ਫ਼ਤਹਿ ਦੇ ਅਟੁੱਟ ਜਜ਼ਬੇ ਦੀ ਮਿਸਾਲ – ਸ੍ਰੀ ਮੁਕਤਸਰ ਸਾਹਿਬ ਦੀ ਜੰਗ

By May 3, 2017 0 Comments


ਪ੍ਰੋ. ਕਿਰਪਾਲ ਸਿੰਘ ਬਡੂੰਗਰ*
muktsar
ਸ੍ਰੀ ਮੁਕਤਸਰ ਸਾਹਿਬ ਦੀ ਜੰਗ ਦੁਨੀਆਂ ਦੇ ਇਤਿਹਾਸ ਵਿੱਚ ਸਮੂਹਿਕ ਸ਼ਹਾਦਤ, ਅਸਾਵੀਂ ਟੱਕਰ ਤੇ ਜਿੱਤ ਦੇ ਦ੍ਰਿੜ੍ਹ ਸੰਕਲਪ ਦੀ ਅਦੁੱਤੀ ਮਿਸਾਲ ਹੈ। ਇਸ ਜੰਗ ਵਿੱਚ ਮੁੱਠੀ ਭਰ ਸਿੰਘਾਂ ਨੇ 500 ਸਾਲ ਪੁਰਾਣੇ ਸਾਮਰਾਜ ਦੇ ਭਾਰੀ ਗਿਣਤੀ ਵਿੱਚ ਮੁਲਖਈਏ ਦਾ ਰਾਹ ਰੋਕ ਲਿਆ ਤੇ ਉਸ ਨੂੰ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋਣ ਦਿੱਤਾ। ਅਨੰਦਗੜ੍ਹ ਦਾ ਕਿਲ੍ਹਾ ਛੱਡਣ ਤੋਂ ਬਾਅਦ ਮੁਗ਼ਲਾਂ ਤੇ ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਤੇ ਕਿਰਦਾਰ ਤੋੜ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੂੰ ਖ਼ਤਮ ਕਰਨ ਦੀ ਠਾਣ ਲਈ। ਸਰਸਾ ਨਦੀ ਵਿੱਚ ਮੁਠਭੇੜ ਤੋਂ ਬਾਅਦ ਚਮਕੌਰ ਦੀ ਜੰਗ ਪਿੱਛੋਂ ਸੂਬਾ ਸਰਹਿੰਦ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਤਮ ਕਰਨ ਲਈ ਮਾਲਵੇ ਵਿੱਚ ਫ਼ੌਜ ਲੈ ਕੇ ਚੜ੍ਹਾਈ ਕੀਤੀ। ਖਿਦਰਾਣੇ ਦੀ ਢਾਬ ਕੋਲ ਪੱਛਮੀ ਪਾਸੇ ਗੁਰੂ ਜੀ ਨੇ ਇਸ ਫ਼ੌਜ ਨਾਲ ਯੁੱਧ ਕਰਨ ਦੀ ਯੋਜਨਾ ਬਣਾਈ ਸੀ। ਮਾਝੇ ਤੋਂ ਆਏ ਸਿੰਘਾਂ ਦਾ ਜਥਾ ਵੀ ਇਸੇ ਸਮੇਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਹੋਇਆ ਸੀ। ਇਸ ਜਥੇ ਨੇ ਜਦੋਂ ਸ਼ਾਹੀ ਲਸ਼ਕਰ ਵੇਖਿਆ ਤਾਂ ਢਾਬ ਦੇ ਪੂਰਬੀ ਪਾਸੇ ਮੋਰਚੇ ਲਾ ਲਏ। ਇਸ ਯੁੱਧ ਵਿੱਚ 40 ਸਿੰਘ ਸ਼ਹੀਦ ਹੋ ਗਏ, ਪਰ ਉਨ੍ਹਾਂ ਨੇ ਸ਼ਾਹੀ ਫ਼ੌਜ ਨੂੰ ਦਮੋਂ ਕੱਢ ਦਿੱਤਾ। ਸ਼ਾਹੀ ਫ਼ੌਜ ਦੋ ਕਿਲੋਮੀਟਰ ਵੀ ਅੱਗੇ ਵਧ ਕੇ ਗੁਰੂ ਸਾਹਿਬ ਦੇ ਸਾਹਮਣੇ ਨਾ ਹੋ ਸਕੀ। ਸਿੰਘਾਂ ਦੇ ਛੋਟੇ ਜਿਹੇ ਜਥੇ ਨੇ ਸ਼ਾਹੀ ਫ਼ੌਜ ਦਾ ਹਮਲਾ ਨਾਕਾਮ ਕਰ ਦਿੱਤਾ ਸੀ। ਸਿੰਘਾਂ ਨੇ ਗੁਰੂ ਮਾਰਗ ’ਤੇ ਆਪਣੇ ਸੀਸ ਭੇਟ ਕਰ ਕੇ ਸਿੱਖ ਧਰਮ ਦੀ ਅਗੰਮੀ ਸੂਰਬੀਰਤਾ ਅਤੇ ਆਤਮ ਬਲੀਦਾਨ ਦੀ ਇਨਕਲਾਬੀ ਭਾਵਨਾ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਗੁਰਮਤਿ ਵਿੱਚ ਪਰਮਾਤਮਾ ਨੂੰ ਪਾਉਣ ਲਈ ਗੁਰੂ ਨੂੰ ਆਪਣਾ ਤਨ, ਮਨ, ਧਨ ਸੌਂਪਣ ਦਾ ਹੁਕਮ ਹੈ। ਸ਼ਹਾਦਤ ਇਸ ਅੰਦਰਲੀ ਕਿਰਿਆ ਦਾ ਬਾਹਰੀ ਰੂਪ ਹੀ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਆਤਮ ਬਲੀਦਾਨ ਦੇ ਕੇ ਇਸ ਪ੍ਰਥਾ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਨਕਸ਼ਿ-ਕਦਮਾਂ ’ਤੇ ਚਲਦਿਆਂ ਅਣਗਿਣਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਆਪਣੇ ਖ਼ੂਨ ਨਾਲ ਇਸ ਧਰਤੀ ਤੋਂ ਜ਼ੁਲਮ ਤੇ ਪਾਪ ਨੂੰ ਸਾਫ਼ ਕੀਤਾ। ਗੁਰੂ ਸਾਹਿਬ ਦੇ ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਮੁਕਤਸਰ ਦੀ ਧਰਤੀ ’ਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੇ ਬਹੁਤ ਮਹਾਨ ਕਾਰਜ ਕੀਤਾ ਸੀ। ਇਹ ਸਿੱਖ ਭਾਵੇਂ ਕਿਸੇ ਵੇਲੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ। ਜਦੋਂ ਮੁੜ ਉਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰ ਦਿੱਤਾ, ਤਦ ਗੁਰੂ ਸਾਹਿਬ ਦੇ ਦਿਲ ਵਿੱਚ ਉਨ੍ਹਾਂ ਲਈ ਅਥਾਹ ਪਿਆਰ ਜਾਗ ਉੱਠਿਆ। ਉਹ ਜੰਗ ਦੀ ਥਾਂ ’ਤੇ ਆਏ ਅਤੇ ਇੱਕ-ਇੱਕ ਸਿੰਘ ਨੂੰ ਗੋਦ ਵਿੱਚ ਲੈ ਕੇ ਪਿਆਰ ਕੀਤਾ। ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ, ਇੱਕੋ ਜਥੇਦਾਰ ਭਾਈ ਮਹਾਂ ਸਿੰਘ ਅਜੇ ਸਹਿਕ ਰਿਹਾ ਸੀ। ਗੁਰੂ ਸਾਹਿਬ ਨੇ ਜਦੋਂ ਭਾਈ ਮਹਾਂ ਸਿੰਘ ਦਾ ਸਿਰ ਗੋਦ ਵਿੱਚ ਲਿਆ ਤਾਂ ਕੁਝ ਮੰਗਣ ਲਈ ਕਿਹਾ। ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਬੇਦਾਵਾ ਪਾੜ ਦੇਣ ਦੀ ਬੇਨਤੀ ਕੀਤੀ।
