ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਦੀਵਾਨ ਟੋਡਰ ਮੱਲ

By December 29, 2016 0 Comments


tofar-malਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ, ਜਿਸ ਵਿਚ ਉਨ੍ਹਾਂ ਦੇ ਮਾਤਾ-ਪਿਤਾ ਤੇ ਚਾਰੇ ਪੁੱਤਰ ਸ਼ਾਮਿਲ ਸਨ, ਮਾਨਵਤਾ, ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰਾਖੀ ਲਈ ਵਾਰ ਦਿੱਤਾ ਸੀ | ਉਸ ਸਮੇਂ ਮੁਗ਼ਲ ਸਰਕਾਰ ਦੇ ਜ਼ੁਲਮਾਂ ਤੋਂ ਨਾ ਡਰਨ ਵਾਲਾ ਕੋਈ ਵਿਰਲਾ ਵਿਅਕਤੀ ਹੀ ਗੁਰੂ ਸਾਹਿਬ ਦੇ ਪਰਿਵਾਰ ਨਾਲ ਸਬੰਧ ਰੱਖਣ ਲਈ ਤਿਆਰ ਸੀ | ਅਜਿਹੇ ਗਿਣਤੀ ਦੇ ਕੁਝ ਮਹਾਨ ਵਿਅਕਤੀਆਂ ਵਿਚੋਂ ਦੀਵਾਨ ਟੋਡਰ ਮੱਲ ਇਕ ਸਨ, ਜੋ ਕਿ ਉਸ ਸਮੇਂ ਸੂਬਾ ਸਰਹਿੰਦ ਦੇ ਨਾਮਵਰ ਜੌਹਰੀ ਅਤੇ ਧਨਾਢ ਵਿਅਕਤੀ ਸਨ | ਦੀਵਾਨ ਟੋਡਰ ਮੱਲ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਦੁੱਖ ਵਿਚ ਖੜ੍ਹੇ ਹੋ ਕੇ ਆਪਣੇ ਵਫ਼ਾਦਾਰ ਸਿੱਖ ਹੋਣ ਦਾ ਸਬੂਤ ਦਿੱਤਾ | ਛੋਟੇ ਸਾਹਿਬਜ਼ਾਦਿਆਂ, ਜਿਨ੍ਹਾਂ ਨੇ ਆਪਣੀ ਉਮਰ ਦਾ ਪਹਿਲਾ ਪੜਾਅ ਵੀ ਅਜੇ ਪਾਰ ਨਹੀਂ ਸੀ ਕੀਤਾ, ਨੂੰ ਮਾਤਾ ਗੁਜਰੀ ਜੀ ਤੋਂ ਅਲੱਗ ਕਰਕੇ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ | ਸੂਬਾ ਸਰਹਿੰਦ ਵੱਲੋਂ ਇਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਇਸਲਾਮ ਧਰਮ ਕਬੂਲ ਕਰਵਾਉਣ ਲਈ ਅਨੇਕਾਂ ਜ਼ੁਲਮ ਕੀਤੇ, ਧਮਕੀਆਂ ਦਿੱਤੀਆਂ ਤੇ ਲਾਲਚ ਵੀ ਦਿੱਤੇ | ਪਰ ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਵੱਲੋਂ ਈਨ ਨਾ ਮੰਨਣ ਦੇ ਅਡੋਲ ਫ਼ੈਸਲੇ ਤੋਂ ਛਿੱਥੇ ਪੈ ਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਇਨ੍ਹਾਂ ਨੂੰ ਜਿੳਾੂਦੇ ਜੀਅ ਹੀ ਨੀਂਹਾਂ ਵਿਚ ਚਿਣਨ ਦਾ ਹੁਕਮ ਸੁਣਾ ਦਿੱਤਾ | ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਮਾਤਾ ਗੁਜਰੀ ਵੀ ਸ਼ਹੀਦੀ ਪਾ ਗਏ ਸਨ | ਦੀਵਾਨ ਟੋਡਰ ਮੱਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਨਵਾਬ ਵਜ਼ੀਰ ਖਾਂ ਤੋਂ ਆਗਿਆ ਮੰਗੀ ਪਰ ਵਜ਼ੀਰ ਖ਼ਾਨ ਨੇ ਸ਼ਰਤ ਰੱਖ ਦਿੱਤੀ ਕਿ ਅੰਤਿਮ ਸੰਸਕਾਰ ਲਈ ਜਿੰਨੀ ਜਗ੍ਹਾ ਚਾਹੀਦੀ ਹੈ, ਓਨੀ ਥਾਂ ‘ਤੇ ਸੋਨੇ ਦੀਆਂ ਖੜ੍ਹੀਆਂ ਮੋਹਰਾ ਰੱਖ ਕੇ ਜਗਾ ਖ਼ਰੀਦ ਲੈ | ਦੀਵਾਨ ਟੋਡਰ ਮੱਲ ਨੇ ਖੜ੍ਹੀਆਂ ਮੋਹਰਾਂ ਵਿਛਾ ਕੇ ਨਵਾਬ ਵਜ਼ੀਰ ਖ਼ਾਨ ਤੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਖ਼ਰੀਦੀ ਅਤੇ ਬੜੇ ਮਾਣ ਅਤੇ ਸਤਿਕਾਰ ਨਾਲ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ | ਇਹ ਵਰਤਾਰਾ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ | ਗੱਲ ਸਿਰਫ਼ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੀ ਜ਼ਮੀਨ ਖ਼ਰੀਦਣ ਦੀ ਹੀ ਨਹੀਂ ਸੀ, ਸਗੋਂ ਮੌਕੇ ਦੀ ਹਕੂਮਤ ਦੇ ਦੁਸ਼ਮਣਾਂ ਨਾਲ ਖੜ੍ਹਨ ਦਾ ਹੌਸਲਾ ਵਿਖਾਉਣ ਦੀ ਵੀ ਸੀ |
ਪਰ ਅਫ਼ਸੋਸ ਕਿ ਅਜਿਹੀ ਹਿੰਮਤ ਤੇ ਹੌਸਲਾ ਵਿਖਾਉਣ ਵਾਲੇ ਦੀਵਾਨ ਟੋਡਰ ਮੱਲ ਦੀ ਰਿਹਾਇਸ਼ੀ ਹਵੇਲੀ, ਜਿਸ ਨੂੰ ਜਹਾਜ਼ੀ ਹਵੇਲੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਮੁਗ਼ਲਾਂ ਵੱਲੋਂ ਦੀਵਾਨ ਟੋਡਰ ਮੱਲ ਦੀ ਗੁਰੂ ਪਰਿਵਾਰ ਨਾਲ ਵਫ਼ਾਦਾਰੀ ਕਾਰਨ ਉਸ ਵੇਲੇ ਕਾਫ਼ੀ ਨੁਕਸਾਨ ਵੀ ਪਹੁੰਚਾਇਆ ਗਿਆ | ਇਹ ਜਹਾਜ਼ੀ ਹਵੇਲੀ ਜੋ ਫ਼ਤਹਿਗੜ੍ਹ ਸਾਹਿਬ ਸਟੇਸ਼ਨ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਨੂੰ ਸਿੱਖ ਕੌਮ ਵੱਲੋਂ ਕਾਫ਼ੀ ਲੰਬਾ ਸਮਾਂ ਅਣਗੌਲਿਆ ਕੀਤਾ ਜਾਣਾ ਬਹੁਤ ਹੀ ਉਦਾਸੀ ਤੇ ਨਿਰਾਸ਼ਾ ਭਰਿਆ ਰਿਹਾ ਹੈ | ਹਾਲਾਂਕਿ ਪਤਾ ਲੱਗਿਆ ਹੈ ਕਿ ਪਹਿਲਾਂ ਕਈ ਸੰਸਥਾਵਾਂ ਵੱਲੋਂ ਇਸ ਹਵੇਲੀ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਪਰ ਹਰ ਵਾਰ ਇਹ ਕੰਮ ਅਧੂਰਾ ਹੀ ਰਹਿ ਜਾਂਦਾ ਰਿਹਾ | ਇਹ ਤਸੱਲੀ ਦੀ ਗੱਲ ਹੈ ਕਿ ਹੁਣ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਹਵੇਲੀ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਹੋਇਆ ਹੈ, ਤਾਂ ਕਿ ਕੌਮ ਦੀ ਇਸ ਵਿਰਾਸਤ ਅਤੇ ਦੀਵਾਨ ਟੋਡਰ ਮੱਲ ਦੀ ਯਾਦਗਾਰ ਹਵੇਲੀ ਨੂੰ ਆਉਣ ਵਾਲੀਆ ਪੀੜ੍ਹੀਆਂ ਲਈ ਦੇਖਣਯੋਗ ਬਣਾਇਆ ਜਾ ਸਕੇ |
Ravinder Kaur
ਮੋਬਾ: 98038-12816
Tags: ,
Posted in: ਸਾਹਿਤ