੁ ਜੁਗਾਦਿ ਸਚੁ£ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ£ 1£ (ਪੰਨਾ 285)
ਅਕਾਲ ਪੁਰਖ ਸਤਿ ਹੈ, ਭਾਵ ਸਦਾ ਰਹਿਣ ਵਾਲਾ ਹੈ। ਇਸ ਸਦੀਵੀ ਹੋਂਦ ਵਾਲੀ ਪਰਮ ਹਸਤੀ ਨੂੰ ਇੰਦਰਿਆਵੀ ਗਿਆਨ ਰਾਹੀਂ ਜਾਣਿਆਂ ਨਹੀਂ ਜਾ ਸਕਦਾ। ਇਹ ਪਰਮ ਹਸਤੀ ਬੇਅੰਤ, ਸਰਵ-ਸ਼ਕਤੀਮਾਨ, ਰਚਨਹਾਰ ਤੇ ਕ੍ਰਿਪਾਲੂ ਹੈ। ਸਿਵਾਏ ਇਸ ਪਰਮ ਸੱਚ ਤੋਂ ਕੋਈ ਸੰਸਾਰਿਕ ਵਸਤੂ ਅਜਿਹੀ ਨਹੀਂ ਜੋ ਹਮੇਸ਼ਾਂ ਰਹਿ ਸਕੇ। ਇਸ ਲਈ ਗੁਰਦੇਵ ਜਪੁ ਬਾਣੀ ਵਿਚ ਫੁਰਮਾਉਂਦੇ ਹਨ :
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ£ (ਪੰਨਾ 7)
ਪਰਮ ਹਸਤੀ ਦੀ ਹੋਂਦ ਸਮੇਂ ਅਤੇ ਸਥਾਨ ਤੋਂ ਸੁਤੰਤਰ ਹੈ, ਸਗੋਂ ਪਰਮ-ਹਸਤੀ ਸਮੇ ਤੇ ਸਥਾਨ ਦੀ ਕਰਤਾ ਤੇ ਇਨ੍ਹਾਂ ‘ਤੇ ਕਾਬੂ ਰੱਖਦੀ ਹੈ। ਇਸ ਸਤਿ-ਸਰੂਪ ਪਰਮ-ਹਸਤੀ ਬੋਲਚਾਲ ਤੋਂ ਪਰ੍ਹੇ ਅਤਿ ਡੂੰਘੀ ਅਤੇ ਅਲੇਪ ਹੈ। ਗੁਰੂ ਨਾਨਕ ਸਾਹਿਬ ਮਾਰੂ ਰਾਗ ਵਿਚ ਪਰਮ-ਹਸਤੀ ਦੇ ਇਹਨਾਂ ਗੁਣਾਂ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ:
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ£ ਤੂ ਪੁਰਖੁ ਅਲੇਖ ਅਗੰਮ ਨਿਰਾਲਾ£
(ਪੰਨਾ 1038)
ਇਸ ਲਈ ਇਹ ਸਤਿ ਜਾਂ ਸਚੁ ਆਦਿ ਅਨੀਲ ਅਨਾਹਤ ਹੈ। ਗੁਰੂ ਨਾਨਕ ਦੇਵ ਜੀ ਦੇ ਸਚੁ ਸਿਧਾਂਤ ਦਾ ਦੂਸਰਾ ਪੱਖ, ਪਹਿਲੇ ਪੱਖ ਨਾਲ ਹੀ ਸਬੰਧਿਤ ਹੈ। ਇਹ ਪੱਖ ਪਰਮ-ਹਸਤੀ ਦੁਆਰਾ ਸਾਜੀ ਰਚਨਾ ਦੇ ਸੱਚ ਹੋਣ ਦੀ ਪ੍ਰੋੜ੍ਹਤਾ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਪ੍ਰਸਿੱਧ ਦਰਸ਼ਨ ਵੇਤਾ ਮਹਾਤਮਾ ਬੁੱਧ ਦਾ ਇਹ ਸਿਧਾਂਤ ਕਿ ਸੰਸਾਰ ਦੁੱਖਾਂ ਦਾ ਘਰ ਹੈ ਤੇ ਸ਼ੰਕਰਾ ਅਚਾਰੀਆ ਦਾ ਇਹ ਸਿਧਾਂਤ ਕਿ ਸੰਸਾਰ ਦੀ ਹੋਂਦ ਭਰਮ ਮਾਤਰ ਹੈ, ਪ੍ਰਚੱਲਤ ਸਨ। ਅਚਾਰੀਆ ਸ਼ੰਕਰ ਅਨੁਸਾਰ ‘ਇਸ ਜਗਤ ਦੀ ਕੋਈ ਹੋਂਦ ਨਹੀਂ ਤੇ ਜਗਤ ਦੀ ਹੋਂਦ ਸਾਨੂੰ ਇਸ ਕਰਕੇ ਪ੍ਰਤੀਤ ਹੁੰਦੀ ਹੈ, ਕਿਉਂਕਿ ਅਸੀਂ ਹਨੇਰੇ ਵਿਚ ਹਾਂ।’
ਪਰ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਵਿਚਾਰਾਂ ਨੂੰ ਬੇ-ਬੁਨਿਆਦ ਤੇ ਤਰਕਹੀਣ ਦੱਸਦਿਆ ਹੋਇਆਂ ‘ਸਚੁ’ ਦੀ ਸਮੁੱਚੀ ਰਚਨਾ ਨੂੰ ਸਚ ਮੰਨਿਆਂ ਹੈ। ਭਾਵੇਂ ਇਹ ਰਚਨਾ ਸਦੀਵੀ ਨਹੀਂ, ਪਰ ਜਿਤਨਾ ਚਿਰ ਇਸ ਦੀ ਹੋਂਦ ਹੈ, ਉਤਨਾਂ ਚਿਰ ਇਹ ਵੀ ਪਰਮ ਸਚੁ ਵਾਂਗਰ ਹੀ ਸੱਚੀ ਹੈ। ਪਰਮ-ਸਤਿ ਦੀ ਉਪਜ ਵੀ ਸਤ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ‘ਆਸਾ ਦੀ ਵਾਰ’ ਵਿਚ ਕਰਤੇ ਦੀ ਰਚਨਾ ਨੂੰ ‘ਸਚ’ ਸਰੂਪ ਦਰਸਾਉਂਦੇ ਹਨ:
ਸਚੇ ਤੇਰੇ ਖੰਡ ਸਚੇ ਬ੍ਰਹਮੰਡ £ ਸਚੇ ਤੇਰੇ ਲੋਅ ਸਚੇ ਆਕਾਰ ।
ਸਚੇ ਤੇਰੇ ਕਰਣੇ ਸਰਬ ਬੀਚਾਰ £ ਸਚਾ ਤੇਰਾ ਅਮਰੁ ਸਚਾ ਦੀਬਾਣੁ ॥
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ £ ਸਚਾ ਤੇਰਾ ਕਰਮੁ ਸਚਾ ਨੀਸਾਣੁ ।
ਸਚੇ ਤੁਧੁ ਆਖਹਿ ਲਖ ਕਰੋੜਿ £ ਸਚੈ ਸਭਿ ਤਾਣਿ ਸਚੈ ਸਭਿ ਜੋਰਿ॥
ਸਚੀ ਤੇਰੀ ਸਿਫਤਿ ਸਚੀ ਸਾਲਾਹ£ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥
(ਪੰਨਾ 463)
ਇਹ ਰਚਨਾ ਇਸ ਕਰਕੇ ਸੱਚੀ, ਕਿਉਂਕਿ ਇਹ ਪਰਮ ਸਚੁ ਦੀ ਉਪਜ ਹੈ। ਪੰਜਵੇਂ ਨਾਨਕ, ਗੁਰੂ ਅਰਜਨ ਦੇਵ ਜੀ ਵੀ ਇਸ ਕਥਨ ਦੀ ਵਿਆਖਿਆ ਕਰਦੇ ਹੋਏ ਫੁਰਮਾਉਂਦੇ ਹਨ:
