ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜ ਸਹਾਇਕ ਸੂਰਮੇ

By April 15, 2017 0 Comments


ਡਾ. ਹਰਪਾਲ ਸਿੰਘ ਪੰਨੂ
baba banda singh
1708 ਵਿੱਚ ਨਾਂਦੇੜ ਵਿਖੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਸ, ਪੰਜ ਤੀਰ, ਹੁਕਮਨਾਮਾ ਤੇ ਪੰਜ ਸਹਾਇਕ ਸੂਰਮੇ ਦੇ ਕੇ ਜ਼ੁਲਮ ਦੀ ਜੜ੍ਹ ਕੱਟਣ ਲਈ ਪੰਜਾਬ ਵੱਲ ਤੋਰਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ ਭੇਜੇ ਗਏ ਸਹਾਇਕ ਸੂਰਮਿਆਂ ਦੇ ਨਾਂ ਵੱਖ-ਵੱਖ ਸਨਾਤਨੀ ਗ੍ਰੰਥਾਂ ਵਿੱਚ ਵੱਖ-ਵੱਖ ਲਿਖੇ ਹੋਏ ਮਿਲਦੇ ਹਨ।
ਰਣਜੀਤ ਨਗਰ ਪਟਿਆਲਾ ਦੇ ਵਸਨੀਕ ਭਾਈ ਨਾਹਰ ਸਿੰਘ ਅੱਡ ਅੱਡ ਸਰੋਤ ਲੈ ਕੇ ਲੇਖਕ ਨੂੰ ਦਿਖਾਉਣ ਆਏ। ਉਨ੍ਹਾਂ ਫ਼ੈਸਲਾ ਲਿਆ ਕਿ ਇਹ ਨਾਂ ਮੀਡੀਆ ਰਾਹੀਂ ਇਤਿਹਾਸਕਾਰਾਂ ਦੇ ਵਾਚਣ ਵਾਸਤੇ ਭੇਜੇ ਜਾਣ ਤਾਂ ਜੋ ਨਿਸਤਾਰਾ ਹੋ ਸਕੇ ਕਿ ਸਹੀ ਨਾਂ ਕਿਹੜੇ-ਕਿਹੜੇ ਹਨ। ਇਹ ਵੀ ਜਾਣਨਾ ਉੱਚਿਤ ਹੋਵੇਗਾ ਕਿ ਨਾਵਾਂ ਦੀ ਸੂਚੀ ਵਿੱਚ ਤਬਦੀਲੀ ਕਿਵੇਂ ਹੋਈ। ਇਸ ਵਾਸਤੇ ਸੂਝਵਾਨ ਪਾਠਕਾਂ ਦੇ ਸਾਰਥਕ ਹੁੰਗਾਰੇ ਦੀ ਲੋੜ ਹੈ। ਖ਼ਾਲਸਾ ਪੰਥ ਦੀ ਬੁਨਿਆਦ 1699 ਨੂੰ ਥਾਪੇ ਗਏ ਪੰਜ ਪਿਆਰੇ ਕਿੱਥੇ-ਕਿੱਥੇ ਰਹੇ ਤੇ ਸੰਸਾਰ ਵਿੱਚੋਂ ਕਿਵੇਂ ਰੁਖ਼ਸਤ ਹੋਏ, ਇਹ ਪਤਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਜਿਹੜੇ ਸਰੋਤਾਂ ਵਿੱਚ ਇਨ੍ਹਾਂ ਸਿੰਘਾਂ ਦੇ ਵੱਖ ਵੱਖ ਨਾਂ ਦਰਜ ਹਨ, ਉਹ ਇਹ ਹਨ:
(ੳ) ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਬਾਜ ਸਿੰਘ, ਭਾਈ ਬਿਜੈ ਸਿੰਘ, ਭਾਈ ਰਾਮ ਸਿੰਘ।
ਇਹ ਨਾਂ ਮਹਾਨ ਕੋਸ਼ ਦੇ ਪੰਨਾ 894 ’ਤੇ ਬੰਦਾ ਬਹਾਦਰ ਦੇ ਕਾਲਮ ਉੱਤੇ ਅੰਕਿਤ ਹਨ। (ਛਾਪਕ, ਭਾਸ਼ਾ ਵਿਭਾਗ, ਪੰਜਾਬ, ਸੱਤਵੀਂ ਛਾਪ)।
(ਅ) ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਬਿਜੈ ਸਿੰਘ।
ਇਹ ਨਾਂ ਤਵਾਰੀਖ ਗੁਰੂ ਖਾਲਸਾ (ਪਹਿਲਾ ਭਾਗ), ਪੰਨਾ 1129, ਕ੍ਰਿਤ ਗਿਆਨੀ ਗਿਆਨ ਸਿੰਘ ’ਤੇ ਅੰਕਿਤ ਹਨ। (ਛਾਪਕ, ਭਾਸ਼ਾ ਵਿਭਾਗ, 2011)।
