ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ

By March 23, 2017 0 Comments


ਸਰਬਜੀਤ ਸਿੰਘ ਵਿਰਕ
shaheed‘ਮੈਂ ਇੱਕ ਪੁਰਾਣੀ ਕਿਤਾਬ ਖ਼ਰੀਦੀ ਹੈ, ਜਿਹੜੀ ਬੜੀ ਸਸਤੀ ਮਿਲ ਗਈ ਹੈ। ਅੱਜ ਕੱਲ੍ਹ ਰੇਲਵੇ ਕਰਮਚਾਰੀ ਹੜਤਾਲ ਦੀਆਂ ਤਿਆਰੀਆਂ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਇਹ ਹੜਤਾਲ ਜਲਦੀ ਸ਼ੁਰੂ ਹੋ ਜਾਵੇਗੀ।’
ਇਹ ਗੱਲ 14 ਵਰ੍ਹਿਆਂ ਦੇ ਭਗਤ ਸਿੰਘ ਨੇ ਆਪਣੇ ਦਾਦਾ ਅਰਜਨ ਸਿੰਘ ਨੂੰ 14 ਨਵੰਬਰ 1921 ਨੂੰ ਲਾਹੌਰ ਤੋਂ ਪਾਈ ਚਿੱਠੀ ਵਿੱਚ ਲਿਖੀ। ਜਿਵੇਂ ਕਿ ਚਿੱਠੀ ਤੋਂ ਸਪੱਸ਼ਟ ਹੈ, ਦਸਵੀਂ ਜਮਾਤ ਦਾ ਇਹ ਵਿਦਿਆਰਥੀ ਉਸ ਵੇਲੇ ਆਪਣੇ ਬਹੁਤ ਸਾਰੇ ਸਾਥੀਆਂ ਤੋਂ ਸੋਚਣ ਸਮਝਣ ਤੇ ਕੰਮਾਂ ਕਾਰਾਂ ਪੱਖੋਂ ਵੱਖਰਾ ਸੀ। ਉਹ ਆਪਣੀ ਸਕੂਲੀ ਪੜ੍ਹਾਈ ਦੇ ਨਾਲ ਨਾਲ ਇਤਿਹਾਸ ਤੇ ਰਾਜਨੀਤੀ ਦੀਆਂ ਕਿਤਾਬਾਂ ਪੜ੍ਹ ਰਿਹਾ ਸੀ। ਉਹ ਦੇਸ਼, ਦੁਨੀਆਂ ਤੇ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ਵਾਕਿਫ਼ ਸੀ। ਇਸ ਬਾਲ ਮਨ ਉਤੇ ਇਨ੍ਹਾਂ ਘਟਨਾਵਾਂ ਦਾ ਹੀ ਅਸਰ ਸੀ ਕਿ ਉਹ ਇਸ ਤੋਂ ਪਹਿਲਾਂ 13 ਅਪਰੈਲ 1919 ਨੂੰ ਵਾਪਰੇ ਜੱਲ੍ਹਿਆਂ ਵਾਲੇ ਬਾਗ਼ ਤੇ 20 ਫਰਵਰੀ 1921 ਨੂੰ ਵਾਪਰੇ ਨਨਕਾਣਾ ਸਾਹਿਬ ਦੇ ਖ਼ੂਨੀ ਸਾਕਿਆਂ ਪਿੱਛੋਂ ਮੌਕਾ ਵੇਖਣ ਤੇ ਵੇਰਵੇ ਲੈਣ ਲਈ ਇਨ੍ਹਾਂ ਥਾਵਾਂ ’ਤੇ ਪੁੱਜ ਗਿਆ ਸੀ। ਕਾਲਜ ਵਿੱਚ ਪੈਰ ਰੱਖਣ ਤਕ ਉਸ ਨੇ ਆਪਣੇ ਪਿਤਾ ਕਿਸ਼ਨ ਸਿੰਘ ਤੇ ਚਾਚਿਆਂ (ਸਰਦਾਰ ਅਜੀਤ ਸਿੰਘ ਤੇ ਸਰਦਾਰ ਸਵਰਨ ਸਿੰਘ) ਦੀਆਂ ਦੇਸ਼ ਭਗਤ ਕਾਰਵਾਈਆਂ ਵਿੱਚ ਹਿੱਸਾ ਲੈਣ ਕਰਕੇ ਵਾਰ ਵਾਰ ਹੁੰਦੀਆਂ ਗ੍ਰਿਫ਼ਤਾਰੀਆਂ ਵੇਖੀਆਂ ਸਨ। ਉਸ ਨੇ ਦੇਸ਼ ਵਿੱਚ ਚੱਲ ਰਹੀਆਂ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਲਹਿਰਾਂ ਬਾਰੇ ਸੁਣਿਆ ਤੇ ਪੜ੍ਹਿਆ ਸੀ ਤੇ ਅਫ਼ਸਰਸ਼ਾਹੀ ਤੇ ਪੁਲੀਸ ਦੇ ਜ਼ੁਲਮਾਂ ਦੇ ਮੰਜ਼ਰ ਅੱਖੀਂ ਤੱਕੇ ਸਨ। ਇਸ ਸਭ ਤੋਂ ਉਹ ਇਹ ਸਿੱਟਾ ਕੱਢ ਚੁੱਕਿਆ ਸੀ ਕਿ ਸਾਰੀਆਂ ਬਿਮਾਰੀਆਂ ਦੀ ਜੜ੍ਹ ਅੰਗਰੇਜ਼ੀ ਹਕੂਮਤ ਹੈ, ਜਿਸ ਦੀ ਗ਼ੁਲਾਮੀ ਵਿੱਚ ਭਾਰਤੀ ਜਿਉਂ ਰਹੇ ਹਨ।
ਭਗਤ ਸਿੰਘ ਜਿਵੇਂ ਜਿਵੇਂ ਦੇਸ਼ ਤੇ ਵਿਦੇਸ਼ਾਂ ਵਿੱਚ ਚੱਲੀਆਂ ਜਾਂ ਚੱਲ ਰਹੀਆਂ ਇਨਕਲਾਬੀ ਲਹਿਰਾਂ ਬਾਰੇ ਪੜ੍ਹਦਾ ਗਿਆ, ਉਵੇਂ ਉਵੇਂ ਆਪਣੇ ਆਪ ਨੂੰ ਦੇਸ਼ ਵਿੱਚ ਕ੍ਰਾਂਤੀ ਰਾਹੀਂ ਲਿਆਂਦੀ ਜਾਣ ਵਾਲੀ ਸਮਾਜਿਕ ਤਬਦੀਲੀ ਤੇ ਆਜ਼ਾਦੀ ਲਈ ਸਮਰਪਿਤ ਕਰਦਾ ਗਿਆ। ਉਸ ਨੇ ਆਪਣੀਆਂ ਲਿਖਤਾਂ ਵਿੱਚ ਉਨ੍ਹਾਂ ਇਤਿਹਾਸਕ ਪੁਰਸ਼ਾਂ ਤੇ ਘਟਨਾਵਾਂ ਦੇ ਹਵਾਲੇ ਤੇ ਵੇਰਵੇ ਦਰਜ ਕੀਤੇ ਹਨ, ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਉਤੇ ਅਸਰ ਪਾਇਆ। ਇਹ ਹਵਾਲੇ ਭਾਰਤੀਆਂ, ਖ਼ਾਸ ਕਰ ਨੌਜਵਾਨਾਂ ਨੂੰ ਆਜ਼ਾਦੀ ਲਈ ਪ੍ਰੇਰਿਤ ਕਰਨ ਲਈ ਵੀ ਮਹੱਤਵਪੂਰਨ ਸਨ। ਆਪਣੇ ਜੀਵਨ ਵਿੱਚ ਸੋਚ ਪੱਖੋਂ ਆਈ ਤਬਦੀਲੀ ਦਾ ਜ਼ਿਕਰ ਕਰਦਿਆਂ ਉਸ ਨੇ ਆਪਣੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਵਿੱਚ ਕਈ ਮਹਾਨ ਲੇਖਕਾਂ, ਆਗੂਆਂ ਤੇ ਦਾਰਸ਼ਨਿਕਾਂ ਦਾ ਜ਼ਿਕਰ ਕੀਤਾ ਹੈ। ਉਹ ਲਿਖਦਾ ਹੈ, ‘‘…ਮੈਨੂੰ ਸੰਸਾਰ ਵਿੱਚ ਇਨਕਲਾਬਾਂ ਦੇ ਭਿੰਨ-ਭਿੰਨ ਆਦਰਸ਼ਾਂ ਨੂੰ ਜਾਨਣ ਤੇ ਸਮਝਣ ਦਾ ਖ਼ੂਬ ਮੌਕਾ ਮਿਲਿਆ। ਮੈਂ ਅਰਾਜਕਤਾਵਾਦੀ ਨੇਤਾ ਬਾਕੂਨਿਨ ਨੂੰ ਪੜ੍ਹਿਆ, ਸਾਮਵਾਦ ਦੇ ਬਾਨੀ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਅਤੇ ਆਪਣੇ ਦੇਸ਼ ਵਿੱਚ ਸਫ਼ਲ ਇਨਕਲਾਬ ਲਿਆਉਣ ਵਾਲੇ ਲੈਨਿਨ, ਤਾਸਕੀ ਤੇ ਹੋਰਾਂ ਨੂੰ ਪੜ੍ਹਿਆ।’’
ਲਾਰਡ ਬਰਕਨਹੈਡ 1928-29 ਵਿੱਚ ਬਰਤਾਨਵੀ ਕੈਬਨਿਟ ਵਿੱਚ ‘ਮਨਿਸਟਰ ਆਫ਼ ਇੰਡੀਆ’ ਸੀ। ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ, ਜੋ ਅਪਰੈਲ 1928 ਵਿੱਚ ਜਾਰੀ ਕੀਤਾ ਗਿਆ, ਵਿੱਚ ਭਗਤ ਸਿੰਘ ਨੇ ਲਾਰਡ ਬਰਕਨਹੈਡ ਦੇ ਉਸ ਵਿਚਾਰ ਦਾ ਹਵਾਲਾ ਦਿੱਤਾ, ਜੋ ਉਸ ਨੇ ਭਾਰਤੀਆਂ ਖ਼ਿਲਾਫ਼ ਦਿਤਾ ਸੀ ਕਿ ‘‘ਤਲਵਾਰ ਦੇ ਜ਼ੋਰ ਨਾਲ ਅਸੀਂ ਭਾਰਤ ਨੂੰ ਫ਼ਤਹਿ ਕੀਤਾ ਸੀ ਤੇ ਤਲਵਾਰ ਨਾਲ ਹੀ ਅਸੀਂ ਇਸ ਉੱਤੇ ਰਾਜ ਕਰਾਂਗੇ।’’ ਭਗਤ ਸਿੰਘ ਨੇ ਲਿਖਿਆ ‘‘ਜੱਲ੍ਹਿਆਂ ਵਾਲੇ ਅਤੇ ਮਾਨਾਂ ਵਾਲੇ ਦੇ ਸਾਕਿਆਂ ਦੀਆਂ ਯਾਦਾਂ ਨੂੰ ਮੁੱਖ ਰੱਖਦਿਆਂ ਇਹ ਕਹਿਣ ਦੀ ਲੋੜ ਨਹੀਂ ਕਿ ਕੋਈ ਚੰਗੀ ਤੋਂ ਚੰਗੀ ਵਿਦੇਸ਼ੀ ਸਰਕਾਰ ਆਪਣੀ ਸਰਕਾਰ ਵਰਗੀ ਨਹੀਂ ਹੋ ਸਕਦੀ। ਪ੍ਰਤੱਖ ਨੂੰ ਪਰਮਾਣ ਦੀ ਲੋੜ ਨਹੀਂ।’’ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ 8 ਅਪਰੈਲ 1929 ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਮਗਰੋਂ ਜੋ ਇਸ਼ਤਿਹਾਰ ਅਸੈਂਬਲੀ ਹਾਲ ਵਿੱਚ ਸੁੱਟੇ, ਉਨ੍ਹਾਂ ਦਾ ਸਿਰਲੇਖ ਸੀ ‘ਬੋਲੇ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਪੈਂਦੀ ਹੈ।’ ਵਿਚਾਰਾਂ ਦੀ ਆਜ਼ਾਦੀ ਬਾਰੇ ਫਰਾਂਸ ਦੇ ਬੂਰਬਾਂ ਤੇ ਰੂਸ ਦੇ ਜ਼ਾਰਾਂ ਦੇ ਹਵਾਲੇ ਦਿੰਦਿਆਂ ਇਸ਼ਤਿਹਾਰ ਵਿੱਚ ਕਿਹਾ ਗਿਆ ਸੀ, ‘‘ਅਸੀਂ ਉਸ ਸਬਕ ਉੱਤੇ ਜ਼ੋਰ ਦੇਣਾ ਚਾਹੁੰਦੇ ਹਾਂ, ਜਿਸ ਨੂੰ ਇਤਿਹਾਸ ਦੁਹਰਾਉਂਦਾ ਆਇਆ ਹੈ ਕਿ ਵਿਅਕਤੀਆਂ ਨੂੰ ਕਤਲ ਕਰਨਾ ਸੌਖਾ ਹੈ ਪਰ ਤੁਸੀਂ ਵਿਚਾਰਾਂ ਨੂੰ ਕਤਲ ਨਹੀਂ ਕਰ ਸਕਦੇ। ਵੱਡੇ ਵੱਡੇ ਸਾਮਰਾਜ ਤਬਾਹ ਹੋ ਗਏ ਜਦੋਂਕਿ ਵਿਚਾਰ ਜਿਉਂਦੇ ਰਹੇ। ਬੂਰਬਾਂ ਤੇ ਜ਼ਾਰ ਖ਼ਤਮ ਹੋ ਗਏ ਪਰ ਇਨਕਲਾਬੀ ਜਿੱਤ ਪ੍ਰਾਪਤ ਕਰ ਕੇ ਅੱਗੇ ਵਧ ਗਏ।’’
ਭਗਤ ਸਿੰਘ ਸਮੇਂ ਦੀ ਸਰਕਾਰ ਵੱਲੋਂ ਆਪਣਾ ਹੱਕ ਮੰਗਣ ਵਾਲੇ ਭਾਰਤੀਆਂ ਨਾਲ ਜ਼ਾਲਮਾਨਾ ਵਿਹਾਰ ਕਰਨ ਦੇ ਸਖ਼ਤ ਖ਼ਿਲਾਫ਼ ਸੀ। ਉਸ ਨੇ ਅਜਿਹੇ ਵਿਹਾਰ ਵਿਰੁੱਧ ਬਹੁਤ ਸਾਰੀਆਂ ਲਿਖਤਾਂ ਵਿੱਚ ਆਪਣਾ ਰੋਸ ਜ਼ਾਹਰ ਕੀਤਾ। 6 ਜੂਨ, 1929 ਨੂੰ ਉਸ ਨੇ ਬਟੁਕੇਸ਼ਵਰ ਦੱਤ ਨਾਲ ਮਿਲ ਕੇ ਦਿੱਲੀ ਦੀ ਅਦਾਲਤ ਵਿੱਚ ਜੋ ਬਿਆਨ ਦਿੱਤਾ, ਉਸ ਵਿੱਚ ਹਿੰਸਾ ਦੀ ਆਖ਼ਰੀ ਹਥਿਆਰ ਵਜੋਂ ਵਰਤੋਂ ਨੂੰ ਜਾਇਜ਼ ਮੰਨਿਆ ਗਿਆ। ਉਨ੍ਹਾਂ ਇਸ ਦੀ ਤਈਦ ਇਤਿਹਾਸਕ ਪੁਰਸ਼ਾਂ ਦੇ ਬਚਨਾਂ ਤੇ ਕਾਰਜਾਂ ਨਾਲ ਕੀਤੀ। ਉਨ੍ਹਾਂ ਕਿਹਾ, ‘ਤਾਕਤ ਦੀ ਅੰਨ੍ਹੀ ਵਰਤੋਂ ਦਾ ਨਾਂ ਤਸ਼ੱਦਦ ਹੈ ਤੇ ਨੈਤਿਕ ਤੌਰ ਉੱਤੇ ਇਹ ਜਾਇਜ਼ ਨਹੀਂ ਹੈ, ਪਰ ਜਦੋਂ ਇਸ ਨੂੰ ਕਿਸੇ ਜਾਇਜ਼ ਮੰਤਵ ਲਈ ਵਰਤਿਆ ਜਾਵੇ ਤਾਂ ਇਹ ਜਾਇਜ਼ ਹੈ। ਜਿਹੜੀ ਨਵੀਂ ਲਹਿਰ ਦੇਸ਼ ਵਿੱਚ ਪੈਦਾ ਹੋਈ ਹੈ ਤੇ ਜਿਸ ਬਾਰੇ ਅਸੀਂ ਆਗਾਹ ਕੀਤਾ ਹੈ, ਉਹ ਇਨ੍ਹਾਂ ਹੀ ਜਜ਼ਬਿਆਂ ਦਾ ਨਿਚੋੜ ਹੈ, ਜਿਨ੍ਹਾਂ ਤਹਿਤ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ, ਕਮਾਲ ਪਾਸ਼ਾ, ਰਿਜ਼ਾ ਖ਼ਾਨ, (ਜਾਰਜ) ਵਾਸ਼ਿੰਗਟਨ, ਗੈਰੀ ਬਾਲਡੀ, ਲਾਫ਼ਾਇਤ ਤੇ ਲੈਨਿਨ ਕੰਮ ਕਰ ਰਹੇ ਸਨ।’
