ਸਿੱਖ ਕੌਮ ਦਾ ਜਾਂਬਾਜ਼ ਜੋਧਾ ਸੀ ਜਥੇਦਾਰ ਬਘੇਲ ਸਿੰਘ

By March 8, 2017 0 Comments


baba baghel singhਸਿੱਖ ਕੌਮ ਦੇ ਜਾਂਬਾਜ਼ ਜੋਧਿਆਂ ਵਿਚੋਂ ਜਥੇਦਾਰ ਬਘੇਲ ਸਿੰਘ ਦਾ ਨਾਂਅ ਪਹਿਲੀ ਕਤਾਰ ‘ਚ ਆਉਂਦਾ ਹੈ | ਉਨ੍ਹਾਂ ਦਾ ਜਨਮ ਸੰਨ 1730 ਵਿਚ ਮਾਝੇ ਦੇ ਇਤਿਹਾਸਕ ਕਸਬਾ ਝਬਾਲ (ਅੰਮਿ੍ਤਸਰ) ਵਿਚ ਹੋਇਆ | ਆਪ ਦੇ ਪਰਿਵਾਰ ਦਾ ਸਬੰਧ ਮਾਝੇ ਦੇ 84 ਪਿੰਡਾਂ ਦੇ ਮਾਲਕ ਚੌਧਰੀ ਲੰਗਾਹ ਢਿੱਲੋਂ ਨਾਲ ਜਾ ਜੁੜਦਾ ਹੈ | ਚੌਧਰੀ ਲੰਗਾਹ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ ਅਤੇ ਮੁਕਤਸਰ ਦੀ ਜੰਗ ਵਿਚ ਆਪਣੇ ਜੌਹਰ ਦਿਖਾਉਣ ਵਾਲੀ ਸਿੰਘਣੀ ਮਾਈ ਭਾਗੋ ਦੇ ਦਾਦਾ ਭਾਈ ਪੈਰੋ ਸ਼ਾਹ ਢਿੱਲੋਂ ਦੇ ਛੋਟੇ ਭਰਾ ਸਨ | ਪਰ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਬਘੇਲ ਸਿੰਘ ਧਾਲੀਵਾਲ ਦਾ ਅਸਲ ਪਿੰਡ ਮੋਗਾ ਜ਼ਿਲ੍ਹੇ ਵਿਚ ਰਾਊਕੇ ਕਲਾਂ ਹੈ | ਇਤਿਹਾਸਕ ਕਸਬੇ ਝਬਾਲ ਵਿਚ ਆਪ ਦੇ ਨਾਨਕੇ ਵੀ ਹੋ ਸਕਦੇ ਹਨ | ਝਬਾਲ ਵਿਚ ਜਾ ਕੇ ਖੋਜ-ਪੜਤਾਲ ਕੀਤੇ ਤੋਂ ਭਾਵੇਂ ਕੋਈ ਵੀ ਇਤਿਹਾਸਕ ਨਿਸ਼ਾਨੀ ਨਹੀਂ ਮਿਲ ਸਕੀ ਪਰ 12 ਪੱਤੀਆਂ ਤੇ 7 ਗ੍ਰਾਮ ਪੰਚਾਇਤਾਂ ਵਿਚੋਂ ਇਕ ਪਿੰਡ ਦਾ ਨਾਂਅ ‘ਝਬਾਲ ਜਥੇਦਾਰ ਬਘੇਲ ਸਿੰਘ’ ਹੈ | ਇਸ ਤੋਂ ਬਿਨਾਂ ਪਿੰਡ ਝਬਾਲ ਖੁਰਦ, ਝਬਾਲ ਸਵਰਗਪੁਰੀ, ਝਬਾਲ ਖਾਮ, ਝਬਾਲ ਪੁਖਤਾ, ਝਬਾਲ ਅੱਡਾ, ਝਬਾਲ ਚੌਧਰੀ ਲੰਗਾਹ ਪਿੰਡ ਵਸੇ ਹੋਏ ਹਨ | ਇਨ੍ਹਾਂ ਵਿਚੋਂ ਪਿੰਡ ਝਬਾਲ ਖਾਮ ਵਿਚ ਜਥੇਦਾਰ ਬਘੇਲ ਸਿੰਘ ਦੇ ਨਾਂਅ ‘ਤੇ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਮੌਜੂਦ ਹੈ, ਜਿਥੇ ਪ੍ਰਬੰਧਕ ਕਮੇਟੀ ਦੁਆਰਾ ਰੋਜ਼ਾਨਾ ਛੋਟੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ ਧਾਰਮਿਕ ਜਮਾਤਾਂ ਦਾ ਪ੍ਰਬੰਧ ਕੀਤਾ ਗਿਆ ਹੈ | ਇਤਿਹਾਸਕ ਕਸਬਾ ਝਬਾਲ ਵਿਚ ਜਥੇਦਾਰ ਬਘੇਲ ਸਿੰਘ ਦੀ ਯਾਦ ‘ਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਉਕਤ ਜਥੇਦਾਰ ਦੇ ਝਬਾਲ ਨਾਲ ਗਹਿਰੇ ਸਬੰਧਾਂ ਨੂੰ ਉਜਾਗਰ ਕਰਨ ਵਾਲੇ ਤੱਥ ਹਨ |
ਸਿੱਖਾਂ ਦੇ ਜਾਂਬਾਜ਼ ਜੋਧੇ ਜਥੇਦਾਰ ਬਘੇਲ ਸਿੰਘ ਦੇ ਜੀਵਨ ਸਬੰਧੀ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਹ ਪਤਾ ਲੱਗਦਾ ਹੈ ਕਿ ਸੰਨ 1748 ਈ: ਨੂੰ ਜਿਸ ਵਕਤ ਦਲ ਖਾਲਸਾ ਦਾ ਉਭਾਰ ਹੋ ਰਿਹਾ ਸੀ, ਉਸ ਸਮੇਂ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ ਵਿਚ ਵਿਰਕ ਗੋਤ ਨਾਲ ਸਬੰਧਤ ਕਰੋੜਾ ਸਿੰਘ ਪੈਦਾ ਹੋਇਆ, ਜੋ ਪਿੱਛੋਂ ਜਾ ਕੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ | ਇਤਿਹਾਸ ਦੱਸਦਾ ਹੈ ਕਿ ਬੇਹੱਦ ਜ਼ਾਲਮ ਮੁਗਲ ਬਾਦਸ਼ਾਹ ਜ਼ਕਰੀਆ ਖਾਨ ਨੇ 20 ਕੁ ਸਾਲ ਦੀ ਉਮਰ ਵਿਚ ਕਰੋੜਾ ਸਿੰਘ ਨੂੰ ਜ਼ਬਰੀ ਮੁਸਲਮਾਨ ਬਣਾ ਦਿੱਤਾ, ਪਰ ਆਪ ਬੜੀ ਜਲਦੀ ਹੀ ਅੰਮਿ੍ਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜ ਗਏ | ਕਰੋੜਾ ਸਿੰਘ ਦੇ ਆਪਣੇ ਕੋਈ ਪੁੱਤਰ ਨਹੀਂ ਸੀ | ਉਸ ਨੇ ਆਪਣੇ ਘਰੇਲੂ ਨੌਕਰ ਬਘੇਲ ਸਿੰਘ ਨੂੰ ਗੋਦ ਲੈ ਰੱਖਿਆ ਸੀ | ਸੰਨ 1761 ਨੂੰ ਹੋਈ ਤਰਾਈ ਦੀ ਲੜਾਈ ਦੌਰਾਨ ਕਰੋੜਾ ਸਿੰਘ ਮਾਰਿਆ ਗਿਆ | ਉਸ ਤੋਂ ਬਾਅਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦੀ ਵਾਗਡੋਰ ਸੰਭਾਲੀ | ਜਥੇਦਾਰ ਬਘੇਲ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸਿੱਖ ਮਿਸਲਾਂ ਨੂੰ ਸੰਗਠਤ ਕਰਕੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਹਿੰਦੁਸਤਾਨ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ |
ਜਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦਾ ਕਾਰਜ ਭਾਰ ਸੰਭਾਲਿਆ ਤਾਂ ਉਸ ਵਕਤ ਦਿੱਲੀ ਦੇ ਤਖ਼ਤ ‘ਤੇ ਮੁਗਲ ਹਾਕਮ ਸ਼ਾਹ ਆਲਮ ਦੂਜਾ ਰਾਜ ਕਰ ਰਿਹਾ ਸੀ | ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ ‘ਤੇ ਕਬਜ਼ਾ ਕਰਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ | ਉਸ ਦੀਆਂ ਤਿੰਨ ਪਤਨੀਆਂ ਸਨ | ਆਪਣੀ ਪਹਿਲੀ ਪਤਨੀ ਰੂਪ ਕੰਵਲ ਨੂੰ ਰਾਜ ਦੇ ਅੰਦਰੂਨੀ ਮਾਮਲਿਆਂ ਦਾ ਪ੍ਰਬੰਧ ਸੌਾਪਿਆ | ਹਰਿਆਣਾ ਵਿਚ ਕਰਨਾਲ ਤੋਂ 30 ਕਿਲੋਮੀਟਰ ਅੱਗੇ ਛਲੌਦੀ ਨੂੰ ਆਪਣੇ ਕਬਜ਼ੇ ‘ਚ ਕਰਕੇ ਇਸ ਦੀ ਦੇਖ-ਰੇਖ ਦੂਜੀ ਪਤਨੀ ਰਾਜ ਕੰਵਲ ਨੂੰ ਸੰਭਾਲ ਦਿੱਤੀ | ਤੀਜੀ ਪਤਨੀ ਰਤਨ ਕੌਰ ਨੂੰ ਕਲਾਵਰ ਦਾ ਪ੍ਰਬੰਧ ਸੌਾਪ ਦਿੱਤਾ | ਸੰਨ 1775 ਨੂੰ ਸਰਦਾਰ ਹਰੀ ਸਿੰਘ ਭੰਗੀ ਨੂੰ ਹਰਾ ਕੇ ਉਸ ਦੇ ਕਬਜ਼ੇ ਵਾਲੇ ਤਿੰਨ ਪਰਗਨੇ ਤਰਨ ਤਾਰਨ, ਸਭਰਾਓਾ ਅਤੇ ਸਰਹਾਲੀ ਨੂੰ ਆਪਣੇ ਕਬਜ਼ੇ ਵਿਚ ਕਰਕੇ ਫਿਰ ਸਰਹੰਦ ਵੱਲ ਨੂੰ ਰੁਖ਼ ਕੀਤਾ | ਸਰਹੰਦ ਜਿੱਤਣ ਤੋਂ ਬਾਅਦ ਨਵਾਬ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਵਾਲੀਆਂ ਸੰਗਠਿਤ ਫੌਜਾਂ ਨੇ 20 ਫਰਵਰੀ, 1764 ਨੂੰ ਸਹਾਰਨਪੁਰ, ਮੁਜ਼ੱਫਰਨਗਰ ਅਤੇ ਮੇਰਠ ਜਿੱਤ ਕੇ ਨਜੀਬਾਵਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ ‘ਤੇ ਜਿੱਤ ਹਾਸਲ ਕੀਤੀ |
