ਬਲੈਕ ਪ੍ਰਿੰਸ – ਕਬਰੋਂ ਉੱਠਿਆ ਇਤਿਹਾਸ

By September 19, 2017 0 Comments


black princeਇਤਿਹਾਸ ਦੀ ਵਿਆਖਿਆ ਨੂੰ ਇਤਿਹਾਸਕਾਰਾਂ ਦਾ ਕਸਬ ਸਮਝਿਆ ਜਾਂਦਾ ਹੈ ਪਰ ਇਤਿਹਾਸ ਦੀ ਵਿਆਖਿਆ ਸਿਰਫ਼ ਤੇ ਸਿਰਫ਼ ਇਤਿਹਾਸਕਾਰ ਤੱਕ ਸੀਮਿਤ ਨਹੀਂ ਹੁੰਦੀ। ਇਹ ਕਾਰਜ ਕਹਾਣੀਕਾਰ, ਨਾਵਲਕਾਰ ਅਤੇ ਨਾਟਕਕਾਰ ਵੀ ਕਰਦੇ ਹਨ। ਇਸ ਤੋਂ ਇਲਾਵਾ ਫ਼ਿਲਮਾਂ ਦੇ ਜ਼ਰੀਏ ਵੀ, ਇਤਿਹਾਸ ਦੀ ਵਿਆਖਿਆ ਲੋਕਾਂ ਦੇ ਅੱਗੇ ਪੇਸ਼ ਕੀਤੀ ਜਾਂਦੀ ਹੈ। ਫ਼ਿਲਮ ‘ਦ ਬਲੈਕ ਪ੍ਰਿੰਸ’ ਦੇ ਮਾਰਫ਼ਤ ਵੀ, ਇਸ ਕਾਰਜ ਨੂੰ ਸਰਅੰਜਾਮ ਦਿੱਤਾ ਗਿਆ ਹੈ। ਇਸ ਫ਼ਿਲਮ ਵਿੱਚ ‘ਮਹਾਰਾਜਾ ਦਲੀਪ ਸਿੰਘ’ ਦੇ ਇਤਿਹਾਸ ਨੂੰ ਫ਼ਿਲਮੀ ਪਰਦੇ ਉੱਤੇ ਉਤਾਰਿਆ ਗਿਆ ਹੈ। ਫ਼ਿਲਮ ਨੇ ਦਲੀਪ ਸਿੰਘ ਨੂੰ ਕਬਰ ਵਿੱਚੋਂ ਉਠਾ ਕੇ ਲੋਕਾਂ ਦੇ ਰੂਬਰੂ ਕੀਤਾ ਹੈ। ਫ਼ਿਲਮ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਦਲੀਪ ਸਿੰਘ ਕਬਰ ਤੋਂ ਬਾਹਰ ਆ ਕੇ ਖ਼ੁਦ-ਬਖ਼ੁਦ ਲੋਕਾਂ ਨਾਲ ਸੰਵਾਦ ਕਰ ਰਿਹਾ ਹੈ।

ਦਲੀਪ ਸਿੰਘ ‘ਤੇ ਅੰਗਰੇਜ਼ ਹਕੂਮਤ ਨੇ ਅੰਤਾਂ ਦਾ ਕਹਿਰ ਵਰਤਾਇਆ ਸੀ। ਖ਼ਾਲਸਾ ਰਾਜ ਦਾ ਵਾਰਸ ਹੋਣ ਕਰਕੇ, ਦਲੀਪ ਸਿੰਘ ਬਾਲ ਉਮਰੇ ਹੀ ਅੰਗਰੇਜ਼ਾਂ ਦੇ ਨਿਸ਼ਾਨੇ ‘ਤੇ ਆ ਗਿਆ ਸੀ। ਦਲੀਪ ਸਿੰਘ ਨੂੰ ਜਬਰੀ, ਉਸ ਦੀ ਮਾਂ (ਮਹਾਰਾਣੀ ਜਿੰਦਾਂ) ਤੋਂ ਅਲਹਿਦਾ ਕਰ ਦਿੱਤਾ ਗਿਆ, ਉਸ ਦੀ ਬਾਦਸ਼ਾਹਤ ਨੂੰ ਖ਼ਤਮ ਕਰਕੇ, ਖ਼ਾਲਸਾ ਰਾਜ ਨੂੰ ਫਿਰੰਗੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ। ਪਰ ਅੰਗਰੇਜ਼ੀ ਜ਼ੁਲਮ ਦਾ ਕੁਚੱਕਰ, ਇੱਥੇ ਹੀ ਸਮਾਪਤ ਨਹੀਂ ਹੁੰਦਾ। ਜ਼ੁਲਮ ਦੀ ਇੰਤਹਾ ਤਾਂ ਉਦੋਂ ਹੁੰਦੀ ਹੈ, ਜਦੋਂ ਉਸ ਦਾ ਧਰਮ ਤਬਦੀਲ ਕਰ ਦਿੱਤਾ ਜਾਂਦਾ ਹੈ। ਅੰਗਰੇਜ਼ ਬਾਲ ਮਹਾਰਾਜੇ ਦੇ ਆਲੇ-ਦੁਆਲੇ, ਸ਼ੈਤਾਨੀ ਭਾਵਨਾ ਨਾਲ, ਈਸਾਈਅਤ ਦਾ ਜਾਲ ਬੁਣਕੇ, ਆਖਿਰ ਉਸ ਕੋਲੋਂ ਅਤੁੱਲ ਸਿੱਖੀ ਨੂੰ ਖੋਹ ਲੈਂਦੇ ਹਨ। ਪਰ ਦਲੀਪ ਸਿੰਘ ਦੇ ਅਵਚੇਤਨ ਵਿੱਚੋਂ, ਉਹ ਸਿੱਖੀ ਨੂੰ ਗਾਇਬ ਕਰਨ ਵਿੱਚ ਨਾਕਾਮਯਾਬ ਰਹਿੰਦੇ ਹਨ। ਫ਼ਿਲਮਸਾਜ਼ ਨੇ ਦਲੀਪ ਸਿੰਘ ਦੇ ਮਨ ਦੀ ਇਸ ਪਰਤ ਨੂੰ ਬੜੇ ਹੀ ਕਲਾਤਮਕ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਗਿਰਜਾ ਘਰ ਵਿੱਚ ਹਾਜ਼ਰੀ ਭਰਨ ਗਏ ਦਲੀਪ ਸਿੰਘ ਨੂੰ ਜਦ ਇਹ ਕਿਹਾ ਜਾਂਦਾ ਹੈ ਕਿ ਈਸਾ ਦੇ ਘਰ ਵਿੱਚ ਬੜਾ ਸਕੂਨ ਮਿਲਦਾ ਹੈ ਤਾਂ ਉਹ ਇਸ ਗੱਲ ‘ਤੇ ਬੜਾ ਠੰਡਾ ਜਿਹਾ ਪ੍ਰਤੀਕਰਮ ਦਿੰਦਾ ਹੈ । ਪ੍ਰਤੀਕਰਮ ਦੇਣ ਵੇਲੇ ਵੀ ਉਸ ਦੀ ‘ਹਾਂ’ ਵਿੱਚ, ਉਸ ਦੀ ਰੂਹ ਸ਼ਾਮਿਲ ਨਹੀਂ ਹੁੰਦੀ। ਜੇ ਸ਼ਾਮਿਲ ਵੀ ਹੁੰਦੀ ਹੈ ਤਾਂ ਇਹ ਸਿਰਫ਼ ਉਸ ਦਾ ਅੰਸ਼ਕ ਰੂਪ ਹੀ ਹੁੰਦਾ ਹੈ। ਡਾ. ਜੌਹਨ ਲੋਗਿਨ ਨਾਲ ਵੀ, ਉਹ ਗਿਰਜਾ ਘਰ ਵਿੱਚ, ਬੁਝੇ ਜਿਹੇ ਮਨ ਨਾਲ ਹੀ ਬੈਠਾ ਹੁੰਦਾ ਹੈ। ਦਰਅਸਲ ਗਿਰਜਾ ਘਰ ਵਿੱਚ, ਉਹ ਹਮੇਸ਼ਾ ਉਦਾਸ ਜਿਹਾ ਹੀ ਨਜ਼ਰ ਆਉਂਦਾ ਹੈ। ਆਪਣੇ ਵਿਆਹ ਵੇਲੇ, ਚਾਹੇ ਉਹ ਗਿਰਜਾ ਘਰ ਵਿੱਚ ਖੁਸ਼ ਵਿਖਾਈ ਦਿੰਦਾ ਹੈ ਪਰ ਇਸ ਨੂੰ ਈਸਾਈਅਤ ਪ੍ਰਤੀ ਅਥਾਹ ਪਿਆਰ ਦੀ ਨਿਸ਼ਾਨੀ ਨਹੀਂ ਕਿਹਾ ਜਾ ਸਕਦਾ। ਇਹ ਤਾਂ ਉਸ ਦੇ ਵਿਆਹ ਦਾ ਚਾਅ ਹੈ। ਜੋ ਉਸ ਦੇ ਗੁਲਾਬ ਵਾਂਗੂ ਖਿੜੇ ਚਿਹਰੇ ਤੋਂ ਨਜ਼ਰ ਰਿਹਾ ਹੈ।
ਗੁਲਾਮੀ ਬੰਦੇ ਜਾਂ ਬੰਦਿਆਂ ਦੇ ਸਮੂਹ (ਕੌਮ) ਦਾ ਕੀ ਹਸ਼ਰ ਕਰਦੀ ਹੈ? ਇਸ ਨੂੰ ਦਲੀਪ ਸਿੰਘ ਦੇ ਕਿਰਦਾਰ ਰਾਹੀਂ ਸਹਿਜੇ ਹੀ ਦੇਖਿਆ ਅਤੇ ਸਮਝਿਆ ਜਾ ਸਕਦਾ ਹੈ। ਆਪਣੇ ਧਰਮ ਅਤੇ ਰਾਜ ਨੂੰ ਗਵਾਉਣ ਤੋਂ ਬਾਅਦ, ਜਦ ਦਲੀਪ ਸਿੰਘ ਆਪਣੀ ਮਾਂ ‘ਮਹਾਰਾਣੀ ਜਿੰਦਾਂ’ ਨੂੰ ਮਿਲਣ ਦੀ ਖਾਹਿਸ਼ ਜਾਹਿਰ ਕਰਦਾ ਹੈ ਤਾਂ ਡਾ. ਲੋਗਿਨ ਉਸ ਦੀ ਖਾਹਿਸ਼ ਨੂੰ ਮਾਰਨ ਲਈ ਸੌ ਕੁ–ਤਰਕ ਦਿੰਦਾ ਹੈ। ਬੱਚੇ ਦੀ ਆਪਣੀ ਮਾਂ ਨੂੰ ਮਿਲਣ ਦੀ ਚਾਹਤ ਬੜੀ ਕੁਦਰਤੀ ਹੁੰਦੀ ਹੈ। ਇਹ ਉਸ ਦਾ ਪੈਦਾਇਸ਼ੀ ਹੱਕ ਹੈ ਪਰ ਅੰਗਰੇਜ਼ ਦਲੀਪ ਸਿੰਘ ਨੂੰ ਇਸ ਹੱਕ ਤੋਂ ਵਾਂਝਾ ਰੱਖਣਾ ਚਾਹੁੰਦੇ ਸਨ। ਜਿਸ ਕੁੱਖ ‘ਚੋਂ ਬੱਚਾ ਜਨਮ ਲੈਂਦਾ ਹੈ, ਉਸ ਨਾਲ ਉਸ ਦੀ ਮੋਹ ਭਰੀ ਸਾਂਝ ਨੂੰ ਜਜ਼ਬਿਆਂ ਦੇ ਪੱਧਰ ‘ਤੇ ਹੀ ਸਮਝਿਆ ਜਾ ਸਕਦਾ ਹੈ। ਇਸ ਜਜ਼ਬੇ ਤੋਂ ਅੰਗਰੇਜ਼ ਨਾ-ਵਾਕਿਫ਼ ਨਹੀਂ ਸਨ ਬਲਕਿ ਉਹ ਇਸ ਤੋਂ ਭਲੀ-ਭਾਂਤ ਜਾਣੂ ਸਨ।ਪਰ ਮਹਾਰਾਣੀ ਜਿੰਦਾਂ ਦੀ ਸ਼ਖ਼ਸੀਅਤ ਤੋਂ ਗੋਰੇ ਭੈਅ ਖਾਂਦੇ ਸਨ। ਮਾਂ-ਪੁੱਤ ਦੀ ਮਿਲਣੀ ਨੂੰ, ਉਹ ਕੇਵਲ ਸਿਆਸੀ ਨਜ਼ਰ ਤੋਂ ਹੀ ਦੇਖ ਰਹੇ ਸਨ। ਮੁਲਾਕਾਤ ਦੇ ਜਜ਼ਬਾਤੀ ਪਹਿਲੂ ਵੱਲ , ਉਹਨਾਂ ਨੇ ਜਾਣ-ਬੁੱਝ ਕੇ ਅੱਖਾਂ ਮੀਟ ਲਈਆਂ ਸਨ। ਉੱਚਤਮ ਸਭਿਅਤਾ ਦੇ ਅਲੰਬਰਦਾਰ ਕਹਾਉਣ ਵਾਲੇ ਅੰਗਰੇਜ਼ਾਂ ਦਾ ਇਹ ਇਖਲਾਕੀ ਫਰਜ਼ ਬਣਦਾ ਸੀ ਕਿ ਉਹ ਮਾਂ-ਪੁੱਤ ਦੀ ਮਿਲਣੀ ਵਿੱਚ ਕੋਈ ਅੜਿੱਕਾ ਖੜਾ ਨਾ ਕਰਦੇ। ਪਰ ਉਹਨਾਂ ਨੇ ਦੋਵਾਂ ਦੀ ਮੁਲਾਕਾਤ ਨੂੰ ਰੋਕਣ ਲਈ ਪੂਰੀ ਵਾਹ ਲਾ ਦਿੱਤੀ ਸੀ। ਪਰ ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਦੀ ਦ੍ਰਿੜਾ ਇੱਛਾ ਰੱਖਦਾ ਸੀ। ਸੋ, ਆਖਿਰ ‘ਗੁਲਾਮ ਮਹਾਰਾਜੇ’ ਨੂੰ , ਅੰਗਰੇਜ਼ ਰਾਜਸੀ ਮਾਪ-ਤੋਲ ਕਰਨ ਤੋਂ ਬਾਅਦ, ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੰਦੇ ਹਨ। ਫ਼ਿਲਮ ਦੇ ਇਹ ਦ੍ਰਿਸ਼ ਦਰਸ਼ਕ ਨੂੰ, ਇਸ ਗੱਲ ਤੋਂ ਬਾਖੂਬੀ ਜਾਣੂ ਕਰਵਾ ਜਾਂਦੇ ਹਨ ਕਿ ਗੁਲਾਮੀ ਇੰਨੀ ਕੁਲਹਿਣੀ ਹੁੰਦੀ ਹੈ ਕਿ ਇੱਕ ਬੱਚੇ ਨੂੰ ਆਪਣੀ ਮਾਂ ਨੂੰ ਮਿਲਣ ਲਈ ਵੀ ਹਾਕਮ ਤੋਂ ਆਗਿਆ ਲੈਣੀ ਪੈਂਦੀ ਹੈ।

