ਸਿਮਰੋ ਸ੍ਰੀ ਹਰਿਰਾਇ…

By February 9, 2017 0 Comments


guru har rai jiਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜ ਸਪੁੱਤਰ ਸਨ। ਬਾਬਾ ਅਟੱਲ ਰਾਇ, ਬਾਬਾ ਅਣੀ ਰਾਇ, ਬਾਬਾ ਗੁਰਦਿੱਤਾ, ਬਾਬਾ ਸੂਰਜ ਮੱਲ ਅਤੇ (ਗੁਰੂ) ਤੇਗ਼ ਬਹਾਦਰ ਜੀ। ਬਾਬਾ ਗੁਰਦਿੱਤਾ ਦੇ ਦੋ ਸਪੁੱਤਰ ਸਨ-ਬਾਬਾ ਧੀਰਮੱਲ ਅਤੇ (ਗੁਰੂ) ਹਰਿਰਾਇ ਜੀ। ਸੱਤਵੇਂ ਨਾਨਕ, ਸਾਹਿਬ ਸ੍ਰੀ (ਗੁਰੂ) ਹਰਿਰਾਇ ਸਾਹਿਬ ਦਾ ਪ੍ਰਕਾਸ਼ 20 ਮਾਘ ਸੰਮਤ 1686 (30 ਜਨਵਰੀ, 1630 ਈ:) ਨੂੰ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਦੇ ਘਰ ਮਾਤਾ ਨਿਹਾਲ ਕੌਰ ਦੇ ਉਦਰ ਤੋਂ ਹੋਇਆ। ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਨੇ ਗੁਰੂ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਦੇਸ਼ ਅਨੁਸਾਰ ਵਸਾਇਆ ਸੀ। ਇਸ ਅਸਥਾਨ ‘ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਈਂ ਬੁੱਢਣ ਸ਼ਾਹ ਨੂੰ ਮਿਲੇ ਸਨ।
(ਗੁਰੂ) ਹਰਿਰਾਇ ਸਾਹਿਬ ਬਚਪਨ ਤੋਂ ਹੀ ਕੁਦਰਤ ਪ੍ਰੇਮੀ, ਸ਼ਾਂਤ ਸੁਭਾਅ, ਦਇਆ, ਕੋਮਲਤਾ ਆਦਿ ਸਦਗੁਣਾਂ ਦੇ ਧਾਰਨੀ ਸਨ। ਖਾਣ-ਪੀਣ, ਬੋਲਣ ਸਬੰਧੀ ਬਹੁਤ ਹੀ ਸੰਜਮੀ ਸਨ। ਆਪ ਦਾ ਬਚਪਨ ਗੁਰੂ ਪਿਤਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਹਜ਼ੂਰੀ ਵਿਚ ਬੀਤਿਆ। ਅਰੰਭਕ ਅਧਿਆਤਮਿਕ ਤੇ ਸੰਸਾਰਿਕ, ਸਰੀਰਿਕ ਸਿੱਖਿਆ ਅਤੇ ਸ਼ਸਤਰ ਵਿੱਦਿਆ ਵੀ ਆਪ ਨੇ ਗੁਰੂ ਪਿਤਾ ਦੀ ਦੇਖ-ਰੇਖ ਅਤੇ ਸੁਚੱਜੀ ਅਗਵਾਈ ਵਿਚ ਪ੍ਰਾਪਤ ਕੀਤੀ। ਆਪ ਜੀ ਸੁਭਾਅ ਦੇ ਨਰਮ, ਸਰੀਰ ਦੇ ਤਕੜੇ ਅਤੇ ਅਧਿਆਤਮਿਕ ਪੱਖੋਂ ਬਹੁਤ ਬਲਵਾਨ ਤੇ ਵਿਰਸੇ ਤੋਂ ਅਮੀਰ ਸਨ। ਆਪ ਜੀ ਦਾ ਵਿਆਹ ਸ੍ਰੀ ਦਇਆ ਰਾਮ ਦੀ ਸਪੁੱਤਰੀ ਬੀਬੀ ਕ੍ਰਿਸ਼ਨ ਕੌਰ ਨਾਲ 1640 ਈ: ਵਿਚ ਅਨੂਪ ਸ਼ਹਿਰ (ਯੂ.