ਸ਼ਹੀਦ ਊਧਮ ਸਿੰਘ

By December 29, 2016 0 Comments


ਜਸਦੇਵ ਸਿੰਘ ਲਲਤੋਂ
shaheed-udham-singh
ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿੱਚ ਮਾਤਾ ਨਰੈਣੀ (ਹਰਨਾਮ ਕੌਰ) ਤੇ ਪਿਤਾ ਚੂਹੜ ਰਾਮ (ਟਹਿਲ ਸਿੰਘ) ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਪਹਿਲਾਂ ਸਬਜ਼ੀਆਂ ਦੀ ਖੇਤੀ, ਫਿਰ ਨਹਿਰੀ ਮਹਿਕਮੇ ਦੀ ਨੌਕਰੀ, ਉਪਲੀ ਰੇਲਵੇ ਫਾਟਕ ਦੀ ਨੌਕਰੀ ਕਰਦੇ ਸਨ ਪਰ ਮਗਰੋਂ ਉਹ ਨੌਕਰੀ ਛੱਡ ਕੇ ਕੰਮ ਦੀ ਭਾਲ ਵਿੱਚ ਅੰਮ੍ਰਿਤਸਰ ਚਲੇ ਗਏ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਊਧਮ ਸਿੰਘ ਦੇ ਮਾਤਾ ਪਹਿਲਾਂ ਹੀ ਗੁਜ਼ਰ ਚੁੱਕੇ ਸਨ। 24 ਅਕਤੂਬਰ, 1907 ਨੂੰ ਊਧਮ ਸਿੰਘ ਤੇ ਵੱਡਾ ਭਰਾ ਸਾਧੂ ਸਿੰਘ ਸਿੱਖ ਸੈਂਟਰਲ ਯਤੀਮ ਘਰ ਅੰਮ੍ਰਿਤਸਰ ਵਿੱਚ ਦਾਖ਼ਲ ਹੋਏ। ਯਤੀਮਖ਼ਾਨੇ ਰਹਿੰਦਿਆਂ ਊਧਮ ਸਿੰਘ ਨੇ ਸਿੱਖ ਇਤਿਹਾਸ ਵਿੱਚ ਹੋਈਆਂ ਕੁਰਬਾਨੀਆਂ ਦਾ ਗਿਆਨ ਪ੍ਰਾਪਤ ਕੀਤਾ। ਉਹ ਸਥਾਨਕ ਦੇਸ਼ ਭਗਤ ਪੰਡਤ ਹਰੀ ਚੰਦ ਦੀਆਂ ਸਭਾਵਾਂ ਤੇ ਗੁਪਤ ਮੀਟਿੰਗਾਂ ਵਿੱਚ ਜਾਣ ਲੱਗਿਆ। 1917 ਵਿੱਚ ਵੱਡੇ ਭਰਾ ਸਾਧੂ ਸਿੰਘ ਦੀ ਨਮੂਨੀਏ ਨਾਲ ਹੋਈ ਮੌਤ ਨੇ ਉਸ ਨੂੰ ਵੱਡਾ ਸਦਮਾ ਪਹੁੰਚਾਇਆ। ਯਤੀਮ ਘਰ ਦੀ ਸਹਾਇਤਾ ਨਾਲ ਉਹ ਉੱਤਰੀ-ਪੱਛਮੀ ਰੇਲਵੇ ਵਿੱਚ ਡਰਾਈਵਰ ਦੇ ਸਹਾਇਕ ਵਜੋਂ ਕੰਮ ਕਰਨ ਲੱਗਿਆ।
1918 ਵਿੱਚ ਪੂਰਬੀ ਅਫ਼ਰੀਕਾ ਦੇ ਸ਼ਹਿਰ ਮੋਬਾਸਾ ਪੁੱਜਾ। ਨੈਰੋਬੀ ’ਚ ਇੱਕ ਜਰਮਨ ਕੰਪਨੀ ਵਿੱਚ ਮੋਟਰ ਮਕੈਨਿਕ ਦੀ ਨੌਕਰੀ ਕੀਤੀ। ਜੂਨ 1919 ਨੂੰ ਭਾਰਤ ਵਾਪਸ ਆਇਆ। ਅੰਮ੍ਰਿਤਸਰ ਆ ਕੇ 13 ਅਪਰੈਲ 1919 ਦੇ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਅਤੇ ਪੰਜਾਬ ਦੇ ਜ਼ਿਲ੍ਹਿਆਂ ਤੇ ਸੈਂਕੜੇ ਪਿੰਡਾਂ ਵਿੱਚ ਲੱਗੇ ਮਾਰਸ਼ਲ ਲਾਅ ਦੌਰਾਨ ਹੋਈ ਬੇਦੋਸ਼ੇ ਤੇ ਮਾਸੂਮ ਲੋਕਾਂ ਦੇ ਕਤਲੋਗਾਰਦ, ਤਸ਼ੱਦਦ, ਗ੍ਰਿਫ਼ਤਾਰੀਆਂ ਦੇ ਦਮਨ ਚੱਕਰ ਬਾਰੇ ਸੁਣ ਕੇ ਉਸ ਦਾ ਹਿਰਦਾ ਵਲੂੰਧਰਿਆ ਗਿਆ ਤੇ ਉਸ ਨੇ ਮਨ ਵਿੱਚ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ। (ਉਸ ਨੇ ਆਪਣੇ 5 ਜੂਨ 1940 ਦੇ ਬਿਆਨ ਵਿੱਚ ਦੱਸਿਆ ਕਿ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਵੇਲੇ ਉਹ ਪੂਰਬੀ ਅਫ਼ਰੀਕਾ ’ਚ ਸੀ ਤੇ ਉਸ ਨੂੰ ਇਸ ਦੀ ਜਾਣਕਾਰੀ ਵਾਪਸ ਆ ਕੇ ਹੀ ਮਿਲੀ ਸੀ।)
ਊਧਮ ਸਿੰਘ ਗ਼ਦਰ ਸਾਹਿਤ ਦੀ ਪ੍ਰਾਪਤੀ ਤੇ ਮਾਸਟਰ ਮੋਤਾ ਸਿੰਘ ਨੂੰ ਮਿਲਣ ਲਈ ਪਤਾਰਾ (ਜ਼ਿਲ੍ਹਾ ਜਲੰਧਰ) ਗਿਆ, ਪਰ ਫੜੋ-ਫੜੀ ਦਾ ਦੌਰ ਹੋਣ ਕਰਕੇ ਕੋਈ ਭੇਤ ਨਾ ਲੱਗ ਸਕਿਆ। ਕੁਝ ਮਹੀਨਿਆਂ ਬਾਅਦ ਉਹ ਮੁੜ ਪੂਰਬੀ ਅਫ਼ਰੀਕਾ ਗਿਆ, ਜਿੱਥੇ ਦੋ ਸਾਲ ਯੁਗਾਂਡਾ ਰੇਲਵੇ ਵਰਕਸ਼ਾਪ ਵਿੱਚ ਮਕੈਨਿਕ ਵਜੋਂ ਨੌਕਰੀ ਕੀਤੀ। ਮੁੜ ਭਾਰਤ ਪਰਤ ਆਇਆ। 1922 ਵਿੱਚ ਪ੍ਰੀਤਮ ਸਿੰਘ ਨਾਲ ਲੰਡਨ, ਫਿਰ ਮੈਕਸੀਕੋ ਗਿਆ। ਦੋ ਸਾਲ ਕੈਲੇਫੋਰਨੀਆ ਤੇ ਕੁਝ ਮਹੀਨੇ ਡੈਟਰੋਇਟ, ਸ਼ਿਕਾਗੋ ਤੇ ਨਿਊਯਾਰਕ ਕੰਮ ਕੀਤਾ। ਕੈਲੇਫੋਰਨੀਆ ’ਚ ਉਹ ਗ਼ਦਰ ਪਾਰਟੀ ਦਾ ਮੈਂਬਰ ਬਣ ਗਿਆ ਅਤੇ ਇਸ ਦੀਆਂ ਸਰਗਰਮੀਆਂ ’ਚ ਹਿੱਸਾ ਲੈਣ ਲੱਗਾ, ਜੋ ਅੰਤ ਤਕ ਜਾਰੀ ਰਿਹਾ।