ਇਹ ਸਿੱਖ ਚਾਹੁੰਦੇ ਤਾਂ ਜੰਗ ਤੋਂ ਡਰਦੇ ਕਿਧਰੇ ਪਾਸੇ ਵੀ ਹੋ ਸਕਦੇ ਸਨ। ਉਨ੍ਹਾਂ ਨੂੰ ਕਿਸੇ ਮਜਬੂਰੀ ਵੱਸ ਜੰਗ ਨਹੀਂ ਸੀ ਲੜਨੀ ਪਈ। ਉਨ੍ਹਾਂ ਨੇ ਗੁਰੂ ਦੀ ਸੇਵਾ ਵਿੱਚ ਧਰਮ ਦੇ ਕਾਰਜ ਲਈ ਆਪਣੀ ਮਰਜ਼ੀ ਨਾਲ ਸ਼ਹੀਦੀ ਦਿੱਤੀ ਸੀ। ਇਹ ਸਿੱਖ ਸਿੱਖੀ ਦੀ ਪ੍ਰੀਖਿਆ ਵਿੱਚ ਪਾਸ ਹੋ ਚੁੱਕੇ ਸਨ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤੀ ਪ੍ਰਦਾਨ ਕੀਤੀ ਤੇ ਅਮਰ ਪਦਵੀ ਬਖ਼ਸ਼ੀ। ਉਨ੍ਹਾਂ ਦੇ ਮੁਕਤ ਪਦਵੀ ਪ੍ਰਾਪਤ ਕਰਨ ਕਰਕੇ ਇਹ ਥਾਂ ਪਵਿੱਤਰ ਹੋ ਚੁੱਕੀ ਸੀ। ਗੁਰੂ ਸਾਹਿਬ ਨੇ ਇਸ ਥਾਂ ਦਾ ਨਾਂ ‘ਮੁਕਤਸਰ’ ਰੱਖਿਆ।
ਮੁਕਤਸਰ ਦੇ ਸਿੰਘਾਂ ਨੂੰ ਪ੍ਰੇਰ ਕੇ ਲਿਆਉਣ ਵਾਲੀ ਮਾਤਾ ਭਾਗੋ ਸੀ। ਉਨ੍ਹਾਂ ਨੂੰ ਜਦੋਂ ਸਿੰਘਾਂ ਦੇ ਬੇਦਾਵਾ ਲਿਖ ਕੇ ਚਲੇ ਆਉਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸੋਝੀ ਦਿੱਤੀ ਕਿ ਇਸ ਲੋਕ-ਪ੍ਰਲੋਕ ਵਿੱਚ ਗੁਰੂ ਬਿਨਾਂ ਕੋਈ ਸਹਾਰਾ ਨਹੀਂ। ਮਾਈ ਭਾਗੋ ਸਿੰਘਾਂ ਨੂੰ ਗੁਰੂ ਦੇ ਸਨਮੁੱਖ ਕਰਨ ਲਈ ਲੈ ਕੇ ਆਏ ਸਨ। ਉਹ ਜੰਗ ਵਿੱਚ ਸਿੰਘਾਂ ਦੇ ਨਾਲ ਹੀ ਰਹੇ ਤੇ ਮਰਦਾਵੇਂ ਭੇਸ ਵਿੱਚ ਵੈਰੀ ਨਾਲ ਯੁੱਧ ਵਿੱਚ ਹਿੱਸਾ ਲਿਆ। ਬਾਅਦ ਵਿੱਚ ਉਹ ਸਦਾ ਲਈ ਗੁਰੂ ਸੇਵਾ ਵਿੱਚ ਹੀ ਰਹੇ ਤੇ ਦੱਖਣ ਵੱਲ ਗੁਰੂ ਜੀ ਦੇ ਨਾਲ ਗਏ। ਉਹ ਪਿੰਡਾਂ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ। ਮਾਈ ਭਾਗੋ ਦਾ ਇਹ ਕਿਰਦਾਰ ਭਾਰਤੀ ਸੰਸਕ੍ਰਿਤੀ ਦੇ ਉਲਟ ਵੱਡੀ ਕ੍ਰਾਂਤੀ ਦਾ ਸਿਖ਼ਰ ਸੀ। ਔਰਤ ਨੂੰ ਉਸ ਵੇਲੇ ਨਿਰਬਲ ਜਾਣ ਕੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਗੁਰਮਤਿ ਦੇ ਪ੍ਰਚਾਰ ਨੇ ਇਸਤਰੀ ਨੂੰ ਸ਼ਕਤੀ ਤੇ ਮਰਦਾਂ ਦੇ ਨਾਲ ਬਰਾਬਰੀ ਪ੍ਰਦਾਨ ਕਰ ਕੇ ਸਮਾਜ ਵਿੱਚ ਉਸ ਦਾ ਸਨਮਾਨਯੋਗ ਥਾਂ ਬਣਾਇਆ।
ਮੁਕਤਸਰ ਦੀ ਧਰਤੀ ਇਸ ਪੱਖ ਤੋਂ ਵੀ ਮਹੱਤਵਪੂਰਨ ਹੈ ਕਿ ਇੱਥੇ ਸਿੱਖਾਂ ਦੀ ਗੁਰੂ ਨਾਲ ਟੁੱਟੀ ਗੰਢੀ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੱਖਾਂ ਦੇ ਆਨੰਦਪੁਰ ਸਾਹਿਬ ਵਿੱਚ ਦਿੱਤੇ ਬੇਦਾਵੇ ਨੂੰ ਪਾੜ ਕੇ ਉਨ੍ਹਾਂ ਨੂੰ ਮੁੜ ਆਪਣੇ ਸਿੱਖ ਪ੍ਰਵਾਨ ਕਰ ਕੇ ਗਲੇ ਨਾਲ ਲਾਇਆ।
