ਖਾਲਸਾ ਮੇਰੋ ਰੂਪ ਹੈ ਖਾਸ…

By April 15, 2017 0 Comments


ਪ੍ਰੋ.ਕਿਰਪਾਲ ਸਿੰਘ ਬਡੂੰਗਰ
guru gobind singh ji
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 (1699 ਈ.) ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਵਿਸਾਖੀ ਦਾ ਤਿਉਹਾਰ ਭਾਰਤ ਦਾ ਇੱਕ ਸਮਾਜਿਕ ਤਿਉਹਾਰ ਹੈ, ਜੋ ਪੁਰਾਤਨ ਸਮੇਂ ਤੋਂ ਮੁਲਕ ਭਰ ਵਿੱਚ ਮਨਾਇਆ ਜਾਂਦਾ ਰਿਹਾ ਹੈ। ਇਸ ਵੇਲੇ ਤਕ ਹਾੜ੍ਹੀ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੁੰਦੀ ਹੈ। ਮਨੁੱਖਤਾ ਨੂੰ ਖ਼ਾਲਸੇ ਦੀ ਵਡਮੁੱਲੀ ਦਾਤ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਦਿਨ ਚੁਣਿਆ ਕਿਉਂਕਿ ਖ਼ਾਲਸੇ ਦਾ ਸੰਕਲਪ ਮਨੁੱਖਤਾ ਨੂੰ ਦੁੱਖਾਂ ਤੋਂ ਨਿਜਾਤ ਦਿਵਾਉਣ ਤੇ ਉਸ ਦੇ ਸਰਬਪੱਖੀ ਵਿਕਾਸ ਲਈ ਅਗੰਮੀ ਵਰਦਾਨ ਸੀ। ਵਿਸਾਖ ਮਹੀਨੇ ਨੂੰ ਗੁਰਬਾਣੀ ਵਿੱਚ ‘ਭਲਾ’ ਕਿਹਾ ਗਿਆ ਹੈ:
‘ਵੈਸਾਖੁ ਭਲਾ ਸਾਖਾ ਵੇਸ ਕਰੇ॥’
(ਪੰਨਾ 1108)
ਖ਼ਾਲਸੇ ਦੀ ਸਾਜਨਾ ਦੀ ਪ੍ਰਕਿਰਿਆ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੀ ਅਰੰਭ ਹੋ ਗਈ ਸੀ। ਸੈਂਕੜੇ ਸਾਲ 10 ਗੁਰੂ ਸਾਹਿਬਾਨ ਦੀ ਸਰਪ੍ਰਸਤੀ ਵਿੱਚ ਇਸ ਦਾ ਵਿਕਾਸ ਹੁੰਦਾ ਰਿਹਾ। ਦਸ ਗੁਰੂ ਸਾਹਿਬਾਨ ਵਿੱਚ ਇੱਕੋ ਗੁਰੂ ਜੋਤ ਵਰਤਦੀ ਸੀ। ਉਨ੍ਹਾਂ ਦੀ ਬਾਣੀ ਦਾ ਭਾਵ, ਉਦੇਸ਼ ਤੇ ਵਿਚਾਰਧਾਰਾ ਇੱਕ ਹੀ ਸੀ। ਇਸ ਅਨਮੋਲ ਗੁਰਮਤਿ ਵਿਚਾਰਧਾਰਾ ਦੀ ਸਿਖਰ ‘ਖ਼ਾਲਸੇ ਦੀ ਸਾਜਨਾ’ ਸੀ। ਖ਼ਾਲਸਾ ਇੱਕ ਆਦਰਸ਼ ਪੁਰਖ ਹੈ। ਉਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ, ਬ੍ਰਹਮ ਗਿਆਨੀ ਕਿਹਾ ਗਿਆ ਹੈ। ਖ਼ਾਲਸਾ ਸਰਬਪੱਖੀ, ਸਰਬ ਪ੍ਰਕਾਰ ਦੇ ਸਦ ਗੁਣਾਂ ਨਾਲ ਭਰਪੂਰ, ਸਵੈ ਨਿਰਭਰ ਤੇ ਸੰਪੂਰਨ ਮਨੁੱਖ ਹੈ। ਖ਼ਾਲਸਾ ਸੰਤ ਵੀ ਹੈ ਤੇ ਸਿਪਾਹੀ ਵੀ, ਗੁਰੂ ਵੀ ਹੈ ਤੇ ਸਿੱਖ ਵੀ, ਭਗਤ ਵੀ ਹੈ ਤੇ ਸੂਰਬੀਰ ਵੀ, ਨਿਰਭੈ ਵੀ ਹੈ ਤੇ ਨਿਰਵੈਰ ਵੀ ਹੈ। ਖ਼ਾਲਸਾ ਹਰ ਪ੍ਰਕਾਰ ਦੇ ਗਿਆਨ ਤੇ ਸ਼ਕਤੀਆਂ ਦਾ ਭੰਡਾਰ ਹੈ। ਇਹ ਅਜਿਹੀ ਸ਼ਖ਼ਸੀਅਤ ਹੈ, ਜਿਸ ਬਾਰੇ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਹੈ:

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥ (ਪੰਨਾ 469)
ਖ਼ਾਲਸਾ ਸਿੱਧਾ ਪਰਮਾਤਮਾ ਨਾਲ ਸਬੰਧਿਤ ਹੈ। ਹਰਿ ਤੋਂ ਬਿਨਾਂ ਉਹ ਕਿਸੇ ਦੇ ਅਧੀਨ ਨਹੀਂ, ਕਿਸੇ ਦਾ ਮੁਹਤਾਜ ਨਹੀਂ। ਉਹ ਸ਼ਬਦ ਦੀ ਨਿਰੰਜਨੀ ਜੋਤ ਦਾ ਪੂਜਕ ਹੈ। ਖ਼ਾਲਸਾ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਉਹ ਕਿਸੇ ਪ੍ਰਕਾਰ ਦੇ ਕਰਮ ਕਾਂਡ ਵਹਿਮ ਭਰਮ ਨੂੰ ਨਹੀਂ ਮੰਨਦਾ। ਗੁਰੂ ਜੀ ਨੇ ਖ਼ਾਲਸੇ ਦਾ ਸਿਰਫ਼ ਆਦਰਸ਼ ਹੀ ਪੇਸ਼ ਨਹੀਂ ਕੀਤਾ, ਸਗੋਂ ਅਮਲੀ ਰੂਪ ਵਿੱਚ ਖ਼ਾਲਸਾ ਬਣ ਕੇ ਮਿਸਾਲ ਪੇਸ਼ ਕੀਤੀ ਹੈ।
ਵਿਸਾਖੀ ਦੇ ਦਿਹਾੜੇ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਨਾ ਕੀਤੀ। ਇਸੇ ਪਵਿੱਤਰ ਅਸਥਾਨ ਉੱਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ। ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਸਿੱਖੀ ਧਾਰਨ ਲਈ ਸਿਰ ਦੇਣ ਦੀ ਸ਼ਰਤ ਰੱਖੀ ਸੀ, ਉਸੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੁਰੂ ਜੀ ਨੇ ਭਰੇ ਦੀਵਾਨ ਵਿੱਚ ਸਿੱਖਾਂ ਕੋਲੋਂ ਸੀਸ ਦੀ ਮੰਗ ਕੀਤੀ। ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦੀਵਾਨ ਵਿੱਚੋਂ ਪੰਜ ਸਿੰਘ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕਰਨ ਲਈ ਉੱਠੇ। ਇਹ ਸਿੱਖ ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਹਿੰਮਤ ਚੰਦ, ਭਾਈ ਮੁਹਕਮ ਚੰਦ ਤੇ ਭਾਈ ਸਾਹਿਬ ਚੰਦ ਸਨ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਨਵੇਂ ਵਸਤਰ ਤੇ ਸ਼ਸਤਰ ਪਹਿਨਾਏ। ਖੰਡੇ ਬਾਟੇ ਦੀ ਪਾਹੁਲ ਹੱਥੀਂ ਤਿਆਰ ਕਰ ਕੇ ਉਨ੍ਹਾਂ ਨੂੰ ਛਕਾਈ ਤੇ ਆਪਣੇ ਪਿਆਰਿਆਂ ਦੀ ਪਦਵੀ ਦਿੱਤੀ। ਉਨ੍ਹਾਂ ਸਭਨਾਂ ਦੇ ਨਾਵਾਂ ਨਾਲ ਸਿੰਘ ਪਦ ਲਾਇਆ। ਫਿਰ ਉਨ੍ਹਾਂ ਤੋਂ ਆਪ ਖੰਡੇ ਦੀ ਪਾਹੁਲ ਛਕ ਕੇ ਗੁਰੂ ਚੇਲੇ ਦਾ ਫ਼ਰਕ ਮਿਟਾ ਦਿਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਸਿੰਘਾਂ ਨੂੰ ਗੁਰੂ ਦੀ ਇੱਕ ਸੰਸਥਾ ਦਾ ਰੂਪ ਦੇ ਦਿੱਤਾ ਤਾਂ ਜੋ ਗੁਰਮਤਿ ਦਾ ਪ੍ਰਚਾਰ ਨਿਰੰਤਰ ਕੀਤਾ ਜਾ ਸਕੇ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਪੰਜ ਰਹਿਤਵਾਨ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿ ਕੇ ਅੰਮ੍ਰਿਤ ਸੰਚਾਰ ਕਰਨ ਦਾ ਅਧਿਕਾਰ ਦੇ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਵਿੱਚ ਵੀ ਪੰਚਾਂ ਭਾਵ ਗੁਰਮੁਖਾਂ ਨੂੰ ਸ੍ਰੇਸ਼ਟ ਤੇ ਆਦਰਯੋਗ ਆਖਿਆ ਗਿਆ ਹੈ। ਇਹ ਪੰਚ ਜਾਂ ਬ੍ਰਹਮ ਗਿਆਨੀ ਸਿੱਖ ਖ਼ਾਲਸੇ ਦੀ ਰਹਿਣੀ ਬਹਿਣੀ ਵਿੱਚ ਪੂਰਨ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਰਹਿਤ ਮਰਯਾਦਾ ਨਿਸ਼ਚਿਤ ਹੈ, ਜੋ ਕਿਸੇ ਵੀ ਸੂਰਤ ਵਿੱਚ ਭੰਗ ਨਹੀਂ ਹੋਣੀ ਚਾਹੀਦੀ। ਖ਼ਾਲਸੇ ਲਈ ਪੰਜ ਕਕਾਰ-ਕਛਹਿਰਾ, ਕੇਸ, ਕਿਰਪਾਨ, ਕੰਘਾ ਤੇ ਕੜਾ ਧਾਰਨ ਕਰਨਾ ਜ਼ਰੂਰੀ ਹੈ। ਖ਼ਾਲਸੇ ਲਈ ਬਾਣੀ ਤੇ ਬਾਣਾ ਦੋਵੇਂ ਇੱਕੋ ਜਿਹੇ ਜ਼ਰੂਰੀ ਹਨ।
ਖ਼ਾਲਸੇ ਦਾ ਉਦੇਸ਼ ਸਿਰਫ਼ ਆਪਣੇ ਲਈ ਜਿਊਣਾ ਨਹੀਂ ਹੈ। ਉਹ ਇੱਕ ਮਹਾਨ ਪਰਉਪਕਾਰੀ ਯੋਧਾ ਵੀ ਹੈ। ਉਸ ਨੇ ਧਰਤੀ ’ਤੇ ਮਜ਼ਲੂਮਾਂ ਦੀ ਸਹਾਇਤਾ ਕਰਨੀ ਹੈ ਤੇ ਜ਼ਾਲਮਾਂ ਦਾ ਵਿਰੋਧ ਕਰਨਾ ਹੈ। ਖ਼ਾਲਸੇ ਨੇ ਅਜਿਹਾ ਹੀ ਕੀਤਾ। ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੱਖ ਯੋਧਿਆਂ ਨੇ ਹਾਥੀ ਘੋੜਿਆਂ ਦੀ ਸੈਨਾ ਨੂੰ ਮਿੱਟੀ ਵਿੱਚ ਰੋਲ ਦਿੱਤਾ ਤੇ 12 ਮਈ 1710 ਨੂੰ ਸਰਹਿੰਦ ਦੀ ਧਰਤੀ ’ਤੇ ਸਿੱਖ ਰਾਜ ਦਾ ਖ਼ਾਲਸਾਈ ਪਰਚਮ ਲਹਿਰਾ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਸਿੰਘ ਵਰਗੇ ਯੋਧੇ ਖ਼ਾਲਸਾ ਪੰਥ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਵਿਦੇਸ਼ੀ ਜਰਵਾਣਿਆਂ ਨੂੰ ਬਾਹਰ ਧਕੇਲ ਦਿੱਤਾ। ਸਰਦਾਰ ਹਰੀ ਸਿੰਘ ਨਲਵਾ ਵਰਗੇ ਜਰਨੈਲ ਤੋਂ ਖੂੰਖਾਰ ਪਠਾਣ ਵੀ ਭੈਅ ਖਾਂਦੇ ਸਨ। ਖ਼ਾਲਸੇ ਨੇ ਅਨੇਕਾਂ ਬੇਮਿਸਾਲ ਜੰਗਾਂ ਲੜੀਆਂ ਪਰ ਉਨ੍ਹਾਂ ਨੂੰ ਸਿੱਖ ਇਤਿਹਾਸ ਦਾ ਅੰਗ ਹੋਣ ਕਰਕੇ ਦੂਜੀਆਂ ਕੌਮਾਂ ਨੇ ਪੂਰੀ ਤਰ੍ਹਾਂ ਨਹੀਂ ਜਾਣਿਆ।
ਖ਼ਾਲਸੇ ਦੀ ਉਪਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਹੁਤ ਕੁਝ ਕਿਹਾ ਹੈ। ਖ਼ਾਲਸੇ ਨੂੰ ਆਪਣਾ ਰੂਪ, ਇਸ਼ਟ, ਪਿੰਡ ਪਰਾਨ ਤੇ ਸਤਿਗੁਰੂ ਪੂਰਾ ਆਖ ਕੇ ਖ਼ਾਲਸੇ ਦੀ ਉਪਮਾ ਵਰਣਨ ਤੋਂ ਬਾਹਰ ਦੱਸੀ ਹੈ। ਵੱਖਰੀ ਪਛਾਣ ਕਿਸੇ ਵੀ ਧਰਮ ਦੀ ਹੋਂਦ ਲਈ ਜ਼ਰੂਰੀ ਪੱਖ ਹੁੰਦਾ ਹੈ। ਖ਼ਾਲਸੇ ਦੇ ਮਹਾਨ ਉਦੇਸ਼ ਨੂੰ ਮੁੱਖ ਰੱਖ ਕੇ ਇਸ ਨੂੰ ਸਾਰੇ ਜਗਤ ਤੋਂ ਨਿਰਾਲਾ ਰੂਪ ਦਿੱਤਾ ਗਿਆ ਹੈ। ਖ਼ਾਲਸੇ ਦਾ ਸਰੂਪ, ਸਿਧਾਂਤ, ਕਾਰਜ ਤੇ ਨਿਸ਼ਾਨਾ ਵਿਲੱਖਣ, ਵਿਸ਼ੇਸ਼ ਤੇ ਨਿਆਰਾ ਹੈ। ਇਸ ਦੇ ਨਿਆਰੇ ਰਹਿਣ ਵਿੱਚ ਹੀ ਪਰਮਾਤਮਾ ਦੀਆਂ ਸਭ ਬਰਕਤਾਂ ਤੇ ਸ਼ਕਤੀਆਂ ਹਨ।