22 ਅਪ੍ਰੈਲ, 1775 ਨੂੰ ਕੁੰਜਪੁਰਾ ਨੇੜਿਓਾ ਜਮਨਾ ਨਦੀ ਪਾਰ ਕਰਕੇ 15 ਜੁਲਾਈ, 1775 ਨੂੰ ਦਿੱਲੀ ਦੇ ਹੀ ਪਹਾੜਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ | ਇਸ ਤੋਂ ਬਾਅਦ 50,000 ਦੀ ਗਿਣਤੀ ਵਾਲੇ ਦਲ ਖਾਲਸਾ ਨੇ ਦਿੱਲੀ ਵੱਲ ਕੂਚ ਕੀਤਾ | ਫਰਵਰੀ, 1783 ਨੂੰ ਗਾਜ਼ੀਆਬਾਦ, ਸ਼ਿਕੋਹਾਬਾਦ, ਅਲੀਗੜ੍ਹ ਅਤੇ ਬੁਲੰਦ ਸ਼ਹਿਰ ਨੂੰ ਆਪਣੇ ਕਬਜ਼ੇ ‘ਚ ਕੀਤਾ | ਦਿੱਲੀ ਵਿਚ ਦਾਖਲੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਨੇ ਆਪਣੀ 50,000 ਦੇ ਕਰੀਬ ਸੈਨਾ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ | ਬਘੇਲ ਸਿੰਘ ਨੇ ਆਪਣੀ 30,000 ਫੌਜ ਨੂੰ ਤੀਸ ਹਜ਼ਾਰੀ ਵਾਲੇ ਸਥਾਨ ‘ਤੇ ਰੱਖਿਆ | 8 ਮਾਰਚ, 1783 ਨੂੰ ਮਲਕਾ ਗੰਜ, ਸਬਜ਼ੀ ਮੰਡੀ, ਮੁਗਲਪੁਰਾ ਅਤੇ ਅਜਮੇਰੀ ਦਰਵਾਜ਼ੇ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰਕੇ ਸਿੱਖ ਫੌਜਾਂ ਅੱਗੇ ਵਧੀਆਂ | ਦੂਜੇ ਪਾਸਿਓਾ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਾ ਦਿੱਲੀ ਪੁੱਜਾ | 11 ਮਾਰਚ, 1783 ਨੂੰ ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਦੁਨੀਆ ਦੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ | ਦਿੱਲੀ ਦੇ ਤਖ਼ਤ ‘ਤੇ ਬੈਠਣ ਲਈ ਜੱਸਾ ਸਿੰਘ ਰਾਮਗੜ੍ਹੀਆ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਸੈਨਿਕਾਂ ਨੇ ਆਪੋ ਵਿਚ ਇਕ-ਦੂਜੇ ਖਿਲਾਫ ਤਲਵਾਰਾਂ ਵੀ ਸੂਤ ਲਈਆਂ ਸਨ, ਪਰ ਪ੍ਰਮੁੱਖ ਜਰਨੈਲਾਂ ਦੀ ਸਿਆਣਪ ਨਾਲ ਮਾਮਲਾ ਠੰਢਾ ਪੈ ਗਿਆ | ਸਾਰੀ ਸਿੱਖ ਫੌਜ ਦਾ ਟਿਕਾਣਾ ਸਬਜ਼ੀ ਮੰਡੀ ਵਿਚ ਕੀਤਾ ਗਿਆ |