ਆਪਿ ਸਤਿ ਕੀਆ ਸਭੁ ਸਤਿ£ ਤਿਸ ਪ੍ਰਭ ਤੇ ਸਗਲੀ ਉਤਪਤਿ£ (ਸੁਖਮਨੀ)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤੇ ਦੀ ਰਚਨਾ ਨੂੰ ਸੱਚੀ ਮੰਨਦੇ ਹੋਏ ਇਸ ਵਿੱਚੋਂ ਹੀ ਪਰਮ-ਸਚ ਨੂੰ ਪਾਉਣ ਦਾ ਉਪਦੇਸ਼ ਕੀਤਾ। ਗੁਰੂ ਸਾਹਿਬ ਆਪ ਸਮਾਜ ਵਿਚ ਵਿਚਰੇ ਤੇ ਆਪਣੇ ਸਿੱਖਾਂ-ਸੇਵਕਾਂ ਨੂੰ ਅਜਿਹਾ ਕਰਨ ਦਾ ਉਪਦੇਸ਼ ਦਿੱਤਾ। ਸਮਾਜ ਵਿਚ ਰਹਿੰਦਿਆਂ ਹੋਇਆਂ ਵੀ ਭਵ-ਸਾਗਰ ਨੂੰ ਤਰਿਆ ਜਾ ਸਕਦਾ ਹੈ, ਜਿਵੇਂ ਜਲ ਵਿਚ ਕੰਵਲ ਦਾ ਫੁੱਲ ਅਲੇਪ ਰਹਿੰਦਾ ਹੈ। ਨਦੀ ਵਿਚ ਜਿਸ ਪਰਕਾਰ ਮੁਰਗਾਬੀ ਰਹਿੰਦੀ ਹੋਈ ਵੀ ਆਪਣੇ ਖੰਭ ਗਿੱਲੇ ਨਹੀਂ ਹੋਣ ਦਿੰਦੀ, ਇਸੇ ਤਰ੍ਹਾਂ ਹੀ ਜੀਵ ਸਮਾਜ ਵਿਚ ਰਹਿੰਦਾ ਹੋਇਆ ‘ਸ਼ਬਦ’ ਵਿਚ ਸੁਰਤਿ ਨੂੰ ਟਿਕਾ ਕੇ ਪ੍ਰਭੂ ਦੇ ਨਾਮ ਨੂੰ ਰੋਮ-ਰੋਮ ਵਿਚ ਧਿਆ ਕੇ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ। ਇਸ ਸੰਬੰਧੀ ਗੁਰੂ ਨਾਨਕ ਦੇਵ ਜੀ ਰਾਮਕਲੀ ਰਾਗ ਵਿਚ ਸਾਨੂੰ ਉਪਦੇਸ਼ ਕਰਦੇ ਹਨ :
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ।
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੈ।। (ਪੰਨਾ 938)
ਇਹ ਉਹ ਸ਼ੁਭ ਵਿਚਾਰ ਸਨ, ਜਿਹਨਾਂ ਨੇ ਸਿੱਖਾਂ ਨੂੰ ਸਮਾਜ ਵਿਚ ਰਹਿੰਦਿਆਂ ਹੋਇਆਂ ਆਪਣੇ ਹੱਕਾਂ ਤੇ ਜ਼ੁਲਮ ਦੇ ਖਿਲਾਫ ਜੂਝਣ ਵਾਲੀ ਬਹਾਦਰ ਕੌਮ ਬਣਾਇਆ। ਇਹੀ ਗੁਰੂ ਨਾਨਕ ਸਾਹਿਬ ਦੇ ਸਚੁ ਸਿਧਾਂਤ ਦਾ ਪ੍ਰਗਟਾ ਤੇ ਦੂਸਰਾ ਮੁੱਖ ਪੱਖ ਹੈ। ਗੁਰੂ ਨਾਨਕ ਸਾਹਿਬ ਦੇ ਸੱਚ ਸਿਧਾਂਤ ਦਾ ਤੀਸਰਾ ਮਹੱਤਵ ਪੂਰਨ ਪੱਖ ਸ਼ੁਭ ਅਮਲ ਹਨ। ਮਨੁੱਖੀ ਆਚਰਨ ਦਾ ਅਧਾਰ ਹੀ ਸ਼ੁਭ ਅਮਲ ਹਨ। ਸ਼ੁਭ ਅਮਲ ਉਹ ਹਨ, ਜਿਹਨਾ ਵਿਚ ਕਥਨੀ ਤੇ ਕਰਨੀ ਦੀ ਇਕਸਾਰਤਾ ਹੋਵੇ। ਗੁਰੂ ਨਾਨਕ ਸਾਹਿਬ ਦੁਆਰਾ ਪਾਏ ਪੂਰਨਿਆਂ ‘ਤੇ ਚਲਦਿਆਂ ਹੋਇਆਂ ਸਿੱਖਾਂ ਨੇ ਸ਼ੁਭ ਅਮਲਾਂ ਨੂੰ ਧਾਰਣ ਕੀਤਾ। ਇਹੀ ਸ਼ੁਭ ਅਮਲ ਭਾਵ ਸਚੁ ਅਚਾਰ ਸਿੱਖਾਂ ਦੇ ਸਿਰਾਂ ਦਾ ਤਾਜ ਬਣਿਆ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਸੁੱਚੇ ਉਹ ਹਨ ਜਿਹਨਾਂ ਦੇ ਮਨ ਵਿਚ ਪ੍ਰਭੂ ਦਾ ਵਾਸਾ ਹੈ। ਭਾਵ ਭੈਅ ਤੇ ਸਚੁ-ਆਚਾਰ ਦੇ ਧਾਰਨੀ ਹਨ। ਸੁੱਚੇ ਉਹ ਨਹੀਂ ਹਨ, ਜਿਹੜੇ ਨਾਮ ਦੇ ਚਿੱਟ ਕੱਪੜੀਏ ਬਣ ਕੇ ਡੇਰਿਆ ਵਿਚ ਬੈਠ ਕੇ ਵਿਚਾਰੀ ਲੁਕਾਈ ਨੂੰ ਲੁੱਟ ਰਹੇ ਹਨ। ਜੇ ਕਰ ਨਾਮ ਜਲ ਨਾਲ ਇਸ਼ਨਾਨ ਕੀਤਾ ਜਾਵੇ ਤੇ ਲੋਕਾਂ ਨੂੰ ਧੋਖਾ ਨਾ ਦਿੱਤਾ ਜਾਵੇ ਤਾਂ ਹੀ ਮਨੁੱਖ-ਪ੍ਰਭੂ ਦੇ ਦਰ ਦਾ ਭਾਗੀ ਬਣਦਾ ਹੈ:
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ£
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ£ 1£
(ਪੰਨਾ 91)
ਗੁਰੂ ਨਾਨਕ ਸਾਹਿਬ ਨੇ ਹਰੇਕ ਨੂੰ ਨੇਕ ਅਮਲ ਕਰਨ ਦਾ ਉਪਦੇਸ਼ ਕੀਤਾ। ਹਿੰਦੂ ਨੂੰ ਸੱਚਾ ਹਿੰਦੂ ਬਨਣ ਤੇ ਸੱਚੇ ਜਨੇਊ ਦੀ ਪਛਾਣ ਕਰਵਾਈ। ਇਸ ਤਰ੍ਹਾਂ ਹੀ ਮੁਸਲਮਾਨ ਨੂੰ ਸੱਚਾ ਮੁਸਲਮਾਨ ਤੇ ਸੱਚੀ ਨਮਾਜ਼, ਹੱਜ ਆਦਿ ਬਾਰੇ ਚਾਨਣ ਕਰਵਾਇਆ। ਜੋਗੀ ਨੂੰ ਸੰਤੋਖ ਦੀ ਮੁੰਦਰਾ ਪਾਉਣ ਤੇ ਯੋਗ ਦਾ ਸਹੀ ਮਾਰਗ ਦਰਸਾਇਆ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ ਹਿੰਦੂ ਮੁਸਲਮਾਨ ਜਾਂ ਜੋਗੀ ਹੋਣਾ ਲਾਭਕਾਰੀ ਨਹੀਂ, ਲਾਭਕਾਰੀ ਤਾਂ ਸ਼ੁਭ ਅਮਲ ਹਨ। ਕਥਨੀ ਤੇ ਕਰਣੀ ਦੀ ਇਕਸਾਰਤਾ ਤੇ ਸੱਚ ਦੀ ਸੋਝੀ ਹੀ ਮਨੁੱਖ ਨੂੰ ਸ਼ੋਭਾ ਦਿਵਾਉਂਦੀ ਹੈ:
ਸਭਨਾ ਕਾ ਦਰਿ ਲੇਖਾ ਹੋਇ£ ਕਰਣੀ ਬਾਝਹੁ ਤਰੈ ਨ ਕੋਇ£ (ਪੰਨਾ 952)
ਲੋੜ ਹੈ ਸੱਚੇ ਵਿਚਾਰਾਂ ਦੀ ਤੇ ਉਨ੍ਹਾਂ ‘ਤੇ ਅਮਲ ਦੀ