1923 ਵਿੱਚ ਸੈਫ-ਉਦ-ਦੀਨ ਕਿਚਲੂ ਰਾਹੀਂ ਉਸ ਦੀ ਮਿਲਣੀ ਕਾਬਲ ਵਿੱਚ ਮਾਸਟਰ ਮੋਤਾ ਸਿੰਘ ਨਾਲ ਹੋਈ। ਵਾਪਸ ਸੁਨਾਮ ਆ ਕੇ ਆਪਣੇ ਮਿੱਤਰਾਂ ਤੇ ਸਕੇ ਸਬੰਧੀਆਂ ਨਾਲ ਮਿਲਣੀਆਂ ਕੀਤੀਆਂ। ਅੰਮ੍ਰਿਤਸਰ ਆ ਕੇ ਉਸ ਨੇ ਇੱਕ ਦੁਕਾਨ ਲਈ, ਜਿਸ ਉੱਤੇ ‘ਰਾਮ ਮੁਹੰਮਦ ਸਿੰਘ ਅਜ਼ਾਦ’ ਲਿਖਿਆ ਹੋਅਿਾ ਸੀ। ਇਹ ਦੁਕਾਨ ਕਾਫ਼ੀ ਸਮਾਂ ਇਨਕਲਾਬੀਆਂ ਦੇ ਤਾਲਮੇਲ ਦਾ ਕੇਂਦਰ ਬਣੀ ਰਹੀ। ਇੱਥੇ ਹੀ ਉਸ ਦੀ ਮੁਲਾਕਾਤ ਭਗਤ ਸਿੰਘ ਨਾਲ ਹੋਈ।
ਇਸ ਪਿੱਛੋਂ ਊਧਮ ਸਿੰਘ ਬੱਬਰ ਅਕਾਲੀ ਲਹਿਰ ਵਿੱਚ ਸ਼ਾਮਲ ਹੋ ਗਿਆ। ਉਸ ਨੇ ਅਤੇ ਸ਼ੇਰਜੰਗ ਨੇ ਆਪਣੇ ਨਾਲ 15-16 ਸਾਥੀ ਹੋਰ ਤਿਆਰ ਕਰ ਲਏ ਤੇ ਬੱਬਰ ਸਰਗਰਮੀਆਂ ਵਿੱਚ ਰੋਲ ਨਿਭਾਉਣ ਲੱਗੇ। ਇਸ ਪਿੱਛੋਂ ਊਧਮ ਸਿੰਘ ਨੇ ਮੁੜ ਭਗਤ ਸਿੰਘ ਨਾਲ ਸੰਪਰਕ ਕਾਇਮ ਕੀਤਾ। ਊਧਮ ਸਿੰਘ ਨੂੰ ਇਨਕਲਾਬੀ ਸਾਹਿਤ ਦੀ ਸਪਲਾਈ ਲਈ ਅਮਰੀਕਾ ਭੇਜਣ ਦਾ ਫ਼ੈਸਲਾ ਹੋਇਆ। 1924 ਨੂੰ ਉਹ ਅਮਰੀਕਾ ਪੁੱਜਾ। ਉਸ ਨੇ ਵੱਖ-ਵੱਖ ਦੇਸ਼ਾਂ ਵਿੱਚ ਗ਼ਦਰ ਪਾਰਟੀ ਦੇ ਕਾਰਕੁਨਾਂ ਨਾਲ ਸੰਪਰਕ ਬਹਾਲ ਕੀਤੇ ਤੇ ਗ਼ਦਰ ਸਾਹਿਤ ਭੇਜਣਾ ਸ਼ੁਰੂ ਕੀਤਾ। ਅਮਰੀਕਾ ਵਿੱਚ ਰਹਿੰਦਿਆਂ ਊਧਮ ਸਿੰਘ ਨੇ ‘ਆਜ਼ਾਦ ਪਾਰਟੀ’ ਕਾਇਮ ਕੀਤੀ ਜੋ ਗ਼ਦਰ ਪਾਰਟੀ ਦੀ ਸਹਾਇਕ ਸੀ। 1927 ਦੇ ਸ਼ੁਰੂ ’ਚ ਉਸ ਨੂੰ ਭਗਤ ਸਿੰਘ ਦਾ ਪੱਤਰ ਮਿਲਿਆ। ਇਸ ਬਾਰੇ ਉਸ ਨੇ ਆਪਣੀ ਪਾਰਟੀ ਨਾਲ ਵਿਚਾਰ ਕੀਤੀ ਤੇ ਫ਼ੈਸਲਾ ਲਿਆ ਕਿ ਉਸ ਨਾਲ 25 ਮੈਂਬਰ ਭਾਰਤ ਜਾਣਗੇ, ਜਿਨ੍ਹਾਂ ਵਿੱਚ ਇੱਕ ਜਰਮਨ ਔਰਤ ਵੀ ਸੀ।