ਇਹ ਜੰਗ ਸਿਰਫ਼ ਦੁਨਿਆਵੀ ਵਾਕਿਆ ਹੀ ਨਹੀਂ ਸੀ, ਇਸ ਦਾ ਅਧਿਆਤਮਕ ਮਹੱਤਵ ਵੀ ਸੀ। ਸੰਸਾਰਕ ਪੱਧਰ ’ਤੇ ਇਹ ਸ਼ਹੀਦ ਸਿੱਖੀ ਸਿਦਕ ਦ੍ਰਿੜ੍ਹ ਕਰਵਾ ਰਹੇ ਹਨ। ਦੈਵੀ ਪੱਧਰ ’ਤੇ ਉਹ ਹਉਮੈ ਦੀ ਕੰਧ ਤੋੜ ਕੇ ਸਚਿਆਰ ਬਣ ਕੇ ਪਰਮਾਤਮਾ ਦੇ ਘਰ ਵਿੱਚ ਪ੍ਰਵੇਸ਼ ਕਰ ਰਹੇ ਸਨ। ਅਕਾਲ ਪੁਰਖ ਦੀ ਸ਼ਕਤੀ ਕਰਕੇ ਹੀ ਥੋੜ੍ਹੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਆਈ ਫ਼ੌਜ ਨਾਲ ਯੁੱਧ ਕੀਤਾ। ਉਨ੍ਹਾਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਨਮੁੱਖ ਹੋ ਕੇ ਜੰਗ ਲੜੀ। ਚਮਕੌਰ ਤੇ ਮੁਕਤਸਰ ਦੀ ਜੰਗ ਵੇਲੇ ਸਿੱਖਾਂ ਦੇ ਮੁਕਾਬਲੇ ਦੁਸ਼ਮਣਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਸ ਵੇਲੇ ਵੀ ਖ਼ਾਲਸੇ ਨੇ ਜਿਸ ਦਲੇਰੀ ਅਤੇ ਸਾਬਿਤ ਕਦਮੀ ਨਾਲ ਦੁਸ਼ਮਣ ਦੇ ਆਹੂ ਲਾਹੇ ਉਸ ਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿੱਚ ਨਹੀਂ ਮਿਲਦੀ।
ਅਜਿਹੀ ਵਿਲੱਖਣ ਤੇ ਅਲੌਕਿਕ ਵਿਰਾਸਤ ਦੀ ਮਾਲਕ ਸਿੱਖ ਕੌਮ ਅੰਦਰ ਅਚਾਰ, ਵਿਹਾਰ, ਸੰਜਮ ਤੇ ਸੱਭਿਆਚਾਰਕ ਪੱਧਰ ਉੱਤੇ ਆ ਰਿਹਾ ਨਿਘਾਰ ਚਿੰਤਾ ਦਾ ਵਿਸ਼ਾ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਆਪਣੀ ਮਹਾਨ ਵਿਰਾਸਤ ਤੋਂ ਜਾਣੂ ਹੋਈਏ ਤੇ ਗੁਰਮਤਿ ਸਿਧਾਂਤ ਤੋਂ ਸੇਧ ਲੈ ਕੇ ਖ਼ਾਲਸਾਈ ਰੂਪ ਵਿੱਚ ਵਿਚਰੀਏ। ਇਸ ਮਹਾਨ ਕਾਰਜ ਲਈ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ, ਸਿੱਖ ਬੁੱਧੀਜੀਵੀਆਂ, ਮਹਾਂਪੁਰਖਾਂ ਤੇ ਖ਼ਾਸ ਕਰਕੇ ਮਾਪਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਹੰਭਲਾ ਮਾਰਨ ਦੀ ਲੋੜ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ*

*ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

Posted in: ਸਾਹਿਤ