ਜਗਤਾਰ ਸਿੰਘ ਤਾਰਾ ਵਲੋਂ ਕਈ ਖੁਲਾਸੇ : ਕਿਹਾ ਮੇਰੀ ਗ੍ਰਿਫਤਾਰੀ ਲਈ ਵਧਾਵਾ ਸਿੰਘ ਜਿੰਮੇਵਾਰ

By December 27, 2016 0 Comments


ਭਾਈ ਤਾਰਾ ਨੇ ਕਿਹਾ ਮੇਰੀ ਗ੍ਰਿਫਤਾਰੀ ਲਈ ਵਧਾਵਾ ਸਿੰਘ ਜਿੰਮੇਵਾਰ – ਜਗਤਾਰ ਸਿੰਘ ਤਾਰਾ ਵਲੋਂ ਕਈ ਖੁਲਾਸੇ
ਭਾਈ ਤਾਰਾ ਦੇ ਵਕੀਲ ਵਲੋਂ ਨਸ਼ਰ ਕੀਤਾ ਗਿਆ ਖਤ
ਭਾਈ ਜਗਤਾਰ ਸਿੰਘ ਤਾਰਾ, ਭਾਈ ਹਰਮਿੰਦਰ ਸਿੰਘ ਨਿਹੰਗ , ਭਾਈ ਗੁਰਪ੍ਰੀਤ ਸਿੰਘ ਗੋਪੀ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਦੀ ਗ੍ਰਿਫਤਾਰੀ ਪਿੱਛੇ ਵਧਾਵਾ ਸਿੰਘ ਬੱਬਰ ਜੋ ਕਿ ਆਪਣੇ ਆਪ ਨੂੰ ਬੱਬਰ ਖਾਲਸਾ ਨਾਲ ਸੰਬੰਧ ਰੱਖਦਾ ਹੋਣ ਦਾ ਦਾਅਵਾ ਕਰਦਾ ਹੈ ਦਾ ਹੱਥ ਹੈ। ਇਸ ਸਨਸਨੀਖੇਜ਼ ਖੁਲਾਸਾ ਭਾਈ ਜਗਤਾਰ ਸਿੰਘ ਤਾਰਾ ਆਪਣੇ ਕੌਮ ਨਾਮ ਖਤ ਵਿਚ ਕੀਤਾ ਹੈ ਜੋ ਕਿ ਉਨ੍ਹਾਂ ਦੇ ਵਕੀਲ ਵਲੋਂ ਨਸ਼ਰ ਕੀਤਾ ਹੈ। ਇਹ ਚਿੱਠੀ ਪੜ੍ਹ ਕਿ ਹਰ ਪੰਥ ਦਰਦੀ ਦਾ ਹਿਰਦਾ ਵਲੂੰਧਰਿਆ ਜਾਵੇਗਾ ਕਿਵੇਂ ਹੀ ਅਖੌਤੀ ਆਪਣਿਆ ਨੇ ਹੀ ਕੌਮ ਦੀ ਪਿੱਠ ਵਿਚ ਛੁਰਾ ਮਾਰਿਆ।
ਇਸ ਖਤ ਨਾਲ ਵਧਾਵਾ ਸਿੰਘ ਅਤੇ ਉਸਦੇ ਪੁੱਤਰ ਜਤਿੰਦਰਪਾਲ ਸਿੰਘ ਉਰਫ ਕਾਕਾ ਜਰਮਨੀ ਅਤੇ ਉਸ ਦੇ ਹੋਰ ਰਿਸ਼ਤੇਦਾਰਾਂ ਦੇ ਰਾਅ ਏਜੰਸੀ ਨਾਲ ਗਠਜੋੜ ਹੋਣ ਦੇ ਸਬੂਤ ਸਾਹਮਣੇ ਆ ਗਏ।

ltrਮੈਂ ਸਿੱਖ ਕੌਮ ਦੇ ਕੌਮੀ ਸ਼ੰਘਰਸ਼ ਦੀ ਨੀਂਹ ਮਜਬੂਤ ਕਰਨ ਲਈ ਸਿੱਖ ਸ਼ੰਘਰਸ਼ ਨਾਲ ਧ੍ਰੋਹ ਕਮਾਉਣ ਵਾਲਿਆਂ ਨੂੰ ਸਿੱਖ ਕੌਮ ਦੀ ਕਚਿਹਰੀ ਵਿੱਚ ਨੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੌਮੀ ਸ਼ਹੀਦਾਂ ਦੀ ਰੂਹ ਮੈਨੂੰ ਵਾਰ ਵਾਰ ਇਹ ਕਰਨ ਲਈ ਪੁਕਾਰ ਰਹੀ ਹੈ। ਜਦੋਂ ਮੈਂ ਦਿੱਲੀ ਤਖਤ ਵੱਲੋਂ ਸਿੱਖ ਕੌਮ ਨਾਲ ਹੋਏ ਜੁਲਮਾਂ, ਬੇਇਨਸਾਫੀਆਂ ਅਤੇ ਸਿੱਖ ਕੌਮ ਦੇ ਹੱਕਾਂ ਦੀ ਲੜਾਈ ਆਪਣੀ ਜਾਨ ਤਲੀ ਤੇ ਰੱਖ ਕੇ ਲੜ ਰਿਹਾਂ ਹਾਂ,ਫਿਰ ਮੇਰਾ ਇਹ ਫਰਜ਼ ਵੀ ਬਣਦਾ ਹੈ ਕਿ ਕੌਮੀ ਸ਼ੰਘਰਸ਼ ਦੇ ਗਦਾਰਾਂ ਅਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਦਾ ਪਰਦਾਫਾਸ਼ ਵੀ ਕਰਾਂ। ਸਿੱਖ ਕੌਮ ਦਾ ਦੁਸ਼ਮਣ ਨੇ ਐਨਾ ਨੁਕਸਾਨ ਕੀਤਾ, ਜਿਨਾਂ ਕਿ ਡੋਗਰਿਆਂ ਵਰਗੇ ਗਦਾਰਾਂ ਨੇ ਕੀਤਾ ਹੈ।
ਮੈਂ ਸਿੱਖ ਕੌਮ ਨੂੰ ਸ਼ਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੀ ਥਾਈਲੈਂਡ ਤੋਂ ਗ੍ਰਿਫਤਾਰੀ ਲਈ ਵਧਾਵਾ ਸਿੰਘ ਬੱਬਰ ਜਿੰਮੇਵਾਰ ਹੈ। ਜਦੋਂ ਮੈਂ ਸ਼ੰਘਰਸ਼ ਨੂੰ ਅਲੱਗ ਤਰੀਕੇ ਨਾਲ ਅੱਗੇ ਤੋਰਨ ਦੇ ਇਰਾਦੇ ਨਾਲ ਥਾਈ ਲੈਂਡ ਪਹੁੰਚਿਆਂ ਸੀ ਤਾਂ ਇਸ ਨੂੰ ਮੇਰੇ ਓਥੇ ਪਹੁੰਚਣ ਵਾਰੇ ਕਿ ਮੈਂ ਕਿਵੇਂ ਅਤੇ ਕਿੱਦਾਂ ਓਥੇ ਪਹੁੰਚਿਆਂ ਹਾਂ, ਦਾ ਪਤਾ ਲੱਗ ਗਿਆ ਸੀ। ਫਿਰ ਇਸਨੇ ਆਪਣੇ ਲੜਕੇ ਜਤਿੰਦਰ ਸਿੰਘ ਕਾਕੇ ਰਾਹੀਂ, ਜੋ ਕਿ ਜਰਮਨੀ ਰਹਿੰਦਾ ਹੈ ਮੇਰੀ ਜਾਣਕਾਰੀ ਖੁਫੀਆ ਏਜੰਸੀ ਤੱਕ ਪੁਜਦਾ ਕੀਤੀ ਸੀ। ਇਹ ਇਸ ਕਰਕੇ ਕੀਤਾ ਕਿਉਂਕਿ ਇਸਨੂੰ ਪਤਾ ਸੀ ਕਿ ਮੈਂ ਓਥੋਂ ਬਹਾਨਾ ਬਣਾ ਕੇ ਗਿਆ ਹਾਂ ਤਾਂਕਿ ਕੋਈ ਪੰਥਕ ਕੰਮ ਕਰ ਸਕਾਂ। ਇਸ ਗੱਲ ਦਾ ਇਜ਼ਹਾਰ ਕਈ ਵਾਰ ਜਦੋਂ ਸਾਡੀ ਇਕੱਠੀ ਸਾਂਝੀ ਮੀਟਿੰਗ ਹੁੰਦੀ ਸੀ, ਉਸ ਵਿੱਚ ਮੈਂ ਕਰ ਚੁੱਕਾ ਸੀ ਕਿ ਸ਼ੰਘਰਸ਼ ਨੂੰ ਨਵੀਂ ਸੇਧ ਦੇਣ ਲਈ ਇਥੋਂ ਨਿਕਲਣਾ ਜਰੂਰੀ ਹੈ। ਇਸ ਨੂੰ ਇਹ ਡਰ ਹੋ ਗਿਆ ਸੀ ਕਿ ਜੇ ਮੈਂ ਆਪਣੇ ਮਿਸ਼ਨ ਚ ਕਾਮਯਾਬ ਹੋ ਗਿਆ ਤਾਂ ਇਸਦਾ ਸਿੱਖ ਸੰਗਤ ਵਿੱਚ ਜੋ ਥੋੜਾ ਬਹੁਤਾ ਸਤਿਕਾਰ ਬਣਿਆ ਹੋਇਆ ਹੈ ਉਹ ਵੀ ਖਤਮ ਹੋ ਜਾਵੇਗਾ। ਕਿਉਂਕਿ ਮੈਨੂੰ ਸਿੱਖ ਸੰਗਤ ਦੇ ਮਿਲ ਰਹੇ ਅਥਾਹ ਪਿਆਰ ਕਰਕੇ ਇਹ ਪਹਿਲਾਂ ਹੀ ਮੇਰੇ ਨਾਲ ਖਾਰ ਖਾਂਦਾ ਸੀ।
