ਅਣਗੌਲਿਆ ਦੇਸ਼ਭਗਤ ਦਲਜੀਤ ਸਿੰਘ ਉਰਫ਼ ਰਾਏ ਸਿੰਘ

By December 30, 2016 0 Comments


ਗੁਰਲਾਲ ਸਿੰਘ ਬਰਾੜ

ਇਤਿਹਾਸ ਦੇ ਹਰ ਪੜਾਅ ਵਿੱਚ ਕੁਝ ਅਜਿਹੇ ਜਾਂਬਾਜ਼ ਨਾਇਕ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸੰਘਰਸ਼ ਅਤੇ ਕੁਰਬਾਨੀ ਦੇ ਅਨੁਪਾਤ ਵਿੱਚ ਪ੍ਰਸਿੱਧੀ ਨਹੀਂ ਮਿਲਦੀ। ਦਲਜੀਤ daljit-singhਸਿੰਘ ਉਰਫ਼ ਰਾਏ ਸਿੰਘ ਵੀ ਅਜਿਹਾ ਹੀ ਅਣਗੌਲਿਆ ਦੇਸ਼-ਭਗਤ ਹੈ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਇੱਕ ਅਹਿਮ ਘਟਨਾ ‘ਸਾਕਾ ਕੌਮਾਗਾਟਾਮਾਰੂ’ ਅਤੇ 1919 ਤੋਂ 1926 ਤਕ ਪੰਜਾਬ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਜ਼ਿਕਰਯੋਗ ਕੁਰਬਾਨੀ ਦੇ ਬਾਵਜੂਦ ਨਾ ਤਾਂ ਸਮੇਂ ਦੀਆਂ ਸਰਕਾਰਾਂ ਅਤੇ ਨਾ ਹੀ ਸਾਡੇ ਇਤਿਹਾਸਕਾਰਾਂ ਵੱਲੋਂ ਇਸ ਜੁਝਾਰੂ ਦੇਸ਼-ਭਗਤ ਨੂੰ ਬਣਦਾ ਸਨਮਾਨ ਦਿੱਤਾ ਗਿਆ।
ਦਲਜੀਤ ਸਿੰਘ (ਰਾਏ ਸਿੰਘ) ਦਾ ਜਨਮ 1893 ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕਾਉਣੀ (ਵਰਤਮਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿੱਚ ਮਲੂਕ ਸਿੰਘ ਦੇ ਘਰ ਹੋਇਆ। ਪਿੰਡ ਦੋਦਾ ਤੋਂ ਪ੍ਰਾਇਮਰੀ ਪਾਸ ਕਰਨ ਪਿੱਛੋਂ ਉਸ ਨੂੰ ਖ਼ਾਲਸਾ ਕਾਲਜੀਏਟ ਸਕੂਲ ਸ੍ਰੀ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1911 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਦਲਜੀਤ ਸਿੰਘ, ਸਿੱਖ ਵਿਦਵਾਨ ਅਤੇ ਮਿਸ਼ਨਰੀ ਭਾਈ ਤਖ਼ਤ ਸਿੰਘ ਦੇ ਪਾਸ ਕੰਨਿਆ ਮਹਾਂਵਿਦਿਆਲਾ ਫ਼ਿਰੋਜ਼ਪੁਰ ਚਲੇ ਗਏ ਅਤੇ ਭਾਈ ਸਾਹਿਬ ਵੱਲੋਂ ਕੱਢੇ ਜਾਂਦੇ ਰਸਾਲੇ ‘ਪੰਜਾਬੀ ਭੈਣ’ ਦੇ ਸਹਾਇਕ ਐਡੀਟਰ ਲੱਗ ਗਏ।
