ਫ਼ਤਿਹ ਦੇ ਅਟੁੱਟ ਜਜ਼ਬੇ ਦੀ ਉਦਾਹਰਣ ਹੈ – ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ

By January 14, 2017 0 Comments


14 ਜਨਵਰੀ 2017 ਮਾਘੀ ‘ਤੇ ਵਿਸ਼ੇਸ਼
-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
guru-gobind-singh-ji-tearing-the-baydava-while-mahan-singh
ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅਟੁੱਟ ਜਜ਼ਬੇ ਦੀ ਉਦਾਹਰਣ ਹੈ। ਇੱਥੋਂ ਦੀ ਜੰਗ ਦੁਨੀਆਂ ਦੇ ਇਤਿਹਾਸ ਵਿਚ ਸਮੂਹਿਕ ਸ਼ਹਾਦਤ, ਅਸਾਵੀਂ ਟੱਕਰ ਅਤੇ ਜਿੱਤ ਦੇ ਦ੍ਰਿੜ੍ਹ ਸੰਕਲਪ ਦੀ ਅਦੁੱਤੀ ਮਿਸਾਲ ਹੈ। ਇਸ ਜੰਗ ਵਿਚ ਮੁੱਠੀ-ਭਰ ਸਿੰਘਾਂ ਨੇ ੫੦੦ ਸਾਲ ਪੁਰਾਣੇ ਸਾਮਰਾਜ ਦੇ ਭਾਰੀ ਗਿਣਤੀ ਵਿਚ ਮੁਲਖਈਏ ਦਾ ਰਾਹ ਰੋਕ ਲਿਆ ਅਤੇ ਉਸ ਨੂੰ ਆਪਣੇ ਮਕਸਦ ਵਿਚ ਕਾਮਯਾਬ ਨਾ ਹੋਣ ਦਿੱਤਾ। ਅਨੰਦਗੜ੍ਹ ਦਾ ਕਿਲ੍ਹਾ ਛੱਡਣ ਤੋਂ ਤੁਰੰਤ ਬਾਅਦ ਮੁਗ਼ਲਾਂ ਅਤੇ ੨੨ ਧਾਰੀਆਂ ਨੇ ਆਪਣੀਆਂ ਕਸਮਾਂ ਅਤੇ ਇਕਰਾਰ ਤੋੜ ਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਸਿੰਘਾਂ ਨੂੰ ਖਤਮ ਕਰਨ ਦੀ ਠਾਣ ਲਈ। ਸਰਸਾ ਨਦੀ ਵਿਚ ਮੁਠਭੇੜ ਤੋਂ ਬਾਅਦ ਚਮਕੌਰ ਦੀ ਜੰਗ ਉਪਰੰਤ ਸੂਬਾ ਸਰਹਿੰਦ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਤਮ ਕਰਨ ਲਈ ਮਾਲਵੇ ਦੇਸ਼ ਵਿਚ ਫੌਜ ਲੈ ਕੇ ਚੜ੍ਹਾਈ ਕੀਤੀ। ਖਿਦਰਾਣੇ ਦੀ ਢਾਬ ਕੋਲ ਪੱਛਮੀ ਪਾਸੇ ਗੁਰੂ ਜੀ ਨੇ ਇਸ ਫੌਜ ਨਾਲ ਯੁੱਧ ਕਰਨ ਦੀ ਯੋਜਨਾ ਬਣਾਈ ਸੀ। ਮਾਝੇ ਤੋਂ ਆਏ ਸਿੰਘਾਂ ਦਾ ਜਥਾ ਵੀ ਇਸੇ ਸਮੇਂ ਆਇਆ ਹੋਇਆ ਸੀ। ਇਸ ਜਥੇ ਨੇ ਜਦੋਂ ਸ਼ਾਹੀ ਲਸ਼ਕਰ ਵੇਖਿਆ ਤਾਂ ਢਾਬ ਦੇ ਪੂਰਬੀ ਪਾਸੇ ਮੋਰਚੇ ਲਾ ਲਏ। ਜਿਸ ਯੁੱਧ ਵਿਚ ੪੦ ਦੇ ਕਰੀਬ ਸਿੰਘ ਸਾਰੇ ਹੀ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸ਼ਾਹੀ ਫੌਜ ਨੂੰ ਦਮੋਂ ਕੱਢ ਦਿੱਤਾ। ਸ਼ਾਹੀ ਫੌਜ ਦੋ ਕਿਲੋਮੀਟਰ ਵੀ ਅੱਗੇ ਵਧ ਕੇ ਗੁਰੂ ਸਾਹਿਬ ਦੇ ਸਾਹਮਣੇ ਨਾ ਹੋ ਸਕੀ। ਸਿੰਘਾਂ ਦੇ ਇਕ ਛੋਟੇ ਜਿਹੇ ਜਥੇ ਨੇ ਸ਼ਾਹੀ ਫੌਜ ਦਾ ਹਮਲਾ ਨਾਕਾਮ ਕਰ ਦਿੱਤਾ ਸੀ। ਸੂਰਬੀਰਤਾ ਦੀ ਇਹ ਅਦੁੱਤੀ ਮਿਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਆਦਰਸ਼ਾਂ ਅਤੇ ਅਮਲੀ ਪ੍ਰੇਰਨਾ ਦਾ ਸਿੱਟਾ ਸੀ। ਅਕਾਲ ਪੁਰਖ ਦੇ ਹੁਕਮਾਂ ਦੀ ਪਾਲਣਾ ਦੇ ਉਦੇਸ਼ ਲਈ ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ। ਸਿੱਖੀ ਦੇ ਮਾਰਗ ‘ਤੇ ਚੱਲਣ ਲਈ ਸਿਰ ਤਲੀ ਧਰਨ ਦੀ ਅਤੇ ਕਿਸੇ ਕਿਸਮ ਦੀ ਕੋਈ ਝਿਜਕ ਨਾ ਰੱਖਣ ਦੀ ਸ਼ਰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਲਾਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੋ ਆਦਰਸ਼ ਖਾਲਸੇ ਦੇ ਸਾਹਮਣੇ ਰੱਖਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ੁਰਮਾਇਆ :
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ ੧੪੧੨)
ਇਨ੍ਹਾਂ ਸਿੰਘਾਂ ਨੇ ਗੁਰੂ ਮਾਰਗ ‘ਤੇ ਆਪਣੇ ਸੀਸ ਭੇਟ ਕਰਕੇ ਸਿੱਖ ਧਰਮ ਦੀ ਅਗੰਮੀ ਸੂਰਬੀਰਤਾ ਅਤੇ ਆਤਮ ਬਲੀਦਾਨ ਦੀ ਇਨਕਲਾਬੀ ਭਾਵਨਾ ਨੂੰ ਸਿਖਰ ‘ਤੇ ਪਹੁੰਚਾ ਦਿੱਤਾ। ਗੁਰਮਤਿ ਵਿਚ ਪਰਮਾਤਮਾ ਨੂੰ ਪਾਉਣ ਲਈ ਗੁਰੂ ਨੂੰ ਆਪਣਾ ਤਨ, ਮਨ, ਧਨ ਸੌਂਪਣ ਦਾ ਹੁਕਮ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਹੈ:
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਪੰਨਾ ੯੧੮)
ਸ਼ਹਾਦਤ ਇਸ ਅੰਦਰਲੀ ਕਿਰਿਆ ਦਾ ਬਾਹਰੀ ਰੂਪ ਹੀ ਹੁੰਦਾ ਹੈ। ਆਤਮ ਬਲੀਦਾਨ ਦੀ ਭਾਵਨਾ ਸਿੱਖੀ ਦੀ ਹੀ ਦੇਣ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਤਮ ਬਲੀਦਾਨ ਦੇ ਕੇ ਇਸ ਪ੍ਰਥਾ ਦਾ ਮੁੱਢ ਬੰਨ੍ਹਿਆ। ਉਨ੍ਹਾਂ ਦੇ ਨਕਸ਼-ਏ-ਕਦਮਾਂ ‘ਤੇ ਚਲਦੇ ਹੋਏ ਅਨਗਿਣਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਆਪਣੇ ਖੂਨ ਨਾਲ ਇਸ ਧਰਤੀ ਤੋਂ ਜ਼ੁਲਮ ਤੇ ਪਾਪ ਨੂੰ ਸਾਫ਼ ਕੀਤਾ। ਦਸਮੇਸ਼ ਪਿਤਾ ਜੀ ਨੇ ਫ਼ੁਰਮਾਇਆ :
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਿਨ॥ (ਬਚਿਤ੍ਰ ਨਾਟਕ ਪਾ: ੧੦)
ਗੁਰੂ ਸਾਹਿਬ ਜੀ ਦੇ ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ‘ਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੇ ਬਹੁਤ ਮਹਾਨ ਕਾਰਜ ਕੀਤਾ ਸੀ। ਇਹ ਸਿੱਖ ਭਾਵੇਂ ਕਿਸੇ ਵੇਲੇ ਗੁਰੂ ਜੀ ਕੋਲੋਂ ਚਲੇ ਗਏ ਅਤੇ ਲਿਖਕੇ ਬੇਦਾਵਾ ਦੇ ਗਏ ਸਨ। ਜਦੋਂ ਮੁੜ ਉਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਵਿਚ ਆਪਣਾ ਸੀਸ ਭੇਟ ਕਰ ਦਿੱਤਾ, ਤਦ ਗੁਰੂ ਸਾਹਿਬ ਦੇ ਦਿਲ ਵਿਚ ਉਨ੍ਹਾਂ ਲਈ ਅਥਾਹ ਪਿਆਰ ਜਾਗ ਉਠਿਆ। ਉਹ ਜੰਗ ਦੀ ਥਾਂ ‘ਤੇ ਆਏ ਅਤੇ ਇਕ-ਇਕ ਸਿੰਘ ਨੂੰ ਗੋਦ ਵਿਚ ਲੈ ਕੇ ਪਿਆਰ ਕੀਤਾ। ਸਾਰੇ ਸਿੰਘ ਸ਼ਹੀਦ ਹੋ ਚੁਕੇ ਸਨ, ਇਕੋ ਜਥੇਦਾਰ ਭਾਈ ਮਹਾਂ ਸਿੰਘ ਅਜੇ ਸਹਿਕ ਰਿਹਾ ਸੀ। ਗੁਰੂ ਸਾਹਿਬ ਨੇ ਜਦੋਂ ਭਾਈ ਮਹਾਂ ਸਿੰਘ ਦਾ ਸਿਰ ਗੋਦ ਵਿਚ ਲਿਆ ਤਾਂ ਕੁਝ ਮੰਗਣ ਲਈ ਕਿਹਾ। ਭਾਈ ਮਹਾਂ ਸਿੰਘ ਨੂੰ ਗੁਰੂ ਜੀ ਦਾ ਦਰਸ਼ਨ ਹੋ ਚੁਕਾ ਸੀ। ਉਸਨੇ ਹੋਰ ਕੀ ਮੰਗਣਾ ਸੀ। ਉਸਨੇ ਗੁਰੂ ਸਾਹਿਬ ਨੂੰ ਬੇਦਾਵਾ ਪਾੜ ਦੇਣ ਦੀ ਬੇਨਤੀ ਕੀਤੀ। ਸਿੱਖ ਲਈ ਗੁਰੂ ਦੀ ਕਿਰਪਾ ਪ੍ਰਸੰਨਤਾ ਬਹੁਤ ਵੱਡੀ ਦੌਲਤ ਹੈ, ਜੋ ਸਿਰ ਦੇ ਕੇ ਵੀ ਮਿਲਦੀ ਹੋਵੇ ਤਾਂ ਮਹਿੰਗੀ ਨਹੀਂ ਹੈ ਜਿਵੇਂ ਕਿ ਮਹਾਂ ਵਾਕ ਹੈ:
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ॥
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ॥ (ਪੰਨਾ ੧੦੯੪)