ਦਿੱਲੀ ਦੇ ਜੇਤੂ ਜਰਨੈਲ ਜਥੇਦਾਰ ਬਘੇਲ ਸਿੰਘ ਦੇ ਮੁਗਲ ਬੇਗਮ ਸਮਰੂ ਨਾਲ ਮਿੱਤਰਤਾਪੂਰਵਕ ਸਬੰਧ ਸਨ | ਬੇਗਮ ਸਮਰੂ ਨੇ ਸਿੰਘਾਂ ਦਾ ਮੁਗਲ ਬਾਦਸ਼ਾਹ ਦਾ ਕੁਝ ਸ਼ਰਤਾਂ ਤਹਿਤ ਸਮਝੌਤਾ ਕਰਵਾ ਦਿੱਤਾ | ਇਸ ਸਮਝੌਤੇ ਅਨੁਸਾਰ ਸਿੱਖ ਫੌਜਾਂ ਵੱਲੋਂ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਨਾ ਹੋਵੇਗਾ ਅਤੇ ਮੁਗਲ ਸਲਤਨਤ ਆਪਣੇ ਕੁੱਲ ਮਾਲੀਏ ਦਾ ਸਾਢੇ 12 ਫੀਸਦੀ ਸਿੱਖ ਫੌਜਾਂ ਨੂੰ ਦੇਣ ਲਈ ਪਾਬੰਦ ਹੋਵੇਗੀ | ਕਈ ਇਤਿਹਾਸਕਾਰਾਂ ਵੱਲੋਂ ਸਾਢੇ 12 ਫੀਸਦੀ ਦੀ ਜਗ੍ਹਾ ਸਾਢੇ 37 ਫੀਸਦੀ ਲਿਖਿਆ ਗਿਆ ਹੈ | ਇਸ ਤੋਂ ਬਿਨਾਂ ਸਿੱਖ ਅੱਗੇ ਤੋਂ ਕਦੇ ਵੀ ਦਿੱਲੀ ਵੱਲ ਨੂੰ ਕੂਚ ਨਹੀਂ ਕਰਨਗੇ | ਸਮਝੌਤੇ ਅਨੁਸਾਰ ਕਰੀਬ 9-10 ਮਹੀਨੇ ਵਿਚ ਹੀ ਸਿੱਖ ਫੌਜਾਂ ਵੱਲੋਂ ਦਿੱਲੀ ਵਿਚ 6 ਇਤਿਹਾਸਕ ਗੁਰਦੁਆਰਿਆਂ (ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰਦੁਆਰਾ ਸ੍ਰੀ ਬਾਲਾ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ, ਗੁਰਦੁਆਰਾ ਮਜਨੂੰ ਕਾ ਟਿੱਲਾ) ਦਾ ਨਿਰਮਾਣ ਕਰਨ ਤੋਂ ਬਾਅਦ ਦਸੰਬਰ, 1783 ਵਿਚ ਹੀ ਜਥੇਦਾਰ ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਨੂੰ ਛੱਡ ਦਿੱਤਾ | ਜਥੇਦਾਰ ਬਘੇਲ ਸਿੰਘ ਧਾਲੀਵਾਲ ਸੰਨ 1802 ਨੂੰ ਹਰਿਆਣਾ (ਹੁਸ਼ਿਆਰਪੁਰ) ਵਿਖੇ ਚਲਾਣਾ ਕਰ ਗਏ | ਹਰ ਸਾਲ 11 ਮਾਰਚ ਨੂੰ ਜਥੇਦਾਰ ਬਘੇਲ ਸਿੰਘ ਦੁਆਰਾ ‘ਦਿੱਲੀ ਫਤਹਿ’ ਦੀ ਸਾਲਾਨਾ ਯਾਦ ‘ਚ ਗੁਰਦੁਆਰਾ ਜਥੇਦਾਰ ਬਘੇਲ ਸਿੰਘ ਪਿੰਡ ਝਬਾਲ ‘ਚ ਸਮੁੱਚੀ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਕਮੇਟੀ ਦੁਆਰਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਉਪਰੰਤ ਰਾਗੀ/ਢਾਡੀ ਜਥੇ ਸੰਗਤਾਂ ਨੂੰ ਮਾਣਮੱਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ |
ਗੁਰਪ੍ਰੀਤ ਸਿੰਘ ਤਲਵੰਡੀ
-ਪਿੰਡ ਤੇ ਡਾਕ: ਤਲਵੰਡੀ ਖੁਰਦ (ਲੁਧਿਆਣਾ)

Posted in: ਸਾਹਿਤ