ਉਸ ਨੇ ਦੱਖਣੀ ਇੰਗਲੈਂਡ ਦੇ ਆਈਲ ਆਫ ਵ੍ਹਾਈਟ ਵਿੱਚ ਅੰਗਰੇਜ਼ੀ ਚੈਨਲ ਦੇ ਸਮੁੰਦਰੀ ਡਾਕੂਆਂ ਤੋਂ ਹਥਿਆਰ ਖ਼ਰੀਦੇ ਤੇ ਜਮ੍ਹਾਂ ਕੀਤੇ। ਭਾਰਤ ਵਾਪਸੀ ਮੌਕੇ ਉਹ ਲਾਲਾ ਹਰਦਿਆਲ ਦਾ ਇੱਕ ਪੱਤਰ ਸੁਭਾਸ਼ ਚੰਦਰ ਬੋਸ ਦੇ ਨਾਂ ਲੈ ਕੇ ਆਇਆ। ਆਪਣੇ ਜਥੇ ਸਮੇਤ ਉਹ ਸੁਨਾਮ ਪੁੱਜੇ ਤੇ ਆਪਣੇ ਘਰ ਹੀ ਦਫ਼ਤਰ ਕਾਇਮ ਕੀਤਾ। 30 ਅਗਸਤ 1927 ਨੂੰ ਉਹ ਅਸਲੇ ਸਮੇਤ ਕਟੜਾ ਸ਼ੇਰ ਸਿੰਘ (ਅੰਮ੍ਰਿਤਸਰ) ਤੋਂ ਫੜਿਆ ਗਿਆ। ਅੰਗਰੇਜ਼ ਪੁਲੀਸ ਨੇ ਉਸ ਉੱਤੇ ਭਾਰੀ ਤਸ਼ੱਦਦ ਢਾਹਿਆ ਪਰ ਉਹ ਆਪਣੇ ਮਿਸ਼ਨ ਉੱਤੇ ਅਡੋਲ ਰਿਹਾ। ਮੁਕੱਦਮੇ ਪਿੱਛੋਂ 1928 ਵਿੱਚ ਉਸ ਨੂੰ 5 ਸਾਲ ਦੀ ਕੈਦ ਹੋਈ। 23 ਅਕਤੂਬਰ 1931 ਨੂੰ ਰਿਹਾਈ ਤੋਂ ਬਾਅਦ ਉਹ ਹੁਸੈਨੀਵਾਲਾ ਤੇ ਫਿਰ ਸੁਨਾਮ ਪੁੱਜਿਆ।
ਜੂਨ 1932 ਵਿੱਚ ਊਧਮ ਸਿੰਘ ਸਾਧੂ ‘ਬਾਵਾ’ ਦੇ ਭੇਸ ਵਿੱਚ ਜੰਮੂ ਤੋਂ ਸ੍ਰੀਨਗਰ ਪੈਦਲ ਗਿਆ। 20 ਮਾਰਚ, 1933 ਲਾਹੌਰ ਤੋਂ ਊਧਮ ਸਿੰਘ ਦੇ ਨਾਮ ਉੱਤੇ ਨਵਾਂ ਪਾਸਪੋਰਟ ਹਾਸਲ ਕਰਨ ਵਿੱਚ ਸਫ਼ਲ ਹੋਇਆ। 1934 ਵਿੱਚ ਉਹ ਮੁੜ ਇੰਗਲੈਂਡ ਪੁੱਜਾ। 1937 ਵਿੱਚ ਗੋਰਿਆਂ ਦੀ ਸੀ.ਆਈ.ਡੀ. ਨੂੰ ਪਤਾ ਲੱਗਾ ਕਿ ਸ਼ੇਰ ਸਿੰਘ, ਉਦੈ ਸਿੰਘ, ਊਧਮ ਸਿੰਘ, ਮੁਹੰਮਦ ਸਿੰਘ ਅਜ਼ਾਦ ਇੱਕੋ ਬੰਦਾ ਹੈ।
ਊਧਮ ਸਿੰਘ ਨੇ 12 ਮਾਰਚ 1940 ਨੂੰ ਆਪਣੇ ਨਜ਼ਦੀਕੀ ਦੋਸਤਾਂ ਨੂੰ ਰਸਮੀ ਵਿਦਾਇਗੀ ਦਿੱਤੀ ਤੇ ਆਖਿਆ, ‘‘ਕੱਲ੍ਹ ਦੀ ਸ਼ਾਮ ਲੰਡਨ ਦੇ ਲੋਕ ਇੱਕ ਅਦਭੁਤ ਨਜ਼ਾਰਾ ਦੇਖਣਗੇ, ਜੋ ਅੰਗਰੇਜ਼ ਸਾਮਰਾਜ ਦੀ ਨੀਂਹ ਹਿਲਾ ਕੇ ਰੱਖ ਦੇਵੇਗਾ। ਇਹ ਤੁਹਾਡੇ ਪਿਆਰੇ ‘ਬਾਵੇ’ ਲਈ ਸ਼ੁੱਭ ਦਿਨ ਹੋਵੇਗਾ।” 13 ਮਾਰਚ ਸ਼ਾਮ ਨੂੰ ਨਵਾਂ ਸੂਟ ਪਹਿਨ ਕੇ, ਓਵਰਕੋਟ ਦੀ ਅੰਦਰਲੀ ਜੇਬ ਵਿੱਚ ਕਾਰਤੂਸਾਂ ਨਾਲ ਭਰਿਆ ਪਿਸਤੌਲ ਲੈ ਕੇ ਊਧਮ ਸਿੰਘ ਮੀਟਿੰਗ ਤੋਂ ਪਹਿਲਾਂ ਕੈਕਸਟਨ ਹਾਲ (ਲੰਡਨ) ਪੁੱਜਾ। ਸੀਟਾਂ ਦੀ ਘਾਟ ਕਾਰਨ ਉਹ ਖੜ੍ਹੇ ਲੋਕਾਂ ਵਿੱਚ ਸੱਜੇ ਪਾਸੇ ਪਹਿਲੀ ਕਤਾਰ ਦੇ ਨੇੜੇ ਖੜ੍ਹਾ ਹੋਇਆ। ਸਰ ਮਾਈਕਲ ਓ’ਡਵਾਇਰ ਨੇ 1913-16 ਵਿੱਚ ਭਾਰਤ ’ਚ ਆਪਣੇ ਰੋਲ ਬਾਰੇ ਹੰਕਾਰੀ ਭਾਸ਼ਣ ਦਿੱਤਾ। ਮੀਟਿੰਗ ਮੁੱਕਦਿਆਂ ਹੀ ਊਧਮ ਸਿੰਘ ਨੇ ਪਿਸਤੌਲ ਕੱਢ ਕੇ 6 ਗੋਲੀਆਂ ਚਲਾਈਆਂ ਤੇ ਓ’ਡਵਾਇਰ ਮੌਕੇ ‘ਤੇ ਹੀ ਮਾਰਿਆ ਗਿਆ। ਲਾਰਡ ਜੈਟ ਲੈਂਡ, ਲਾਰਡ ਲਮਿੰਗਟਨ, ਸਰ ਲੂਇਸ ਡੇਨ ਫੱਟੜ ਹੋਏ। ਗੋਰਿਆਂ ’ਚ ਭਗਦੜ ਮਚੀ, ਊਧਮ ਸਿੰਘ ਗੇਟ ਉੱਤੇ ਫੜਿਆ ਗਿਆ। ਉਹ ਸ਼ਾਂਤ, ਖ਼ੁਸ਼ ਤੇ ਸੰਤੁਸ਼ਟ ਸੀ। ਰਾਤ ਨੂੰ 9 ਵਜੇ ਬੀਬੀਸੀ ਨੇ ਪਹਿਲੀ ਸੰਖੇਪ ਖ਼ਬਰ ਦਿੱਤੀ। 9:15 ਉੱਤੇ ਜਰਮਨ ਰੇਡੀਓ ਨੇ ਵੱਡੀ ਖ਼ਬਰ ਦਿੱਤੀ। ਅਗਲੇ ਦਿਨ ਅਖ਼ਬਾਰਾਂ, ਰੇਡੀਓ ਰਾਹੀਂ ਇਹ ਖ਼ਬਰ ਪੂਰੀ ਦੁਨੀਆਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ।