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ£5£ (ਪੰਨਾ 62)
ਸ਼ੁਭ ਅਮਲ ਹੀ ਜੀਵਨ ਮਾਰਗ ਹੈ, ਪ੍ਰਮਾਰਥ ਦਾ ਰਸਤਾ ਹੈ। ਇਸ ਰਸਤੇ ‘ਤੇ ਚਲਣ ਲਈ ਸਹਿਜ ਦੀ ਜ਼ਰੂਰਤ ਹੈ, ਪਰ ਸਹਿਜ ਦਾ ਪਿਆਲਾ ਜੋ ਨਿਰੋਲ ਸਚੁ ਦਾ ਭਰਿਆ ਹੋਇਆ ਉਸ ਨੂੰ ਮਿਲਦਾ ਹੈ ਜਿਸ ਉਪਰ ਪਰਮ ਸਚੁ ਦੀ ਮਿਹਰ ਹੋਵੇ :
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ£ ਪੰਨਾ (360)
ਗੁਰੂ ਨਾਨਕ ਦੇਵ ਜੀ ਦੇ ਸਚੁ-ਸਿਧਾਂਤ ਦਾ ਭਾਵ ਹੈ ਸੱਚਾ ਕਥਨ ਹੈ, ਸੱਚਾ ਬੋਲ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ‘ਸੱਚਾ ਬੋਲ’ ਜਾਂ ‘ਸੱਚਾ ਕਥਨ’ ਦਾ ਪ੍ਰਚਾਰ ਮਹਾਤਮਾ ਬੁੱਧ ਨੇ ਬਹੁਤ ਸਮਾਂ ਪਹਿਲਾਂ ਕਰ ਦਿੱਤਾ ਸੀ ਤਾਂ ਫਿਰ ਗੁਰੂ ਸਾਹਿਬ ਦੇ ਸਿਧਾਂਤ ਦੀ ਮੌਲਿਕਤਾ ਤੇ ਵਿਸ਼ੇਸ਼ਤਾ ਕੀ ਹੋਈ? ਫਰਕ ਬਹੁਤ ਵੱਡਾ ਹੈ ਕਿ ਮਹਾਤਮਾ ਬੁੱਧ ਨੇ ਸਚੁ-ਸਿਧਾਂਤ ਦਿੱਤਾ ਸੀ, ਉਸ ਨੂੰ ਅਮਲੀ ਰੂਪ ਨਹੀਂ ਸਨ ਦੇ ਸਕੇ। ਇਹੀ ਫਰਕ ਹੈ, ਸਿਧਾਂਤ ਤੇ ਅਮਲ ਦਾ। ਗੁਰੂ ਨਾਨਕ ਸਾਹਿਬ ਦੇ ਸਚ-ਸਿਧਾਂਤ ਦਾ ਤੀਸਰਾ ਪੱਖ ਸੁਭ-ਅਮਲ ਤੇ ਸ਼ੁਭ-ਅਮਲਾਂ ਦੀ ਸਾਰਥਕਤਾ ਤੇ ਯਥਾਰਥ ਸਮਾਜ ਵਿਚ ਹੀ ਪਰਖੀ ਜਾ ਸਕਦੀ ਹੈ ਨਾ ਕਿ ਸੰਨਿਆਸੀ ਜਾਂ ਭਿਕਸ਼ੂ ਬਣਕੇ? ਜਿਵੇਂ ਮਹਾਤਮਾ ਬੁੱਧ ਸੰਸਾਰ ਨੂੰ ਤਿਆਗ ਕਰਕੇ ਸਚ ਦੀ ਭਾਲ ‘ਚ ਨਿਕਲੇ। ਮਹਾਤਮਾ ਬੁੱਧ ਕੁਝ ਪ੍ਰਾਪਤ ਕਰਨ ਵਾਸਤੇ ਘਰ ਤਿਆਰ ਕਰਦੇ ਹਨ ਜਦ ਕਿ ਗੁਰੂ ਨਾਨਕ ਦੇਵ ਜੀ ਦੇ ‘ਸਚ’ ਦਾ ਪ੍ਰਚਾਰ-ਪ੍ਰਸਾਰ, ਮਾਨਵਤਾ ਦੀ ਜਾਗਰਤੀ ਵਾਸਤੇ, ਸੰਸਾਰ ਦੇ ਉਧਾਰ ਹਿੱਤ ਉਦਾਸੀਆਂ ਕੀਤੀਆਂ।