20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਪੰਜਾਬੀਆਂ ਵਿੱਚ ਅਮਰੀਕਾ ਅਤੇ ਕੈਨੇਡਾ ਆਦਿ ਮੁਲਕਾਂ ਵਿੱਚ ਜਾਣ ਦਾ ਰੁਝਾਨ ਸ਼ੁਰੂ ਹੋਇਆ, ਜੋ 1912-13 ਤਕ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਲਈ ਸਮੱਸਿਆ ਦਾ ਰੂਪ ਧਾਰਨ ਕਰ ਗਿਆ। ਕੈਨੇਡਾ ਦੀ ਸਰਕਾਰ ਨੇ ਆਪਣੇ ਦੇਸ਼ ਨੂੰ ‘ਗੋਰਿਆਂ ਦੀ ਧਰਤੀ’ ਬਣਾਈ ਰੱਖਣ ਲਈ ‘ਸਿੱਧੇ ਸਫ਼ਰ’ ਅਤੇ ‘200 ਡਾਲਰ ਵਿਖਾਉਣ’ ਵਰਗੇ ਸਖ਼ਤ ਕਾਨੂੰਨ ਪਾਸ ਕਰ ਦਿੱਤੇ ਤਾਂ ਜੋ ਕੋਈ ਵੀ ਭਾਰਤੀ ਜਾਂ ਪੰਜਾਬੀ ਕੈਨੇਡਾ ਨਾ ਪਹੁੰਚ ਸਕੇ। ਇਨ੍ਹਾਂ ਕਾਨੂੰਨਾਂ ਨੇ ਕੈਨੇਡਾ ਰਹਿ ਰਹੇ ਪੰਜਾਬੀਆਂ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ। 15 ਮਾਰਚ, 1913 ਨੂੰ ਇਸ ਸਮੱਸਿਆ ਦੇ ਹੱਲ ਲਈ ਕੈਨੇਡੀਅਨ ਪੰਜਾਬੀਆਂ ਵੱਲੋਂ ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਨਰਾਇਣ ਸਿੰਘ ਅਤੇ ਭਾਈ ਨੰਦ ਸਿੰਘ ਸੀਹਰਾ ਦਾ ਤਿੰਨ-ਮੈਂਬਰੀ ਵਫ਼ਦ ਇੰਗਲੈਂਡ ਗਿਆ। ਉੱਥੇ ਕੋਈ ਸੁਣਵਾਈ ਨਾ ਹੋਣ ’ਤੇ ਇਹ ਵਫ਼ਦ 6 ਜੁਲਾਈ, 1913 ਨੂੰ ਭਾਰਤ ਆ ਗਿਆ। 31 ਅਗਸਤ, 1913 ਨੂੰ ਫ਼ਿਰੋਜ਼ਪੁਰ ਵਿੱਚ ਹੋਏ ਜਲਸੇ ਦੌਰਾਨ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਭਾਈ ਤਖ਼ਤ ਸਿੰਘ ਨਾਲ ਕਲਕੱਤੇ ਤੋਂ ਕੈਨੇਡਾ ਤਕ ਸਿੱਧਾ ਆਪਣਾ ਜਹਾਜ਼ ਚਲਾਉਣ ਦੀ ਸਕੀਮ ’ਤੇ ਵਿਚਾਰ-ਵਟਾਂਦਰਾ ਕੀਤਾ। ਭਾਈ ਤਖ਼ਤ ਸਿੰਘ ਨੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੂੰ ‘ਆਪਣਾ ਜਹਾਜ਼’ ਚਲਾਉਣ ਦੇ ਪ੍ਰਾਜੈਕਟ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਰਾਜ਼ੀ ਕਰ ਲਿਆ। ਫਿਰ ਭਾਈ ਤਖ਼ਤ ਸਿੰਘ ਨੇ ਬਾਬਾ ਗੁਰਦਿੱਤ ਸਿੰਘ ਦਾ ਸਹਿਯੋਗ ਕਰਨ ਲਈ ਦਲਜੀਤ ਸਿੰਘ ਨੂੰ ਤਿਆਰ ਕੀਤਾ। ਭਾਈ ਬਲਵੰਤ ਸਿੰਘ ਨੇ ਵੈਨਕੂਵਰ ਵਿਚਲੇ ਆਗੂਆਂ ਦੇ ਨਾਂ-ਪਤੇ ਦਲਜੀਤ ਸਿੰਘ ਨੂੰ ਨੋਟ ਕਰਵਾਏ ਅਤੇ ਦਸੰਬਰ 1913 ਦੇ ਅਖ਼ੀਰਲੇ ਹਫ਼ਤੇ ਦਲਜੀਤ ਸਿੰਘ ਆਪਣੇ ਇੱਕ ਹੋਰ ਸਾਥੀ ਭਾਈ ਵੀਰ ਸਿੰਘ ਨੂੰ ਨਾਲ ਲੈ ਕੇ ਹਾਂਗਕਾਂਗ ਪਹੁੰਚ ਗਏ।
5 ਜਨਵਰੀ, 1914 ਨੂੰ ਬਾਬਾ ਗੁਰਦਿੱਤ ਸਿੰਘ ਵੀ ਹਾਂਗਕਾਂਗ ਪੁੱਜ ਗਏ ਅਤੇ ਭਾਰਤੀਆਂ ਤੇ ਪੰਜਾਬੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਦਲਜੀਤ ਸਿੰਘ ਨੂੰ ਕੈਨੇਡਾ ਵਿਚਲੇ ਆਗੂਆਂ ਨਾਲ ਰਾਬਤਾ ਬਣਾਉਣ ਅਤੇ ਫੰਡ ਇਕੱਠਾ ਕਰਨ ਦੀਆਂ ਹਦਾਇਤਾਂ ਦੇ ਕੇ ਬਾਬਾ ਗੁਰਦਿੱਤ ਸਿੰਘ ਵਾਪਸ ਸਿੰਗਾਪੁਰ ਚਲੇ ਗਏ। ਮਾਰਚ 1914 ਵਿੱਚ ਬਾਬਾ ਜੀ ਫਿਰ ਹਾਂਗਕਾਂਗ ਆਏ ਅਤੇ ਇੱਕ ਜਪਾਨੀ ਕੰਪਨੀ ਤੋਂ ‘ਐੱਸ.ਐੱਸ. ਕੌਮਾਗਾਟਾਮਾਰੂ’ ਨਾਂ ਦਾ ਸਮੁੰਦਰੀ ਜਹਾਜ਼ ਛੇ ਮਹੀਨਿਆਂ ਲਈ ਕਿਰਾਏ ’ਤੇ ਲੈ ਲਿਆ। 28 ਸਤੰਬਰ, 1914 ਨੂੰ ਬਜਬਜ ਘਾਟ ’ਤੇ ਪਹੁੰਚਣ ਸਮੇਂ ਪੁਲੀਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਲਗਪਗ 19 ਮੁਸਾਫ਼ਰ ਮਾਰੇ ਗਏ ਅਤੇ ਬਾਕੀ ਰਾਤ ਦੇ ਹਨੇਰੇ ਦਾ ਫ਼ਾਇਦਾ ਉਠਾ ਕੇ ਦੌੜ ਗਏ। ਦਲਜੀਤ ਸਿੰਘ ਵੀ ਰਾਤ ਦੇ ਹਨੇਰੇ ਵਿੱਚ ਬਚ ਕੇ ਨਿਕਲ ਗਿਆ। ਤਿੰਨ ਮਹੀਨੇ ਬੰਗਾਲ ਵਿੱਚ ਭਟਕਣ ਪਿੱਛੋਂ ਦਸੰਬਰ 1914 ਦੇ ਅਖ਼ੀਰ ਵਿੱਚ ਉਹ ਪੰਜਾਬ ਆ ਗਿਆ। ਫਿਰ ਕਰੀਬ 7 ਸਾਲ ਉਸ ਨੇ ਗੁਪਤਵਾਸ ਦੀ ਜ਼ਿੰਦਗੀ ਬਿਤਾਈ। ਅਖ਼ੀਰ ਉਸ ਨੇ ਅੰਮ੍ਰਿਤਸਰ ਨੂੰ ਆਪਣਾ ਟਿਕਾਣਾ ਬਣਾ ਲਿਆ ਅਤੇ ਰਾਏ ਸਿੰਘ ਦੇ ਨਾਂ ਹੇਠ ਵਿਚਰਨ ਲੱਗ ਪਿਆ।