ਦਲੀਪ ਸਿੰਘ ਜਦ ਆਪਣੀ ਮਾਂ ਨੂੰ ਮਿਲਣ ਲਈ ਕਲਕੱਤੇ ਪਹੁੰਚਦਾ ਹੈ ਤਾਂ ਬ੍ਰਿਟਿਸ਼ ਹਕੂਮਤ ਵੱਲੋਂ ਘੜੇ ਗਏ ‘ਇੰਡੀਆ’ (ਵੱਖ-ਵੱਖ ਸੁਤੰਤਰ ਰਾਜਾਂ ਉੱਤੇ ਕਬਜ਼ਾ ਕਰਕੇ ਬਣਾਇਆ ਗਿਆ ਰਾਜ) ਦੇ ਗਵਰਨਲ ਜਨਰਲ ( ਲਾਰਡ ਕੈਨਿੰਗ) ਵੱਲੋਂ, ਉਸ ਦਾ ਬਣਾਉਟੀ ਜਿਹਾ ਸਵਾਗਤ ਹੁੰਦਾ ਹੈ। ਕੈਨਿੰਗ ਦਲੀਪ ਸਿੰਘ ਅੱਗੇ ਸਤਿਕਾਰ ਦਾ ਦਿਖਾਵਾ ਕਰਦਾ ਅਤੇ ਉਸ ਨੂੰ ਧਮਕੀ ਭਰੇ ਲਹਿਜੇ ਵਿੱਚ ਕਹਿੰਦਾ ਹੈ ਕਿ ਤੁਸੀਂ ਇਥੇ ਉਹ ਹੀ ਕਰੋ, ਜੋ ਕਰਨ ਆਏ ਹੋ। ਤੁਹਾਡੀ ਖ਼ਿਦਮਤ ਕਰਨਾ, ਸਾਡੀ ਖੁਸ਼ਕਿਸਮਤੀ ਹੋਵਗੀ। ਕੈਨਿੰਗ ਇਹਨਾਂ ਲਫ਼ਜ਼ਾਂ ਰਾਹੀਂ ਦਲੀਪ ਸਿੰਘ ਨੂੰ, ਕਿਸੇ ਸਿਆਸੀ ਸਰਗਰਮੀ ਤੋਂ ਪਰੇ ਰਹਿਣ ਦੀ ਤਾੜਨਾ ਕਰਦਾ ਹੈ।

ਦਲੀਪ ਸਿੰਘ ਜਦ ਆਪਣੀ ਮਾਂ ਦੇ ਸਨਮੁਖ ਖੜਾ ਹੁੰਦਾ ਹੈ ਤਾਂ ਮਾਂ ਆਪਣੀ ਧੁੰਦਲੀ ਹੋ ਚੁੱਕੀ ਨਿਗਾਹ ਨਾਲ, ਉਸ ਵੱਲ ਤੱਕਦੀ ਹੈ। ਫ਼ਿਲਮ ਦਾ ਇਹ ਸੀਨ ਇੱਕੋ ਵਾਰ ‘ਚ ਕਿੰਨਾ ਕੁੱਝ ਕਹਿ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਇੱਕ ਫੋਲਾਦੀ-ਔਰਤ ਸੀ। ਗੁਰੂ ਕੀ ਸਿੱਖਣੀ ਦੇ ਲੋਹ-ਇਰਾਦੇ, ਇਸ ਸੀਨ ਵਿੱਚ ਪ੍ਰਤੱਖ ਤੌਰ ‘ਤੇ ਨਸ਼ਰ ਹੋ ਜਾਂਦੇ ਹਨ। ਫ਼ਿਲਮਸ਼ਾਜ ਇਹ ਵਿਖਾਉਣ ਵਿੱਚ ਸਫ਼ਲ ਰਿਹਾ ਹੈ ਕਿ ਭਾਵੇਂ ਮਹਾਰਾਣੀ ਜਿੰਦਾਂ ਦੀ ਬਾਹਰੀ ਨਜ਼ਰ ਬੜੀ ਕਮਜ਼ੋਰ ਪੈ ਚੁੱਕੀ ਸੀ ਪਰ ਉਸ ਦੀ ਅੰਦਰੂਨੀ ਨਜ਼ਰ (ਦੂਰ-ਦ੍ਰਿਸ਼ਟੀ) ਪਹਿਲਾਂ ਵਾਂਗੂ ਕਾਇਮ ਸੀ। ਵੈਸੇ ਮਹਾਰਾਣੀ ਦੇ ਕਿਰਦਾਰ ਵਿੱਚ ਹੋਰ ਵੀ ਜਾਨ ਪਾਈ ਜਾ ਸਕਦੀ ਸੀ, ਪਰ ਮੌਜੂਦਾ ਕਿਰਦਾਰ ਵੀ ਉਸ ਦੀ ਸ਼ਖ਼ਸੀਅਤ ਨਾਲ ਕਾਫ਼ੀ ਹੱਦ ਤੱਕ, ਇਨਸਾਫ਼ ਕਰਨ ਵਿੱਚ ਕਾਮਯਾਬ ਰਿਹਾ ਹੈ। ਇੱਕ ਸਿੱਖ ਮਹਾਰਾਣੀ ਲਈ ਆਪਣੇ ਪੁੱਤ ਦੇ ਕੱਟੇ ਹੋਏ ਕੇਸਾਂ ਨੂੰ ਦੇਖਣਾ ਕਿੰਨਾ ਔਖਾ ਸੀ ? ਉਹ ਇਸ ਦ੍ਰਿਸ਼ ਵਿੱਚ ਲੋਕਾਂ ਦੀ ਨਜ਼ਰ ਕੀਤਾ ਗਿਆ ਹੈ। ਪੁੱਤ ਦੇ ਇਸਾਈ ਬਣਨ ਕਾਰਨ, ਉਸ ਦਾ ਅੰਦਰ ਚੀਰਿਆ ਜਾਂਦਾ ਹੈ। ਪਰ ਉਹ ਫਿਰ ਵੀ ਆਪਣੀ ਤਕਲੀਫ਼ ਨੂੰ ਪੂਰੀ ਤਰਾਂ ਬਾਹਰ ਨਹੀਂ ਆਉਣ ਦਿੰਦੀ ਕਿਉਂਕਿ ਉਹ ਜਾਣਦੀ ਹੈ ਕਿ ਦਲੀਪ ਸਿੰਘ ਨੂੰ ਸਿੱਖੀ ਵਿੱਚ ਵਾਪਿਸ ਲਿਆਉਣਾ ਕੋਈ ਸੌਖਾ ਕਾਰਜ ਨਹੀਂ ਹੈ। ਉਹ ਬੜੇ ਹੀ ਸੰਜਮ ਭਰੇ ਢੰਗ ਨਾਲ ਦਲੀਪ ਸਿੰਘ ਨੂੰ ਕਹਿੰਦੀ ਹੈ ਕਿ ਉਹਨਾਂ ਲੋਕਾਂ (ਅੰਗਰੇਜ਼ਾਂ) ਨੇ ਤੈਨੂੰ ਕਿੰਨਾ ਬਦਲ ਦਿੱਤਾ ਹੈ। ਜਿਵੇਂ-ਜਿਵੇਂ ਫ਼ਿਲਮ ਦੀ ਰੀਲ ਦਾ ਚੱਕਰ ਅੱਗੇ ਵੱਧਦਾ ਹੈ, ਮਹਾਰਾਣੀ ਆਪਣੇ ਪੁੱਤ ਦੇ ਅੰਦਰੋਂ ਢਿੱਲੀਆਂ ਪੈ ਚੁੱਕੀਆਂ, ਸਿੱਖ-ਤਰੰਗਾਂ ਨੂੰ, ਮਜ਼ਬੂਤ ਕਰਨ ਦਾ ਯਤਨ ਕਰਦੀ ਹੋਈ, ਦਿਖਾਈ ਦਿੰਦੀ ਹੈ।
ਮਹਾਰਾਣੀ ਜਦ ਦਲੀਪ ਸਿੰਘ ਕੋਲੋਂ ਇੰਗਲੈਂਡ ਅਤੇ ਇੰਗਲੈਂਡ ਵਾਸੀਆਂ ਬਾਰੇ ਪੁੱਛਦੀ ਹੈ ਤਾਂ ਦਲੀਪ ਸਿੰਘ ਉਹਨਾਂ ਦੀ ਮਹਾਂ-ਤਰੀਫ਼ ਸ਼ੁਰੂ ਕਰ ਦਿੰਦਾ ਹੈ। ਉਹ ਮਲਿਕਾ ਵਿਕਟੋਰੀਆ ਦੇ ਗੋਰੇ ਰੰਗ ਨੂੰ ਵੀ ਸਲਾਹੁੰਦਾ ਹੈ ਪਰ ਮਹਾਰਾਣੀ ਜਿੰਦਾਂ ਵਿਕਟੋਰੀਆ ਦੇ ਗੋਰੇ ਰੰਗ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਦਿੰਦੀ। ਜਿੰਦਾਂ ਕਹਿੰਦੀ ਹੈ ਕਿ ਉਹ ਗੋਰੀ ਤਾਂ ਹੋਣੀ ਹੈ, ਪਰ ਸੋਹਣੀ ਨਹੀਂ ਹੋਣੀ। ਵੈਸੇ ਤਾਂ ਸਮਾਜ, ਗੋਰੇ ਰੰਗ ਨੂੰ ਸੁਨੱਖੇ ਹੋਣ ਦਾ ਪੁਖ਼ਤਾ ਸਬੂਤ ਮੰਨਦਾ ਹੈ ਪਰ ਮਹਾਰਾਣੀ ਇਸ ਮਾਪਦੰਡ ਨੂੰ ਰੱਦ ਕਰ ਦਿੰਦੀ ਹੈ। ਉਂਝ ਮਹਾਰਾਣੀ ਦਾ ਮਾਪਦੰਡ, ਆਮ ਜ਼ਿੰਦਗੀ ਵਿੱਚ ਵੀ ਕਈ ਜਗ੍ਹਾ ‘ਤੇ ਖਰਾ ਉਤਰਦਾ ਹੈ। ਜਿੰਦ ਕੌਰ ਦੀ ਇਸ ਪਹੁੰਚ ਦੇ ਆਮ ਮਾਅਨੇ ਨਹੀਂ ਹਨ। ਮਹਾਰਾਣੀ ਜਿੰਦ ਕੌਰ ਦੀ, ਇਹ ਪਹੁੰਚ ਆਪਣੇ ਅੰਦਰ ਗੂੜ੍ਹੇ ਅਰਥਾਂ ਨੂੰ ਸਮੋਈ ਬੈਠੀ ਹੈ।

ਇੱਥੇ ਮਹਾਰਾਣੀ ਦਾ ਮਕਸਦ ਆਪਣੀ ਸੁੰਦਰਤਾ ਨੂੰ ਵਡਿਆਉਣਾ ਨਹੀਂ ਹੈ। ਉਂਝ ਇੱਕ ਸੀਮਾ ਤੱਕ, ਇਸ ਗੱਲ ਉੱਤੇ ਸਹੀ ਵੀ ਪਾਈ ਜਾ ਸਕਦੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਨਾਲ ਦਰੁਸਤ ਨਹੀਂ ਠਹਿਰਾਇਆ ਜਾ ਸਕਦਾ। ਮਹਾਰਾਣੀ ਦੀ ਦ੍ਰਿਸ਼ਟੀ ਇੱਥੇ ਨਿੱਜ ਤੋਂ ਅੱਗੇ ਨਿਕਲੀ ਹੋਈ ਹੈ। ਉਸ ਦੀ ਨਿਗਾਹ ਵਿੱਚ ਪੰਜਾਬ ਦਾ ਸੁਹੱਪਣ, ਇੰਗਲੈਂਡ ਦੀ ਸੁੰਦਰਤਾ ਨਾਲੋਂ ਕਿਤੇ ਵੱਡਾ ਹੈ। ਇੱਥੇ ਮਸਲਾ ਜਿਸਮਾਨੀ ਸੁੰਦਰਤਾ ਦਾ ਨਹੀਂ ਹੈ ਬਲਕਿ ਪੰਜਾਬ ਦੀ ਉੱਤਮਤਾ ਦਾ ਹੈ। ਮਲਿਕਾ ਵਿਕਟੋਰੀਆ ਸਿਰਫ਼ ਇੱਕ ਔਰਤ ਨਹੀਂ ਹੈ। ਉਹ ਇੱਥੇ ਬ੍ਰਿਟਿਸ਼ ਸਾਮਰਾਜ ਦੀ ਪ੍ਰਤੀਨਿੱਧ ਹੈ। ਦਰਅਸਲ ਮਹਾਰਾਣੀ ਜਿੰਦਾਂ, ਇੱਥੇ ਵਿਕਟੋਰੀਆ ਦੀ ਸੁੰਦਰਤਾ ‘ਤੇ ਸਵਾਲੀਆ ਚਿੰਨ ਲਗਾ ਕੇ, ਅੰਗਰੇਜ਼ਾਂ ਦੇ ਮਨ ਦੀ ਕਾਲਖ ਨੂੰ, ਸਹਿਜ-ਸੁਭਅ ਹੀ ਉਜਾਗਰ ਕਰ ਜਾਂਦੀ ਹੈ।

ਪੰਜਾਬ ਦੀ ਉੱਤਮਤਾ ਦਾ ਅਹਿਸਾਸ ਇਹ ਦਰਸਾਉਂਦਾ ਹੈ ਕਿ ਭਾਵੇਂ ਪੰਜਾਬ ਦੀ ਰਾਜਨੀਤਿਕ ਪ੍ਰਭੁਸੱਤਾ ਖ਼ਤਮ ਹੋ ਚੁੱਕੀ ਹੈ ਪਰ ਮਹਾਰਾਣੀ ਦੇ ਜ਼ਿਹਨ ਅੰਦਰ ਪ੍ਰਭੁਸੱਤਾ ਦਾ ਖ਼ਿਆਲ ਹਾਲੇ ਵੀ ਪੂਰੀ ਤਰ੍ਹਾਂ ਸਾਬਤ ਪਿਆ ਹੈ। ਜਦ ਦਲੀਪ ਸਿੰਘ ਉਸ ਅੱਗੇ ਬੜੇ ਮਾਣ ਨਾਲ ਕਹਿੰਦਾ ਹੈ ਕਿ ਮਲਿਕਾ ਵਿਕਟੋਰੀਆ, ਉਸ ਨੂੰ ‘ਪ੍ਰਿੰਸ’ ਕਹਿੰਦੀ ਹੈ ਤਾਂ ਮਹਾਰਾਣੀ ਜਿੰਦਾਂ ਉਸ ਦੀ ਮੁਰਝਾ ਚੁੱਕੀ ਚੇਤਨਾ ਨੂੰ ਸਰਸਬਜ਼ ਕਰਦੀ ਹੋਈ ਆਖਦੀ ਹੈ ਕਿ ਗੋਰੇ ਤੇਰੇ ਨਾਲ ਫਰੇਬ ਕਰ ਰਹੇ ਹਨ। ਤੂੰ ‘ਪ੍ਰਿੰਸ ਨਹੀਂ, ‘ਮਹਾਰਾਜਾ’ ਹੈ। ਵਿਕਟੋਰੀਆ ਨੇ ਤੇਰਾ ਰੁਤਬਾ ਘਟਾ ਕੇ ‘ਪ੍ਰਿੰਸ’ ਕਰ ਦਿੱਤਾ ਹੈ। ਉਹ ਤੇਰੇ ਅੰਦਰ ‘ਮਹਾਰਾਜੇ’ ਦੇ ਅਹਿਸਾਸ ਨੂੰ ਜਵਾਨ ਨਹੀਂ ਹੋਣ ਦੇਣਾ ਚਾਹੁੰਦੀ। ਇਸ ਲਈ ਉਸ ਨੇ ਤੈਨੂੰ ‘ਪ੍ਰਿੰਸ’ ਦਾ ਦਰਜਾ ਦਿੱਤਾ ਹੋਇਆ ਹੈ।

