ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਿਤ ਅਪਰੈਲ 1762 ਦਾ ਦੁਖਾਂਤ

By April 14, 2017 0 Comments


ਸੁਰਿੰਦਰ ਕੋਛੜ
sri harmandir sahib 1762
ਇਨਸਾਨੀ ਭਾਈਚਾਰੇ, ਮਨੁੱਖੀ ਏਕਤਾ, ਰੱਬੀ ਪਿਆਰ ਅਤੇ ਸਮਾਨਤਾ ਦੀ ਮੂੰਹ ਬੋਲਦੀ ਤਸਵੀਰ ਸ੍ਰੀ ਹਰਿਮੰਦਰ ਸਾਹਿਬ ਜਿਥੇ ਧੁਰ ਦੀ ਬਾਣੀ ਦਾ ਇਲਾਹੀ ਸ਼ਬਦ ਕੀਰਤਨ ਹਮੇਸ਼ਾ ਜਾਰੀ ਰਹਿੰਦਾ ਹੈ; ਸਿੱਖ ਰਹੁਰੀਤ ਦਾ ਕੇਂਦਰੀ ਧੁਰਾ ਹੋਣ ਦੇ ਨਾਲ ਨਾਲ ਸਿੱਖ ਕੌਮ ਦਾ ਸ਼੍ਰੋਮਣੀ ਕੇਂਦਰੀ ਧਾਰਮਿਕ ਅਸਥਾਨ ਵੀ ਹੈ। ਸਵੈਮਾਣ ਨਾਲ ਜੀਵਨ ਜਿਉਣ ਦੀ ਪ੍ਰੇਰਨਾ ਦੇਣ ਵਾਲੇ ਇਸ ਮੁਕੱਦਸ ਅਸਥਾਨ ਦੀ ਉਸਾਰੀ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਕੇ ਉਸ ਦੇ ਐਨ ਵਿਚਕਾਰ 1 ਮਾਘ 1645 ਬਿਕਰਮੀ ਸੰਮਤ ਭਾਵ 3 ਜਨਵਰੀ 1588 (ਕੁਝ ਇਤਿਹਾਸਕਾਰਾਂ ਨੇ 28 ਦਸੰਬਰ 1588 ਈਸਵੀ ਵੀ ਲਿਖਿਆ ਹੈ) ਨੂੰ ਆਰੰਭ ਕਰਵਾਈ। ਕਰੀਬ 170 ਵਰ੍ਹੇ ਸੱਚਖੰਡ ਦੀ ਇਮਾਰਤ ਪੁਰਾਣੀ ਹਾਲਤ ਵਿੱਚ ਕਾਇਮ ਰਹੀ। ਸਿੱਖ ਵਿਦਵਾਨਾਂ ਅਨੁਸਾਰ ਅਹਿਮਦ ਸ਼ਾਹ ਦੁਰਾਨੀ ਨੇ 2 ਅਪਰੈਲ 1757 ਨੂੰ ਜਦੋਂ ਦਿੱਲੀ ’ਚ ਲੁੱਟਮਾਰ ਕਰਕੇ ਲੁੱਟਿਆ ਹੋਇਆ ਮਾਲ ਕਾਬਲ ਭੇਜਿਆ ਤਾਂ ਉਸ ਦੇ ਸਿਪਾਹੀਆਂ ਕੋਲੋਂ ਕੁਝ ਮਾਲ ਅੰਬਾਲੇ ਕੋਲ ਅਤੇ ਬਾਕੀ ਦੁਆਬੇ ਤੇ ਮਾਝੇ ਦੇ ਸਿੰਘਾਂ ਦੇ ਜਥਿਆਂ ਨੇ ਲੁੱਟ ਲਿਆ। ਪੰਜਾਬ ਪਹੁੰਚਣ ’ਤੇ ਜਦੋਂ ਉਸ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਸਿੰਘਾਂ ਤੋਂ ਖਿਝ ਖਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਅਤੇ ਅੰਮ੍ਰਿਤਸਰ ਸਰੋਵਰ ਦੀ ਬੇਅਦਬੀ ਕੀਤੀ। ਇਸ ਦੇ ਬਾਅਦ ਨਵੰਬਰ 1757 ਵਿੱਚ ਜਦੋਂ ਸੂਬਾ ਲਾਹੌਰ ਤੈਮੂਰ ਸ਼ਾਹ ਵੱਲੋਂ ਜਹਾਨ ਖ਼ਾਂ ਨੂੰ ਫ਼ੌਜ ਦੇ ਕੇ ਅੰਮ੍ਰਿਤਸਰ ਭੇਜਿਆ ਗਿਆ ਤਾਂ ਉਸ ਨੇ ਗੁਰੂ ਨਗਰੀ ਦੇ ਬਹੁਤ ਸਾਰੇ ਗੁਰਦੁਆਰਿਆਂ ਨੂੰ ਜ਼ਮੀਨਦੋਜ਼ ਕਰਨ ਤੋਂ ਬਾਅਦ ਅੰਮ੍ਰਿਤ ਸਰੋਵਰ ਦੀ ਬੇਅਦਬੀ ਕਰਦਿਆਂ ਸਰੋਵਰ ਮਿੱਟੀ ਅਤੇ ਗੰਦਗੀ ਨਾਲ ਭਰਵਾ ਦਿੱਤਾ।