13 ਮਾਰਚ ਦੀ ਰਾਤ ਨੂੰ ਊਧਮ ਸਿੰਘ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ। ਮਹੀਨਾ ਭਰ ਉਸ ਨੂੰ ਅੰਗਰੇਜ਼ੀ ਪੁਲੀਸ ਨੇ ਤਸੀਹੇ ਦਿੱਤੇ। 26 ਅਪਰੈਲ ਤੋਂ 7 ਜੂਨ ਤਕ ਭੁੱਖ ਹੜਤਾਲ ਕਾਰਨ ਉਸ ਦਾ ਵਜ਼ਨ 24 ਪੌਂਡ ਘਟ ਗਿਆ। ਚਾਰ-ਪੰਜ ਜੂਨ ਨੂੰ ਹੋਈ ਅਦਾਲਤੀ ਕਾਰਵਾਈ ਦੌਰਾਨ ਉਸ ਨੇ ਆਪਣਾ ਲਿਖਤੀ ਬਿਆਨ 12 ਮੈਂਬਰੀ ਜਿਊਰੀ ਸਾਹਮਣੇ ਪੜ੍ਹਨਾ ਸ਼ੁਰੂ ਕੀਤਾ, ਜਿਸ ਦਾ ਨਿਚੋੜ ਸੀ, ‘‘ਭਾਰਤੀਆਂ ਦਾ 150 ਸਾਲਾਂ ਵਿੱਚ ਤੁਹਾਡੇ ਜ਼ਾਲਮ, ਲੁਟੇਰੇ, ਖ਼ੂਨੀ ਤੇ ਦਹਿਸ਼ਤਗਰਦ ਬ੍ਰਿਟਿਸ਼ ਰਾਜ ਨੇ ਕਤਲੇਆਮ ਕੀਤਾ, ਫਾਂਸੀਆਂ ਲਾਈਆਂ, ਮਸ਼ੀਨ ਗੰਨਾਂ ਨਾਲ ਭੁਨਿੰਆ, ਜੇਲ੍ਹਾਂ ’ਚ ਡੱਕਿਆ, ਨਰਕੀ ਜੀਵਨ ਦਿੱਤਾ। ਜਦੋਂ ਤੁਸੀਂ ਭਾਰਤ ਤੋਂ ਇੰਗਲੈਂਡ ਵਾਪਸ ਆਉਂਦੇ ਹੋ ਤਾਂ ਤੁਹਾਨੂੰ ਸਨਮਾਨਿਤ ਕੀਤਾ ਜਾਂਦਾ ਹੈ। ਜਦੋਂ ਅਸੀਂ ਇੱਥੇ ਆ ਕੇ ਤੁਹਾਡੀ ਸਰਕਾਰੀ ਦਹਿਸ਼ਤਗਰਦੀ ਦਾ ਵਿਰੋਧ ਕਰਦੇ ਹਾਂ ਤਾਂ ਸਾਨੂੰ ਫਾਂਸੀਆਂ ਲਾਈਆਂ ਜਾਂਦੀਆਂ ਹਨ। ਮੈਂ ਮਰਨ ਤੋਂ ਨਹੀਂ ਡਰਦਾ। ਭਾਰਤ ਦੀ ਮੁਕਤੀ ਬਹੁਤ ਨੇੜੇ ਹੈ। ਮੇਰੇ ਦੇਸ਼ ਵਾਸੀ ਨੇੜੇ ਭਵਿੱਖ ’ਚ ਜ਼ਰੂਰ ਆਜ਼ਾਦ ਹੋ ਜਾਣਗੇ।” ਸਾਮਰਾਜੀ ਪ੍ਰਬੰਧ ਨੇ ਉਸ ਨੂੰ ਫਾਂਸੀ ਦੇਣਾ ਪਹਿਲਾਂ ਹੀ ਤੈਅ ਕਰ ਲਿਆ ਸੀ। ਇਸ ਲਈ ਐਟ ਕਿਨਸਨ ਨੇ ਫਾਂਸੀ ਦਾ ਹੁਕਮ ਸੁਣਾ ਦਿੱਤਾ। 31 ਜੁਲਾਈ 1940 ਨੂੰ ਸਵੇਰੇ ਨੌਂ ਵਜੇ ਪੈਨਟਨਵਿਲ ਜੇਲ੍ਹ ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ।
ਜਸਦੇਵ ਸਿੰਘ ਲਲਤੋਂ
ਸੰਪਰਕ: 0161-2805677
Tags:
Posted in: ਸਾਹਿਤ