ਮਹਾਰਾਣੀ ਜਿੰਦ ਕੌਰ ਇੰਗਲੈਡ ਵਿੱਚ ਵੀ ਆਪਣੇ ਉੱਤਮਤਾ ਦੇ ਅਹਿਸਾਸ ਨੂੰ ਮੱਧਮ ਨਹੀਂ ਪੈਣ ਦਿੰਦੀ। ਉਸ ਦੀ ਉੱਤਮਤਾ ਦੀ ਭਾਵਨਾ ਹੰਕਾਰ ਦੀ ਦੇਣ ਨਹੀਂ ਹੈ ਬਲਕਿ ਇਹ ਤਾਂ ਉਸ ਦੇ ਸਵੈਮਾਣ ਦਾ ਪ੍ਰਗਟਾਵਾ ਹੈ। ਇਹ ਸਵੈਮਾਣ, ਉਸ ਦੀ ਸਵੈ-ਉਪਜ ਨਹੀਂ ਹੈ ਬਲਕਿ ਇਹ ਤਾਂ ਗੁਰੂ ਪਾਤਿਸ਼ਾਹ ਦੀ ਇਲਾਹੀ ਦਾਤ ਹੈ। ਮਹਾਰਾਣੀ ਆਪਣੇ ਪੁੱਤ ਨੂੰ ਇਸ ਇਲਾਹੀ ਦਾਤ ਦੇ ਅੱਗੇ ਨਤਮਸਤਕ ਹੋਣ ਦੀ, ਲਗਾਤਾਰ ਪ੍ਰੇਰਣਾ ਦਿੰਦੀ ਰਹਿੰਦੀ ਹੈ। ਆਪਣੀ ਇਸ ਕੋਸ਼ਿਸ਼ ਵਿੱਚ, ਉਹ ਕੋਈ ਵਿਘਨ ਨਹੀਂ ਪੈਣ ਦਿੰਦੀ। ਪਰ ਉਸ ਦੀ ਸਿਹਤ ਲਗਾਤਾਰ ਡਿੱਗਦੀ ਰਹਿੰਦੀ ਹੈ। ਮੌਤ ਦੇ ਨੇੜੇ ਢੁੱਕੀ ਮਹਾਰਾਣੀ, ਆਪਣੇ ਆਤਮ-ਵਿਸ਼ਵਾਸ ਵਿੱਚ, ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੰਦੀ। ਕਈ ਦਰਸ਼ਕਾਂ ਨੂੰ ਉਸ ਦੀ ਮੌਤ ਦੇ ਲਾਗੇ ਦਾ ਸਮਾਂ ਉਦਾਸੀ ਭਰਿਆ ਲੱਗਿਆ ਹੈ, ਜਾਂ ਲੱਗ ਸਕਦਾ ਹੈ। ਪਰ ਅਜਿਹਾ ਸੋਚਣ ਵਾਲੇ ਲੋਕ, ਮਹਾਰਾਣੀ ਦੀ ਅੰਤਰ-ਆਤਮਾ ਦੀ ਆਵਾਜ਼ ਨੂੰ, ਸੁਣਨ ਵਿੱਚ ਅਸਮਰੱਥ ਰਹੇ ਹਨ। ਉਸ ਦੇ ਧੀਮੇ ਬੋਲਾਂ ਨੂੰ ਢਹਿਦੀ ਕਲਾ ਕਹਿਣਾ ਮੂਲੋਂ ਹੀ ਗਲਤ ਹੋਵੇਗਾ। ਉਸ ਦੇ ਧੀਮੇ ਬੋਲ ਉਸ ਦੀ ਸਰੀਰਕ ਕਮਜ਼ੋਰੀ ਨੂੰ ਜਾਹਿਰ ਕਰਦੇ ਹਨ ਨਾਕਿ ਉਸ ਦੀ ਮਾਨਸਿਕ ਨਿਰਬਲਤਾ ਨੂੰ। ਉਸ ਦੀ ਚਿੰਤਾ ਚਿਤਾ ਸਮਾਨ ਨਹੀਂ ਹੈ ਬਲਕਿ ਇਹ ਤਾਂ ਉਸ ਦੀ ਚੇਤਨਤਾ ਦੇ ਪਰਵਾਹ ਨੂੰ ਹੀ ਪੇਸ਼ ਕਰਦੀ ਹੈ। ਭਾਵ ਆਖਰੀ ਸਮੇਂ ਵੀ ਉਸ ਦੀ ਸੋਚ ਜੜਤਾ ਦੀ ਹਾਲਤ ਵਿੱਚ ਨਹੀਂ ਸੀ। ਉਸ ਅੰਦਰ ਪਹਿਲਾਂ ਵਾਲੀ ‘ਜਿੰਦ ਕੌਰ’ ਹਾਲੇ ਵੀ ਜਿਊਂਦੀ ਸੀ। ਜੋ ਦਲੀਪ ਸਿੰਘ ਦੇ ਸਿੱਖ ਅਵਚੇਤਨ ਨੂੰ, ਫੌਤ ਹੋਣ ਤੱਕ ਵੀ ਪ੍ਰਭਾਵਿਤ ਕਰਦੀ ਰਹਿੰਦੀ ਹੈ।

ਮਹਾਰਾਣੀ ਦੀ ਸੁਹਬਤ ਵਿੱਚ ਦਲੀਪ ਸਿੰਘ ਨੂੰ ‘ਅਸਲੀ ਰਣਜੀਤ ਸਿੰਘ’ ਦੇ ਦਰਸ਼ਨ ਵੀ ਹੋ ਜਾਂਦੇ ਹਨ। ਜੋ ਹਮੇਸ਼ਾ ‘ਖ਼ਾਲਸਾ ਪੰਥ’ ਅੱਗੇ ਜਵਾਬਦੇਹ ਰਹਿੰਦਾ ਸੀ। ਭਾਵ ਉਸ ਲਈ, ਜੇ ਕੁੱਝ ਸੁਪਰੀਮ ਸੀ ਤਾਂ ਉਹ ਗੁਰੂ ਕਾ ਪੰਥ ਸੀ, ਜਿਸ ਦੀ ਚੜਤਲ ਨੂੰ ਸਥਾਪਿਤ ਅਤੇ ਕਾਇਮ ਰੱਖਣ ਲਈ, ਉਹ ਤਮਾਮ ਉਮਰ ਜੂਝਦਾ ਰਿਹਾ। ਫ਼ਿਲਮ ਅਪਣੀ ਸੀਮਾ ਅਤੇ ਸਮਰੱਥਾ ਮੁਤਾਬਿਕ ‘ਅਸਲੀ ਰਣਜੀਤ ਸਿੰਘ’ ਦੇ ਅਕਸ ਨੂੰ ਉਘਾੜਨ ਦਾ ਪੂਰਾ ਯਤਨ ਕਰਦੀ ਹੈ। ਅਜੋਕੇ ਦੌਰ ਵਿੱਚ ਇਸ ਗੱਲ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਪੰਥ ਵਿਰੋਧੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਗਲਤ ਅਰਥਾਂ ਵਿੱਚ ਪੇਸ਼ ਕਰ ਰਹੇ ਹਨ। ਇਸ ਕਤਾਰ ਵਿੱਚ ਕੁੱਝ ਅਲਪ-ਬੁੱਧੀ ਵਾਲੇ ਸਿੱਖ ਵੀ ਸ਼ਾਮਿਲ ਹਨ ਜੋ ਆਏ ਦਿਨ ਰਣਜੀਤ ਸਿੰਘ ਦੀ ਕਿਰਦਾਰਕੁਸ਼ੀ ਕਰਦੇ ਰਹਿੰਦੇ ਹਨ। ਵੈਸੇ ਤਾਂ ਇਹ ਵਰਤਾਰਾ ਚਿਰਾਂ ਤੋਂ ਜਾਰੀ ਹੈ ਪਰ ਸਮਾਂ ਬੀਤਣ ਨਾਲ ਇਹ ਪੁੱਠੀ ਬਿਰਤੀ ਹੋਰ ਜ਼ੋਰ ਫੜਦੀ ਜਾ ਰਹੀ ਹੈ। ਰਣਜੀਤ ਸਿੰਘ ਦੀ ਨਿੰਦਿਆ ਕਰਨ ਵਾਲੇ ਕੁੱਝ ਵਿਅਕਤੀ ਤਾਂ ਇਤਿਹਾਸ ਦੇ ਸੁਭਾਅ ਤੋਂ ਹੀ ਅਣਜਾਣ ਹਨ। ਬਹੁਤੇ ਵਿਅਕਤੀ ਪੂਰੇ ਹੋਸ਼ੋ-ਹਵਾਸ਼ ਵਿੱਚ, ਸਿੱਖ ਇਤਿਹਾਸ ਨੂੰ ਮੈਲਾ ਕਰਨ ਦਾ ਨਾਪਾਕ ਯਤਨ ਕਰ ਰਹੇ ਹਨ। ਇਤਿਹਾਸ ਅੰਦਰ ਜਦ ਵੀ ਮਹਾਂਨਾਇਕ ਉਤਰਦਾ ਹੈ ਤਾਂ ਉਹ ਕਮਜ਼ੋਰੀਆ ਤੋਂ ਮੁਕਤ ਨਹੀਂ ਹੁੰਦਾ। ਉਸ ਦਾ ਤਵਾਰੀਖੀ-ਅਮਲ ਬੇਮਿਸਾਲ ਹੁੰਦਾ ਹੈ। ਪਰ ਉਸ ਦੀ ਪਰਵਾਜ਼ ਵਿੱਚ ਕਮਜ਼ੋਰੀਆਂ ਵਿਘਨ ਵੀ ਪਾਉਂਦੀਆਂ ਹਨ। ਸੂਝਵਾਨ ਲੇਖਕ ਮਹਾਂਨਾਇਕ ਦੀਆਂ ਵੱਡ-ਅਕਾਰੀ ਪ੍ਰਾਪਤੀਆਂ ਨੂੰ ਕੇਂਦਰ ਵਿੱਚ ਰੱਖ ਕੇ, ਉਸ ਦੀ ਹਸਤੀ ਦੀ ਵਿਆਖਿਆ ਕਰਦੇ ਹਨ। ਇਸ ਤਰਜ਼ ਦੀ ਇਤਿਹਾਸਕਾਰੀ ਵਿੱਚ ਸਿਫ਼ਤ-ਭਰਪੂਰ ਸ਼ਖ਼ਸੀਅਤ ਦੀਆਂ ਕਮੀਆਂ ਨੂੰ ਕੰਢੇ ‘ਤੇ ਰੱਖਿਆ ਜਾਂਦਾ ਹੈ ਅਤੇ ਇਹਨਾਂ ਕਮੀਆਂ ਦੀ ਯਥਾ-ਸੰਭਵ ਆਲੋਚਨਾ ਵੀ ਕੀਤੀ ਜਾਂਦੀ ਹੈ।

ਮਹਾਂਨਾਇਕ ਦੇ ਖਿਲਾਫ਼ ਲਿਖਣ ਵਾਲੇ ਲੋਕਾਂ ਦਾ ਅਮਲ ਬਿਲਕੁਲ ਉਲਟ ਕਿਸਮ ਦਾ ਹੁੰਦਾ ਹੈ। ਇਹ ਲੇਖਕ ਵੱਡੀ ਹਸਤੀ ਦੇ ਨੁਕਸਾਂ ਨੂੰ ਤਾਂ ਸਿੰਨ ਕੇ ਪੇਸ਼ ਕਰਦੇ ਹਨ, ਪਰ ਉਸ ਦੀ ਨੇਕ ਕਮਾਈ ਨੂੰ ਹਾਸ਼ੀਏ ਵੱਲ ਧੱਕ ਦਿੰਦੇ ਹਨ। ਇਸ ਤਰੀਕੇ ਦਾ ਇਸਤੇਮਾਲ, ਰਣਜੀਤ ਸਿੰਘ ਦੇ ਚਰਿੱਤਰਘਾਣ ਲਈ ਹੋ ਰਿਹਾ ਹੈ। ਫ਼ਿਲਮ ‘ਸ਼ੇਰੇ-ਏ-ਪੰਜਾਬ’ ਦੇ ਨਿੰਦਕਾਂ ਨੂੰ ਮਾਕੂਲ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ।

ਫ਼ਿਲਮ ਦਲੀਪ ਸਿੰਘ ਦੇ ਜੀਵਨ-ਇਤਿਹਾਸ ਦਾ ਖੁਸ਼ਕ ਵੇਰਵਾ ਪੇਸ਼ ਨਹੀਂ ਕਰਦੀ ਬਲਕਿ ਉਸ ਦੀ ਮਨੋਸਥਿਤੀ ਨੂੰ ਅਲੱਗ-ਅਲੱਗ ਕੋਣਾਂ ਤੋਂ ਬਿਆਨ ਕਰਨ ਦਾ ਯਤਨ ਕਰਦੀ ਹੈ। ਮਹਾਰਾਣੀ ਜਿੰਦਾਂ ਦੀ ਮੌਤ ਤੋਂ ਬਾਅਦ ਦਲੀਪ ਸਿੰਘ ਆਪਣੀ ਪਛਾਣ ਦੀ ਭਾਲ ਵਿੱਚ ਨਿਕਲ ਪੈਂਦਾ ਹੈ। ਵੈਸੇ ਤਾਂ ਉਸ ਦੇ ਅੰਦਰ ਪਛਾਣ ਦਾ ਸਵਾਲ, ਕਿਤੇ ਨਾ ਕਿਤੇ ਪਹਿਲਾਂ ਹੀ ਮੌਜੂਦ ਹੁੰਦਾ ਹੈ ਪਰ ਮਾਂ ਨਾਲ ਮਿਲਾਪ ਤੋਂ ਬਾਅਦ, ਇਹ ਤੀਖਣ ਰੂਪ ਧਾਰਨ ਕਰ ਜਾਂਦਾ ਹੈ। ਗੁਜ਼ਰਦੇ ਸਮੇਂ ਨਾਲ ਇਸ ਦੀ ਧਾਰ ਹੋਰ ਵੀ ਤਿੱਖੀ ਹੋ ਜਾਂਦੀ ਹੈ। ਦਲੀਪ ਸਿੰਘ ਬੇਚੈਨ ਹੋ ਜਾਂਦਾ ਹੈ। ਉਸ ਦਾ ਮਨ ਤਾਂ ਉਸ ਦੇ ਸਿੱਖ ਹੋਣ ਦੀ ਸ਼ਹਾਦਤ ਭਰਦਾ ਹੈ ਪਰ ਦਿਮਾਗ ਉਸ ਨੂੰ ਈਸਾਈ ਦਰਸਾਉਣ ‘ਤੇ ਬਜ਼ਿੱਦ ਰਹਿੰਦਾ ਹੈ। ਇੱਕ ਲੰਮੀ ਕਸ਼ਮਕਸ਼ ਦੇ ਬਾਅਦ, ਉਸ ‘ਤੇ ਥੋਪੀ ਹੋਈ ਈਸਾਈਅਤ ਢੱਠ ਜਾਂਦੀ ਹੈ ਅਤੇ ਇਸ ਦੇ ਨਾਲ ਹੀ, ਉਸ ਦੇ ਅਚੇਤ-ਮਨ ‘ਚ ਸਥਾਈ ਹਾਜ਼ਰੀ ਰੱਖਣ ਵਾਲੀ ਸਿੱਖੀ, ਚੇਤਨ ਰੂਪ ਵਿੱਚ ਪ੍ਰਗਟ ਹੋ ਜਾਂਦੀ ਹੈ। ਦਲੀਪ ਸਿੰਘ ਆਪਣੇ ਮੂਲ ਧਰਮ ਵੱਲ ਮੁੜ ਆਉਂਦਾ ਹੈ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ ਪਰ ਦਲੀਪ ਸਿੰਘ ਦਾ ਆਪਾ ਤਾ-ਉਮਰ ਨੁਕਸ ਦਾ ਸ਼ਿਕਾਰ ਰਹਿੰਦਾ ਹੈ। ਇਤਿਹਾਸ ਨੇ ਇਸ ਗੱਲ ਨੂੰ ਬਾਕਾਇਦਾ ਦਰਜ ਕੀਤਾ ਹੈ। ਪਰ ਤਵਾਰੀਖ ਵਿੱਚ ਹਮੇਸ਼ਾ ਟਕਰਾਵੇਂ ਤੱਥ ਮੌਜੂਦ ਰਹਿੰਦੇ ਹਨ ਜੋ ਇੱਕੋ ਵੇਲੇ ਇੱਕ-ਦੂਜੇ ਦੇ ਸੱਚ ਨੂੰ ਰੱਦ ਕਰਦੇ ਹਨ। ਇਸ ਲਈ ਅਸੀਂ ਇਤਿਹਾਸ ਦੇ ਇਸ ਪੱਖ ਵੱਲ ਜਾਣ ਦੀ ਲੋੜ ਮਹਿਸੂਸ ਨਹੀਂ ਕੀਤੀ। ਉਂਝ ਵੀ ਸਾਡੀ ਲਿਖਤ ਦਾ ਕੇਂਦਰ ਬਿੰਦੂ, ਉਹ ਇਤਿਹਾਸ ਹੈ, ਜੋ ਫ਼ਿਲਮ ਵਿੱਚ ਦਿਖਾਇਆ ਗਿਆ ਹੈ।

ਦਲੀਪ ਸਿੰਘ ਹਾਕਮ ਦੇ ਧਰਮ ਨੂੰ ਅਲਵਿਦਾ ਆਖ ਕੇ ਆਪਣੇ ਗੁਰੂ ਦੇ ਧਰਮ ਨੂੰ ਧਾਰਨ ਕਰਦਾ ਹੈ ਪਰ ਦਲੀਪ ਸਿੰਘ ਇਸ ਪੜਾਅ ਉੱਤੇ, ਕੋਈ ਸਰਲ-ਪੱਧਰੇ ਜਿਹੇ ਤਰੀਕੇ ਨਾਲ ਨਹੀਂ ਪਹੁੰਚਦਾ। ਉਸ ਦੇ ਜੀਵਨ ਵਿੱਚ ਤਬਦੀਲੀ ਬਿਖਮ ਪੈਂਡਾ ਤੈਅ ਕਰਨ ਤੋਂ ਬਾਅਦ ਹੀ ਆਉਂਦੀ ਹੈ। ਇਸ ਲਈ, ਇੱਥੇ ਇਸ ਤਬਦੀਲੀ ਬਾਰੇ ਦੁਬਾਰਾ ਤਬਸਰਾ ਕਰਨ ਦੀ ਲੋੜ ਹੈ। ਜਦ ਕੋਈ ਵਿਚਾਰਧਾਰਾ ਕਿਸੇ ਉੱਤੇ ਮੜ੍ਹ ਦਿੱਤੀ ਜਾਂਦੀ ਹੈ ਤਾਂ ਉਸ ਦੇ ਪੰਜੇ ਵਿੱਚੋਂ ਨਿਕਲਣਾ ਬੜਾ ਔਖਾ ਹੁੰਦਾ ਹੈ। ਗੁਲਾਮ ਹਾਕਮ ਦਾ (ਭਾਵ ਦਿਖਦੇ ਚਿਹਰਿਆਂ ਦਾ) ਵੀ ਵਿਰੋਧ ਕਰਦਾ ਹੈ ਅਤੇ ਉਸ ਦੀ ਵਿਚਾਰਧਾਰਾ ਦੇ ਖਿਲਾਫ਼ ਵੀ ਮੋਰਚਾ ਖੋਲ੍ਹ ਦਿੰਦਾ ਹੈ। ਉਸ ਦਾ ਮਨ ਵਾਰ-ਵਾਰ ਤਿਲਕਦਾ ਹੈ ਅਤੇ ਹਰ ਵਾਰ ਤਿਲਕ ਕੇ ਵਿਰੋਧੀ ਦੇ ਖੇਮੇ ਵਿੱਚ ਚੱਲਿਆ ਜਾਂਦਾ ਹੈ। ਭਾਵ ਦੁਸ਼ਮਣ ਦੀ ਵਿਚਾਰਧਾਰਕ ਕਿਲ੍ਹੇਬੰਦੀ ਨੂੰ ਤੋੜਨਾ ਕੰਡਿਆਲੀ ਤਾਰ ‘ਤੇ ਪੈਰ ਧਰਨ ਵਰਗਾ ਹੁੰਦਾ ਹੈ। ਦਲੀਪ ਸਿੰਘ ਨਾਲ ਵੀ, ਇਹ ਸਭ ਕੁੱਝ ਵਾਪਰਦਾ ਹੈ।

ਅੰਤ ਵਿੱਚ, ਉਹ ਵਿਚਾਰਧਾਰਕ ਕਿਲ੍ਹੇਬੰਦੀ ਨੂੰ ਭੰਨ ਸੁੱਟਦਾ ਹੈ। ਦਲੀਪ ਸਿੰਘ ਦੇ ਇਤਿਹਾਸ ਨੂੰ ਬੀਤੇ ਦੀ ਕਥਾ-ਕਹਾਣੀ ਸਮਝਣਾ, ਵੱਡੀ ਭੁੱਲ ਦੇ ਤੁੱਲ ਹੋਵੇਗਾ। ਇਸ ਨੂੰ ਅੱਜ ਦੇ ਸਿੱਖੀ ਪ੍ਰਸੰਗ ਨਾਲ ਜੋੜਕੇ ਦੇਖਣ ਦੀ ਲੋੜ ਹੈ। ਦਲੀਪ ਸਿੰਘ ਦੇ ਵੇਲੇ ਅੰਗਰੇਜ਼ਾਂ ਦੀ ਬਸਤੀ ਸੀ,ਅੱਜ ਇਹ ਭਾਰਤ ਦੀ ਬਸਤੀ ਬਣਿਆ ਹੋਇਆ ਹੈ। ਇਸ ਮੁਲਕ ਵਿੱਚ ਸਭਿਆਚਾਰਿਕ ਰਾਸ਼ਟਰਵਾਦ (CULTURAL NATIONALISM) ਦਾ ਇਸਤੇਮਾਲ ਸਿੱਖਾਂ ਦੇ ਹਿੰਦੂਕਰਨ ਲਈ ਕੀਤਾ ਜਾ ਰਿਹਾ ਹੈ। ਸੰਵਿਧਾਨਿਕ ਰਾਸ਼ਟਰਵਾਦ (CONSTITUTIONAL NATIONALISM) ਵੀ ਇਸ ਕੁਕਰਮ ਵਿੱਚ ਬਰਾਬਰ ਦੀ ਸ਼ਮੂਲੀਅਤ ਕਰ ਰਿਹਾ ਹੈ।

ਇਹ ਦੋਵੇਂ ਰਾਸ਼ਟਰਵਾਦ (ਸਭਿਆਚਾਰਿਕ ਅਤੇ ਸੰਵਿਧਾਨਿਕ), ਭਾਰਤੀ ਰਾਸ਼ਟਰਵਾਦ ਦੀ ਦੇਹ ਅਤੇ ਰੂਹ ਹਨ। ਇਹ ਦੋਵੇਂ ਰਾਹ ਭਾਵੇਂ ਵੰਨਗੀ ਪੱਖੋਂ ਵੱਖੋ-ਵੱਖਰੇ ਹਨ ਪਰ ਸਿੱਖਾਂ ਖ਼ਿਲਾਫ, ਇਹਨਾਂ ਦੀ ਬੁਨਿਆਦੀ ਸੋਚ ਵਿੱਚ ਕੋਈ ਫਰਕ ਨਹੀਂ ਹੈ। ਦੋਵੇਂ ਕਿਸਮ ਦੇ ਰਾਸ਼ਟਰਵਾਦ, ਸਿੱਖ ਹਸਤੀ ਨੂੰ ਭਾਰਤੀ-ਹਿੰਦੂ ਧਾਰਾ ਵਿੱਚ ਮੇਲ ਕੇ ਮਿਟਾ ਦੇਣਾ ਚਾਹੁੰਦੇ ਹਨ। ਉਂਝ ਇਹਨਾਂ ਵਿਚਕਾਰ ਆਪਸੀ ਤਣਾਅ ਦੀ ਹਾਲਤ ਵੀ ਬਣੀ ਰਹਿੰਦੀ ਹੈ, ਜੋ ਕਿ ਕਈ ਵੇਲੇ ਟਕਰਾਅ ਦੀ ਸਥਿਤੀ ਵਿੱਚ ਵੀ ਬਦਲ ਜਾਂਦੀ ਹੈ ਪਰ ਇਹ ਦੋਵੇਂ ਰਾਸ਼ਟਰਵਾਦ, ਸਿੱਖ ਕੌਮ ਦੀ ਪਛਾਣ ਦੇ ਖਿਲਾਫ਼ ਆਪਿਸ ਵਿੱਚ ਵੱਡੀ ਸਹਿਮਤੀ ਰੱਖਦੇ ਹਨ। ਦਲੀਪ ਸਿੰਘ ‘ਤੇ ਲੱਦਿਆ ਗਿਆ ਧਰਮ ਤਾਂ ਸਾਫ਼-ਸਾਫ਼ ਨਜ਼ਰ ਆ ਜਾਂਦਾ ਹੈ ਪਰ ਰਾਸ਼ਟਰਵਾਦ (ਖਾਸ ਕਰਕੇ ਸੰਵਿਧਾਨਿਕ ਰਾਸ਼ਟਰਵਾਦ) ਦੇ ਜ਼ਰੀਏ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ, ਆਮ ਅੱਖ ਨਾਲ ਫੜ ਪਾਉਣਾ ਅਸੰਭਵ ਦੇ ਸਮਾਨ ਹੈ। ਇਸ ਲਈ ਇਸ ਮਸਲੇ ਨੂੰ ਬਾਰੀਕੀ ਨਾਲ ਜਾਣਨਾ ਅਤੇ ਬੁੱਝਣਾ ਜ਼ਰੂਰੀ ਹੋ ਜਾਂਦਾ ਹੈ।ਇਸ ਤੋਂ ਅੱਗੇ ਇਸ ਖ਼ਤਰਨਾਕ ਵਰਤਾਰੇ ਦੀ ਗਹਿਰ-ਗੰਭੀਰ ਵਿਆਖਿਆ ਕਰਨਾ ਅਤੇ ਫਿਰ ਇਸ ਵਿਆਖਿਆ ਨੂੰ ਸਿੱਖ ਮਨਾਂ ਦਾ ਸਥਾਈ ਅੰਗ ਬਣਾਉਣਾ, ਸਮੇਂ ਦੀ ਅਮੋੜ ਮੰਗ ਬਣ ਜਾਂਦਾ ਹੈ।

ਇਲਾਹੀ ਗਿਆਨ ਹੇਠਾਂ ਬੈਠ ਕੇ, ਕੀਤੇ ਗਏ ਚਿੰਤਨ ਦੇ ਬਲ ਉੱਤੇ ਹੀ ਉੱਜਲ ਚੇਤਨਾ ਉਗਮ ਸਕਦੀ ਹੈ ਜਾਂ ਉਗਮੀ ਹੋਈ ਚੇਤਨਾ ਵਿੱਚੋਂ ਆਈ ਹੋਈ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਚੇਤਨਾ ਦੀ ਤਾਕਤ, ਜਿੱਥੇ ਕੌਮ ਦੀ ਅੱਡਰੀ ਹੋਂਦ ਨੂੰ ਬਰਕਰਾਰ ਰੱਖੇਗੀ, ਉੱਥੇ ਪੰਥ ਅੰਦਰ ਪ੍ਰਭੁਸੱਤਾ ਦੀ ਭਾਵਨਾ ਨੂੰ ਵੀ ਜ਼ੋਰਾਵਰ ਬਣਾਉਣ ਦਾ ਕਾਰਜ ਕਰੇਗੀ। ਭਾਵ ਇਹ ਚੇਤਨਾ ਕੌਮ ਨੂੰ ਹੜੱਪ ਕਰਨ ਦੇ ਸ਼ੈਤਾਨੀ ਮਨਸੂਬਿਆਂ ਨੂੰ ਵੀ ਮਾਤ ਦੇਵੇਗੀ ਅਤੇ ਉਸ ਅੰਦਰ ਵੱਖਰੇ ਮੁਲਕ ਦੀ ਚਾਹਤ ਨੂੰ ਵੀ ਬਲਵਾਨ ਕਰੇਗੀ। ਅੱਜ ਦੀ ਚਾਣਕਿਆਵਾਦੀ ਘੇਰਾਬੰਦੀ ਨੂੰ ਵੀ ਇਸ ਰਾਹ ‘ਤੇ ਚੱਲ ਕੇ ਹੀ ਨੇਸਤੋ-ਨਾਬੂਦ ਕੀਤਾ ਜਾ ਸਕਦਾ ਹੈ।

ਹੁਣ ਜੇ ਵਾਪਿਸ ਫ਼ਿਲਮ ਦੀ ਕਹਾਣੀ ਵੱਲ ਮੁੜਿਆ ਜਾਵੇ ਤਾਂ ਅਸੀਂ ਵੇਖਦੇ ਹਾਂ ਕਿ ਇੱਕ ਥਾਂ ‘ਤੇ ਦਲੀਪ ਸਿੰਘ ਮਲਿਕਾ ਵਿਕਟੋਰੀਆ ਨਾਲ ਗੁਫ਼ਤਗੂ ਕਰਦਾ ਹੋਇਆ ਆਖਦਾ ਹੈ ਕਿ ਉਹ ਸ਼ਾਹੀ ਕੈਦੀ ਹੈ। ਵਿਕਟੋਰੀਆ ਇਕਦਮ, ਉਸ ਦੀ ਗੱਲ ਨੂੰ ਰੱਦ ਕਰਦੀ ਹੋਈ ਕਹਿੰਦੀ ਹੈ ਕਿ ਤੁਹਾਨੂੰ ਇੱਥੇ ਗੱਲ ਕਰਨ ਦੀ ਪੂਰੀ ਖੁੱਲ ਹੈ। ਵਿਚਾਰਾਂ ਦੀ ਆਜ਼ਾਦੀ ਦਾ ਖ਼ਿਆਲ, ਬੜਾ ਨਫੀਸ ਖ਼ਿਆਲ ਹੈ ਪਰ ਜਾਬਰ ਹਾਕਮ, ਇਸ ਨਫੀਸ ਖ਼ਿਆਲ ਦੀ ਰੂਹ ਨੂੰ ਕਤਲ ਕਰ ਦਿੰਦਾ ਹੈ। ਉਹ ਇਸ ਵਿਚਾਰ ਨੂੰ ਜ਼ੁਲਮ ਦੇ ਸੰਦ ‘ਚ ਤਬਦੀਲ ਕਰ ਦਿੰਦਾ ਹੈ। ਜ਼ਾਲਮ ਹਕੂਮਤ ਇਸ ਖ਼ਿਆਲ ਦਾ ਇਸਤੇਮਾਲ, ਗੁਲਾਮ ਦੇ ਮਨ ਉੱਤੇ ਆਪਣੀ ਜਕੜ ਨੂੰ ਬਣਾਈ ਰੱਖਣ ਲਈ ਕਰਦੀ ਹੈ। ਹਾਕਮ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੋਇਆ, ਗੁਲਾਮ ਦੇ ਆਲੇ-ਦੁਆਲੇ ਇੱਕ ਦਿੱਖ-ਅਦਿੱਖ ਲੀਕ ਵਾਹ ਦਿੰਦਾ ਹੈ, ਜਿਸ ਦਾ ਮਕਸਦ ਗੁਲਾਮ ਦੇ ਸੁਪਨਿਆਂ ਦੇ ਅਸੀਮ ਸੰਸਾਰ ਨੂੰ ਕੈਦ ਕਰਨਾ ਹੁੰਦਾ ਹੈ। ਆਮ ਤੌਰ ‘ਤੇ ਵਿਚਾਰਧਾਰਕ-ਕੈਦ ਭੁਗਤ ਰਿਹਾ ਆਦਮੀ ਜਾਂ ਕੌਮ ਇਸ ਭਰਮ ਵਿੱਚ ਜਿਉਂਦੇ ਰਹਿੰਦੇ ਹਨ ਕਿ ਉਹ ਆਜ਼ਾਦ ਹਨ। ਇੰਝ ਬੰਦੇ ਜਾਂ ਕੌਮ ਦੀ ਰਾਜਸੀ ਅਧੀਨਗੀ ਨੂੰ ਸਦੀਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਧੀਨ ਧਿਰ ਨੂੰ ਸਦੀਵੀ ਅਧੀਨ ਰੱਖਣਾ ਬੜਾ ਮੁਸ਼ਕਿਲ ਹੁੰਦਾ ਹੈ। ਅਧੀਨ ਧਿਰ ਜਦ ਵੀ ਜਾਗਦੀ ਹੈ ਜਾਂ ਜਾਗਣਾ ਸ਼ੁਰੂ ਕਰਦੀ ਹੈ ਤਾਂ ਜਾਬਰ ਦਾ ਜਬਰ ਕੁਹਾੜਾ ਵੀ ਨਾਲ ਹੀ ਚੱਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦਾ ਮਨੋਰਥ ਗੁਲਾਮ ਨੂੰ ਦੁਬਾਰਾ ਪਿੰਜਰੇ ਵੱਲ ਧੱਕਣਾ ਹੁੰਦਾ ਹੈ।

ਦਲੀਪ ਸਿੰਘ ਜਦ ਅੰਗਰੇਜ਼ ਹਕੂਮਤ ਕੋਲੋਂ ਖੋਹੇ ਹੋਏ ‘ਖ਼ਾਲਸਾ ਰਾਜ’ ਦੀ ਮੰਗ ਕਰਦਾ ਹੈ ਤਾਂ ਉਸ ਦਾ (ਬ੍ਰਿਟਿਸ਼ ਰਾਜ ਦਾ) ਕਰੂਪ ਚਿਹਰਾ ਪ੍ਰਤੱਖ ਹੋ ਜਾਂਦਾ ਹੈ। ਵਿਚਾਰਾਂ ਦੀ ਸੁਤੰਤਰਤਾ ਦੀ ਦੁਹਾਈ ਦੇਣ ਵਾਲਾ ਰਾਜ, ਦਲੀਪ ਸਿੰਘ ਦੀ ਗੱਲ ਵੱਲ ਕੰਨ ਧਰਨਾ ਵੀ ਪਸੰਦ ਨਹੀਂ ਕਰਦਾ। ਅੰਤ ਨੂੰ ਦਲੀਪ ਸਿੰਘ ਸਿੱਧੀ ਬਗਾਵਤ ਕਰ ਦਿੰਦਾ ਹੈ। ‘ਦਰਦਾਂ ਵਾਲੇ ਦੇਸ’ ਗੁਲਾਮੀ ਦੀ ਪੀੜ ਨੂੰ ਹੰਢਾ ਰਹੀ ਧਰਤੀ (ਪੰਜਾਬ) ਨੂੰ ਸੁਤੰਤਰ ਕਰਵਾਉਣਾ, ਉਸ ਦੇ ਜੀਵਨ ਦਾ ਨਿਸ਼ਾਨਾ ਬਣ ਜਾਂਦਾ ਹੈ। ਖ਼ਾਲਸੇ ਦੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ, ਉਹ ਫਰਾਂਸ ਤੋਂ ਹੁੰਦਾ ਹੋਇਆ ਰੂਸ ਤੱਕ ਜਾ ਪਹੁੰਚਦਾ ਹੈ। ਪ੍ਰਭੁਸੱਤਾ ਦੇ ਘੋਲ ਵਿੱਚ, ਉਹ ਆਪਣੀ ਪੂਰੀ ਊਰਜਾ ਝੋਕ ਦਿੰਦਾ ਹੈ ਪਰ ਉਸ ਦੀ ਜੱਦੋ-ਜਹਿਦ ਨੂੰ ਫਲ ਨਹੀਂ ਲੱਗਦਾ। ਬ੍ਰਿਟਿਸ਼ ਹਕੂਮਤ ਇਸ ਬਗਾਵਤ ਨੂੰ ਤਾਕਤ ਦੇ ਜ਼ੋਰ ਨਾਲ ਕੁਚਲ ਦਿੰਦੀ ਹੈ। ਇੱਥੇ ਦਲੀਪ ਸਿੰਘ ਦੇ ਉੱਦਮ-ਉਪਰਾਲੇ ਨੂੰ ਗਹੁ ਨਾਲ ਦੇਖਣ ਦੀ ਲੋੜ ਹੈ। ਇਹ ਲੜਾਈ ‘ਕੱਲੇ ਦਲੀਪ ਸਿੰਘ ਦੀ ਨਹੀਂ ਸੀ ਬਲਕਿ ਪੂਰੇ ਪੰਥ ਦੀ ਸੀ।

ਅੰਗਰੇਜ਼ਾਂ ਨੇ ਤਸ਼ੱਦਦ ਵਾਲੇ ਪੱਖ ਤੋਂ ਤਾਂ ਕੋਈ ਕੋਰ-ਕਸਰ ਨਹੀਂ ਛੱਡੀ ਸੀ ਪਰ ਇਸ ਸਭ ਦੇ ਬਾਵਜੂਦ, ਸਿੱਖਾਂ ਦੇ ਅੰਦਰ ਆਜ਼ਾਦੀ ਦੀ ਜੋਤ ਜਗ ਰਹੀ ਸੀ। ਅੰਗਰੇਜ਼ਾਂ ਦੇ ਜ਼ੁਲਮ ਦਾ ਝੱਖੜ ਵੀ, ਇਸ ਜੋਤ ਨੂੰ ਬੁਝਾਉਣ ਵਿੱਚ ਨਾਕਾਮ ਰਿਹਾ ਸੀ। ਇਸ ਦੇ ਠੋਸ ਸਬੂਤ ਇਤਿਹਾਸ ਨੇ ਆਪਣੀ ਬੁੱਕਲ ਵਿੱਚ ਸਾਂਭ ਕੇ ਰੱਖੇ ਹੋਏ ਹਨ। ਭਾਈ ਮਹਾਰਾਜ ਸਿੰਘ ਵੱਲੋਂ ‘ਖ਼ਾਲਸਾ ਰਾਜ’ ਦੀ ਮੁੜ ਕਾਇਮੀ ਲਈ ਕੀਤਾ ਗਿਆ ਉਪਰਾਲਾ, ਇਸ ਗੱਲ ਦੀ ਉਭਰਵੀਂ ਮਿਸਾਲ ਹੈ। ਇਸ ਤੋਂ ਇਲਾਵਾ ਦਲੀਪ ਸਿੰਘ ਦੀ ਉਦਾਹਰਣ ਵੀ, ਇਸ ਗੱਲ ਨੂੰ ਤਸਦੀਕ ਕਰਦੀ ਹੈ। ਜਦ ਵਲੈਤ ਤੋਂ ਦਲੀਪ ਸਿੰਘ, ਰਾਜ ਹਾਸਿਲ ਕਰਨ ਦਾ ਸੁਨੇਹਾ, ਸਿੱਖਾਂ ਵੱਲ ਨੂੰ ਭੇਜਦਾ ਹੈ ਤਾਂ ਸਿੱਖਾਂ ਨੂੰ ਚਾਅ ਚੜ੍ਹ ਜਾਂਦਾ ਹੈ। ਦਰਅਸਲ ਸਿੱਖ ਦਲੀਪ ਸਿੰਘ ਨੂੰ ‘ਲਾਹੌਰ ਦੇ ਤਖ਼ਤ’ ਦਾ ਵਾਰਸ ਤਸੱਵਰ ਕਰਦੇ ਸਨ। ਇਸ ਲਈ ਉਸ ਦੀ, ਪੰਥ ਵਿੱਚ ਮੁੜ ਸ਼ਾਮਿਲ ਹੋਣ ਦੀ ਖ਼ਬਰ ਉਹਨਾਂ ਨੂੰ ਅਕਹਿ ਖੁਸ਼ੀ ਬਖ਼ਸ਼ਦੀ ਹੈ। ਇਸ ਦੇ ਨਾਲ ਹੀ ‘ਲਾਹੌਰ ਦੇ ਤਖ਼ਤ’ ਨੂੰ ਦੁਬਾਰਾ ਹਾਸਿਲ ਕਰਨ ਦਾ ਪੈਗਾਮ, ਸਿੱਖਾਂ ਦੀਆਂ ਉਮੰਗਾਂ ਨੂੰ ਨਵੀਂ ਜਾਨ ਦੇ ਜਾਂਦਾ ਹੈ। ਫਿਰ ‘ਲਾਹੌਰ ਦੇ ਤਖ਼ਤ’ ਨੂੰ ਮੁੜ ਪ੍ਰਾਪਤ ਕਰਨ ਲਈ, ਹਰ ਸੰਭਵ ਯਤਨ ਆਰੰਭ ਹੁੰਦੇ ਹਨ ਪਰ ਇਹਨਾਂ ਯਤਨਾਂ ਨੂੰ ਬੂਰ ਨਹੀਂ ਪੈਂਦਾ ਕਿਉਂਕਿ ਖੋਹੇ ਹੋਏ ਰਾਜ ਤੁਰੰਤ ਤੁਹਾਡੇ ਆਪਣੇ ਨਹੀਂ ਹੋ ਜਾਂਦੇ। ਇਸ ਦੀ ਪੁਨਰ-ਪ੍ਰਾਪਤੀ ਲਈ, ਕਠਿਨ ਸੰਘਰਸ਼-ਸਾਧਨਾ ਕਰਨੀ ਪੈਂਦੀ ਹੈ। ਇਹ ਸੰਘਰਸ਼-ਸਾਧਨਾ, ਕਈ ਵਾਰ ਸਦੀਆਂ ਲੰਮੀ ਵੀ ਹੋ ਜਾਂਦੀ ਹੈ। ਸਿੱਖ ਆਪਣੇ ਕੌਮੀ ਰਾਜ ਨੂੰ ਪੁਨਰ-ਸਥਾਪਿਤ ਕਰਨ ਲਈ ਅੱਜ ਤੱਕ ਜੂਝ ਰਹੇ ਹਨ।