ਪੀ.) ਵਿਖੇ ਹੋਇਆ। ਆਪ ਦੇ ਦੋ ਸਪੁੱਤਰ ਸਨ ਬਾਬਾ ਰਾਮਰਾਇ ਤੇ ਸ੍ਰੀ (ਗੁਰੂ) ਹਰਿਕ੍ਰਿਸ਼ਨ ਜੀ।
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜ ਸਪੁੱਤਰ ਸਨ, ਜਿਨ੍ਹਾਂ ‘ਚੋਂ ਬਾਬਾ ਅਟੱਲ ਰਾਇ, ਬਾਬਾ ਅਣੀ ਰਾਇ ਅਤੇ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ-ਕਾਲ ਵਿਚ ਹੀ ਪ੍ਰਲੋਕ ਸਿਧਾਰ ਗਏ। ਬਾਬਾ ਸੂਰਜਮੱਲ ਨਿਰੋਲ ਸੰਸਾਰਿਕ ਬਿਰਤੀ ਅਤੇ (ਗੁਰੂ) ਤੇਗ ਬਹਾਦਰ ਜੀ ਬੀਰਤਾ, ਤਿਆਗ ਤੇ ਅਧਿਆਤਮਿਕ ਬਿਰਤੀ ਦੇ ਮਾਲਕ ਸਨ। ਬਾਬਾ ਗੁਰਦਿੱਤਾ ਦੇ ਵੱਡੇ ਸਪੁੱਤਰ ਬਾਬਾ ਧੀਰਮੱਲ ਵੀ ਗੁਰੂ-ਘਰ ਪ੍ਰਤੀ ਵਫ਼ਾਦਾਰ ਸਾਬਤ ਨਾ ਹੋਏ, ਕੇਵਲ (ਗੁਰੂ) ਹਰਿਰਾਇ ਸਾਹਿਬ ਜੀ ਹੀ ਗੁਰਗੱਦੀ ਦੇ ਯੋਗ ਵਾਰਿਸ ਸਾਬਤ ਹੋਏ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 3 ਮਾਰਚ, 1644 ਈ: ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ। 8 ਮਾਰਚ, 1644 ਈ: ਨੂੰ ਗੁਰਿਆਈ ਦੀ ਰਸਮ ਅਦਾ ਕੀਤੀ ਗਈ। ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ (ਜੋ ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਸਨ) ਨੇ (ਗੁਰੂ) ਹਰਿਰਾਇ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਉਸ ਸਮੇਂ ਗੁਰੂ ਹਰਿਰਾਇ ਸਾਹਿਬ ਜੀ ਦੀ ਉਮਰ 14 ਸਾਲ ਦੀ ਸੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅੰਤਿਮ ਆਦੇਸ਼ ਅਨੁਸਾਰ ਆਪ ਜੀ ਨੇ ਆਪਣੇ ਨਾਲ ਹਮੇਸ਼ਾ 2200 ਘੋੜਸਵਾਰ ਰੱਖੇ ਪਰ ਸਮੁੱਚਾ ਜੀਵਨ ਅਮਨ ਸ਼ਾਂਤੀ ਨਾਲ ਗੁਜ਼ਾਰਿਆ। ਗੁਰੂ ਹਰਿਰਾਇ ਸਾਹਿਬ ਨੇ ਸ਼ਿਕਾਰ ਖੇਡਣ ਦੀ ਜੰਗਜੂ ਪ੍ਰਵਿਰਤੀ ਨੂੰ ਜਾਰੀ ਰੱਖਿਆ। ਗੁਰੂ ਹਰਿਰਾਇ ਜੀ ਨੇ ਗੁਰੂ ਪਿਤਾ ਦੇ ਉਪਦੇਸ਼ ਨੂੰ ਜੀਵਨ ਭਰ ਨਿਭਾਇਆ। ਕੇਵਲ ਇਕ ਫੁੱਲ ਦੇ ਟੁੱਟਣ ਨਾਲ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਕਿਹਾ ਸੀ ‘ਦਾਮਨ ਸੰਕੋਚ ਚੱਲੋ’। ਸਾਰਾ ਜੀਵਨ ਸਹਿਜ, ਸੰਜਮ ਤੇ ਸ਼ੀਤਲਤਾ ਨਾਲ ਗੁਜ਼ਾਰਿਆ। ਗੁਰੂ ਹਰਿਰਾਇ ਸਾਹਿਬ ਦੇ ਸਮੇਂ ਸਿੱਖ ਧਰਮ ਨੇ ਚੰਗੀ ਉੱਨਤੀ ਕੀਤੀ। ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਕਈ ਮਹੱਤਵਪੂਰਨ ਕਦਮ ਪੁੱਟੇ ਅਤੇ ਲੋਕ ਭਲਾਈ ਦੇ ਕੰਮ ਕੀਤੇ। ਗੁਰੂ ਸਾਹਿਬ ਨੇ ਉਪਦੇਸ਼ ਦ੍ਰਿੜ੍ਹ ਕਰਵਾਇਆ ਕਿ ਸਾਨੂੰ ਗੁਰਬਾਣੀ ਪੜ੍ਹਨੀ ਤੇ ਸੁਣਨੀ ਚਾਹੀਦੀ ਹੈ। ਗੁਰਬਾਣੀ ਪੜ੍ਹਨ-ਸੁਣਨ ਵਾਲੇ ‘ਤੇ ਅਸਰ ਕਰਦੀ ਹੀ ਕਰਦੀ ਹੈ, ਜਿਵੇਂ ਘਿਓ ਵਾਲੇ ਪਾਂਡੇ ‘ਚੋਂ ਥਿੰਦਿਆਈ ਟੁੱਟਣ ‘ਤੇ ਵੀ ਨਹੀਂ ਜਾਂਦੀ, ਇਵੇਂ ਹੀ ਗੁਰਬਾਣੀ ਸਦੀਵੀ ਅਸਰ ਕਰਦੀ ਹੈ।
ਮਸੰਦਾਂ ਤੇ ਮੀਣਿਆਂ ਨੇ ਗੁਰੂ ਹਰਿਰਾਇ ਸਾਹਿਬ ਦਾ ਹਮੇਸ਼ਾ ਵਿਰੋਧ ਕੀਤਾ। ਗੁਰਤਾਗੱਦੀ ‘ਤੇ ਬਿਰਾਜਮਾਨ ਹੋਣ ਤੋਂ ਕੁਝ ਸਮਾਂ ਬਾਅਦ ਔੜ ਨਾਲ ਭਾਰੀ ਕਾਲ ਪੈ ਗਿਆ, ਜਿਸ ਕਾਰਨ ਲੁਕਾਈ ਤਰਾਹ-ਤਰਾਹ ਕਰ ਉੱਠੀ। ਲੋਕ ਰੋਟੀ ਤੋਂ ਆਤੁਰ ਹੋ ਗਏ। ਪੇਟ ਦੀ ਭੁੱਖ ਨੇ ਲੋਕਾਂ ਨੂੰ ਦਰ-ਦਰ ਦੇ ਧੱਕੇ ਖਾਣ ਲਈ ਮਜਬੂਰ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਗੁਰੂ-ਘਰ ਦੀ ਪ੍ਰੰਪਰਾ ਅਨੁਸਾਰ ਦੁਖੀਆਂ ਦੀ ਤਨ-ਮਨ-ਧਨ ਨਾਲ ਸੇਵਾ ਕੀਤੀ। ਇਥੋਂ ਤੱਕ ਕਿ ਪੰਜਾਬ ਤੋਂ ਬਾਹਰ ਵਸਦੇ ਗੁਰਸਿੱਖਾਂ, ਗੁਰੂ-ਘਰ ਦੇ ਪ੍ਰੀਤਵਾਨਾਂ ਨੂੰ ਵੀ ਪ੍ਰੇਰ ਕੇ ਦੁਖੀ ਮਾਨਵਤਾ ਦੀ ਸੇਵਾ ਕੀਤੀ ਤੇ ਕਰਵਾਈ। ਸਤਿਗੁਰੂ ਜੀ ਨੇ ਭੁੱਖਿਆਂ ਲਈ ਲੰਗਰ, ਬਿਮਾਰਾਂ ਲਈ ਸਫ਼ਾਖਾਨੇ ਖੋਲ੍ਹ ਦਿੱਤੇ। ਸਤਿਗੁਰੂ ਜੀ ਵੱਲੋਂ ਮਨੁੱਖ ਜਾਤੀ ਦੇ ਕਲਿਆਣਕਾਰੀ ਕਾਰਜਾਂ ਨੂੰ ਤੱਕ ਕੇ ‘ਦਾਰਾ ਸ਼ਿਕੋਹ’ ਬਹੁਤ ਪ੍ਰਭਾਵਿਤ ਹੋਇਆ ਅਤੇ ਗੁਰੂ ਕੇ ਲੰਗਰ ਵਾਸਤੇ ਜਾਗੀਰ ਦੇਣੀ ਚਾਹੀ ਪਰ ਗੁਰੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਬਾਦਸ਼ਾਹੀ ਜਾਗੀਰ ਨਾਲ ਗੁਰੂ ਕੇ ਅਸੀਮਤ ਲੰਗਰ ਭੰਡਾਰਾਂ ਨੂੰ ਸੀਮਤ ਨਹੀਂ ਕਰਨਾ ਚਾਹੁੰਦੇ।
ਗੁਰੂ ਹਰਿਰਾਇ ਸਾਹਿਬ ਜੀ ਦੀ ਮਹਿਮਾ ਸੁਣ ‘ਸ਼ਾਹ-ਰੂਮੀ’ ਜਦ ਹਿੰਦੁਸਤਾਨ ਦੀ ਸੈਰ ਕਰਨ ਆਇਆ ਤਾਂ ਗੁਰੂ ਦਰਸ਼ਨਾਂ ਲਈ ਗੁਰੂ ਦਰਬਾਰ ਵਿਚ ਹਾਜ਼ਰ ਹੋਇਆ। ਗੁਰੂ ਦਰਬਾਰ ਵਿਚ ਹਮੇਸ਼ਾ ਵੱਡੇ-ਛੋਟੇ ਨਾਲ, ਬਿਨਾਂ ਕਿਸੇ ਜਾਤੀ ਜਾਂ ਖੇਤਰੀ ਵਿਤਕਰੇ ਦੇ, ਬਰਾਬਰ ਸਲੂਕ ਕੀਤਾ ਜਾਂਦਾ ਹੈ। ਗੁਰੂ-ਘਰ ਵਿਚ ਆਏ ਹਰ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਂਦੀ। ਬਿਮਾਰ ਆਵੇ ਤਾਂ ਦਵਾ-ਦਾਰੂ, ਭੁੱਖਾ-ਪਿਆਸਾ ਆਵੇ ਤਾਂ ਖਾਣ-ਪੀਣ ਲਈ ਪਦਾਰਥ, ਆਰਾਮ ਕਰਨ ਲਈ ਆਵੇ ਤਾਂ ਨਿਵਾਸ ਅਸਥਾਨ, ਮਾਨਸਿਕ ਤ੍ਰਿਪਤੀ ਲਈ ਆਵੇ ਤਾਂ ਨਾਮਦਾਰੂ ਅਤੇ ਸ਼ਰਨ ਆਉਣ ਵਾਲੇ ਨੂੰ ਸ਼ਰਨ ਦਿੱਤੀ ਜਾਂਦੀ।
ਗੁਰੂ ਜੀ ਨੇ ਕੀਰਤਪੁਰ ਦੀ ਧਰਤੀ ‘ਤੇ ਇਲਾਜ ਵਾਸਤੇ ਵਰਤੀਆਂ ਜਾਂਦੀਆਂ ਜੜ੍ਹੀਆਂ ਬੂਟੀਆਂ ਦਾ ਬਾਗ ਲਗਵਾਇਆ ਤੇ ਇਕ ਖੋਜ ਕੇਂਦਰ ਸਥਾਪਿਤ ਕੀਤਾ। ਜੇਕਰ ਦਾਰਾ ਸ਼ਿਕੋਹ ਬਿਮਾਰ ਹੋਇਆ ਤਾਂ ਇਲਾਜ ਲਈ ਦਵਾਈਆਂ, ਜੜ੍ਹੀਆਂ-ਬੂਟੀਆਂ ਗੁਰੂ ਦਰਬਾਰ ਵੱਲੋਂ ਭੇਜੀਆਂ ਗਈਆਂ, ਜਿਸ ਨਾਲ ਉਸ ਦਾ ਅਸਾਧ ਰੋਗ ਠੀਕ ਹੋਇਆ। ਜੇਕਰ ਘਰੇਲੂ ਝਗੜੇ ਕਰਕੇ ਦਾਰਾ ਸ਼ਿਕੋਹ ਬਾਦਸ਼ਾਹ ਔਰੰਗਜ਼ੇਬ ਦੀ ਮਾਰ ਤੋਂ ਡਰਦਾ, ਗੁਰੂ ਦਰਬਾਰ ਵਿਚ ਪਹੁੰਚਾ ਤਾਂ ਉਸ ਨੂੰ ਦਰਿਆ ਬਿਆਸ ਪਾਰ ਕਰਵਾਇਆ ਗਿਆ।
ਬਾਦਸ਼ਾਹ ਸ਼ਾਹ ਜਹਾਨ ਦੇ ਆਖਰੀ ਦਿਨਾਂ ਵਿਚ ਪਰਿਵਾਰਕ ਫੁੱਟ ਚਰਮ ਸੀਮਾਂ ‘ਤੇ ਪਹੁੰਚ ਚੁੱਕੀ ਸੀ। ਔਰੰਗਜ਼ੇਬ ਨੇ ਬਗ਼ਾਵਤ ਕਰਕੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰ ਲਿਆ। ਦਾਰਾ ਸ਼ਿਕੋਹ ਵੀ ਔਰੰਗਜ਼ੇਬ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਜਾਨ ਬਚਾਉਣ ਲਈ ਦਿੱਲੀ ਤੋਂ ਦੌੜ ਗਿਆ। ਦਾਰਾ ਸ਼ਿਕੋਹ ਦਾ ਪਿੱਛਾ ਕਰਦਾ-ਕਰਦਾ ਬਾਦਸ਼ਾਹ ਔਰੰਗਜ਼ੇਬ ਵੀ ਲਾਹੌਰ ਪਹੁੰਚ ਗਿਆ ਪਰ ਦਾਰਾ ਸ਼ਿਕੋਹ ਉਥੋਂ ਵੀ ਅੱਗੇ ਦੌੜ ਗਿਆ। ਔਰੰਗਜ਼ੇਬ ਨੂੰ ਗੁਰੂ-ਘਰ ਦੇ ਵਿਰੋਧੀਆਂ ਨੇ ਸ਼ਿਕਾਇਤ ਕੀਤੀ ਕਿ ਗੁਰੂ ਹਰਿਰਾਇ ਸਾਹਿਬ ਜੀ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ, ਦੂਸਰਾ ਸਿੱਖਾਂ ਦੀ ਵਧ ਰਹੀ ਸ਼ਕਤੀ ਤੋਂ ਔਰੰਗਜ਼ੇਬ ਚਿੰਤਤ ਸੀ। ਇਸ ਲਈ ਬਾਦਸ਼ਾਹ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ। ਗੁਰੂ ਜੀ ਆਪ ਤਾਂ ਨਾ ਗਏ, ਆਪਣੀ ਥਾਵੇਂ ਆਪਣੇ ਵੱਡੇ ਸਪੁੱਤਰ ਬਾਬਾ ਰਾਮਰਾਇ ਨੂੰ ਭੇਜਿਆ। ਜਾਣ ਤੋਂ ਪਹਿਲਾਂ ਗੁਰੂ ਜੀ ਨੇ ਉਸ ਨੂੰ ਹਦਾਇਤ ਕੀਤੀ ਕਿ ਗੁਰੂ ਆਸਰੇ ਰਹਿਣਾ ਅਤੇ ਗੁਰੂ ਆਸ਼ੇ ਵਿਰੁੱਧ ਕੋਈ ਗੱਲਬਾਤ ਨਹੀਂ ਕਰਨੀ। ਬਾਬਾ ਰਾਮਰਾਇ ਬਹੁਤ ਹੀ ਵਿਦਵਾਨ ਤੇ ਹਾਜ਼ਰ ਜਵਾਬ ਸਨ। ਦਿੱਲੀ ਜਾ ਕੇ ਉਨ੍ਹਾਂ ਬਾਦਸ਼ਾਹ ਔਰੰਗਜ਼ੇਬ ਦੇ ਹਰ ਸਵਾਲ ਦਾ ਜਵਾਬ ਤਸੱਲੀਬਖ਼ਸ਼ ਦਿੱਤਾ। ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ, ਪਰ ਜਦ ਔਰੰਗਜ਼ੇਬ ਨੇ ਬਾਬਾ ਰਾਮਰਾਇ ਤੋਂ ਗੁਰਬਾਣੀ ਦੀ ਪਾਵਨ ਪੰਗਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਰਿਆਰ…’ ਦੇ ਅਰਥ ਪੁੱਛੇ ਤਾਂ ਰਾਮਰਾਇ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਕਿਹਾ ਕਿ ਸ਼ਬਦ ‘ਮੁਸਲਮਾਨ’ ਨਹੀਂ; ‘ਬੇਈਮਾਨ’ ਹੈ, ਪਰ ਕਾਤਿਬ ਦੀ ਗ਼ਲਤੀ ਨਾਲ ਮੁਸਲਮਾਨ ਲਿਖਿਆ ਗਿਆ। ਬਾਬਾ ਰਾਮਰਾਇ ਜੀ ਨੇ ਅਜਿਹਾ ਕਰਕੇ ਬਾਦਸ਼ਾਹ ਦੀ ਖੁਸ਼ੀ ਤਾਂ ਹਾਸਲ ਕਰ ਲਈ ਪਰ ਗੁਰੂ ਦਰਬਾਰ ਤੋਂ ਹਮੇਸ਼ਾ ਲਈ ਦੂਰ ਹੋ ਗਿਆ, ਕਿਉਂਕਿ ਜਦ ਗੁਰੂ ਹਰਿਰਾਇ ਸਾਹਿਬ ਜੀ ਨੂੰ ਇਸ ਵਾਰਤਾ ਦਾ ਪਤਾ ਲੱਗਾ ਤਾਂ ਉਨ੍ਹਾਂ ਕਹਿ ਭੇਜਿਆ ਕਿ ‘ਤੁਸਾਂ ਸਾਡੇ ਮੱਥੇ ਨਹੀਂ ਲੱਗਣਾ, ਤੁਸਾਂ ਦੁਨਿਆਵੀ ਵਡਿਆਈ ਖਾਤਰ ਇਲਾਹੀ ਬਾਣੀ ਦਾ ਨਿਰਾਦਰ ਕੀਤਾ ਹੈ।’
ਆਪਣਾ ਅੰਤਿਮ ਸਮਾਂ ਨੇੜੇ ਆਇਆ ਜਾਣ ਕੇ ਗੁਰੂ ਜੀ ਨੇ ਗੁਰਿਆਈ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ (ਗੁਰੂ) ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ। ਆਪ ਜੀ 6 ਅਕਤੂਬਰ, 1661 ਈ: ਨੂੰ ਕੀਰਤਪੁਰ ਹੀ ਜੋਤੀ ਜੋਤਿ ਸਮਾ ਗਏ। ਹਰ ਗੁਰਸਿੱਖ ਸਦਵਾਉਣ ਵਾਲਾ ਸਵੇਰੇ-ਸ਼ਾਮ, ਹਰ ਦੀਵਾਨ ਸਮੇਂ ਅਰਦਾਸ ਦੇ ਇਹ ਬੋਲ ਪੜ੍ਹ-ਸੁਣ ਕੇ ‘ਸਿਮਰੋ ਸ੍ਰੀ ਹਰਿਰਾਇ’, ਗੁਰੂ ਦੀ ਸ਼ਰਧਾ ਸਤਿਕਾਰ ਭੇਟ ਕਰਦਾ ਹੋਇਆ ਉਨ੍ਹਾਂ ਦੇ ਜੀਵਨ ਦਰਸ਼ਨ ਤੋਂ ਸਿੱਖਿਆ ਪ੍ਰਾਪਤ ਕਰਦਾ ਹੈ।

ਰੂਪ ਸਿੰਘ
-ਮੋਬਾ: 98146-37979
roopsz@yahoo.com
Tags:
Posted in: ਸਾਹਿਤ