ਗੁਰੂ ਨਾਨਕ ਸਾਹਿਬ ਦੇ ਸਚੁ-ਸਿਧਾਂਤ ਦੀ ਵਿਲੱਖਣਤਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਅਮਲੀ ਜੀਵਨ ਵਿਚ ਲਾਗੂ ਕੀਤਾ, ਦੂਸਰਿਆਂ ਨੂੰ ਅਜਿਹਾ ਕਰਨ ਦਾ ਉਪਦੇਸ਼ ਕੀਤਾ। ਭਾਵ ਗੁਰੂ ਨਾਨਕ ਸਾਹਿਬ ਨੇ ਜੇਕਰ ਸਚੁ ਬੋਲਣ ਲਈ ਉਪਦੇਸ਼ ਕੀਤਾ ਤਾਂ ਪਹਿਲਾਂ ਉਹਨਾਂ ਆਪ ਸੱਚ ਬੋਲ ਕੇ ਲੋਕਾਈ ਨੂੰ ਮਾਰਗ ਦਰਸਾਇਆ। ਭਾਵੇਂ ਕਿ ਉਹਨਾਂ ਨੂੰ ਰਾਜਿਆਂ, ਕਾਜ਼ੀਆਂ, ਮੁਲਾਂ-ਮੁਲਾਣਿਆਂ ਨਾਲ ਕਈ ਵਾਰ ਟੱਕਰ ਲੈਣੀ ਪਈ ਤੇ ਸਚੁ ਬੋਲਣ ਕਰਕੇ ਕਈ ਮੁਸੀਬਤਾਂ ਝੱਲੀਆਂ ਪਰ ਗੁਰੂ ਨਾਨਕ ਸਾਹਿਬ ਤਾਂ ਕਥਨੀ ਤੇ ਕਰਣੀ ਦਾ ਸੁਮੇਲ ਕਰ ਰਹੇ ਸਨ ਜੋ ਪਹਿਲਾਂ ਨਹੀਂ ਸੀ ਹੋ ਸਕਿਆ। ਗੁਰੂ ਨਾਨਕ ਦੇਵ ਜੀ ਨੇ ਤਾਂ ਉਪਦੇਸ਼ ਹੀ ਇਹ ਦ੍ਰਿੜ ਕਰਵਾਇਆ ਕਿ ਸਮੇਂ ਸਿਰ ਸਚ ਬੋਲਿਆ ਜਾਵੇ ਪਰ ਸਮੇਂ ਲੰਘ ਜਾਣ ਤਾਂ ‘ਸਚ’ ਸਚ ਨਹੀਂ ਰਹਿੰਦਾ :
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ £2£3£5£ (ਪੰਨਾ 723)
ਗੁਰੂ ਨਾਨਕ ਸਾਹਿਬ ਨੇ ਸਮੇਂ ਦੇ ਬਾਬਰ ਨੂੰ ਜ਼ਾਬਰ ਕਹਿ ਸਮੇਂ ਸਿਰ ਸਚ ਸੁਣਾਇਆ ਤੇ ਆਪਣੇ ਸੇਵਕਾਂ ਨੂੰ ਵੀ ਇਹੀ ਉਪਦੇਸ਼ ਦਿੱਤਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਚੁ ਰੂਪੀ ਪ੍ਰਕਾਸ਼ ਨਾਲ ਜਗ ਨੂੰ ਪ੍ਰਕਾਸ਼ਮਈ ਕਰ ਦਿੱਤਾ। ਅੱਜ ਵੀ ਲੋੜ ਗੁਰੂ ਨਾਨਕ ਸਾਹਿਬ ਦੇ ਅਜਿਹੇ ਉਪਦੇਸ਼ ਨੂੰ ਅਮਲੀ ਰੂਪ ਦੇਣ ਦੀ ਹੈ, ਪਰਮਾਤਮਾ ਮਿਹਰ ਕਰੇ, ਸਾਨੂੰ ਸੁਮੱਤ ਬਖਸ਼ੇ ਤਾਂ ਜੋ ਅਸੀਂ ਗੁਰੂ ਸਾਹਿਬ ਦੇ ਪਵਿੱਤਰ ਪਾਵਨ ਸਿਧਾਂਤਾਂ ਨੂੰ ਆਪ ਆਪਣੇ ਜੀਵਨ ਵਿਚ ਧਾਰਨ ਕਰ ਸਕੀਏ, ਜਿਸ ਨਾਲ ਸਤਿਕਾਰ ਤੇ ਮਾਣ ਵਾਲਾ ਜੀਵਨ ਜੀਅ ਸਕੀਏ ਤੇ ਹੋਰਨਾਂ ਨੂੰ ਇਸ ਸਚੁ-ਮਾਰਗ ‘ਤੇ ਚਲਣ ਲਈ ਪ੍ਰੇਰ ਸਕੀਏ।

ਰੂਪ ਸਿੰਘ
98146 37979
Tags:
Posted in: ਸਾਹਿਤ