ਦਲੀਪ ਸਿੰਘ ਨੇ ਵੀ ਇਸ ਜੱਦੋ-ਜਹਿਦ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਚਾਹੇ ਉਸ ਦੀ ਬਗਾਵਤ ਅਸਫ਼ਲ ਰਹਿੰਦੀ ਹੈ ਪਰ ਰਾਜ ਦੀ ਰੀਝ ਅੰਤਿਮ ਪਲਾਂ ਤੱਕ, ਉਸ ਦੇ ਨਾਲ ਰਹਿੰਦੀ ਹੈ। ਉਂਝ ਆਖਰੀ ਉਮਰੇ, ਉਸ ਦੀ ਸ਼ਖ਼ਸੀਅਤ ਦਾ ਤੇਜ-ਪ੍ਰਤਾਪ ਆਪਣੀ ਪਹਿਲਾਂ ਵਾਲੀ ਆਭਾ ਗਵਾ ਚੁੱਕਿਆ ਹੁੰਦਾ ਹੈ। ਇਸ ਲਈ, ਉਹ ਆਪਣੇ ਪਰਿਵਾਰ ਦੇ ਦਬਾਅ ਹੇਠ ਆ ਕੇ, ਮਲਿਕਾ ਦੇ ਦਰਬਾਰ ‘ਚ ਮਾਫੀ ਦੀ ਫਰਿਆਦ ਵੀ ਕਰਦਾ ਹੈ। ਮਲਿਕਾ ਅਤੇ ਦਲੀਪ ਸਿੰਘ ਦੀ ਮੁਲਾਕਾਤ ਵੀ ਹੁੰਦੀ ਹੈ। ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਪਰ ਇਸ ਗੱਲਬਾਤ ਦਾ ਪੱਕਾ ਸਿੱਟਾ ਕੀ ਨਿਕਲਦਾ ਹੈ? ਫ਼ਿਲਮ ਇਸ ਗੱਲ ਨੂੰ ਪੂਰੀ ਤਰ੍ਹਾਂ ਖੋਲ੍ਹਦੀ ਨਹੀਂ। ਫ਼ਿਲਮ ਇਹ ਕੰਮ ਦਰਸ਼ਕਾਂ ਦੇ ਜ਼ਿੰਮੇ ਲਾ ਕੇ ਅੱਗੇ ਵੱਧ ਜਾਂਦੀ ਹੈ। ਦਲੀਪ ਸਿੰਘ ਆਪਣਾ ਅੰਤਿਮ ਸਮਾਂ ਫਰਾਂਸ ਵਿੱਚ ਬਤੀਤ ਕਰਦਾ ਹੈ ਅਤੇ ਅੰਤ ਨੂੰ ਫਰਾਂਸ ਦੀ ਧਰਤੀ ‘ਤੇ ਹੀ ਅਕਾਲ ਚਲਾਣਾ ਕਰ ਜਾਂਦਾ ਹੈ।
ਹੁਣ ਤੱਕ ਅਸੀਂ ਲਿਖਤ ਦੇ ਅੰਦਰ, ਫ਼ਿਲਮ ਦੇ ਸਾਕਾਰਤਮਕ ਪੱਖਾਂ ਨੂੰ, ਵਿਆਖਿਆ ਸਹਿਤ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੜਚੋਲਵੀਂ-ਦ੍ਰਿਸ਼ਟੀ ਫ਼ਿਲਮ ਦੇ ਨਕਾਰਤਮਕ ਪਹਿਲੂਆਂ ਵੱਲ, ਜਾਣ ਦੀ ਵੀ ਮੰਗ ਕਰਦੀ ਹੈ। ਇਸ ਲਈ ਹੁਣ ਅਸੀਂ ਆਪਣੀ ਲਿਖਤ ਨੂੰ, ਇਸ ਪਾਸੇ ਵੱਲ ਸੇਧਿਤ ਕਰਾਂਗੇ। ਫ਼ਿਲਮ ਦੇ ਤਕਨੀਕੀ ਪੱਖ ਦੀ ਵੀ ਆਪਣੀ ਮਹੱਤਤਾ ਹੁੰਦੀ ਹੈ। ਇਸ ਲਿਖਤ ਦਾ ਮਕਸਦ ਫ਼ਿਲਮ ਦੇ ਤਕਨੀਕੀ ਪਹਿਲੂਆਂ ਦੀ ਪੁਣ-ਛਾਣ ਕਰਨਾ ਨਹੀਂ ਹੈ ਬਲਕਿ ਫ਼ਿਲਮਕਾਰ ਵੱਲੋਂ ਇਤਿਹਾਸ ਦੀ ਕੀਤੀ ਗਈ ਵਿਆਖਿਆ ਦੀ ਪੜਤਾਲ ਕਰਨਾ ਹੈ ਅਤੇ ਨਾਲ ਦੀ ਨਾਲ ਵਿਆਖਿਆ ਦੀ ਆਲੋਚਨਾਤਮਕ ਵਿਆਖਿਆ ਕਰਨਾ ਵੀ ਹੈ।

ਫ਼ਿਲਮ ਦੇ ਨਕਾਰਤਮਕ ਪੱਖ ਵੱਲ ਨਜ਼ਰ ਮਾਰਦੇ ਹੋਏ, ਅਸੀਂ ਵੇਖਦੇ ਹਾਂ ਕਿ ਦਲੀਪ ਸਿੰਘ ਪੂਰੀ ਜ਼ਿੰਦਗੀ ਦਾੜ੍ਹੀ ਕਤਰਾ ਹੀ ਰਹਿੰਦਾ ਹੈ। ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਲੈਣ ਤੋਂ ਬਾਅਦ ਵੀ, ਉਸ ਦੀ ਦਾੜ੍ਹੀ ਕਤਰੀ ਹੀ ਰਹਿੰਦੀ ਹੈ। ਪੰਜਾਬੀ ਦੀ ਮਸ਼ਹੂਰ ਅਖ਼ਬਾਰ ‘ਅਜੀਤ’ ਨੇ ਪਿੱਛੇ ਜਿਹੇ ਮਹਾਰਾਜਾ ਦਲੀਪ ਸਿੰਘ ਦੀਆਂ ਦੋ ਤਸਵੀਰਾਂ ਛਾਪੀਆਂ ਸਨ। ਅਖ਼ਬਾਰ ਨੇ ਤਸਵੀਰਾਂ ਦੇ ਪ੍ਰਮਾਣਿਕ ਹੋਣ ਦਾ ਦਾਅਵਾ ਵੀ ਕੀਤਾ ਸੀ। ਇੱਕ ਫੋਟੋ ਵਿੱਚ ਦਲੀਪ ਸਿੰਘ ਮੋਨਾ ਸੀ ਅਤੇ ਦੂਸਰੀ ਵਿੱਚ ਸਾਬਤ-ਸੂਰਤ ਸਿੱਖ ਸੀ। ਗੂਗਲ ਦਾ ਖੋਜ-ਇੰਜਣ ਵੀ ਜਿਹੜੀਆਂ ਫੋਟੋਆਂ ਬਾਹਰ ਕੱਢਦਾ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਫੋਟੋਆਂ, ਦਲੀਪ ਸਿੰਘ ਨੂੰ ਸਿੱਖੀ ਸਰੂਪ ਵਿੱਚ ਹੀ ਦਿਖਾਉਂਦੀਆਂ ਹਨ। ਜਿਹਨਾਂ ਵਿੱਚ ਉਸ ਨੇ ਦਾੜ੍ਹੀ ਬੰਨ੍ਹੀ ਹੋਈ ਹੈ। ਪਰ ਫ਼ਿਲਮ ਵਿੱਚ ਰੋਲ ਨਿਭਾ ਰਿਹਾ ਕਲਾਕਾਰ (ਸਤਿੰਦਰ ਸਰਤਾਜ) ਕਿਤੇ ਵੀ ਬੰਨ੍ਹੀ ਹੋਈ ਦਾੜ੍ਹੀ ਵਿੱਚ ਨਹੀਂ ਦਿਖਦਾ। ਅੰਮ੍ਰਿਤ ਛਕਣ ਤੋਂ ਪਹਿਲਾਂ ਦਲੀਪ ਸਿੰਘ ਕਿਸ ਰੂਪ ਵਿੱਚ ਸੀ? ਇਸ ਗੱਲ ਨੂੰ ਹਾਲ ਦੀ ਘੜੀ, ਇੱਕ ਪਾਸੇ ਰੱਖਣਾ ਠੀਕ ਹੋਵੇਗਾ। ਅੰਮ੍ਰਿਤ ਛਕਣ ਤੋਂ ਬਾਅਦ ਦਲੀਪ ਸਿੰਘ ਸਾਬਤ-ਸੂਰਤ ਸੀ ਜਾਂ ਨਹੀਂ? ਇਹ ਸਵਾਲ ਸਾਡੇ ਲਈ ਖ਼ਾਸ ਅਹਿਮੀਅਤ ਰੱਖਦਾ ਹੈ। ਜੇ ਫ਼ਿਲਮ ਦੇ ਕਲਪਨਾਕਾਰਾਂ ਦੀ ਖੋਜ ਇਹ ਕਹਿੰਦੀ ਹੈ ਕਿ ਦਲੀਪ ਸਿੰਘ ਅੰਮ੍ਰਿਤ ਛਕਣ ਤੋਂ ਬਾਅਦ ਵੀ ਦਾੜ੍ਹੀ ਕੱਟਦਾ ਸੀ ਤਾਂ ਫਿਰ ਉਸ ਦੀ ਸਿੱਖ ਸ਼ਖ਼ਸੀਅਤ ਆਪ-ਮੁਹਾਰੇ ਵੱਡੇ ਪ੍ਰਸ਼ਨ ਚਿੰਨ ਦੇ ਹਵਾਲੇ ਹੋ ਜਾਂਦੀ ਹੈ। ਇਸ ਦੇ ਨਾਲ ਹੀ ਉਸ ਦੀਆਂ ਫੋਟੋਆਂ ‘ਤੇ ਫਰਜ਼ੀ ਹੋਣ ਦੀ ਛਾਪ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਇਹ ਅਰਥ ਵੀ ਲਏ ਜਾਣਗੇ ਕਿ ਫ਼ਿਲਮਕਾਰ ਦਲੀਪ ਸਿੰਘ ਦੀ ਸ਼ਖ਼ਸੀਅਤ ਦੇ ਕਮਜ਼ੋਰ ਪਾਸੇ ਨੂੰ, ਫ਼ਿਲਮ ਦੇ ਜ਼ਰੀਏ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਦਲੀਪ ਸਿੰਘ ਨੇ ਖੰਡੇ ਦੀ ਪਾਹੁਲ ਲੈਣ ਤੋਂ ਬਾਅਦ ਦਾੜ੍ਹੀ ਰੱਖੀ ਹੋਈ ਸੀ (ਜਿਸ ਦੀ ਪੁਸ਼ਟੀ ਤਸਵੀਰਾਂ ਵੀ ਕਰਦੀਆਂ ਹਨ) ਤਾਂ ਫਿਰ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਨੇ ਵੱਡੀ ਗਲਤੀ ਕੀਤੀ ਹੈ। ਇਸ ਦੇ ਮਾਅਨੇ ਇਹ ਵੀ ਹਨ ਕਿ ਇਸ ਬਿੰਦੂ ‘ਤੇ ਅਦਾਕਾਰ ਵੀ ਆਪਣੀ ਕਲਾ ਨਾਲ, ਨਿਆਂ ਨਹੀਂ ਕਰ ਸਕਿਆ।
ਫ਼ਿਲਮ ਦੇ ਆਖਰੀ ਪਲ ਬਹੁਤ ਮਹੱਤਵਪੂਰਨ ਹੁੰਦੇ ਹਨ। ਤਕਰੀਬਨ ਹਰ ਇਨਸਾਨ, ਇਹਨਾਂ ਪਲਾਂ ਪ੍ਰਤੀ ਖ਼ਾਸ ਖਿੱਚ ਰੱਖਦਾ ਹੈ। ਜੇ ਫ਼ਿਲਮ ਇਤਿਹਾਸ ਅਧਾਰਿਤ ਹੋਵੇ ਤਾਂ ਇਹ ਖਿੱਚ ਹੋਰ ਵੀ ਵਧ ਜਾਂਦੀ ਹੈ। ਫ਼ਿਲਮ ਦੇ ਅਖੀਰ ਵਿੱਚ ਦਰਸ਼ਕ ਆਪਣੇ ਖਿੰਡੇ ਹੋਏ ਧਿਆਨ ਨੂੰ ਸਕਰੀਨ ਉੱਤੇ ਕੇਂਦਰਿਤ ਕਰ ਦਿੰਦਾ ਹੈ ਜਾਂ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਵੈਸੇ ਤਾਂ ਤਮਾਮ ਫ਼ਿਲਮ ਦੌਰਾਨ, ਦਰਸ਼ਕ ਆਪਣੀ ਖੰਡਿਤ ਸੁਰਤ ਨੂੰ, ਪਰਦੇ ਉੱਤੇ ਇਕਾਗਰ ਕਰਦਾ ਹੋਇਆ ਵਿਖਾਈ ਦਿੰਦਾ ਹੈ। ਚਾਹੇ ਫ਼ਿਲਮ ਦੇ ਸ਼ੁਰੂਆਤੀ ਪਲਾਂ ਦੌਰਾਨ ਇਕਾਗਰਤਾ ਘੱਟ ਹੀ ਭੰਗ ਹੁੰਦੀ ਹੈ ਪਰ ਕੁੱਝ ਵਕਤ ਬੀਤਣ ਦੇ ਬਾਅਦ ਧਿਆਨ ਦੇ ਖਿਲਰਨ ਅਤੇ ਜੁੜਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਫ਼ਿਲਮ ਜਦ ਆਪਣੇ ਸਿਖਰ ‘ਤੇ (climax) ਪਹੁੰਚਦੀ ਹੈ ਤਾਂ ਦਰਸ਼ਕ ਆਪਣੀ ਬਿਰਤੀ ਨੂੰ ਜ਼ਿਆਦਾ ਇਕਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਸਾਰੀ ਵਿਚਾਰ-ਚਰਚਾ ਦਾ ਸਾਰ-ਤੱਤ ਇਹ ਹੈ ਕਿ ਹਰੇਕ ਦਰਸ਼ਕ (ਘੱਟ ਜਾਂ ਵੱਧ) ਮਨੋਵਿਗਿਆਨਿਕ-ਜ਼ਾਬਤੇ ਵਿੱਚ ਬੱਝਾ ਹੁੰਦਾ ਹੈ ਅਤੇ ਫ਼ਿਲਮ ਦੇ ਆਖਰੀ ਪਲ ਹਰੇਕ ਲਈ ਵਿਸ਼ੇਸ਼ ਮਹੱਤਤਾ ਰੱਖਦੇ ਹਨ। ‘ਦ ਬਲੈਕ ਪ੍ਰਿੰਸ’ ਫ਼ਿਲਮ ਵੀ ਇਸ ਜ਼ਾਬਤੇ ਤੋਂ ਬਾਹਰ ਨਹੀਂ ਹੈ।