ਚੜ੍ਹਦੀ ਕਲਾ ਦਾ ਗੁਣ ਖ਼ਾਲਸੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਇਤਿਹਾਸ ਗਵਾਹ ਹੈ ਕਿ ਬਹੁਤ ਸੰਕਟ ਦੇ ਸਮੇਂ ਵੀ ਸਿੱਖਾਂ ਨੇ ਕਦੀ ਹੌਂਸਲਾ ਨਹੀਂ ਛੱਡਿਆ। ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਤੇ ਬਹੁਤ ਅਸਾਵੀਆਂ ਲੜਾਈਆਂ ਵਿੱਚ ਘੱਟ ਗਿਣਤੀ ਵਿੱਚ ਹੁੰਦਿਆਂ ਵੀ ਵੀਰਤਾ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਖ਼ਾਲਸਾ ਆਚਾਰ, ਵਿਹਾਰ, ਸਦਾਚਾਰ, ਸੀਲ-ਸੰਜਮ, ਤਿਆਗ, ਕੁਰਬਾਨੀ, ਭਗਤੀ, ਸ਼ਕਤੀ, ਚੜ੍ਹਦੀ ਕਲਾ ਦੇ ਸਦਗੁਣਾਂ ਨਾਲ ਭਰਪੂਰ ਹੈ। ਖ਼ਾਲਸੇ ਦੀ ਉਤਪਤੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਗੁਰੂ ਸਾਹਿਬਾਨ ਤੇ ਹੋਰ ਭਗਤਾਂ ਦੀ ਬਾਣੀ, ਗੁਰੂ ਸਾਹਿਬਾਂ ਦੇ ਉੱਚੇ ਸੁੱਚੇ ਕਰਨੀ ਵਾਲੇ ਜੀਵਨ, ਉਨ੍ਹਾਂ ਦੀ ਲੰਮੀ ਘਾਲਣਾ, ਅਗੰਮੀ ਸੋਚ ਤੇ ਬੇਮਿਸਾਲ ਕੁਰਬਾਨੀਆਂ ਵਿੱਚੋਂ ਹੋਈ ਹੈ। ਇਸ ਤਰ੍ਹਾਂ ਖ਼ਾਲਸੇ ਦੀ ਉਤਪਤੀ ਵਿੱਚ ਵਿਸ਼ਾਲ ਪੱਧਰ ਤੇ ਸੰਸਾਰਕ ਅਤੇ ਆਤਮਿਕ ਯਤਨ ਲੱਗੇ ਹੋਏ ਹਨ। ਖ਼ਾਲਸਾ ਮਨੁੱਖਤਾ ਦੀ ਸਰਬ ਸਮੇਂ ਲਈ ਤੇ ਸਰਬ ਸਥਾਨ ਲਈ ਕੀਮਤੀ ਵਿਰਾਸਤ ਹੈ। ਮਨੁੱਖ ਦੀਆਂ ਬਣਾਈਆਂ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਵਕਤੀ ਹੋ ਸਕਦੀਆਂ ਹਨ, ਪਰ ਖ਼ਾਲਸਾ ਅਕਾਲ ਪੁਰਖ ਦੀ ਸਾਜਨਾ ਹੈ, ਇਹ ਵਕਤੀ ਨਹੀਂ ਹੋ ਸਕਦਾ। ਅੱਜ ਲੋੜ ਹੈ ਪੰਥਕ ਸੰਸਥਾਵਾਂ, ਸਿੱਖ ਸੰਪਰਦਾਵਾਂ, ਸਭਾ ਸੁਸਾਇਟੀਆਂ, ਸਿਆਸੀ ਤੇ ਧਾਰਮਿਕ ਆਗੂਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਤਾਂ ਜੋ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਮਹਾਨ ਪਰੰਪਰਾਵਾਂ ਅਨੁਸਾਰ ਸਿੱਖੀ ਸਰੂਪ ਅਤੇ ਚੰਗੇ ਕਿਰਦਾਰ ਵਾਲੇ ਬਣਾ ਸਕੀਏ।
*ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।





Posted in: ਸਾਹਿਤ