1919 ਵਿੱਚ ਦਲਜੀਤ ਸਿੰਘ ਸੈਂਟਰਲ ਸਿੱਖ ਲੀਗ ਦਾ ਮੈਂਬਰ ਬਣ ਗਿਆ। 1920 ਵਿੱਚ ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਹਰਚੰਦ ਸਿੰਘ ਲਾਇਲਪੁਰੀ ਅਤੇ ਮੰਗਲ ਸਿੰਘ ਆਦਿ ਸਿੱਖ ਆਗੂਆਂ ਦੇ ਸੰਪਰਕ ਵਿੱਚ ਆਇਆ ਅਤੇ ‘ਰੋਜ਼ਾਨਾ ਅਕਾਲੀ’ ਅਖ਼ਬਾਰ ਲਈ ਪੱਤਰਕਾਰੀ ਕਰਨ ਲੱਗ ਪਿਆ। 15 ਨਵੰਬਰ, 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ਸਮੇਂ ਉਹ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਮੈਂਬਰ ਚੁਣਿਆ ਗਿਆ ਅਤੇ ਕਮੇਟੀ ਦੇ ਦਫ਼ਤਰ ਵਿੱਚ ਹੈੱਡ-ਕਲਰਕ ਵਜੋਂ ਸੇਵਾ ਕਰਨ ਲੱਗ ਪਿਆ। 20 ਫਰਵਰੀ, 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਨੂੰ ਪੁਜਾਰੀਆਂ ਦੇ ਕਬਜ਼ੇ ਵਿੱਚੋਂ ਛੁਡਵਾਇਆ ਅਤੇ ਮੁਕਤਸਰ ਦੇ ਗੁਰਦੁਆਰੇ ਦਾ ਪਹਿਲਾ ਮੈਨੇਜਰ ਦਲਜੀਤ ਸਿੰਘ (ਰਾਏ ਸਿੰਘ) ਨੂੰ ਲਾਇਆ ਗਿਆ। ਮੀਆਂਵਾਲੀ ਜੇਲ੍ਹ ਵਿੱਚ ਬਾਬਾ ਗੁਰਦਿੱਤ ਸਿੰਘ ਨੇ ਕੌਮਾਗਾਟਾਮਾਰੂ ਦੀ ਕਹਾਣੀ ਆਪਣੇ ਜੇਲ੍ਹ ਸਾਥੀਆਂ ਨੂੰ ਸੁਣਾਈ, ਜਿਸ ਨੂੰ ਭਾਈ ਅਰਜਨ ਸਿੰਘ ਗੜਗੱਜ ਨੇ ਕਲਮਬੰਦ ਕੀਤਾ ਅਤੇ ਗੁਪਤ ਤਰੀਕੇ ਨਾਲ ਰਾਏ ਸਿੰਘ ਪਾਸ ਭੇਜ ਦਿੱਤਾ। ਇਸ ਕਹਾਣੀ ਨੂੰ ਪੁਸਤਕ ਰੂਪ ਵਿੱਚ ‘ਜ਼ੁਲਮੀ ਕਥਾ’ ਸਿਰਲੇਖ ਹੇਠ ਰਾਏ ਸਿੰਘ ਨੇ 1922 ਵਿੱਚ ਪ੍ਰਕਾਸ਼ਿਤ ਕਰਵਾਇਆ, ਜਿਸ ਨੂੰ ਅੰਗਰੇਜ਼ ਹਕੂਮਤ ਨੇ ਜ਼ਬਤ ਕਰ ਲਿਆ। 1922 ਵਿੱਚ ਹੀ ਗੁਰੂ ਕੇ ਬਾਗ਼ ਦੇ ਮੋਰਚੇ ਦੌਰਾਨ ਉਸ ਨੇ 6 ਨਵੰਬਰ 1922 ਨੂੰ ਆਪਣੇ 78 ਸਾਥੀਆਂ ਸਮੇਤ ਗ੍ਰਿਫ਼ਤਾਰੀ ਦਿੱਤੀ।