ਇਸ ਫ਼ਿਲਮ ਦੇ ਅੰਤਲੇ ਦ੍ਰਿਸ਼, ਫ਼ਿਲਮ ਦੀ ਆਤਮਾ ਨੂੰ ਧੂਹ ਕੇ ਭਾਰਤੀ-ਬਿਰਤਾਂਤ (INDIAN NARRATIVE) ਵਿੱਚ ਲੈ ਜਾਂਦੇ ਹਨ। ਇਉਂ ਫ਼ਿਲਮ ਦੀ ਆਤਮਾ ਭਾਰਤੀ-ਬਿਰਤਾਂਤ ਦੀ ਬੰਦੀ ਬਣ ਜਾਂਦੀ ਹੈ। ਸਿੱਖ ਕੌਮ ਦਾ ਵੱਡਾ ਹਿੱਸਾ ਤਾਂ ਪਹਿਲਾਂ ਹੀ ਭਾਰਤੀ-ਬਿਰਤਾਂਤ ਦਾ ਗੁਲਾਮ ਬਣਿਆ ਹੋਇਆ ਹੈ। ਭਾਰਤੀ ਬਿਰਤਾਂਤ ਸਿੱਖਾਂ ਦੇ ਹਰ ਸੰਘਰਸ਼ (ਭਾਰਤੀ ਸਟੇਟ ਦੇ ਖ਼ਿਲਾਫ ਕੀਤੇ ਗਏ ਸੰਘਰਸ਼ ਨੂੰ ਛੱਡ ਕੇ) ਨੂੰ ਭਾਰਤ ਨਾਲ ਬੰਨ੍ਹ ਦਿੰਦਾ ਹੈ। ਭਾਰਤਪ੍ਰਸਤ ਇਤਿਹਾਸਕਾਰ ਤਾਂ ਗੁਰ-ਇਤਿਹਾਸ ਨੂੰ ਵੀ ਹਿੰਦੂ-ਭਾਰਤ ਦੀ ਆਜ਼ਾਦੀ ਨਾਲ ਜੋੜ ਦਿੰਦੇ ਹਨ। ਇਸ ਤੋਂ ਇਲਾਵਾ ਸਿੱਖਾਂ ਦੇ 18ਵੀਂ ਅਤੇ 19ਵੀਂ ਸਦੀ ਦੇ ਅਮਲ ਨੂੰ ਵੀ ਹਿੰਦੁਸਤਾਨ ਨਾਲ ਨੱਥੀ ਕਰ ਦਿੱਤਾ ਜਾਂਦਾ ਹੈ। ਇਤਿਹਾਸ ਦੀ ਇਹ ਵਿਆਖਿਆ, ਭਾਰਤੀ ਬਹੁਗਿਣਤੀ ਦੀ ਪਲੀਤ ਮਾਨਸਿਕਤਾ ‘ਚੋਂ ਨਿਕਲੀ ਹੈ, ਜਿਸ ਦਾ ਉਦੇਸ਼ ਸਿੱਖ ਸਿਧਾਂਤ ਅਤੇ ਵਿਹਾਰ ਦੀ ਮੌਲਿਕਤਾ ਨੂੰ ਭਗਵੇਂ ਰੰਗ ਵਿੱਚ ਰੰਗਣਾ ਹੈ। ਬੇਸ਼ੱਕ 20ਵੀਂ ਸਦੀ ਵਿੱਚ ਸਿੱਖ ਭਾਰਤ ਦੀ ਆਜ਼ਾਦੀ ਲਈ ਵੀ ਲੜੇ ਸਨ ਪਰ ਇਸ ਲੜਾਈ ਵਿੱਚ ਸਿੱਖਾਂ ਨੇ ਆਪਣੀ ਆਜ਼ਾਦੀ ਦੀ ਉਮੀਦ ਨੂੰ ਵੀ ਸ਼ਾਮਿਲ ਕੀਤਾ ਹੋਇਆ ਸੀ। ਸਿੱਖਾਂ ਦੀ ਇਹ ਉਮੀਦ ਤਾਂ ਖ਼ਾਬ ਬਣ ਕੇ ਹੀ ਰਹਿ ਗਈ। ਸਿੱਖਾਂ ਨੇ ਇਤਿਹਾਸ ਦੇ ਇਸ ਕਾਲ-ਖੰਡ (20ਵੀਂ ਸਦੀ ‘ਚ, ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ) ਵਿੱਚ ਪੂਰਨ ਪ੍ਰਭੁਸੱਤਾ ਦੇ ਦਾਅਵੇ ਨੂੰ ਤਿਆਗ ਦਿੱਤਾ ਸੀ ਅਤੇ ਆਪਣੇ ਆਪ ਨੂੰ ਖੁਰੀ ਹੋਈ ਪ੍ਰਭੁਸੱਤਾ (ERODED SOVEREIGNTY) ਤੱਕ ਸੀਮਿਤ ਕਰ ਲਿਆ ਸੀ। ਸਿੱਖ ਕੌਮ ਦਾ ਵੱਡਾ ਹਿੱਸਾ ਅੱਜ ਵੀ ਖੁਰੀ ਹੋਈ ਪ੍ਰਭਸੱਤਾ ਨਾਲ ਚੰਬੜਿਆ ਹੋਇਆ ਹੈ, ਭਾਵ ਖੁਰੀ ਹੋਈ ਪ੍ਰਭੁਸੱਤਾ ਵਿੱਚ ਯਕੀਨ ਕਰਦਾ ਹੈ। ਖੁਰੀ ਹੋਈ ਪ੍ਰਭੁਸੱਤਾ ਦੀ ਹੱਦ ਖੁਦਮੁਖਤਿਆਰੀ (ਭਾਰਤੀ-ਪ੍ਰਭੁਸੱਤਾ ਦੇ ਅਧੀਨ ਪ੍ਰਭੁਸੱਤਾ) ‘ਤੇ ਜਾ ਕੇ ਮੁੱਕ ਜਾਂਦੀ ਹੈ। ਵੈਸੇ ਭਾਰਤੀ ਰਾਜ ਅਪੂਰਨ-ਪ੍ਰਭੁਸੱਤਾ ਨੂੰ ਵੀ ਕੈਰੀ ਅੱਖ ਨਾਲ ਵੇਖਦਾ ਹੈ। ਭਾਵ ਭਾਰਤੀ ਸਟੇਟ ਆਪਣੇ ਬਿਰਤਾਂਤ ਦੇ ਜ਼ਰੀਏ, ਅਧੂਰੀ-ਪ੍ਰਭੁਸੱਤਾ (ਖੁਰੀ ਹੋਈ ਪ੍ਰਭੁਸੱਤਾ) ਦੀ ਖਾਹਿਸ਼ ਨੂੰ ਵੀ ਖਾ ਜਾਣਾ ਚਾਹੁੰਦੀ ਹੈ। ਇੱਥੇ 20ਵੀਂ ਸਦੀ ਦੇ ਆਖਰੀ ਦਹਾਕਿਆਂ ਦੌਰਾਨ ਚੱਲੀ, ਜੁਝਾਰੂ ਲਹਿਰ ਦਾ, ਜ਼ਿਕਰ ਕਰਨਾ ਵੀ, ਲਿਖਤ ਦੀ ਮੰਗ ਬਣ ਜਾਂਦਾ ਹੈ। ਜੁਝਾਰੂ ਲਹਿਰ ਦਾ ਇਹ ਹਾਸਲ ਹੈ ਕਿ ਇਸ ਨੇ ਅਪੂਰਨ-ਪ੍ਰਭੁਸੱਤਾ ਜਾਂ ਕੱਟੀ ਵੱਢੀ ਪ੍ਰਭੁਸੱਤਾ ਨੂੰ ਰੱਦ ਕਰਦੇ ਹੋਏ, ਸਿੱਖਾਂ ਦੀ ਪੂਰਨ ਪ੍ਰਭੁਸੱਤਾ ਲਈ ਸੰਘਰਸ਼ ਲੜਿਆ ਸੀ। ਜੁਝਾਰੂ ਲਹਿਰ ਨੇ ਆਪਣੇ ਅਮਲ ਦੇ ਜ਼ਰੀਏ ਭਾਰਤੀ-ਬਿਰਤਾਂਤ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ਅਤੇ ਨਾਲ ਦੀ ਨਾਲ ਪੰਥ ਨੂੰ ਸਿੱਖ-ਬਿਰਤਾਂਤ (SIKH NARRATIVE) ਨਾਲ ਦੁਬਾਰਾ ਜੋੜਨ ਦਾ ਉਪਰਾਲਾ ਵੀ ਕੀਤਾ ਸੀ। ਸਿੱਖ-ਬਿਰਤਾਂਤ ਅਨੁਸਾਰ ਸਿੱਖ ਇੱਕ ਵੱਖਰੀ ਕੌਮ ਹੈ। ਸਿੱਖਾਂ ਨੂੰ ਪਲਤਮੁਖੀ ਅਤੇ ਹਲਤਮੁਖੀ ਪ੍ਰਭੁਤਾ (SPIRITUAL & TEMPORAL SOVEREIGNTY) ਦੀ ਦਾਤ ਧੁਰ ਦਰਗਾਹੋਂ ਪ੍ਰਾਪਤ ਹੋਈ ਹੈ। ਇਸ ਲਈ ਸਿੱਖ-ਪ੍ਰਭੁਤਾ ਅੰਦਰ ਮਨਮਰਜ਼ੀ ਨਾਲ ਕੋਈ ਸੋਧ ਨਹੀਂ ਕੀਤੀ ਜਾ ਸਕਦੀ।

ਪਰ ਸਿੱਖ ਹਾਲੇ ਵੀ (ਸਿੱਖਾਂ ਦੇ ਇੱਕ ਛੋਟੇ ਵਰਗ ਨੂੰ ਛੱਡ ਕੇ) ਭਾਰਤੀ ਵਿਚਾਰ-ਚੌਖਟੇ ਦੇ ਅੰਦਰ ਹੀ ਘੁੰਮ ਰਹੇ ਹਨ। ਜੇ ਸਿੱਖਾਂ ਦੀ ਇਸ ਸਥਿਤੀ ਦੇ ਪਿੱਛੇ, ਕੰਮ ਕਰਦੇ ਕਾਰਨ ਦੀ, ਘੋਖ ਕਰਨ ਨਿਕਲੀਏ ਤਾਂ ਅਸੀਂ ਵੇਖਦੇ ਹਾਂ ਕਿ ਸਿੱਖ 100 ਸਾਲਾਂ ਤੋਂ ਉੱਪਰ ਦਾ ਸਮਾਂ, ਇਸ ਵਿਚਾਰ-ਚੌਖਟੇ ਅਧੀਨ ਗੁਜ਼ਾਰ ਚੁੱਕੇ ਹਨ ਅਤੇ ਗੁਜ਼ਾਰ ਰਹੇ ਹਨ। ਇਸ ਲਈ ਘਟਨਾਵਾਂ ਅਤੇ ਵਰਤਾਰਿਆਂ ਨੂੰ ਦੇਖਣ-ਪਰਖਣ ਲਈ, ਉਹ ਬਹੁਤ ਕਰਕੇ ਭਾਰਤੀ-ਦ੍ਰਿਸ਼ਟੀ ਦਾ ਹੀ ਸਹਾਰਾ ਲੈਂਦੇ ਹਨ। ਪਰ ਇਸ ਦੇ ਇਹ ਅਰਥ ਨਹੀਂ ਹਨ ਕਿ ਉਹਨਾਂ (ਸਿੱਖਾਂ) ਨੇ ਆਪਣੀ ਮੌਲਿਕ ਦ੍ਰਿਸ਼ਟੀ ਨੂੰ ਪੂਰੀ ਤਰ੍ਹਾਂ ਗਵਾ ਲਿਆ ਹੈ। ਪਰ ਭਾਰਤੀ ਦ੍ਰਿਸ਼ਟੀ ਸਿੱਖ ਸੂਝ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਜ਼ਰੂਰ ਕਰ ਰਹੀ ਹੈ। ਇਸ ਦ੍ਰਿਸ਼ਟੀ ਤੋਂ ਮੁਕਤੀ ਪ੍ਰਾਪਤ ਕਰਨ ਲਈ, ਜੁਝਾਰੂ ਲਹਿਰ ਦੀ ਵਿਚਾਰਧਾਰਕ ਵਿਰਾਸਤ ਨੂੰ ਪਛਾਨਣਾ, ਸਮਝਣਾ, ਉਭਾਰਨਾ ਅਤੇ ਸਥਾਪਿਤ ਕਰਨਾ ਲਾਜ਼ਮੀ ਹੋ ਜਾਂਦਾ ਹੈ। ਇਸ ਵਿਰਾਸਤ ਦਾ ਸ਼ੁੱਧ ਹਿੱਸਾ (ਲਹਿਰ ਦਾ ਅਹਿਮ ਅਤੇ ਪ੍ਰਧਾਨ ਹਿੱਸਾ) ਕੌਮ ਨੂੰ,ਸਿੱਖ ਮੌਲਿਕਤਾ ਦੇ ਦਰਸ਼ਨ ਕਰਾਉਣ ਦੀ ਕਾਬਲੀਅਤ ਰੱਖਦਾ ਹੈ।

ਸਿੱਖ ਮੌਲਿਕਤਾ ਨੇ ਸਿੱਖ-ਬਿਰਤਾਂਤ ਦੀ ਸਿਰਜਣਾ ਕੀਤੀ ਹੈ। ਸਿੱਖ ਇਤਿਹਾਸ ਦੀ ਵਿਆਖਿਆ ਵੀ ਸਿੱਖ- ਬਿਰਤਾਂਤ ਦੀ ਲੋਅ ‘ਚ ਹੀ ਹੋਣੀ ਚਾਹੀਦੀ ਹੈ। ਪਰ ‘ਦ ਬਲੈਕ ਪ੍ਰਿੰਸ’ ਫ਼ਿਲਮ ਸਿੱਖ-ਬਿਰਤਾਂਤ ਦੀ ਲੋਅ ਥੱਲੇ ਚੱਲਦੀ-ਚੱਲਦੀ ਅੰਤ ਨੂੰ ਭਾਰਤੀ-ਬਿਰਤਾਂਤ ਦੇ ਘੁੱਪ ਹਨੇਰੇ ਵਿੱਚ ਚਲੀ ਜਾਂਦੀ ਹੈ। ਦਲੀਪ ਸਿੰਘ ਦੀ ਭੂਮਿਕਾ ਨਿਭਾਅ ਰਿਹਾ ਕਲਾਕਾਰ, ਜਦੋਂ ਆਖਰੀ ਪਲਾਂ ਵਿੱਚ ਆਪਣੇ ਮੂੰਹ ‘ਚੋਂ ਇਹ ਸ਼ਬਦ ਕੱਢਦਾ ਹੈ ਕਿ ਸਿੱਖ ਹਿੰਦੁਸਤਾਨ ‘ਚੋਂ ਅੰਗਰੇਜ਼ਾਂ ਨੂੰ ਬਾਹਰ ਕੱਢ ਦੇਣਗੇ ਤਾਂ ਇਸ ਦੇ ਨਾਲ ਹੀ (ਜਾਂ ਤੁਰੰਤ ਬਾਅਦ) ਫ਼ਿਲਮ ਦਾ ਸੂਤਰਧਾਰ ਭਾਰਤ ਦੀ ਆਜ਼ਾਦੀ ਦਾ ਐਲਾਨਨਾਮਾ ਵੀ ਪੜ੍ਹ ਮਾਰਦਾ ਹੈ। ਇਉਂ 1947 ਦੀ ਹਿੰਦੂ- ਆਜ਼ਾਦੀ ਨੂੰ ਸਿੱਖ- ਆਜ਼ਾਦੀ ਵਿੱਚ ਪਲਟ ਦਿੱਤਾ ਜਾਂਦਾ ਹੈ। ਫ਼ਿਲਮ ਦਾ ਇਹ ਸੀਨ, (ਸਿੱਖ) ਕੌਮ ਦੇ ਆਜ਼ਾਦੀ ਦੇ ਸੁਪਨੇ ਨੂੰ, ਭਾਰਤ ਦੀ ਸੁਤੰਤਰਤਾ ਨਾਲ ਮੇਲ ਦਿੰਦਾ ਹੈ। ਇੱਥੇ ‘ਖ਼ਾਲਸਾ ਰਾਜ’ ਦੇ ਖ਼ਾਬ ਨੂੰ ‘ਭਾਰਤੀ ਰਾਜ’ ਵਿੱਚ ਜਜ਼ਬ ਕਰਾ ਦਿੱਤਾ ਜਾਂਦਾ ਹੈ।