ਭਗਤ ਸਿੰਘ ਹੋਰਾਂ ਨੇ ਇਸ ਇਸ਼ਤਿਹਾਰ ਵਿੱਚ ਕ੍ਰਾਂਤੀਆਂ ਤੋਂ ਪਹਿਲਾਂ ਦੇ ਫ਼ਰਾਂਸ ਤੇ ਰੂਸ ਦੇ ਹਾਕਮਾਂ ਵੱਲੋਂ ਇਨਕਲਾਬੀਆਂ ਨੂੰ ਦਿੱਤੇ ਤਸੀਹਿਆਂ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਲਿਖਿਆ ਕਿ ਜ਼ੁਲਮ ਸਮਾਜਿਕ ਤਬਦੀਲੀਆਂ ਨੂੰ ਨਹੀਂ ਰੋਕ ਸਕਦੇ।
1930 ਵਿੱਚ ਜਦੋਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਲਾਹੌਰ ਸਾਜ਼ਿਸ਼ ਕੇਸ ਵਿੱਚ ਬਹਿਸ ਪੂਰੀ ਹੋ ਚੁੱਕੀ ਸੀ ਤੇ ਸਜ਼ਾ ਕਿਸੇ ਵੇਲੇ ਵੀ ਸੁਣਾਈ ਜਾ ਸਕਦੀ ਸੀ, ਉਸ ਸਮੇਂ ਆਪਣੇ ਪਿਆਰੇ ਦੋਸਤ ਸੁਖਦੇਵ ਦੀ ਮਨੋਸਥਿਤੀ ਸਮਝਦਿਆਂ ਭਗਤ ਸਿੰਘ ਨੇ ਉਸ ਨੂੰ ਦੂਜੀ ਜੇਲ੍ਹ ਵਿੱਚ ਇੱਕ ਲੰਮੀ ਚਿੱਠੀ ਲਿਖ ਕੇ ਭੇਜੀ। ਇਸ ਵਿਚ ਉਹ ਸੁਖਦੇਵ ਨੂੰ ਖ਼ੁਦਕੁਸ਼ੀ ਵਰਗੇ ਭਿਆਨਕ ਵਿਚਾਰਾਂ ਨੂੰ ਦਿਲ ਵਿੱਚ ਨਾ ਵਸਾਉਣ ਅਤੇ ਜ਼ਿੰਦਗੀ ਦੀ ਮਹੱਤਤਾ ਨੂੰ ਸਮਝ ਕੇ ਕਸ਼ਟ ਸਹਿਣ ਤੇ ਹਰ ਕੁਰਬਾਨੀ ਲਈ ਤਿਆਰ ਰਹਿਣ ਦੀ ਸਿੱਖਿਆ ਇਤਿਹਾਸਕ ਉਦਾਹਰਨਾਂ ਨਾਲ ਦਿੰਦਾ ਹੈ,‘‘ਖ਼ੁਦਕੁਸ਼ੀ ਇੱਕ ਨਫ਼ਰਤਯੋਗ ਜੁਰਮ ਹੈ। ਇਹ ਸਰਾਸਰ ਬੁਜ਼ਦਿਲੀ ਦਾ ਕੰਮ ਹੈ।..ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਰੂਸ ਵਿੱਚ ਸਿਆਸੀ ਕੈਦੀਆਂ ਨੇ ਜੋ ਮੁਸੀਬਤਾਂ ਸਹਿਣ ਕੀਤੀਆਂ, ਉਨ੍ਹਾਂ ਦਾ ਨਤੀਜਾ ਹੀ ਸੀ ਕਿ ਜ਼ਾਰਸ਼ਾਹੀ ਦੇ ਖ਼ਾਤਮੇ ਪਿੱਛੋਂ ਜੇਲ੍ਹਾਂ ਦੇ ਪ੍ਰਬੰਧ ਵਿੱਚ ਇਨਕਲਾਬੀ ਤਬਦੀਲੀ ਆਈ। ਕੀ ਹਿੰਦੁਸਤਾਨ ਨੂੰ ਅਜਿਹੇ ਬੰਦਿਆਂ ਦੀ ਜ਼ਰੂਰਤ ਨਹੀਂ?’