ਇਸ ਤੋਂ ਬਾਅਦ ਭਾਰਤ ’ਤੇ ਕੀਤੇ ਅੱਠਵੇਂ ਹਮਲੇ ਵੇਲੇ ਕੁੱਪ ਰਹੀੜੇ ’ਚ ਹੋਏ ਵੱਡੇ ਘਲੂਘਾਰੇ ਤੋਂ ਬਾਅਦ ਇੱਥੇ ਪਰਤਦਿਆਂ ਅਹਿਮਦ ਸ਼ਾਹ ਦੁਰਾਨੀ ਨੇ 10 ਅਪਰੈਲ 1762 ਨੂੰ ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਂਹਾਂ ਹੇਠ ਬਾਰੂਦ ਦੇ ਕੁੱਪੇ ਰਖਵਾ ਕੇ ਇਮਾਰਤ ਨੂੰ ਉਡਾ ਦਿੱਤਾ।
ਸੁਰਿੰਦਰ ਕੋਛੜ

ਅਹਿਮਦ ਸ਼ਾਹ ਅਬਦਾਲੀ ਦੀ ਇਸ ਘਿਨਾਉਣੀ ਕਾਰਵਾਈ ਤੋਂ ਕਰੀਬ ਦੋ ਵਰ੍ਹੇ ਬਾਅਦ ਤਕ ਸੱਚਖੰਡ ਦੀ ਇਮਾਰਤ ਲੁਪਤ ਰਹੀ ਅਤੇ ਸੰਗਤਾਂ ਇਸ ਮੁਕੱਦਸ ਅਸਥਾਨ ਦੇ ਦਰਸ਼ਨਾਂ ਤੋਂ ਵਾਂਝੀਆਂ ਰਹੀਆਂ। ਇਸ ਤੋਂ ਬਾਅਦ 1 ਵਿਸਾਖ ਸੰਮਤ 1822 ਭਾਵ ਅਪਰੈਲ 1765 (ਕੁਝ ਲੇਖਕਾਂ ਨੇ 17 ਅਕਤੂਬਰ 1764 ਅਤੇ ਕੁਝ ਨੇ ਕਤਕ ਸੁਦੀ ਤੇਰਾਂ ਭਾਵ 17 ਨਵੰਬਰ 1763 ਵੀ ਲਿਖਿਆ ਹੈ) ’ਚ ਖ਼ਾਲਸਾ ਪੰਥ ਦੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਨਵੇਂ ਸਿਰਿਓਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾ ਕੇ ਇਮਾਰਤ ਦੀ ਉਸਾਰੀ ਆਰੰਭ ਕਰਵਾਈ ਗਈ। ਕੁਝ ਲੇਖਕਾਂ ਦਾ ਮੰਨਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨਵਉਸਾਰੀ ਦੀ ਨੀਂਹ ਦੀ ਇੱਟ ਜਥੇਦਾਰ ਨਵਾਬ ਕਪੂਰ ਸਿੰਘ ਨੇ ਰੱਖੀ ਸੀ ਅਤੇ ਚੂਨਾ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਪਾਇਆ ਸੀ।