ਜੁਲਾਈ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਅੰਗਰੇਜ਼ ਹਕੂਮਤ ਵੱਲੋਂ ਜ਼ਬਰਦਸਤੀ ਗੱਦੀ ਤੋਂ ਲਾਹੁਣ ਦੇ ਵਿਰੋਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਨਾਭਾ ਰਿਆਸਤ ਦੇ ਕਸਬੇ ਜੈਤੋ ਮੰਡੀ ਵਿੱਚ ਇੱਕ ਦੀਵਾਨ ਰੱਖਿਆ ਗਿਆ। ਅੰਗਰੇਜ਼ ਹਕੂਮਤ ਨੇ ਜੈਤੋ ਦੇ ਮੋਰਚੇ ਨੂੰ ਫੇਲ੍ਹ ਕਰਨ ਲਈ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਾਰਿਆਂ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਇਕੱਠੇ ਕਰਕੇ ਬਰਤਾਨੀਆਂ ਦੇ ਸ਼ਹਿਨਸ਼ਾਹ ਦਾ ਤਖ਼ਤਾ ਪਲਟਣ ਦੀ ਸਾਜ਼ਿਸ਼ ਦਾ ਦੋਸ਼ ਲਗਾ ਕੇ ਦੇਸ਼-ਧ੍ਰੋਹ ਦਾ ਮੁਕੱਦਮਾ ਚਲਾ ਦਿੱਤਾ। ਰਾਏ ਸਿੰਘ ਨੂੰ ਵੀ 9 ਨਵੰਬਰ 1923 ਨੂੰ ਨਾਭੇ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰਕੇ ਮੁਕੱਦਮੇ ਵਿੱਚ ਨਾਮਜ਼ਦ ਕੀਤਾ। ਇਹ ਕੇਸ ਲਗਪਗ ਤਿੰਨ ਸਾਲ ਚੱਲਿਆ। ਇਸ ਦੌਰਾਨ ਸਾਰੇ ਸਿੱਖ ਆਗੂਆਂ ਨੂੰ ਅੰਮ੍ਰਿਤਸਰ ਤੋਂ ਕਿਲ੍ਹਾ ਜੇਲ੍ਹ ਲਾਹੌਰ ਵਿੱਚ ਤਬਦੀਲ ਕਰ ਦਿੱਤਾ ਗਿਆ। ਅੰਗਰੇਜ਼ ਹਕੂਮਤ ਨੇ 27 ਸਤੰਬਰ 1926 ਨੂੰ ਰਾਏ ਸਿੰਘ ਅਤੇ ਬਾਕੀ ਸਿੱਖ ਆਗੂਆਂ ਨੂੰ ਰਿਹਾਅ ਕਰ ਦਿੱਤਾ।
ਰਿਹਾਈ ਤੋਂ ਬਾਅਦ ਦਸੰਬਰ 1926 ਵਿੱਚ ਰਾਏ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣੇ। 1929 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦਾ ਦੂਜੀ ਵਾਰ ਮੈਨੇਜਰ ਲਾਇਆ। ਰਾਏ ਸਿੰਘ ਇਸਤਰੀ-ਸਿੱਖਿਆ ਲਈ ਯਤਨਸ਼ੀਲ ਸਨ। ਇਸ ਲਈ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਕੰਨਿਆ ਵਿਦਿਆਲਾ ਖੋਲ੍ਹਿਆ। 1937 ਵਿੱਚ ਰਾਏ ਸਿੰਘ ਨੂੰ ਨਮੂਨੀਆ ਹੋ ਗਿਆ ਤੇ 8 ਦਸੰਬਰ, 1937 ਨੂੰ ਉਹ ਸਦੀਵੀਂ ਵਿਛੋੜਾ ਦੇ ਗਏ।
ਗੁਰਲਾਲ ਸਿੰਘ ਬਰਾੜ
ਸੰਪਰਕ: 94635-18172




Tags:
Posted in: ਸਾਹਿਤ