ਗੁਰਮਤਿ ਅਨੁਸਾਰ ਸਤਿਗੁਰੂ ਜਿੱਡਾ ਦਾਤਾ ਕੋਈ ਨਹੀਂ ਜੋ ਮਨੁੱਖ ਨੂੰ ਜੀਅ ਦਾਨ ਤੇ ਨਾਮ ਧਨ ਨਾਲ ਮਾਲਾ ਮਾਲ ਕਰ ਸਕਦਾ ਹੈ। ਸਤਿਗੁਰੂ ਦੀ ਸੇਵਾ ਸਿੱਖ ਇਸੇ ਲਈ ਕਰਦਾ ਹੈ ਕਿ ਉਹ ਇਸ ਕੂੜੇ ਤੇ ਝੂਠ ਦੇ ਸੰਸਾਰ ਵਿਚੋਂ ਨਿਕਲ ਕੇ ਸੱਚ ਦਾ ਰੂਪ ਹੋ ਸਕੇ। ਜਦੋਂ ਸਿੱਖ ਨਾਮ ਸਿਮਰਨ ਤੇ ਸੇਵਾ ਕਰਕੇ ਆਪਣੀ ਹਉਮੈ ਖੋ ਦਿੰਦਾ ਹੈ ਤੇ ਗੁਰੂ-ਚਰਨਾਂ ਵਿਚ ਆਪਣਾ ਆਪ ਨਿਛਾਵਰ ਕਰ ਦਿੰਦਾ ਹੈ ਤਾਂ ਉਸ ਦਾ ਸਾਧਨਾ ਪੱਖ ਮੁਕੰਮਲ ਹੋ ਜਾਂਦਾ ਹੈ। ਇਸ ਤੋਂ ਅੱਗੇ ਗੁਰੂ ਦਾ ਕਾਰਜ ਹੀ ਰਹਿ ਜਾਂਦਾ ਹੈ ਕਿ ਉਨ੍ਹਾਂ ‘ਤੇ ਨਦਰਿ ਕਰਮਿ ਕਰਕੇ ਸੱਚ ਮੰਡਲ ਦੇ ਅਧਿਕਾਰੀ ਬਣਾ ਦੇਵੇ। ਇਹ ਸਿੱਖ ਚਾਹੁੰਦੇ ਤਾਂ ਜੰਗ ਤੋਂ ਡਰਦੇ ਕਿਧਰੇ ਪਾਸੇ ਵੀ ਹੋ ਸਕਦੇ ਸੀ। ਇਨ੍ਹਾਂ ਨੂੰ ਕਿਸੇ ਮਜਬੂਰੀ ਵੱਸ ਜੰਗ ਨਹੀਂ ਸੀ ਲੜਨਾ ਪਿਆ। ਇਨ੍ਹਾਂ ਨੇ ਗੁਰੂ ਦੀ ਸੇਵਾ ਵਿਚ ਧਰਮ ਦੇ ਕਾਰਜ ਲਈ ਆਪਣੀ ਮਰਜ਼ੀ ਨਾਲ ਸ਼ਹੀਦੀ ਦਿੱਤੀ ਸੀ। ਇਹ ਸਿੱਖ ਸਿੱਖੀ ਦੀ ਪ੍ਰੀਖਿਆ ਵਿਚ ਪੂਰੀ ਤਰ੍ਹਾਂ ਪਾਸ ਹੋ ਚੁੱਕੇ ਸਨ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਮੁਕਤੀ ਪ੍ਰਦਾਨ ਕੀਤੀ ਅਤੇ ਅਮਰ ਪਦਵੀ ਬਖ਼ਸ਼ੀ। ਇਨ੍ਹਾਂ ਦੇ ਮੁਕਤਿ ਪਦਵੀ ਪ੍ਰਾਪਤ ਕਰਨ ਕਰਕੇ ਇਹ ਥਾਂ ਬਹੁਤ ਪਵਿੱਤਰ ਹੋ ਚੁੱਕੀ ਸੀ। ਗੁਰੂ ਸਾਹਿਬ ਨੇ ਇਸ ਥਾਂ ਦਾ ਨਾਂ ਆਪ ‘ਮੁਕਤਸਰ’ ਰੱਖਿਆ ਅਤੇ ਹੁਕਮ ਕੀਤਾ ਕਿ ਇਸ ਨੂੰ ਕੋਈ ਖਿਦਰਾਣਾ ਨਾ ਆਖੇ:
ਯਾ ਤੇ ਨਾਮ ਮੁਕਤਿਸਰ ਹੋਆ।
ਜੋ ਮਜਹਿ ਤਿਨ ਹੀ ਅਘ ਖੋਆ।
ਅਸ ਮਹਿਮਾ ਸ੍ਰੀ ਮੁਖ ਤੇ ਕਹੀ।
ਸੋ ਅਬਿ ਪ੍ਰਗਟ ਜਗਤ ਮੈ ਸਹੀ।
ਤਥਾ
ਅਬ ਤੇ ਨਾਮ ਮੁਕਤਿਸਰ ਹੋਇ।
ਖਿਦਰਾਣਾ ਇਸ ਕਹੇ ਨ ਕੋਇ।
ਇਸ ਥਾਨ ਮੁਕਤਿ ਹੋਇ ਚਾਲੀ।
ਜੋ ਨਿਸ਼ਪਾਪ ਘਾਲ ਬਹੁ ਘਾਲੀ।
