ਖ਼ਾਲਸਾ ਪੰਥ ਤੇ ਸਿੱਖੀ ਦਾ ਫ਼ਲਸਫ਼ਾ

By April 15, 2017 0 Comments


ਦਲਬੀਰ ਸਿੰਘ ਧਾਲੀਵਾਲ
khalsa
ਖ਼ਾਲਸਾ ਪੰਥ ਤੇ ਸਿੱਖੀ ਦਾ ਫ਼ਲਸਫ਼ਾ ਬਹੁਤ ਮਹਾਨ ਹੈ, ਜੋ ਇਹ ਸੰਦੇਸ਼ ਦਿੰਦਾ ਹੈ ਕਿ ਧਰਮ ਕੋਈ ਜਾਤ ਨਹੀਂ, ਸਗੋਂ ਇੱਕ ਸੇਵਾ ਤੇ ਅਜਿਹਾ ਮਿਸ਼ਨ ਹੈ, ਜੋ ਨਿਮਾਣਿਆਂ ਨੂੰ ਮਾਣ ਤੇ ਨਿਤਾਣਿਆਂ ਨੂੰ ਤਾਣ ਬਖ਼ਸ਼ਣ ਲਈ ਹਰ ਤਰ੍ਹਾਂ ਦੀ ਸਵੈ-ਕੁਰਬਾਨੀ ਦਾ ਜਜ਼ਬਾ ਪ੍ਰਦਾਨ ਕਰਦਾ ਹੈ। ਖ਼ਾਲਸੇ ਦੀ ਸਾਜਣਾ ਬਾਰੇ ਵਿਦਵਾਨ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਪੰਥ ਸਾਜਣਾ ਦੀ ਗਾਥਾ ਇੰਨੀ ਅਦਭੁਤ ਹੈ ਕਿ ਇਸ ਦਾ ਬਦਲ ਕਿਤੇ ਹੋਰ ਨਹੀਂ ਮਿਲਦਾ। ਇਸ ਤੋਂ ਪਹਿਲਾਂ ਪ੍ਰਚੱਲਿਤ ਹੋਰ ਧਰਮਾਂ ਨੇ ਆਪਣੀਆਂ ਕੌਮਾਂ ਨੂੰ ਭੂਗੋਲਿਕ ਹੱਦਾਂ ਵਿੱਚ ਹੀ ਕੈਦ ਕਰੀ ਰੱਖਿਆ ਪਰ ਖ਼ਾਲਸਾ ਪੰਥ ਦੀ ਸਿਰਜਣਾ ਦਾ ਵਿਚਾਰ ਬੇਹੱਦ ਨਿਰਾਲਾ ਤੇ ਮਨੁੱਖੀ ਸੋਚ ਤੋਂ ਸਰਬਉੱਚ ਸੀ।
ਖ਼ਾਲਸੇ ਦਾ ਜਨਮ 1699 ਨੂੰ ਵਿਸਾਖੀ ਵਾਲੇ ਦਿਨ ਹੋਇਆ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਧਰਮਾਂ ਤੇ ਜਾਤਾਂ ਵਿੱਚੋਂ ਨਿੱਤਰੇ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਜਿਵੇਂ ‘ਖ਼ਾਲਸਾ ਪੰਥ’ ਤੇ ਪੰਜ ਪਿਆਰਿਆਂ ਦੀ ਸਿਰਜਣਾ ਕੀਤੀ ਤੇ ਫਿਰ ਖ਼ੁਦ ਪੰਜ ਪਿਆਰਿਆਂ ਕੋਲੋੋਂ ਅੰਮ੍ਰਿਤ ਦੀ ਦਾਤ ਗ੍ਰਹਿਣ ਕੀਤੀ, ਇਸ ਨਾਲ ‘ਵਾਹੁ-ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ’ ਵਾਲਾ ਕ੍ਰਾਂਤੀਕਾਰੀ ਫ਼ਲਸਫ਼ਾ ਪ੍ਰਗਟ ਹੋਇਆ। ਇਸ ਨਾਲ ਉਦੋਂ ਦੇ ਦੱਬੇ ਕੁਚਲੇ ਲੋਕਾਂ, ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਸੀ, ਦੇ ਵਫ਼ਾਦਾਰੀ, ਬਹਾਦਰੀ ਤੇ ਕੁਰਬਾਨੀ ਦੇ ਜਜ਼ਬੇ ਨੂੰ ਵੇਖ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ, ਘੋੜ ਸਵਾਰੀਆਂ ਤੇ ਜੰਗੀ ਸ਼ਸਤਰਾਂ ਵਸਤਰਾਂ ਨਾਲ ਲੈਸ ਕਰ ਦਿੱਤਾ। ਇਸ ਤਰ੍ਹਾਂ ਯੁੱਗ ਪਲਟਾਊ ਇਨਕਲਾਬ ਦੀ ਨੀਂਹ ਰੱਖੀ ਗਈ।
‘ਖ਼ਾਲਸਾ ਪੰਥ’ ਦੀ ਸਾਜਣਾ ਦਾ ਮਹਾਨ ਵਿਚਾਰ 11 ਨਵਬੰਰ, 1675 ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਦਿੱਲੀ ਵਿੱਚ ਚਾਂਦਨੀ ਚੌਕ ਵਿਖੇ ਹੋਈ ਸ਼ਹਾਦਤ ਤੋਂ ਹੀ ਪੈਦਾ ਹੋਇਆ ਸੀ ਤੇ ਇਸ ਖ਼ਾਲਸਾ ਸਾਜਣਾ ਦੇ ਪ੍ਰੇਰਨਾ ਸਰੋਤ ਅਸਲ ਵਿੱਚ ਭਾਈ ਜੈਤਾ ਜੀ ਸਨ। ਭਾਈ ਜੈਤਾ ਜੀ ਨੇ ਔਰੰਗਜ਼ੇਬ ਦੇ ਸਖ਼ਤ ਪਹਿਰਿਆਂ ਵਿੱਚੋਂ ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ ਸੀਸ ਸ਼ਹਾਦਤ ਪਿੱਛੋਂ ਉਸੇ ਰਾਤ 322 ਮੀਲ ਦਾ ਪੈਂਡਾ ਤੈਅ ਕਰਦਿਆਂ ਅਨੰਦਪੁਰ ਸਾਹਿਬ ਵਿਖੇ ਗੋਬਿੰਦ ਰਾਏ ਨੂੰ ਭੇਟ ਕੀਤਾ ਸੀ। ਗੁਰੂ ਜੀ ਨੇ ਭਾਈ ਜੈਤਾ ਨੂੰ ਗਲਵੱਕੜੀ ਵਿੱਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਜਿਹੇ ਮਾਣ ਨਾਲ ਨਿਵਾਜਿਆ ਸੀ। ਇਹ ਉਸ ਵੇਲੇ ਅਛੂਤ ਕਹੇ ਜਾਂਦੇ ਬਹਾਦਰ ਲੋਕਾਂ ਨੂੰ ਸਰਵਉੱਚ ਸਨਮਾਨ ਬਖ਼ਸ਼ਣ ਦੀ ਮਹਾਨ ਇਤਿਹਾਸਕ ਮਿਸਾਲ ਸੀ। 