ਅਜਿਹਾ ਹੀ ਇਸਨੇ ਜਥੇਦਾਰ ਤਲਵਿੰਦਰ ਸਿੰਘ ਬੱਬਰ ਹੁਰਾਂ ਨਾਲ ਕੀਤਾ। ਜਦੋਂ ਉਨਾਂ ਨੂੰ ਸੰਗਤ ਅਤੇ ਜਿੰਮੇਵਾਰ ਸਿੰਘਾਂ ਨੇ ਪਾਕਿਸਤਾਨ ਬੈਠਕੇ ਸ਼ੰਘਰਸ਼ ਦੀ ਕਮਾਂਡ ਕਰਨ ਲਈ ਓਥੇ ਭੇਜ ਦਿੱਤਾ ਸੀ ਤਾਂ ਇਸਨੇ ਸਾਜਿਸ਼ ਤਹਿਤ ਉਨਾਂ ਵਿਰੁੱਧ ਝੂਠੇ ਇਲਜ਼ਾਮ ਲਗਾਕੇ, ੳਸਨੂੰ ਡੀਲ ਕਰਨ ਵਾਲਿਆਂ ਅਫਸਰਾਂ ਕੋਲ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਕਰਕੇ ਉਨਾਂ ਨੂੰ ਕਾਫੀ ਸਮਾਂ ਦਰ੍ਹਾ ਖੈਬਰ ਵਿੱਚ ਗੁਜ਼ਾਰਨਾ ਪਿਆ। ਫਿਰ ਵੀ ਜਦੋਂ ਇਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਉਨਾਂ ਨੇ ਪੰਜਾਬ ਆਕੇ ਸੇਵਾ ਕਰਨ ਦਾ ਫੈਸਲਾ ਕਰ ਲਿਆ, ਫਿਰ ਇਸਨੇ ਉਨਾਂ ਦੀ ਸਾਰੀ ਜਾਣਕਾਰੀ ਹਿੰਦੁਸਤਾਨੀ ਏਜੰਸੀਆਂ ਨੂੰ ਦੇ ਦਿੱਤੀ ਸੀ। ਜਿਸ ਤੋਂ ਬਾਅਦ ਇਧਰ ਆਉਣ ਉੱਤੇ ਉਹਨਾਂ ਨੂੰ ਫੜਕੇ, ਤਸ਼ੱਦਦ ਕਰਕੇ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਇਸ ਤਰਾਂ ਹੀ ਇਸਨੇ ਸੀਨੀਅਰ ਜੁਝਾਰੂ ਸਿੰਘਾਂ ਨੂੰ ਛੋਟੀ ਛੋਟੀ ਗੱਲ ਨੂੰ ਲੈ ਕੇ ਤੰਗ ਪਰੇਸ਼ਾਨ ਕਰਕੇ ਜ਼ਲੀਲ ਕੀਤਾ ਸੀ, ਜਿਸ ਕਰਕੇ ਉਹ ਤੰਗ ਆਕੇ ਕੁਝ ਕੁ ਤਾਂ ਬਾਹਰ ਨਿਕਲ ਗਏ ਅਤੇ ਜੋ ਫੀਲਡ ਵਿੱਚ ਆ ਗਏ, ਉਨਾਂ ਨੂੰ ਇਸਨੇ ਫੜਾ ਦਿੱਤਾ ਸੀ। ਫਿਰ ਫੀਲਡ ਵਿੱਚ ਕੰਮ ਕਰਨ ਵਾਲੇ ਸਿੰਘਾਂ ਵਿੱਚ ਫੁੱਟ ਪਾਉਣ ਵਿੱਚ ਵੀ ਮੋਹਰੀ ਰਿਹਾ।