ਸਿੱਖ ਇਤਿਹਾਸ ਵਿਚ ਇਸ ਅਸਥਾਨ ਦਾ ਭਾਰੀ ਇਤਿਹਾਸਕ ਅਤੇ ਅਧਿਆਤਮਕ ਮਹੱਤਵ ਹੈ। ਇਨ੍ਹਾਂ ੪੦ ਮੁਕਤਿਆਂ ਦੀ ਯਾਦ ਸਿੱਖੀ ਸਿਦਕ ਦੀ ਪ੍ਰੇਰਨਾ ਦਾ ਅਥਾਹ ਸੋਮਾ ਹੈ। ਇਸ ਅਸਥਾਨ ਦੀ ਛੋਹ ਪਾ ਕੇ ਮਾਇਆ ਦੇ ਬੰਧਨ ਟੁੱਟਦੇ ਹਨ ਅਤੇ ਤਨ, ਮਨ ਨਿਰਮਲ ਹੁੰਦਾ ਹੈ। ਸ਼ਹੀਦਾਂ ਦਾ ਅਸਥਾਨ ਕਿੰਨਾ ਸਤਿਕਾਰਯੋਗ ਹੁੰਦਾ ਹੈ, ਇਸ ਬਾਰੇ ਇਕ ਸ਼ਾਇਰ ਨੇ ਲਿਖਿਆ ਹੈ:-
ਸ਼ਹੀਦੋਂ ਕੀ ਕਤਲਗਾਹ ਸਿ ਕਿਆ ਬਿਹਤਰ ਹੈ ਕਾਅਬਾ,
ਸ਼ਹੀਦੋਂ ਕੀ ਖਾਕ ਪਿ ਤੋ ਖੁਦਾ ਭੀ ਕੁਰਬਾਨ ਹੋਤਾ ਹੈ।
ਇਸਤਰੀ ਜਾਤੀ ਦਾ ਗੁਰਮਤਿ ਵਿਚ ਬਹੁਤ ਸਤਿਕਾਰ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਮੰਦਾ ਸਮਝਣ ਦੀ ਮਨਾਹੀ ਕੀਤੀ ਹੈ ਤੇ ਇਸ ਨੂੰ ਰਾਜਿਆਂ ਦੀ ਜਨਨੀ ਆਖ ਕੇ ਵਡਿਆਈ ਦਿੱਤੀ ਹੈ। ਸਿੱਖ ਧਰਮ ਵਿਚ ਇਸਤਰੀ ਤੇ ਮਰਦ ਦਾ ਇਕੋ ਜਿਹਾ ਦਰਜਾ ਹੈ। ਪਰੰਪਰਾਗਤ ਭਾਰਤੀ ਦਰਸ਼ਨ ਵਿਚ ਇਸਤਰੀ ਨੂੰ ਬਰਾਬਰੀ ਦਾ ਹੱਕ ਨਹੀਂ ਸੀ ਦਿੱਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾਂ ਵਿਚ ਅਤੇ ਖਾਲਸੇ ਦੀ ਜਥੇਬੰਦੀ ਵਿਚ ਇਸਤਰੀਆਂ ਦਾ ਸਨਮਾਨ ਕੀਤਾ ਹੈ। ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦੀ ਉਪਾਧੀ ਦਿੱਤੀ। ਸ੍ਰੀ ਮੁਕਤਸਰ ਸਾਹਿਬ ਵਿਖੇ ਸਿੰਘਾਂ ਨੂੰ ਪ੍ਰੇਰ ਕੇ ਲਿਆਉਣ ਵਾਲੀ ਵੀ ਇਕ ਇਸਤਰੀ ਸੀ ਮਾਤਾ ਭਾਗੋ ਜੀ। ਮਾਤਾ ਜੀ ਨੂੰ ਜਦੋਂ ਸਿੰਘਾਂ ਦੇ ਬੇਦਾਵਾ ਲਿਖਕੇ ਚਲੇ ਆਉਣ ਦਾ ਪਤਾ ਲੱਗਿਆ ਤਾਂ ਆਪ ਨੇ ਉਨ੍ਹਾਂ ਨੂੰ ਸੋਝੀ ਦਿੱਤੀ ਕਿ ਇਸ ਲੋਕ-ਪ੍ਰਲੋਕ ਵਿਚ ਗੁਰੂ ਬਿਨਾਂ ਕੋਈ ਸਹਾਰਾ ਨਹੀਂ। ਇਹ ਸਰੀਰ ਤਾਂ ਬਿਨਸਨਹਾਰ ਹੈ, ਇਸ ਨੂੰ ਕਿੰਨਾ ਕੁ ਚਿਰ ਬਚਾਉਂਦੇ ਫਿਰੋਗੇ। ਮਾਤਾ ਭਾਗੋ ਜੀ ਸਿੰਘਾਂ ਨੂੰ ਗੁਰੂ ਦੇ ਸਨਮੁੱਖ ਕਰਨ ਲਈ ਲੈ ਕੇ ਆਏ ਸਨ। ਮਾਤਾ ਜੀ ਜੰਗ ਵਿਚ ਸਿੰਘਾਂ ਦੇ ਨਾਲ ਹੀ ਰਹੇ ਤੇ ਮਰਦਾਵੇਂ ਭੇਸ ਵਿਚ ਵੈਰੀ ਨਾਲ ਯੁੱਧ ਵਿਚ ਹਿੱਸਾ ਲਿਆ। ਬਾਅਦ ਵਿਚ ਆਪ ਸਦਾ ਲਈ ਗੁਰੂ ਸੇਵਾ ਵਿਚ ਹੀ ਰਹੇ ਤੇ ਦੱਖਣ ਵੱਲ ਗੁਰੂ ਜੀ ਦੇ ਨਾਲ ਗਏ। ਗੁਰੂ ਜੀ ਤੋਂ ਪਿੱਛੋਂ ਆਲੇ-ਦੁਆਲੇ ਦੇ ਪਿੰਡਾਂ ਵਿਚ ਸਿੱਖੀ ਪ੍ਰਚਾਰ ਕਰਦੇ ਰਹੇ। ਮਾਤਾ ਭਾਗੋ ਜੀ ਦਾ ਇਹ ਕਿਰਦਾਰ ਭਾਰਤੀ ਸੰਸਕ੍ਰਿਤੀ ਦੇ ਉਲਟ ਇਕ ਬਹੁਤ ਵੱਡੀ ਕ੍ਰਾਂਤੀ ਦਾ ਸਿਖਰ ਸੀ। ਇਸਤਰੀ ਨੂੰ ਉਸ ਵੇਲੇ ਨਿਰਬਲ ਜਾਣ ਕੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਗੁਰਮਤਿ ਦੇ ਪ੍ਰਚਾਰ ਨੇ ਇਸਤਰੀ ਨੂੰ ਸ਼ਕਤੀ ਤੇ ਮਰਦਾਂ ਦੇ ਨਾਲ ਬਰਾਬਰੀ ਪ੍ਰਦਾਨ ਕਰਕੇ ਸਮਾਜ ਵਿਚ ਉਸਦਾ ਸਨਮਾਨਯੋਗ ਥਾਂ ਬਣਾਇਆ।
ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਇਸ ਪੱਖ ਤੋਂ ਵੀ ਮਹੱਤਵਪੂਰਨ ਹੈ ਕਿ ਇਥੇ ਸਿੱਖਾਂ ਦੀ ਗੁਰੂ ਨਾਲ ਟੁੱਟੀ ਗੰਢੀ ਗਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੱਖਾਂ ਦੇ ਸ੍ਰੀ ਅਨੰਦਪੁਰ ਸਾਹਿਬ ਵਿਚ ਦਿੱਤੇ ਬੇਦਾਵੇ ਨੂੰ ਪਾੜਕੇ ਉਨ੍ਹਾਂ ਨੂੰ ਮੁੜ ਆਪਣੇ ਸਿੱਖ ਪ੍ਰਵਾਨ ਕਰਕੇ ਗਲ਼ੇ ਨਾਲ ਲਾਇਆ। ਇਹ ਗੁਰੂ ਦੀ ਵਡਿਆਈ ਹੈ ਕਿ ਜੋ ਸਿੱਖ ਗਲਤੀ ਵੀ ਕਰਦਾ ਹੈ ਉਹ ਗੁਰੂ ਦੀ ਸ਼ਰਨ ਵਿਚ ਜਾਵੇ, ਗੁਰੂ ਉਸ ਨੂੰ ਬਖਸ਼ ਦਿੰਦਾ ਹੈ:
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥ (ਪੰਨਾ ੫੪੪)
ਗੁਰੂ ਦੀ ਸ਼ਰਨ ਵਿਚ ਆਉਣ ਕਰਕੇ ਇਨ੍ਹਾਂ ਸਿੰਘਾਂ ਦਾ ਪਰਮਾਤਮਾ ਨਾਲ ਵੀ ਮਿਲਾਪ ਹੋਇਆ ਤੇ ਉਨ੍ਹਾਂ ਦੀ ਟੁੱਟੀ ਗੰਢੀ ਗਈ। ਇਹ ਅਧਿਆਤਮਕ ਤੌਰ ‘ਤੇ ਇਸ ਗੱਲ ਦਾ ਪ੍ਰਮਾਣ ਹੈ ਕਿ ਜੋ ਕੋਈ ਜੀਵ ਗੁਰੂ ਨੂੰ ਆਪਣਾ ਆਪਾ ਅਰਪਣ ਕਰ ਦਿੰਦਾ ਹੈ, ਗੁਰੂ ਉਸੇ ਘੜੀ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ। ਜੀਵ ਰੂਪੀ ਕਮਲ ਦਾ ਫੁਲ ਮੋਹ-ਮਮਤਾ ਦੇ ਚਿੱਕੜ ਵਿਚ ਫਸਿਆ ਹੈ। ਗੁਰੂ ਹੀ ਅਜਿਹਾ ਮਿੱਤਰ ਹੈ ਜੋ ਮੋਹ-ਮਮਤਾ ਨਾਲੋਂ ਜੀਵ ਦੀ ਗੰਢ ਖੋਲ੍ਹ ਕੇ ਉਸ ਨੂੰ ਪਰਮਾਤਮਾ ਦੇ ਦਰ ਦੀ ਸੋਝੀ ਕਰਵਾ ਸਕਦਾ ਹੈ, ਜਿਸ ਤਰ੍ਹਾਂ ਬੱਦਲ ਦੀ ਵਰਖਾ ਕਮਲ ਦੀ ਮਿੱਟੀ ਧੋ ਦਿੰਦੀ ਹੈ ਤੇ ਉਹ ਖਿੜ ਉਠਦਾ ਹੈ:
ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ॥
ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ॥
ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ॥
ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ॥ (ਪੰਨਾ ੧੩੬੨-੬੩)
ਇਸ ਤਰ੍ਹਾਂ ਇਹ ਜੰਗ ਸਿਰਫ਼ ਦੁਨਿਆਵੀ ਵਾਕਿਆ ਹੀ ਨਹੀਂ ਸੀ ਇਸ ਦਾ ਅਧਿਆਤਮਕ ਮਹੱਤਵ ਵੀ ਸੀ। ਸੰਸਾਰਕ ਪੱਧਰ ‘ਤੇ ਇਹ ਸ਼ਹੀਦ ਸਿੱਖੀ ਸਿਦਕ ਦ੍ਰਿੜ੍ਹ ਕਰਵਾ ਰਹੇ ਸਨ। ਦੈਵੀ ਪੱਧਰ ‘ਤੇ ਉਹ ਹਉਮੈ ਦੀ ਕੰਧ ਤੋੜਕੇ ਸਚਿਆਰ ਬਣ ਕੇ ਪਰਮਾਤਮਾ ਦੇ ਘਰ ਵਿਚ ਪ੍ਰਵੇਸ਼ ਕਰ ਰਹੇ ਸਨ।
ਅਕਾਲ ਪੁਰਖ ਦੀ ਸ਼ਕਤੀ ਕਰਕੇ ਹੀ ਥੋੜ੍ਹੀ ਗਿਣਤੀ ਵਿਚ ਹੋਣ ਦੇ ਬਾਵਜੂਦ ਸਿੱਖਾਂ ਨੇ ਵੱਡੀ ਗਿਣਤੀ ਵਿਚ ਆਈ ਫੌਜ ਨਾਲ ਯੁੱਧ ਕੀਤਾ। ਉਨ੍ਹਾਂ ਨੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਨਮੁੱਖ ਹੋ ਕੇ ਜੰਗ ਲੜੀ। ਦੁਨੀਆਂ ਦੇ ਇੰਨੇ ਮਹਾਨ ਯੁੱਧ ਹੋਏ ਹਨ, ਰਾਮਾਇਣ-ਮਹਾਂਭਾਰਤ ਤੋਂ ਲੈ ਕੇ ਦੋਵੇਂ ਵਿਸ਼ਵ ਯੁੱਧ ਤੇ ਭਾਰਤ-ਪਾਕਿਸਤਾਨ ਦੀਆਂ ਜੰਗਾਂ ਤੱਕ। ਇਹ ਯੁੱਧ ਬਰਾਬਰ ਦੀਆਂ ਫੌਜਾਂ ਵਿਚਕਾਰ ਹੋਏ ਸਨ, ਜਦੋਂ ਫੌਜਾਂ ਬਰਾਬਰ ਦੀਆਂ ਹੋਣ ਤਾਂ ਸਿਪਾਹੀਆਂ ਨੂੰ ਜਾਨ ਦਾ ਏਨਾ ਖ਼ਤਰਾ ਨਹੀਂ ਹੁੰਦਾ। ਉਹ ਹੌਸਲੇ ਨਾਲ ਲੜਦੇ ਹਨ ਪਰ ਜਦੋਂ ਇਕ ਪਾਸੇ ੪੦ ਬੰਦੇ ਹੋਣ ਤੇ ਦੂਜੇ ਪਾਸੇ ਮੁਲਖਈਆ ਹੋਵੇ, ਉਸ ਵੇਲੇ ਦਲੇਰੀ ਨਾਲ ਕੋਈ ਵਿਰਲਾ ਹੀ ਲੜ ਸਕਦਾ ਹੈ। ਚਮਕੌਰ ਸਾਹਿਬ ਦੀ ਜੰਗ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਅਜਿਹੀਆਂ ਅਸਾਵੀਆਂ ਜੰਗਾਂ ਸਨ। ਇਨ੍ਹਾਂ ਵਿਚ ਸਿੱਖਾਂ ਦੇ ਮੁਕਾਬਲੇ ਦੁਸ਼ਮਣਾਂ ਦੀ ਗਿਣਤੀ ਬਹੁਤ ਵੱਡੀ ਸੀ। ਇਸ ਵੇਲੇ ਵੀ ਖਾਲਸੇ ਨੇ ਜਿਸ ਦਲੇਰੀ ਅਤੇ ਸਾਬਿਤ ਕਦਮੀ ਨਾਲ ਦੁਸ਼ਮਣ ਦੇ ਆਹੂ ਲਾਹੇ ਉਸਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿਚ ਨਹੀਂ ਮਿਲਦੀ।
