ਅੱਜ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ : ਭਲੇ ਅਮਰਦਾਸ ਗੁਣ ਤੇਰੇ

By May 9, 2017 0 Comments


guru amardas jiਸਿੱਖ ਧਰਮ ਦੇ ਤੀਜੇ ਅਤੇ ਸਭ ਤੋਂ ਵਡੇਰੀ ਉਮਰ ਦੇ ਸਤਿਗੁਰੂ, ਗੁਰੂ ਅਮਰਦਾਸ ਜੀ ਸੇਵਾ, ਭਗਤੀ, ਸਹਿਣਸ਼ੀਲਤਾ ਅਤੇ ਤਿਆਗ ਦੀ ਜਿਉਂਦੀ-ਜਾਗਦੀ ਮਿਸਾਲ ਸਨ। ਆਪ ਦਾ ਜਨਮ 5 ਮਈ, 1479 ਈ: ਨੂੰ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸ੍ਰੀ ਤੇਜਭਾਨ ਦੇ ਘਰ ਮਾਤਾ ਲੱਖਮੀ (ਸੁਲੱਖਣੀ) ਦੀ ਕੁੱਖੋਂ ਹੋਇਆ। ਆਪ ਦੇ ਮਾਤਾ-ਪਿਤਾ ਬਹੁਤ ਧਾਰਮਿਕ ਤੇ ਚੰਗੇ ਜੀਵਨ ਵਾਲੇ ਸਨ। ਗੁਰੂ ਅਮਰਦਾਸ ਜੀ ਦੇ ਤਿੰਨ ਹੋਰ ਛੋਟੇ ਭਰਾ ਸਨ : ਈਸ਼ਰ ਦਾਸ (ਭਾਈ ਗੁਰਦਾਸ ਦੇ ਪਿਤਾ), ਖੇਮ ਰਾਇ ਅਤੇ ਮਾਨਕ ਚੰਦ।
ਇਤਿਹਾਸਕ ਦ੍ਰਿਸ਼ਟੀ ਤੋਂ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਛੋਟੇ ਅਤੇ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ। ਆਪ ਦੇ ਮਾਤਾ-ਪਿਤਾ ਵੈਸ਼ਨੂੰ ਧਰਮ ਵਿਚ ਵਿਸ਼ਵਾਸ ਰੱਖਦੇ ਸਨ। ਪਿਤਾ ਵੱਲੋਂ ਖੇਤੀ ਅਤੇ ਦੁਕਾਨਦਾਰੀ ਦਾ ਕੰਮ ਕਰਨ ਕਰਕੇ ਅਮਰਦਾਸ ਜੀ ਵੀ ਜਵਾਨ ਹੋਣ ‘ਤੇ ਘੋੜੀ ਉੱਤੇ ਸੌਦਾ ਲੱਦ ਕੇ ਪਿੰਡਾਂ ਵਿਚ ਫੇਰੀ ਲਾਉਣ ਜਾਂਦੇ।
ਆਪ ਦੀ ਸ਼ਾਦੀ 1502 ਈ: ਵਿਚ ਦੇਵੀ ਚੰਦ ਦੀ ਸਪੁੱਤਰੀ ਬੀਬੀ ਮਨਸਾ ਦੇਵੀ (ਰਾਮ ਕੌਰ) ਨਾਲ ਹੋਈ ਅਤੇ ਆਪ ਦੇ ਘਰ ਦੋ ਪੁੱਤਰਾਂ (ਮੋਹਨ ਜੀ ਤੇ ਮੋਹਰੀ ਜੀ) ਅਤੇ ਦੋ ਪੁੱਤਰੀਆਂ (ਬੀਬੀ ਭਾਨੀ ਤੇ ਬੀਬੀ ਦਾਨੀ) ਨੇ ਜਨਮ ਲਿਆ।
(ਗੁਰੂ) ਅਮਰਦਾਸ ਜੀ ਆਪਣੇ ਪਿਤਾ ਵਾਂਗ ਇਕਾਦਸ਼ੀ ਦਾ ਵਰਤ ਰੱਖਦੇ ਸਨ ਅਤੇ ਪਿੰਡ ਵਿਚ ਆਏ ਸਾਧੂ-ਸੰਤਾਂ ਦੀ ਸੇਵਾ ਕਰਕੇ ਬੜੇ ਖੁਸ਼ ਹੁੰਦੇ ਸਨ। ਆਪ ਹਰ ਸਾਲ ਗੰਗਾ-ਇਸ਼ਨਾਨ ਲਈ ਵੀ ਜਾਂਦੇ ਸਨ। ਇਹ ਯਾਤਰਾ ਕਰਦਿਆਂ ਇਕ ਵਾਰ ਆਪ ਅੰਬਾਲਾ ਨੇੜੇ ਕਿਸੇ ਥਾਂ ‘ਤੇ ਠਹਿਰੇ ਤਾਂ ਇਕ ਸਾਥੀ ਪੰਡਿਤ ਨੇ ਆਪ ਤੋਂ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਇਹ ਦੱਸਣ ‘ਤੇ ਕਿ ਉਨ੍ਹਾਂ ਨੇ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ, ਪੰਡਿਤ ਨੇ ਸਾਥ ਛੱਡਦਿਆਂ ਕਿਹਾ ਕਿ ‘ਨਿਗੁਰੇ’ ਦੇ ਤਾਂ ਦਰਸ਼ਨ ਵੀ ਮਾੜੇ ਹਨ। ਉਸੇ ਦਿਨ ਤੋਂ ਆਪ ਦੇ ਮਨ ਵਿਚ ਗੁਰੂ ਦੀ ਖਿੱਚ ਪੈਦਾ ਹੋ ਗਈ। ਇਕ ਦਿਨ ਸਵੇਰ ਵੇਲੇ ਨਾਲ ਦੇ ਘਰੋਂ ਆਪ ਨੇ ਇਹ ਬਾਣੀ ਸੁਣੀ-
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ
ਤਉ ਗੁਣ ਨਾਹੀ ਅੰਤੁ ਹਰੇ॥ (ਅੰਗ 990)
ਇਹ ਬਾਣੀ ਬੀਬੀ ਅਮਰੋ ਉਚਾਰ ਰਹੀ ਸੀ, ਜੋ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ ਅਤੇ (ਗੁਰੂ) ਅਮਰਦਾਸ ਜੀ ਦੇ ਛੋਟੇ ਭਰਾ ਦੀ ਨੂੰਹ ਸੀ। ਇਸ ਸ਼ਬਦ ਦਾ ਆਪ ਦੇ ਮਨ ‘ਤੇ ਬਹੁਤ ਪ੍ਰਭਾਵ ਪਿਆ ਤਾਂ ਆਪ ਨੇ ਬੀਬੀ ਅਮਰੋ ਨੂੰ ਪੁੱਛਿਆ, ‘ਧੀਏ, ਤੂੰ ਇਹ ਕੀਹਦੀ ਬਾਣੀ ਪੜ੍ਹਦੀ ਹੈ?’ ਬੀਬੀ ਨੇ ਜਵਾਬ ਦਿੱਤਾ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ, ਜਿਨ੍ਹਾਂ ਦੀ ਗੱਦੀ ‘ਤੇ ਅੱਜਕਲ੍ਹ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ। ਇਹ ਸੁਣ ਕੇ (ਗੁਰੂ) ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਗੁਰੂ ਧਾਰਨ ਕਰਨ ਦਾ ਫੈਸਲਾ ਕਰ ਲਿਆ ਅਤੇ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਦਰਬਾਰ ਵਿਚ ਖਡੂਰ ਸਾਹਿਬ ਪਹੁੰਚੇ।
ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਕੁੜਮਾਂ ਵਰਗਾ ਸਤਿਕਾਰ ਦਿੱਤਾ ਪਰ ਆਪ ਨੇ ਗੁਰੂ ਜੀ ਨੂੰ ਮੱਥਾ ਟੇਕਦਿਆਂ ਕਿਹਾ ਕਿ ਮੈਂ ਇਥੇ ਕੁੜਮ ਬਣ ਕੇ ਨਹੀਂ, ਸਗੋਂ ਸੇਵਕ ਬਣ ਕੇ ਆਇਆ ਹਾਂ ਤੇ ਮੈਨੂੰ ਆਪਣੇ ਚਰਨਾਂ ਵਿਚ ਥਾਂ ਦਿਓ। ਇਸ ਤਰ੍ਹਾਂ ਆਪ ਨੇ 12 ਸਾਲ ਖਡੂਰ ਸਾਹਿਬ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਨਿਸ਼ਕਾਮ ਸੇਵਾ ਕੀਤੀ। ਉਹ ਅੰਮ੍ਰਿਤ ਵੇਲੇ ਉੱਠ ਕੇ ਢਾਈ-ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ। ਫਿਰ ਸਾਰਾ ਦਿਨ ਲੰਗਰ ਵਿਚ ਸੇਵਾ ਕਰਦੇ, ਸੰਗਤਾਂ ਨੂੰ ਜਲ ਵਰਤਾਉਂਦੇ ਤੇ ਹਰ ਵੇਲੇ ਬਾਣੀ ਦਾ ਜਾਪ ਕਰਦੇ ਰਹਿੰਦੇ।
ਇਕ ਦਿਨ ਆਪ ਰੋਜ਼ ਵਾਂਗ ਬਿਆਸ ਤੋਂ ਪਾਣੀ ਦੀ ਗਾਗਰ ਲੈ ਕੇ ਆ ਰਹੇ ਸਨ ਤਾਂ ਹਨੇਰੀ, ਠੰਢੀ ਤੇ ਮੀਂਹ ਵਾਲੀ ਰਾਤ ਹੋਣ ਕਰਕੇ ਰਾਹ ਵਿਚ ਚਿੱਕੜ ਤੇ ਤਿਲਕਣ ਸੀ। ਰਸਤੇ ਵਿਚ ਇਕ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਕਰਕੇ ਆਪ ਖੱਡੀ ਦੇ ਟੋਏ ਵਿਚ ਡਿਗ ਪਏ ਪਰ ਆਪ ਨੇ ਪਾਣੀ ਦੀ ਗਾਗਰ ਨਾ ਡਿਗਣ ਦਿੱਤੀ। ਜੁਲਾਹੇ ਨੇ ਤ੍ਰਭਕ ਕੇ ਆਪਣੀ ਪਤਨੀ ਨੂੰ ਪੁੱਛਿਆ, ‘ਐਸ ਵੇਲੇ ਕੌਣ ਹੋਵੇਗਾ?’ ਜੁਲਾਹੀ ਬੋਲੀ, ‘ਹੋਵੇਗਾ ਅਮਰੂ ਨਿਥਾਵਾਂ, ਜੀਹਨੂੰ ਨਾ ਦਿਨੇ ਆਰਾਮ ਨਾ ਰਾਤੀਂ ਚੈਨ। ਪੇਟ ਦੀ ਖਾਤਰ ਗੁਰੂ ਦਾ ਪਾਣੀ ਢੋਂਦਾ ਫਿਰਦਾ ਹੈ…।’ ਇਹ ਸੁਣ ਕੇ (ਗੁਰੂ) ਅਮਰਦਾਸ ਜੀ ਨੇ ਜੁਲਾਹੀ ਨੂੰ ਕਿਹਾ, ‘ਕਮਲੀਏ! ਮੈਂ ਹੁਣ ਨਿਥਾਵਾਂ ਨਹੀਂ ਰਿਹਾ, ਮੈਨੂੰ ਤਾਂ ਦੀਨ-ਦੁਨੀਆ ਦੇ ਚਰਨਾਂ ਵਿਚ ਆਸਰਾ ਮਿਲਿਆ ਹੈ।’
ਗੁਰੂ ਅੰਗਦ ਦੇਵ ਜੀ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤਰੁੱਠ ਕੇ (ਗੁਰੂ) ਅਮਰਦਾਸ ‘ਤੇ ਨਿਹਾਲ ਹੁੰਦਿਆਂ ਫ਼ਰਮਾਇਆ, ‘ਤੁਸੀਂ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ ਤੇ ਨਿਥਾਵਿਆਂ ਦੇ ਥਾਂਵ ਹੋ…।’ ਪਿੱਛੋਂ ਗੁਰੂ ਅੰਗਦ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਭਰੀ ਸੰਗਤ ਵਿਚ 29 ਮਾਰਚ, 1552 ਈ: ਨੂੰ (ਗੁਰੂ) ਅਮਰਦਾਸ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਗੱਦੀ ਦਾ ਤਿਲਕ ਲਗਵਾਇਆ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 46ਵੀਂ ਪਉੜੀ ਵਿਚ ਕਿੰਨਾ ਸਹੀ ਕਿਹਾ ਹੈ-