16 ਨਵਬੰਰ ਨੂੰ ਗੁਰੂ ਸੀਸ ਦੇ ਸਸਕਾਰ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹਾਦਤ ਵੇਲੇ ਦੀ ਪੂਰੀ ਜਾਣਕਾਰੀ ਭਾਈ ਜੈਤਾ ਜੀ ਤੋਂ ਪੁੱਛੀ। ਉਨ੍ਹਾਂ ਪੁੱਛਿਆ ਕਿ ਦਿੱਲੀ ਦੇ ਸਿੱਖ ਗੁਰੂ ਜੀ ਤੋਂ ਬੇਮੁੱਖ ਕਿਉਂ ਹੋ ਗਏ, ਇੰਨੇ ਮਹਾਨ ਪੁਰਖ ਦੀ ਸ਼ਹਾਦਤ ਵੇਲੇ ਨੌਜਵਾਨਾਂ ਦਾ ਗਰਮ ਖ਼ੂਨ ਕਿਉਂ ਨਾ ਖੌਲਿਆ ਤੇ ਬੁੱਧੀਮਾਨ ਸਿੱਖ ਵੀ ਆਪਣਾ ਫ਼ਰਜ਼ ਕਿਉਂ ਭੁੱਲ ਗਏ? ਉਸ ਵੇਲੇ ਭਾਈ ਜੈਤਾ ਜੀ ਨੇ ਦੱਸਿਆ ਕਿ ਸਿੱਖ ਮੌਤ ਦੇ ਡਰੋਂ ਇਸ ਸਾਕੇ ਨੂੰ ਚੁੱਪ-ਚਾਪ ਵੇਖਦੇ ਰਹੇ। ਕੋਈ ਖ਼ਾਸ ਪਛਾਣ ਨਾ ਹੋਣ ਕਾਰਨ ਸਭ ਲੁਕ ਛਿਪ ਗਏ। ਇਹ ਵਿੱਥਿਆ ਸੁਣ ਕੇ ਗੁਰੂ ਜੀ ਨੇ ਸੋਚ ਵਿਚਾਰ ਕੀਤੀ। ਗੁਰੂ ਜੀ ਨੇ ਸਾਬਤ ਸੂਰਤ ਸਿੱਖ ਸਾਜਣ ਦਾ ਫ਼ੈਸਲਾ ਲਿਆ, ਜੋ ਗਿਆਨੀ ਧਿਆਨੀ ਤੇ ਯੋਧੇ ਬਣਨਗੇ।
ਆਪਣੇ ਇਸ ਸੰਕਲਪ ਨੂੰ ਅਮਲੀ ਰੂਪ ਦੇਣ ਲਈ ਗੁਰੂ ਜੀ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਦਾ ਗਿਆਨ ਦੇਣ ਦੇ ਨਾਲ ਨਾਲ ਕਵੀਸ਼ਰਾਂ ਤੋਂ ਵੀਰ ਰਸ ਵਾਰਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਨਾਲ ਹੀ ਦੋ ਦੋ ਟੋਲੀਆਂ ਬਣਾ ਕੇ ਜੰਗੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਸਿੱਖਾਂ ਵਿੱਚ ਜੋਸ਼ ਤੇ ਜੰਗੀ ਮੁਹਾਰਤ ਪੈਦਾ ਹੋਵੇ। ਇਹ ਸਾਰੀ ਜ਼ਿੰਮੇਵਾਰੀ ਭਾਈ ਜੈਤਾ ਤੇ ਮਾਮਾ ਕ੍ਰਿਪਾਲ ਚੰਦ ਨੂੰ ਸੌਂਪੀ ਗਈ। ਗੁਰੂ ਜੀ ਨੇ ਸ਼ਾਹੀ ਪੁਸ਼ਾਕ ਤੇ ਕਲਗੀ ਸਜਾ ਕੇ ਦਰਬਾਰ ਲਗਾਉਣਾ ਸ਼ੁਰੂ ਕਰ ਦਿੱਤਾ। ਯੁੱਧ ਦਾ ਜੋਸ਼ੀਲਾ ਪ੍ਰਤੀਕ ਰਣਜੀਤ ਨਗਾਰਾ ਤਿਆਰ ਕੀਤਾ ਗਿਆ। ਮੌਕੇ ਦੇ ਹਾਲਾਤ ਨੂੰ ਵਿਚਾਰਦਿਆਂ ਗੁਰੂ ਜੀ ਨੇ 30 ਮਾਰਚ 1699 ਨੂੰ ਸਿੱਖਾਂ ਨੂੰ ਸੰਦੇਸ਼ ਭੇਜੇ ਕਿ ਵਿਸਾਖੀ ਉੱਤੇ ਉਹ ਆਪਣੇ ਸ਼ਸਤਰਾਂ ਸਮੇਤ ਅਨੰਦਪੁਰ ਸਾਹਿਬ ਇਕੱਠੇ ਹੋਣ। ਵਿਸਾਖੀ ਉੱਤੇ ਕਰੀਬ 80 ਹਜ਼ਾਰ ਸਿੱਖ ਜੁੜ ਗਏ। ਉਨ੍ਹਾਂ ਦੇ ਸਨਮੁੱਖ ਖੜ੍ਹੇ ਹੋ ਕੇ ਗੁਰੂ ਜੀ ਨੇ ਨੰਗੀ ਤਲਵਾਰ ਲਹਿਰਾਉਂਦਿਆਂ ਕਿਹਾ, ਸਨਮੁੱਖ ਪੂਰਾ ਸਿੱਖ ਹੈ ਕੋਈ, ਸੀਸ ਭੇਟ ਗੁਰ ਦੇਵੇ ਸੋਈ।।
ਇਹ ਸੁਣ ਕੇ ਸੰਗਤ ਵਿੱਚ ਸੰਨਾਟਾ ਛਾ ਗਿਆ। ਮਗਰੋਂ ਭਾਈ ਦਇਆ ਰਾਮ ਉਠੇ ਤੇ ਗੁਰੂ ਜੀ ਦੇ ਸਨਮੁੱਖ ਸਮਰਪਿਤ ਹੋਏ। ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ ਤੇ ਕੁਝ ਸਮੇਂ ਬਾਅਦ ਲਹੂ ਭਿੱਜੀ ਤਲਵਾਰ ਲਹਿਰਾਉਂਦਿਆਂ ਮੁੜ ਸੀਸ ਦੀ ਮੰਗ ਦੁਹਰਾਈ। ਫਿਰ ਵਾਰੋ-ਵਾਰੀ ਚਾਰ ਸਿੱਖਾਂ ਧਰਮ ਦਾਸ, ਹਿੰਮਤ ਰਾਏ, ਮੁਹਕਮ ਚੰਦ ਤੇ ਸਾਹਿਬ ਚੰਦ ਨੇ ਆਪਣੇ ਸੀਸ ਗੁਰੂ ਜੀ ਦੇ ਸਨਮੁੱਖ ਅਰਪਣ ਕੀਤੇ। ਕੁਝ ਦੇਰ ਬਾਅਦ ਗੁਰੂ ਜੀ ਉਨ੍ਹਾਂ ਪੰਜਾਂ ਸਿੱਖਾਂ ਨੂੰ ਨਵੇਂ ਸ਼ਸਤਰ-ਵਸਤਰ ਪਹਿਨਾ ਕੇ ਸੰਗਤ ਸਾਹਮਣੇ ਲਿਆਏ। ਗੁਰੂ ਜੀ ਨੇ ਪੰਜਾਂ ਸਿੱਖਾਂ ਨੂੰ ਇੱਕੋ ਬਾਟੇ ਵਿੱਚ ਤਿਆਰ ਕੀਤਾ ਖੰਡੇ ਦਾ ਅੰਮ੍ਰਿਤ ਛਕਾ ਕੇ ‘ਪੰਜ ਪਿਆਰਿਆਂ’ ਦੀ ਪਦਵੀ ਬਖ਼ਸ਼ੀ। ਫਿਰ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਗ੍ਰਹਿਣ ਕੀਤੀ। ਗੁਰੂ ਜੀ ਨੇ ਭਾਈ ਜੈਤਾ ਨੂੰ ਅੰਮ੍ਰਿਤ ਪਾਨ ਕਰਵਾਇਆ ਤੇ ਜੈਤਾ ਤੋਂ ਜੀਵਨ ਸਿੰਘ ਨਾਮ ਰੱਖ ਦਿੱਤਾ।
ਇਸ ਤਰ੍ਹਾਂ ਗੁਰੂ ਜੀ ਨੇ 16 ਨਵੰਬਰ 1675 ਨੂੰ ਕੀਤੇ ਸੰਕਲਪ ਨੂੰ 1699 ਦੀ ਵਿਸਾਖੀ ਨੂੰ ਅਜਿਹਾ ‘ਖ਼ਾਲਸਾ ਸਰੂਪ’ ਸਾਜ ਕੇ ਸੰਪੂਰਨ ਕੀਤਾ।
ਸੰਪਰਕ: 99155-21037
Tags:
Posted in: ਸਾਹਿਤ