ਨਵੀਂ ਉਸਾਰੀ ਦੌਰਾਨ ਉੱਤਰ ਪ੍ਰਦੇਸ਼ ਦੇ ਖੁਰਜਾ ਸ਼ਹਿਰ ’ਤੇ ਚੜ੍ਹਾਈ ਕਰਨ ਸਮੇਂ ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਜਯ ਸਿੰਘ ਘਨੱਈਆ, ਤਾਰਾ ਸਿੰਘ ਗੈਬਾ ਤੇ ਚੜ੍ਹਤ ਸਿੰਘ ਸ਼ੁੱਕਰਚੱਕੀਆ ਆਦਿ ਜਥੇਦਾਰਾਂ ਨੇ ਪ੍ਰਣ ਕੀਤਾ ਕਿ ਸ਼ਹਿਰ ਨੂੰ ਫ਼ਤਹਿ ਕਰਨ ’ਤੇ ਜੋ ਧਨ ਦੌਲਤ ਮਿਲੇਗਾ, ਉਸ ਵਿੱਚੋਂ ਅੱਧਾ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਨਿਰਮਾਣ ’ਤੇ ਖ਼ਰਚਿਆ ਜਾਵੇਗਾ। ਖੁਰਜਾ ਸ਼ਹਿਰ ਫ਼ਤਹਿ ਕਰਨ ਦੇ ਬਾਅਦ ਸੱਤ ਲੱਖ ਰੁਪਇਆ ਇਕੱਠਾ ਹੋਇਆ, ਜੋ ਅੰਮ੍ਰਿਤਸਰ ਦੇ ਕਰੋੜੀ ਮੱਲ ਸ਼ਾਹੂਕਾਰ ਕੋਲ ਜਮ੍ਹਾ ਕਰਵਾਇਆ ਗਿਆ। ਇਮਾਰਤ ’ਤੇ ਮਾਇਆ ਖ਼ਰਚਣ ਦੇ ਸਾਰੇ ਅਧਿਕਾਰ ਜਥਿਆਂ ਵੱਲੋਂ ਪਿੰਡ ਸੁਰਸਿੰਘ ਦੇ ਭਾਈ ਦੇਸ ਰਾਜ ਨੂੰ ਦਿੱਤੇ ਗਏ। ਤਾਰੀਖ਼-ਏ-ਅੰਮ੍ਰਿਤਸਰ (ਉਰਦੂ) ਦੇ ਅਨੁਸਾਰ- ‘ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਇਮਾਰਤ ਵਿੱਚ ਖ਼ਾਸ ਨਮੂਨੇ ਦੀ ਇੱਕ ਇੰਚ ਮੋਟੀ, ਤਿੰਨ ਇੰਚ ਚੌੜੀ ਅਤੇ ਅਠਾਰਾਂ ਇੰਚ ਲੰਬੀ ਨਾਨਕਸ਼ਾਹੀ ਇੱਟ ਵਰਤੀ ਗਈ। ਇਸ ਇੱਟ ਦੀ ਖ਼ੂਬੀ ਇਹ ਹੈ ਕਿ ਜੇ ਇੱਕ ਇੱਟ ਆਪਣੀ ਜਗ੍ਹਾ ਤੋਂ ਨਿਕਲ ਜਾਵੇ ਤਾਂ ਦੂਜੀਆਂ ਇੱਟਾਂ ਉਸੇ ਤਰ੍ਹਾਂ ਕਾਇਮ ਰਹਿੰਦੀਆਂ ਹਨ।’
ਸਿੱਖੀ ਵਿੱਚ ਭਾਵੇਂ ਕਿ ਸਰਾਪ ਅਤੇ ਕੌਤਕਾਂ ਲਈ ਕੀਤੇ ਵੀ ਕੋਈ ਸਥਾਨ ਨਹੀਂ ਹੈ, ਪਰ ਹਰਿਮੰਦਰ ਸਾਹਿਬ ਦੇ ਦੁਬਾਰਾ ਤੋਂ ਰੱਖੇ ਨੀਂਹ ਪੱਥਰ ਨੂੰ ਲੈ ਕੇ ਕਥਿਤ ਸਰਾਪ ਅਤੇ ਕੌਤਕਾਂ ਦੀਆਂ ਅਜਿਹੀਆਂ ਕਥਾ-ਕਹਾਣੀਆਂ ਘੜ ਦਿੱਤੀਆਂ ਗਈਆਂ ਹਨ, ਜੋ ਬਿਨਾਂ ਕਿਸੇ ਵਿਰੋਧ ਜਾਂ ਵਿਚਾਰ ਚਰਚਾ ਦੇ ਜਿਉਂ ਦੀਆਂ ਤਿਉਂ ਜਾਰੀ ਹਨ। ਹਰਿਮੰਦਰ ਸਾਹਿਬ ਦੇ ਦੁਬਾਰਾ ਰੱਖੇ ਨੀਂਹ ਪੱਥਰ ਸਬੰਧੀ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਜਦੋਂ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲੱਗੇ ਤਾਂ ਸਬੱਬ ਨਾਲ ਉਨ੍ਹਾਂ ਦੇ ਮਿੱਤਰ ਮੀਆਂ ਮੀਰ ਆ ਗਏ। ਗੁਰੂ ਸਾਹਿਬ ਨੇ ਮਾਣ ਰੱਖਣ ਲਈ ਮੀਆਂ ਮੀਰ ਨੂੰ ਬੁਨਿਆਦੀ ਇੱਟ ਰੱਖਣ ਲਈ ਕਿਹਾ। ਇਸ ’ਤੇ ਮੀਆਂ ਮੀਰ ਨੇ ਨੀਂਹ ਦੀ ਇੱਟ ਤਾਂ ਰੱਖੀ, ਪਰ ਭੁਲੇਖੇ ਨਾਲ ਪੁੱਠੀ ਰੱਖੀ ਗਈ। ਕਾਰੀਗਰ ਨੇ ਉਠਾ ਕੇ ਪਲਟਾ ਦੇ ਕੇ ਰੱਖ ਦਿੱਤੀ। ਇਸ ’ਤੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਹ ਅਸਥਾਨ ਇੱਕ ਵਾਰ ਢਹਿ ਕੇ ਫਿਰ ਬਣੇਗਾ। ਪੰਥ ਰਤਨ ਗਿਆਨੀ ਗਿਆਨ ਸਿੰਘ ‘ਤਵਾਰੀਖ਼ ਸ੍ਰੀ ਅੰਮ੍ਰਿਤਸਰ’ ਦੇ ਸਫ਼ਾ 28 ’ਤੇ ਲਿਖਦੇ ਹਨ- ‘ਹਰਿਮੰਦਰ ਸਾਹਿਬ ਦੇ ਤਿਆਰ ਹੋਣ ਵੇਲੇ ਸਿੱਖਾਂ ਨੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ ਕਿ ਆਪ ਦੇ ਕਾਰਦਾਰ, ਮਸੰਦ ਲੋਕ ਪੱਕਾ ਕੰਮ ਕਰਨ ਦੀ ਥਾਂਵੇਂ ਮਿੱਟੀ ਦਾ ਕੱਚਾ ਕੰਮ ਕਰਵਾ ਰਹੇ ਹਨ, ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਹ ਅਸਥਾਨ ਇੱਕ ਵਾਰ ਢਹਿ ਕੇ ਫਿਰ ਪੱਕਾ ਬਣੇਗਾ।’ ਗਿਆਨੀ ਗਿਆਨ ਸਿੰਘ ਨੇ ਇਸ ਸਬੰਧੀ ਸ੍ਰੀ ਗੁਰੂ ਪੰਥ ਪ੍ਰਕਾਸ਼ ਪੂਰਬਾਰਧ ਬਿਸ੍ਰਾਮ 18, ਅੰਕ 2021 ’ਤੇ ਲਿਖਿਆ ਹੈ ਕਿ ਸਤਿਗੁਰੂ ਅਰਜਨ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਤੁਰਕ (ਮੀਆਂ ਮੀਰ) ਦੀ ਧਰੀ ਨੀਂਹ ਨਹੀਂ ਰਹੇਗੀ।
ਉਪਰੋਕਤ ਖੋਜੀ ਵਿਦਵਾਨਾਂ ਨੂੰ ਆਧਾਰ ਬਣਾ ਕੇ ਅਗਾਂਹ ਵਾਲੇ ਵਿਦਵਾਨ ਲੇਖਕਾਂ ਦੁਆਰਾ ਬੇਸ਼ੁਮਾਰ ਪੁਸਤਕਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਸਬੰਧੀ ਇਹ ਨਾ ਮੰਨਣ ਯੋਗ ਤੱਥ ਲਿਖੇ ਜਾਂਦੇ ਆ ਰਹੇ ਹਨ। ਇਹ ਤੱਥ ਮੌਜੂਦਾ ਸਿੱਖ ਵਿਦਵਾਨਾਂ ਕੋਲੋਂ ਵੱਡੀ ਖੋਜ ਦੀ ਮੰਗ ਕਰ ਰਹੇ ਹਨ ਤਾਂ ਕਿ ਸੰਗਤ ਦੇ ਭਰਮ ਭਲੇਖ਼ੇ ਦੂਰ ਹੋ ਸਕਣ।
ਸੁਰਿੰਦਰ ਕੋਛੜ
ਸੰਪਰਕ: 93561-27771

Posted in: ਸਾਹਿਤ