ਗੁਰੁ ਬੈਠਾ ਅਮਰੁ ਸਰੂਪ ਹੋਇ
ਗੁਰਮੁਖਿ ਪਾਈ ਦਾਤਿ ਇਲਾਹੀ।
ਫੇਰਿ ਵਸਾਇਆ ਗੋਇੰਦਵਾਲੁ
ਅਚਰਜੁ ਖੇਲ ਨ ਲਖਿਆ ਜਾਈ।
ਦਾਤਿ ਜੋਤਿ ਖਸਮੈ ਵਡਿਆਈ। (1/46)
ਗੁਰੂ ਅੰਗਦ ਦੇਵ ਜੀ ਦੇ ਵੱਡੇ ਸਪੁੱਤਰ ਦਾਤੂ ਜੀ ਨੇ ਇਸ ਗੱਲ ਦਾ ਗੁੱਸਾ ਕੀਤਾ ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਨੂੰ ਗੋਇੰਦਵਾਲ ਜਾ ਕੇ ਰਹਿਣ ਦਾ ਆਦੇਸ਼ ਦਿੱਤਾ। ਇਸ ਨਗਰ ਦੀ ਉਸਾਰੀ ਗੁਰੂ ਅੰਗਦ ਦੇਵ ਜੀ ਨੇ ਹੀ ਸ਼ੁਰੂ ਕਰਵਾਈ ਸੀ, ਬਾਅਦ ਵਿਚ 1546 ਵਿਚ ਗੁਰੂ ਅਮਰਦਾਸ ਜੀ ਨੇ ਇਸ ਨੂੰ ਮੁਕੰਮਲ ਕਰਵਾਇਆ।
ਗੋਇੰਦਵਾਲ ਵਿਖੇ ਵੀ ਕੁਝ ਦੋਖੀਆਂ ਵੱਲੋਂ ਗੁਰੂ ਜੀ ਨੂੰ ਪ੍ਰੇਸ਼ਾਨ ਕੀਤਾ ਜਾਣ ਲੱਗਾ ਤਾਂ ਉਨ੍ਹਾਂ ਨੇ ਬਾਸਰਕੇ ਵਿਖੇ ਇਕ ਭੋਰੇ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਕੋਈ ਵੀ ਦਰਵਾਜ਼ਾ ਨਾ ਖੋਲ੍ਹੇ। ਸੰਗਤਾਂ ਦੇ ਜ਼ੋਰ ਦੇਣ ‘ਤੇ ਬਾਬਾ ਬੁੱਢਾ ਜੀ ਨੇ ਕੰਧ ਵਿਚ ਪਾੜ ਲਾ ਕੇ ਗੁਰੂ ਜੀ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ। ਇਹ ਸਥਾਨ ਹੁਣ ਗੁਰਦੁਆਰਾ ਸੰਨ੍ਹ ਸਾਹਿਬ ਵਜੋਂ ਜਾਣਿਆ ਜਾਂਦਾ ਹੈ। 1559 ਈ: ਵਿਚ ਆਪ ਨੇ ਗੋਇੰਦਵਾਲ ਸਾਹਿਬ ਵਿਖੇ ਬਉਲੀ ਦੀ ਖੁਦਾਈ ਕਰਵਾਈ, ਜਿਸ ਦੀਆਂ 84 ਪੌੜੀਆਂ ਹਨ। ਇਹ ਸਥਾਨ ਸਿੱਖ ਧਰਮ ਦੇ ਪਹਿਲੇ ਤੀਰਥ ਸਥਾਨ ਵਜੋਂ ਪ੍ਰਸਿੱਧ ਹੈ।
1567 ਈ: ਵਿਚ ਆਪ ਨੇ ਭਾਈ ਪਾਰੋ ਦੀ ਬੇਨਤੀ ‘ਤੇ ਗੋਇੰਦਵਾਲ ਵਿਖੇ ਸਭ ਤੋਂ ਪਹਿਲਾਂ ਵਿਸਾਖੀ ਦਾ ਮੇਲਾ ਸ਼ੁਰੂ ਕਰਵਾਇਆ, ਜੋ ਹੌਲੀ-ਹੌਲੀ ਸਿੱਖ ਪੰਥ ਦਾ ਕੌਮੀ ਤੇ ਕੌਮਾਂਤਰੀ ਤਿਉਹਾਰ ਬਣ ਗਿਆ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਆਪ ਨੇ 22 ਮੰਜੀਆਂ ਦੀ ਸਥਾਪਨਾ ਕੀਤੀ, ਜਿਸ ਵਿਚ ਬੀਬੀਆਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ। ਸਿੱਖ ਧਰਮ ਵਿਚੋਂ ਜਾਤ-ਪਾਤ ਤੇ ਊਚ-ਨੀਚ ਦੇ ਖ਼ਾਤਮੇ ਲਈ ਆਪ ਨੇ ਲੰਗਰ ਦੀ ਮਰਿਆਦਾ ਸ਼ੁਰੂ ਕੀਤੀ, ਜਿਥੇ ਆ ਕੇ ਬਾਦਸ਼ਾਹ ਅਕਬਰ ਨੇ ਗੁਰੂ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ।
ਗੁਰੂ ਜੀ ਨੇ ਉਸ ਸਮੇਂ ਦੀ ਵੱਡੀ ਕੁਰੀਤੀ ਸਤੀ ਦੀ ਰਸਮ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਸਮਝਾਇਆ ਕਿ ਅਸਲ ਸਤੀਆਂ ਉਹ ਹਨ, ਜੋ ਪਤੀ ਦੀ ਯਾਦ ਵਿਚ ਬਿਰਹਾ ਦੀ ਜ਼ਿੰਦਗੀ ਬਿਤਾਉਂਦੀਆਂ ਹਨ-
ਸਤੀਆ ਏਹਿ ਨ ਆਖੀਅਨਿ
ਜੋ ਮੜਿਆ ਲਗਿ ਜਲੰਨ੍ਹਿ॥
ਨਾਨਕ ਸਤੀਆ ਜਾਣੀਅਨ੍ਹਿ
ਜਿ ਬਿਰਹੇ ਚੋਟ ਮਰੰਨ੍ਹਿ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹਿ॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹਾਲੰਨ੍ਹਿ॥
(ਅੰਗ 787)
ਸਮਾਜ ਸੁਧਾਰ ਦੇ ਯਤਨਾਂ ਵਜੋਂ ਆਪ ਨੇ ਬੀਬੀ ਦਾਨੀ ਦਾ ਵਿਆਹ ਸਾਧਾਰਨ ਸਿੱਖ ਰਾਮੇ ਨਾਲ ਕੀਤਾ ਅਤੇ ਬੀਬੀ ਭਾਨੀ ਦਾ ਵਿਆਹ ਘੁੰਗਣੀਆਂ ਵੇਚਣ ਵਾਲੇ ਜੇਠਾ ਜੀ ਨਾਲ ਕੀਤਾ। ਇਸੇ ਤਰ੍ਹਾਂ ਹਰੀਪੁਰ ਦੀ ਰਾਣੀ ਨੂੰ ਸੰਗਤ ਵਿਚ ਘੁੰਡ ਜਾਂ ਪਰਦਾ ਕਰਨ ਤੋਂ ਵਰਜਦਿਆਂ ਸਮਝਾਇਆ ਕਿ ਘੁੰਡ ਕੱਢਣਾ ਗੁਲਾਮੀ ਦਾ ਚਿੰਨ੍ਹ ਹੈ।
ਆਖਰ ਆਪਣੇ ਜਵਾਈ ਜੇਠਾ ਜੀ (ਜੋ ਪਿੱਛੋਂ ਗੁਰੂ ਰਾਮਦਾਸ ਜੀ ਬਣੇ) ਨੂੰ ਗੁਰਗੱਦੀ ਦਾ ਢੁਕਵਾਂ ਵਾਰਸ ਜਾਣ ਕੇ ਆਪ 1 ਸਤੰਬਰ, 1574 ਈ: ਨੂੰ ਗੋਇੰਦਵਾਲ ਵਿਖੇ ਜੋਤੀ ਜੋਤਿ ਸਮਾ ਗਏ ਅਤੇ ਸੰਗਤਾਂ ਨੂੰ ਰੋਣ-ਪਿਟਣ ਦੀ ਥਾਂ ਕੀਰਤਨ ਦਾ ਉਪਦੇਸ਼ ਦੇ ਕੇ ਗਏ। ਆਪ ਦੇ ਬਚਨਾਂ ਨੂੰ ਬਾਬਾ ਸੁੰਦਰ ਨੇ ‘ਸਦੁ’ ਬਾਣੀ ਵਿਚ ਦਰਜ ਕੀਤਾ ਹੈ।

Dr Kuldeep Kaur
-ਮ: ਸ: ਕ: ਗਰਲਜ਼ ਕਾਲਜ, ਤਲਵੰਡੀ ਸਾਬੋ।
ਮੋਬਾ: 94643-60051
Source Link : http://beta.ajitjalandhar.com/supplement/20170509/28.cms#sthash.OQRkR9M6.dpuf
Tags:
Posted in: ਸਾਹਿਤ