(ੲ) ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਦਯਾ ਸਿੰਘ, ਭਾਈ ਔਣਿਨ ਸਿੰਘ, ਭਾਈ ਬਾਜ ਸਿੰਘ। ਇਹ ਨਾਂ ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ 128, ਕ੍ਰਿਤ ਭਾਈ ਰਤਨ ਸਿੰਘ ਭੰਗੂ, ਸੰਪਾਦਕ ਡਾ. ਜੀਤ ਸਿੰਘ ‘ਸੀਤਲ’ ਵਿੱਚ ਅੰਕਿਤ ਹਨ। (ਪ੍ਰਕਾਸ਼ਕ, ਸਿੱਖ ਇਤਿਹਾਸ ਰੀਸਰਚ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ 2005)।
(ਸ) ਭਾਈ ਭਗਵੰਤ ਸਿੰਘ, ਭਾਈ ਕੋਇਰ ਸਿੰਘ, ਭਾਈ ਬਾਜ ਸਿੰਘ, ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ।
ਇਹ ਨਾਂ ਗੁਰੂ ਕੀਆਂ ਸਾਖੀਆਂ, ਪੰਨਾ 199-200, ਕ੍ਰਿਤ ਭਾਈ ਸਰੂਪ ਸਿੰਘ ਕੌਸ਼ਿਕ, ਸੰਪਾਦਕ, ਪਿਆਰਾ ਸਿੰਘ ‘ਪਦਮ’ ਉੱਤੇ ਅੰਕਿਤ ਹਨ। (ਪ੍ਰਕਾਸ਼ਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, 2008)।
ਇੱਥੇ ਜ਼ਿਕਰਯੋਗ ਹੈ ਕਿ ਭਾਈ ਬਿਨੋਦ ਸਿੰਘ, ਭਾਈ ਬਾਜ ਸਿੰਘ ਤੇ ਭਾਈ ਕਾਨ੍ਹ ਸਿੰਘ ਦੇ ਨਾਂ ਚਾਰਾਂ ਸਰੋਤਾਂ ਵਿੱਚ ਹਨ। ਭਾਈ ਬਿਜੈ ਸਿੰਘ ਦਾ ਨਾਂ (ੳ) ਅਤੇ (ਅ) ਦੋ ਸਰੋਤਾਂ ਵਿੱਚ ਦਰਜ ਹੈ। ਇਹ ਭੁਲੇਖਾ ਪੈ ਸਕਦਾ ਹੈ ਕਿ ਕਿਤੇ ਲਿਖਾਰੀਆਂ ਨੇ ਭਾਈ ਬਾਜ ਸਿੰਘ ਨੂੰ ਹੀ ਭਾਈ ਬਿਜੈ ਸਿੰਘ ਨਾ ਲਿਖ ਦਿੱਤਾ ਹੋਵੇ ਪਰ ਅਜਿਹਾ ਨਹੀਂ ਹੈ ਕਿਉਂਕਿ ਸਰੋਤ (ੳ) ਅਤੇ (ਅ) ਵਿੱਚ ਭਾਈ ਬਾਜ ਸਿੰਘ ਤੇ ਭਾਈ ਬਿਜੈ ਸਿੰਘ, ਦੋਵਾਂ ਦੇ ਨਾਂ ਹਨ। ਭਾਈ ਰਾਮ ਸਿੰਘ ਦਾ ਨਾਂ (ੳ) ਅਤੇ (ਅ) ਸਰੋਤ ਵਿੱਚ ਹੈ। ਇੱਕ ਨਵਾਂ ਨਾਂ ਭਾਈ ਔਣਿਨ ਸਿੰਘ ਸਿਰਫ਼ (ੲ) ਸਰੋਤ ਵਿੱਚ ਦਿੱਤਾ ਗਿਆ ਹੈ। ਭਾਈ ਭਗਵੰਤ ਸਿੰਘ ਤੇ ਭਾਈ ਕੋਇਰ ਸਿੰਘ ਦੇ ਨਾਂ ਸਿਰਫ਼ (ਸ) ਸ੍ਰੋਤ ਵਿੱਚ ਤੇ ਭਾਈ ਦਯਾ ਸਿੰਘ ਦਾ ਨਾਂ ਸਿਰਫ਼ (ੲ) ਸ੍ਰੋਤ ਵਿੱਚ ਮਿਲਦਾ ਹੈ। ਡਾ. ਗੰਡਾ ਸਿੰਘ ਨੇ ਭਾਈ ਰਾਮ ਸਿੰਘ ਦੀ ਥਾਂ ਭਾਈ ਰਣ ਸਿੰਘ ਲਿਖਿਆ ਹੈ।

ਸੰਪਰਕ: 094642-51454
Tags:
Posted in: ਸਾਹਿਤ