ਹੁਣ ਅਸੀਂ ਇਸ ਗੱਲ ਨੂੰ ਇੱਕ ਹੋਰ ਜ਼ਾਵੀਏ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਉਸ ਵੇਲੇ ਖ਼ਾਲਸਾ ਰਾਜ ਨੂੰ ਦੁਬਾਰਾ ਵਜੂਦ ਵਿੱਚ ਲਿਆਉਣ ਲਈ ਅੰਗਰੇਜ਼ਾਂ ਨੂੰ ਹਰਾਉਣਾ ਜ਼ਰੂਰੀ ਸੀ ਪਰ ਫ਼ਿਲਮ ਦੇ ਕਲਪਨਾਕਾਰ ਇੱਥੇ ਭੁੱਲ ਗਏ ਜਾਂ ਉਹਨਾਂ ਨੇ ਇਹ ਭੁਲਾ ਦੇਣਾ ਹੀ ਚੰਗਾ ਸਮਝਿਆ ਕਿ ਇਤਿਹਾਸ ਦਾ ਸਬੰਧ ਸਿਰਫ਼ ਅਤੀਤ ਨਾਲ ਨਹੀਂ ਹੁੰਦਾ ਬਲਕਿ ਸਬੰਧਿਤ ਕੌਮ ਦੇ ਵਰਤਮਾਨ ਅਤੇ ਭਵਿੱਖ ਨਾਲ ਵੀ, ਇਹ ਅਨਿਖੜਵੇਂ ਰੂਪ ਵਿੱਚ ਜੁੜਿਆ ਹੁੰਦਾ ਹੈ। ਯਾਨੀਕਿ ਇਤਿਹਾਸ ਦੀ ਵਿਆਖਿਆ ਕੌਮ ਦੇ ਵਰਤਮਾਨ ਅਤੇ ਭਵਿੱਖ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜੇ ਇਸ ਨੂੰ ਹੋਰ ਦਰੁਸਤ ਤਰੀਕੇ ਨਾਲ ਕਿਹਾ ਜਾਵੇ ਤਾਂ ਕਹਿ ਸਕਦੇ ਹਾ ਕਿ ਇਤਿਹਾਸ ਦੀ ਵਿਆਖਿਆ ਸਬੰਧਿਤ ਕੌਮ ਦੇ ਵਰਤਮਾਨ ਅਤੇ ਭਵਿੱਖ ਨੂੰ ਸਿਰਫ਼ ਪ੍ਰਭਾਵਿਤ ਹੀ ਨਹੀਂ ਕਰਦੀ ਬਲਕਿ ਉਸ ਨੂੰ ਘੜਨ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦੀ ਹੈ। ਫ਼ਿਲਮ ਇਤਿਹਾਸ ਦਾ ਅਰਥ-ਨਿਰਪੂਰਣ (INTERPRETATION) ਕਰ ਰਹੀ ਸੀ। ਖੁੱਸੇ ਹੋਏ ਰਾਜ ਦੀ ਬਾਤ ਪਾ ਰਹੀ ਸੀ।ਇਸ ਲਈ ਨਿਰਮਾਤਾ-ਨਿਰਦੇਸ਼ਕ ਨੂੰ ਸਿੱਖਾਂ ਦੀ ਅਜੋਕੀ ਸਥਿਤੀ ਦਾ ਪੈਰ-ਪੈਰ ‘ਤੇ ਖ਼ਿਆਲ ਰੱਖਣਾ ਚਾਹੀਦਾ ਸੀ। ਸਿੱਖ ਭਾਰਤ ਵਿੱਚ ਗੁਲਾਮ ਹਨ। ਉਹਨਾਂ ਦਾ ਦੇਸ਼ ਭਾਰਤ ਦੇ ਕਬਜ਼ੇ ਅਧੀਨ ਹੈ, ਇਸ ਸੱਚ ਨੂੰ ਫ਼ਿਲਮ ‘ਚ ਚੰਗੀ ਤਰ੍ਹਾਂ ਰੇਖਾਂਕਿਤ (UNDERLINE) ਕਰਨਾ ਚਾਹੀਦਾ ਸੀ। ਫ਼ਿਲਮ ਦੇ ਸਮਾਪਤੀ-ਦ੍ਰਿਸ਼ ਕਹਾਣੀ ਨੂੰ ਪੁੱਠੀ ਦਿਸ਼ਾ ਵੱਲ ਲੈ ਜਾਂਦੇ ਹਨ। ਇੱਥੇ ਸਿੱਖ ਰਾਜ ਦੀ ਤੀਬਰ ਤਾਂਘ ਦਾ ਭਾਰਤੀਕਰਨ ਕਰ ਦਿੱਤਾ ਜਾਂਦਾ ਹੈ।

ਅਸੀਂ ਲਿਖਤ ਨੂੰ ਅੱਗੇ ਤੋਰਨ ਤੋਂ ਪਹਿਲਾਂ, ਇੱਥੇ ਇੱਕ ਹੋਰ ਨੁਕਤੇ ਨੂੰ ਵਿਚਾਰਨਾ ਚਾਹੁੰਦੇ ਹਾਂ। ਇਸ ਦਾ ਸਬੰਧ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਦੀਆਂ ਔਕੜਾਂ ਨਾਲ ਹੈ। ਇੱਕ ਇਤਿਹਾਸ ਅਧਾਰਿਤ ਫ਼ਿਲਮ ਨੂੰ ਬਣਾਉਣ ਲਈ, ਇਤਿਹਾਸ ਦੀ ਖੋਜ ਤੋਂ ਲੈ ਕੇ ਫ਼ਿਲਮ ਦੀ ਰਿਲੀਜ਼ ਤੱਕ, ਉਹਨਾਂ (ਨਿਰਮਾਤਾ-ਨਿਰਦੇਸ਼ਕ) ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਦ ਬਲੈਕ ਪ੍ਰਿੰਸ’ ਫ਼ਿਲਮ ਵੀ ਟੇਢੇ-ਮੇਢੇ ਰਾਹਾਂ ‘ਤੇ ਚੱਲ ਕੇ ਤਿਆਰ ਹੋਈ ਹੋਵੇਗੀ, ਇਸ ਗੱਲ ਬਾਰੇ ਸਾਨੂੰ ਕੋਈ ਸ਼ੰਕਾ ਨਹੀਂ ਹੈ। ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ, ਇਸ ਸਬੰਧੀ ਵੀ ਚਿੰਤਤ ਹੋਣਗੇ ਕਿ ਫ਼ਿਲਮ ਨੂੰ ਭਾਰਤ ਅੰਦਰ ਚੱਲਣ ਦਿੱਤਾ ਜਾਵੇਗਾ ਕਿ ਨਹੀਂ, ਕਿਉਂਕਿ ਭਾਰਤੀ ਸਟੇਟ ਸਿੱਖ-ਪ੍ਰਭੁਸੱਤਾ ਦੇ ਵਿਚਾਰ ਨਾਲ ਵੈਰ-ਭਾਵ ਰੱਖਦੀ ਹੈ।ਇਹ ਵਕਤ ਉਹਨਾਂ ਦੇ ਕਰੜੇ ਇਮਤਿਹਾਨ ਦਾ ਸੀ। ਇਸ ਥਾਂ ‘ਤੇ (ਫ਼ਿਲਮ ਦੇ ਸਿਖਰ ‘ਤੇ) ਫ਼ਿਲਮਕਾਰ ਨੂੰ ਇਹੋ ਜਿਹੇ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਸੀ ਅਤੇ ਇਸ ਦੇ ਨਾਲ ਹੀ ਸੀਨ ਨੂੰ ਵੀ ਅਜਿਹੇ ਸਿਲਸਿਲੇ ਵਿਚ ਪੇਸ਼ ਕਰਨਾ ਚਾਹੀਦਾ ਸੀ ਕਿ ਜਿਸ ਨਾਲ ਫ਼ਿਲਮ ਦੀ ਆਤਮਾ ਨੂੰ ਕੋਈ ਜਰਬ ਨਾ ਵੱਜਦੀ। ਭਾਵ ਉਸ ਦੀ ਆਤਮਾ ਅਖੀਰ ਤੱਕ ਸਲਾਮਤ ਰਹਿੰਦੀ। ਪਰ ਫ਼ਿਲਮ ਨੂੰ ਬਣਾਉਣ ਵਾਲੇ, ਇਸ ਸਥਾਨ ‘ਤੇ (ਅਖੀਰ ‘ਚ) ਪਹੁੰਚਕੇ ਸਮਝੌਤਾਵਾਦੀ ਪ੍ਰਵਿਰਤੀ ਦੇ ਸ਼ਿਕਾਰ ਹੋ ਜਾਂਦੇ ਹਨ। ਫ਼ਿਲਮ ਸਿੱਖ ਰਾਜ ਦੀ ਗੱਲ ਕਰਦੀ ਹੋਈ, ਭਾਰਤੀ ਰਾਜ ਦੀ ਸ਼ਰਨ ਵਿੱਚ ਚਲੀ ਜਾਂਦੀ ਹੈ।

ਜੇ ਚੰਦ ਕੁ ਮਿੰਟਾਂ ਲਈ, ਦਲੀਪ ਸਿੰਘ ਦੇ ਆਖਰੀ ਬੋਲਾਂ ਨੂੰ, ਤੱਥ ਅਧਾਰਿਤ ਵੀ ਮੰਨ ਲਿਆ ਜਾਵੇ। ਤਦ ਵੀ ਇਹਨਾਂ ਬੋਲਾਂ ਨੂੰ ਸਵੀਕਾਰ ਕਰਨ ਅਸੰਭਵ ਹੈ ਕਿਉਂਕਿ ਇਹ ਬੋਲ ਸਿੱਖ-ਪ੍ਰਭੁੱਸਤਾ ਨੂੰ ਭਾਰਤੀ-ਪ੍ਰਭੁਸੱਤਾ ‘ਚ ਰਲ-ਗੱਡ ਕਰ ਦਿੰਦੇ ਹਨ। ਰਹਿੰਦੀ-ਸਹਿੰਦੀ ਕਸਰ ਸੂਤਰਧਾਰ ਦੇ ਮੁੱਢਲੇ ਅਲਫ਼ਾਜ਼ ਕੱਢ ਦਿੰਦੇ ਹਨ ਜੋ ਸਿੱਖਾਂ ਨੂੰ ਭਾਰਤੀ-ਪ੍ਰਭੁਸੱਤਾ ਦੇ ਹਵਾਲੇ ਕਰਨ ਲੱਗਿਆ ਭੋਰਾ ਵੀ ਦੇਰ ਨਹੀਂ ਲਾਉਂਦੇ। ਇਸ ਤੋਂ ਬਾਅਦ ਸਿਨੇਮਾ ਦੇ ਪਰਦੇ ਉੱਤੇ ਆ ਰਹੀਆਂ ਸਤਰਾਂ, ਸੂਚਨਾ ਮਾਤਰ ਬਣ ਕੇ ਰਹਿ ਜਾਂਦੀਆਂ ਹਨ ਕਿਉਂਕਿ ਸਿੱਖਾਂ ਦੀ ਆਜ਼ਾਦੀ ਦਾ ਐਲਾਨ ਤਾਂ ਫ਼ਿਲਮ ਪਹਿਲਾਂ ਹੀ ਕਰ ਚੁੱਕੀ ਹੁੰਦੀ ਹੈ। ਹੁਣ ਇਸ ਖੰਡ ਵਿੱਚ ਕੀਤੇ ਗਏ ਵਿਸ਼ਲੇਸ਼ਣ ਨੂੰ, ਅਸੀਂ ਬਹੁਤ ਹੀ ਸੰਖੇਪ ਲਫ਼ਜ਼ਾਂ ਵਿੱਚ ਬੰਨਣ ਦਾ ਯਤਨ ਕਰਾਂਗੇ । ਸੋ, ਜੇ ਦਲੀਪ ਸਿੰਘ ਵੱਲੋਂ ਕਹੇ ਗਏ ਅਲਫ਼ਾਜ਼ ਤਵਾਰੀਖੀ-ਸੱਚ ਹਨ ਤਾਂ ਇਹਨਾਂ ਨੂੰ ਇਸ ਤਰੀਕੇ ਨਾਲ ਲੋਕਾਂ ਦੀ ਨਜ਼ਰ ਕਰਨਾ ਚਾਹੀਦਾ ਸੀ ਕਿ ਇਸ ਨਾਲ ਕੌਮ ਦੀ ਪ੍ਰਭੁਸੱਤਾ ਹਾਸਿਲ ਕਰਨ ਦੀ ਸੱਧਰ ਨੂੰ ਝਰੀਟ ਤੱਕ ਨਾ ਪਹੁੰਚਦੀ। ਪਰ ਫ਼ਿਲਮ ਪੰਥ ਦੀ ਸਿਆਸੀ ਜੱਦੋ-ਜਹਿਦ ਨੂੰ ਭਾਰਤ ਦੀ ਪ੍ਰਭੁਤਾ ਰਾਹੀਂ ਪ੍ਰਵਾਨ ਚੜ੍ਹਦਾ ਵਿਖਾ ਦਿੰਦੀ ਹੈ।
ਹੁਣ ਤੱਕ ਅਸੀਂ ਆਪਣੀ ਸਮਰੱਥਾ ਅਨੁਸਾਰ, ਫ਼ਿਲਮ ਦੀ ਲੰਮੀ ਸਿਧਾਂਤਕ ਸਮੀਖਿਆ, ਕਰ ਆਏ ਹਾਂ। ਇਸ ਸਮੀਖਿਆ ਦੀ ਬੁਨਿਆਦ ‘ਤੇ ਅਸੀਂ ਇਹ ਆਖ ਸਕਦੇ ਹਾਂ ਕਿ ਫ਼ਿਲਮ ਦਰਸ਼ਕਾਂ ਨੂੰ ਸੱਜਰੇ ਤੱਥਾਂ ਤੋਂ ਜਾਣੂ ਕਰਵਾਉਂਦੀ ਹੈ ਅਤੇ ਇਤਿਹਾਸ ਦੀਆਂ ਕਈ ਮਹੀਨ ਪਰਤਾਂ ਨੂੰ ਵੀ ਛੂੰਹਦੀ ਹੈ। ਇਸ ਦੇ ਨਾਲ ਹੀ ਰਾਜ ਦੇ ਜਜ਼ਬੇ ਨੂੰ ਵੀ (ਵਕਤੀ ਤੌਰ ‘ਤੇ) ਜਗਾਉਂਦੀ ਹੈ। ਪਰ ਜਜ਼ਬਿਆਂ ਦਾ ਇਹ ਦਰਿਆ, ਅੰਤ ਨੂੰ ਭਾਰਤੀ ਧਾਰਾ ਵਿੱਚ ਜਾ ਕੇ ਸਮਾ ਜਾਂਦਾ ਹੈ।

ਪ੍ਰਭਜੋਤ ਸਿੰਘ – (94655-89440)
Tags:
Posted in: ਸਾਹਿਤ