ਇਸ ਜੰਗ ਵਿਚ ਸਿੰਘਾਂ ਨੇ ਮੌਤ ਦਾ ਭੈਅ ਉਤਾਰ ਕੇ ਜਿੰਨੇ ਵੀ ਸੁਆਸ ਉਨ੍ਹਾਂ ਨੂੰ ਮਿਲੇ ਤੇਗ ਦੇ ਜੌਹਰ ਵਿਖਾਏ। ਉਨ੍ਹਾਂ ਨੇ ਵੈਰੀ ਨੂੰ ਜਿੱਤਣ ਦੀ ਅਤੇ ਉਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਇਹ ਭਾਵਨਾ ਆਖਰੀ ਦਮ ਤਕ ਕਾਇਮ ਰਹੀ। ਭਾਵੇਂ ਉਹ ਸ਼ਹੀਦ ਹੋ ਗਏ ਪਰ ਉਨ੍ਹਾਂ ਦੇ ਮਨਾਂ ਵਿਚ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ” ਦੀ ਧੁਨੀ ਗੂੰਜ ਰਹੀ ਸੀ। ਉਹ ਸ਼ਹੀਦ ਹੋ ਕੇ ਵੀ ਜੇਤੂ ਸਨ। ਕਿਉਂਕਿ ਉਹ ਪੂਰਨ ਖਾਲਸਾ ਪਰਮਾਤਮਾ ਦਾ ਰੂਪ ਬਣ ਚੁੱਕੇ ਸਨ। ਉਨ੍ਹਾਂ ਨੇ ਮੌਤ ਨੂੰ ਵੀ ਜਿੱਤ ਲਿਆ ਸੀ। ਉਹ ਅਮਰ ਹੋ ਕੇ ਮੁਕਤ ਮੰਡਲ ਦੇ ਵਾਸੀ ਹੋ ਗਏ ਸਨ। ਵਾਹਿਗੁਰੂ ਜੀ ਕੀ ਸਦੀਵੀ ਫ਼ਤਹ ਉਨ੍ਹਾਂ ਦੇ ਅੰਗ-ਸੰਗ ਸੀ।
ਅਜਿਹੀ ਵਿਲੱਖਣ ਅਤੇ ਅਲੌਕਿਕ ਵਿਰਾਸਤ ਦੀ ਮਾਲਕ ਸਿੱਖ ਕੌਮ ਅੰਦਰ ਅੱਜ ਜੋ ਅਚਾਰ, ਵਿਹਾਰ, ਸੰਜਮ ਅਤੇ ਸਭਿਆਚਾਰਕ ਪੱਧਰ ਉੱਤੇ ਆ ਰਿਹਾ ਨਿਘਾਰ ਅਤਿ ਚਿੰਤਾ ਦਾ ਵਿਸ਼ਾ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਆਪਣੀ ਮਹਾਨ ਵਿਰਾਸਤ ਤੋਂ ਜਾਣੂ ਹੋਈਏ ਅਤੇ ਗੁਰਮਤਿ ਸਿਧਾਂਤ ਤੋਂ ਸੇਧ ਲੈ ਕੇ ਖਾਲਸਾਈ ਰੂਪ ਵਿਚ ਵਿਚਰੀਏ! ਇਸ ਮਹਾਨ ਕਾਰਜ ਲਈ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ, ਸਿੱਖ ਬੁੱਧੀਜੀਵੀਆਂ, ਮਹਾਂਪੁਰਖਾਂ ਅਤੇ ਖਾਸ ਕਰਕੇ ਮਾਪਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਹੰਭਲਾ ਮਾਰਨਾ ਹੋਵੇਗਾ। ਆਓ! ਅੱਜ ਉਨ੍ਹਾਂ ਮਹਾਨ ੪੦ ਮੁਕਤਿਆਂ ਨੂੰ ਪੂਰੀ ਸ਼ਰਧਾ ਸਤਿਕਾਰ ਅਤੇ ਸਨਮਾਨ ਨਾਲ ਸੀਸ ਝੁਕਾਈਏ ਅਤੇ ਸਤਿਗੁਰ ਦੇ ਦੱਸੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ!




Tags:
Posted in: ਸਾਹਿਤ