ਇੱਕ ਥਾਂ ਭਗਤ ਸਿੰਘ ਸੋਵੀਅਤ ਨੇਤਾ ਲੈਨਿਨ ਦੇ ਇਤਿਹਾਸਕ ਰੋਲ ਬਾਰੇ ਚਰਚਾ ਕਰਦਾ ਹੋਇਆ ਲਿਖਦਾ ਹੈ, ‘1917 ਵਿੱਚ, ਅਕਤੂਬਰ ਕ੍ਰਾਂਤੀ ਤੋਂ ਪਹਿਲਾਂ, ਜਦੋਂ ਲੈਨਿਨ ਅਜੇ ਰੂਪੋਸ਼ ਸਨ ਤਾਂ ਉਨ੍ਹਾਂ ਸਫ਼ਲ ਕ੍ਰਾਂਤੀ ਲਈ ਤਿੰਨ ਜ਼ਰੂਰੀ ਸ਼ਰਤਾਂ ਦੱਸੀਆਂ ਸਨ, ਇੱਕ ਰਾਜਨੀਤਕ-ਆਰਥਿਕ ਹਾਲਾਤ, ਦੂਜਾ ਲੋਕ ਮਨਾਂ ਵਿੱਚ ਵਿਦਰੋਹ ਦੀ ਭਾਵਨਾ ਤੇ ਤੀਜਾ ਇੱਕ ਇਨਕਲਾਬੀ ਪਾਰਟੀ ਜਿਹੜੀ ਪੂਰੀ ਤਰ੍ਹਾਂ ਸਿੱਖਿਅਤ ਹੋਵੇ ਤੇ ਪਰਖ ਦੇ ਸਮੇਂ ਲੋਕਾਂ ਨੂੰ ਅਗਵਾਈ ਦੇ ਸਕੇ।’(‘ਸਿਆਸੀ ਕਾਰਕੁਨਾਂ ਦੇ ਨਾਂ’ ਖ਼ਤ ਵਿੱਚੋਂ)
ਦੇਸ਼ ਦੀ ਕਿਸਮਤ ਬਦਲਣ ਲਈ ਚੱਲੀਆਂ ਲਹਿਰਾਂ ਦੇ ਇਤਿਹਾਸ ਦਾ ਵਿਸ਼ਲੇਸ਼ਣ ਕਰਦਾ ਹੋਇਆ ਭਗਤ ਸਿੰਘ ਕਹਿੰਦਾ ਹੈ ਕਿ ਇਹ ਸਾਰੀਆਂ ਲਹਿਰਾਂ ਵਿਦੇਸ਼ੀ ਹਾਕਮਾਂ ਨਾਲ ਸੰਘਰਸ਼ ਦੇ ਮਨੋਰਥ ਤੇ ਆਦਰਸ਼ ਤੋਂ ਅਣਜਾਣ ਸਨ। ਉਹ ਆਪਣੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਾਲਾ ਰਾਮ ਸਰਨ ਦੀ ਕਾਵਿ-ਪੁਸਤਕ ‘ਡਰੀਮਲੈਂਡ’ ਦੀ ਭੂਮਿਕਾ ਵਿੱਚ ਕਰਦਾ ਹੈ। ਭਗਤ ਸਿੰਘ ਲਿਖਦਾ ਹੈ, ‘ਆਪਣੇ ਕੁੱਲ ਯਤਨਾਂ ਦੇ ਬਾਵਜੂਦ ਮੈਨੂੰ ਸਪੱਸ਼ਟ ਵਿਚਾਰਾਂ ਵਾਲੀ ਕੋਈ ਇਨਕਲਾਬੀ ਪਾਰਟੀ ਨਹੀਂ ਦਿਸੀ। ਇੱਕੋ ਇੱਕ ਗ਼ਦਰ ਪਾਰਟੀ ਸੀ, ਜਿਹੜੀ ਅਮਰੀਕਾ ਦੀ ਸਰਕਾਰ ਤੋਂ ਪ੍ਰੇਰਿਤ ਹੋ ਕੇ ਹਾਲੀਆ ਸਰਕਾਰ ਦੀ ਥਾਂ ਪਰਜਾਤੰਤਰੀ ਕਿਸਮ ਦੀ ਸਰਕਾਰ ਕਾਇਮ ਕਰਨ ਲਈ ਸਪੱਸ਼ਟ ਸੋਚ ਰੱਖਦੀ ਸੀ। ਦੂਜੀਆਂ ਸਾਰੀਆਂ ਪਾਰਟੀਆਂ ਇੱਕੋ ਉਦੇਸ਼ ਰੱਖਦੀਆਂ ਸਨ-ਵਿਦੇਸ਼ੀ ਹਾਕਮਾਂ ਵਿੱਰੁਧ ਲੜਨਾ। ਇਹ ਵਿਚਾਰ ਤਾਂ ਸਲਾਹੁਣ ਵਾਲਾ ਹੈ ਪਰ ਇਸ ਨੂੰ ਇਨਕਲਾਬੀ ਵਿਚਾਰ ਨਹੀਂ ਕਿਹਾ ਜਾ ਸਕਦਾ। ਸਾਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਇਨਕਲਾਬ ਦਾ ਅਰਥ ਸਿਰਫ਼ ਉਥਲ-ਪੁਥਲ ਜਾਂ ਖ਼ੂਨੀ ਲੜਾਈ ਨਹੀਂ ਹੁੰਦਾ। ਇਨਕਲਾਬ ਵਿੱਚ ਹੁਣ ਵਾਲੀਆਂ ਪ੍ਰਸਥਿਤੀਆਂ ਨੂੰ ਤਬਾਹ ਕਰ ਕੇ ਸਮਾਜ ਨੂੰ ਨਵੇਂ, ਚੰਗੇਰੇ ਤੇ ਵਧੇਰੇ ਪ੍ਰਵਾਨਯੋਗ ਆਧਾਰ ਉੱਤੇ ਮੁੜ ਸਿਰਜਣ ਦਾ ਕਾਰਜ ਸ਼ਭਗਤ ਸਿੰਘ ਦੁਆਰਾ ਆਪਣੇ ਲੇਖਾਂ, ਖ਼ਤਾਂ, ਬਿਆਨਾਂ ਤੇ ਸੁਨੇਹਿਆਂ ਵਿੱਚ ਅੰਕਿਤ ਕੀਤੇ ਇਤਿਹਾਸਕ ਹਵਾਲੇ ਬੇਸ਼ੁਮਾਰ ਹਨ। 1921-22 ਵਿੱਚ ਆਪਣੀ ਚਾਚੀ ਹੁਕਮ ਕੌਰ (ਦੇਸ਼ ਭਗਤ ਸਵਰਨ ਸਿੰਘ ਦੀ ਵਿਧਵਾ) ਨੂੰ ਲਿਖੇ ਖ਼ਤ ਵਿੱਚ ਭਗਤ ਸਿੰਘ ਨੇ ਲਿਖਿਆ ਸੀ ਕਿ ‘ਚਾਚੇ ਹੋਣਾਂ ਦੀ ਤਸਵੀਰ ਬਣ ਗਈ ਹੈ, ਮੈਂ ਨਾਲ ਲੈ ਆਵਣੀ ਸੀ ਪਰ ਉਦੋਂ ਅਜੇ ਬਣੀ ਨਹੀਂ ਸੀ।’ ਦੁਨੀਆਂ ਭਰ ਦੇ ਆਜ਼ਾਦੀ ਪਰਵਾਨਿਆਂ ਦੀਆਂ ਤਸਵੀਰਾਂ ਆਪਣੇ ਮਨ ਵਿੱਚ ਵਸਾਉਣ ਵਾਲੇ, ਕੁੱਲ ਸਾਢੇ ਤੇਈ ਸਾਲ ਦੀ ਉਮਰ ਪੂਰੀ ਕਰ ਕੇ ਜਾਣ ਵਾਲੇ ਭਗਤ ਸਿੰਘ ਦੀਆਂ ਤਸਵੀਰਾਂ ਤੇ ਲਿਖਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਇਤਿਹਾਸ ਨਾਲ ਜੋੜ ਕੇ ਪ੍ਰਫੁੱਲਿਤ ਤੇ ਪ੍ਰਭਾਵਿਤ ਕਰਦੀਆਂ ਰਹਿਣਗੀਆਂ।
ਸੰਪਰਕ: 94170-72314
Tags:
Posted in: ਸਾਹਿਤ