ਜੋ ਨੌਜਵਾਨ ਇਸ ਕੋਲ ਆਪਣਾ ਘਰ ਤਿਆਗ ਕੇ, ਜੀਵਨ ਦੇ ਸਾਰੇ ਸੁੱਖ ਆਰਾਮ ਤਿਆਗ ਕੇ, ਇਸ ਉੱਤੇ ਵਿਸ਼ਵਾਸ਼ ਕਰਕੇ, ਕੌਮੀ ਜ਼ਜਬਾ ਲੈਕੇ ਟਰੇਨਿੰਗ ਲੈਣ ਜਾਂਦੇ ਸੀ। ਉਨਾਂ ਨਾਲ ਓਥੇ ਬਹੁਤ ਮਾੜਾ ਵਰਤਾਅ ਕੀਤਾ ਜਾਂਦਾ ਸੀ। ਛੋਟੀ ਛੋਟੀ ਗਲਤੀ ਹੋ ਜਾਣ ਉੱਤੇ ਇਸਦਾ ਲੜਕਾ ਕਾਕਾ ਉਨਾਂ ਦੇ ਥੱਪੜ ਤੱਕ ਮਾਰ ਦਿੰਦਾ ਸੀ। ਵਧਾਵਾ ਸਿੰਘ ਵਾਰੇ ਬਾਹਰਲੇ ਸਿੰਘਾਂ ਵਿੱਚ ਇੱਕ ਗੱਲ ਬੜੀ ਮਸ਼ਹੂਰ ਸੀ ਕਿ ਉਸਨੇ ਓਥੇ ਸਿੰਘਾਂ ਨੂੰ ਖੱਸੀ ਕਰਨ ਵਾਲੀ ਮਸ਼ੀਨ ਲਗਾਈ ਹੈ, ਜੋ ਵੀ ਸਿੰਘ ਉਸ ਕੋਲ ਪੰਥਕ ਜ਼ਜਬਾ ਲੈ ਕੇ ਜਾਂਦਾ ਹੈ, ਵਧਾਵਾ ਸਿੰਘ ਉਸ ਦਾ ਸਾਰਾ ਜ਼ਜਬਾ ਤੇ ਸਪਿਰਟ ਖਤਮ ਕਰਕੇ ਭੇਜਦਾ ਹੈ।
ਜਦੋਂ ਕੋਈ ਸਿੰਘ ਓਥੇ ਹੋ ਰਹੀਆਂ ਜਿਆਦਤੀਆਂ ਵਿਰੁੱਧ ਆਵਾਜ ਉਠਾਉਦਾਂ ਸੀ ਤਾਂ ਉਸਨੂੰ ਬਾਰਡਰ ਤੇ ਲਿਜਾਕੇ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਸਨੇ ਦੀਦਾਰ ਸਿੰਘ ਅਤੇ ਉਸਦੇ ਦੋ ਸਾਥੀਆਂ ਨਾਲ ਕੀਤਾ ਸੀ। ਜਦੋ ਉਹਨਾਂ ਨੇ ਵਧਾਵਾ ਸਿੰਘ ਵਿਰੁੱਧ ਅਵਾਜ ਉਠਾਈ ਤਾਂ ਉਹਨਾਂ ਨੂੰ ਬਾਰਡਰ ਪਾਰ ਕਰਵਾ ਕੇ ਪੰਜਾਬ ਭੇਜਣ ਦੇ ਬਹਾਨੇ ਵਧਾਵਾ ਸਿੰਘ ਨੇ ਆਪਣੇ ਵਿਸ਼ਵਾਸ਼ ਪਾਤਰ ਪਾਂਡੀ ਮਕਬੂਲ ਕੋਲੋਂ ਉਹਨਾਂ ਨੂੰ ਬਾਰਡਰ ਪਾਰ ਕਰਵਾ ਕੇ, ਪਿੱਛੋਂ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਸੀ। ਇਸ ਤਰ੍ਹਾਂ ਇਸਨੇ ਪਤਾ ਨਹੀਂ ਕਿੰਨੇ ਮਾਂਵਾ ਦੇ ਪੁੱਤਰਾਂ ਨੂੰ ਮੌਤ ਦੇ ਘਾਟ ਉਤਾਰਿਆ ਜੋ ਆਪਣਾ ਸਭ ਕੁਝ ਤਿਆਗ ਪੰਥਕ ਸੇਵਾ ਦਾ ਜ਼ਜ਼ਬਾ ਲੈ ਕੇ ਓਥੇ ਗਏ ਸਨ।
੧੯੯੨ ਦੇ ਇਲੈਕਸ਼ਨ ਵਿੱਚ ਜਦ ਕੁਝ ਖਾੜਕੂ ਆਗੂ ਇਲੈਕਸ਼ਨ ਦੇ ਹੱਕ ਵਿੱਚ ਸਨ ਤਾਂ ਵਧਾਵਾ ਸਿੰਘ ਨੇ ਇਲੈਕਸ਼ਨ ਦਾ ਬਾਈਕਾਟ ਕਰਵਾਉਣ ਵਿੱਚ ਵੀ ਅਹਿਮ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ਸਿੱਖ ਨੌਜਵਾਨੀ ਦੀ ਹੋਈ ਨਸਲਕੁਸ਼ੀ ਲਈ ਇਹ ਬਰਾਬਰ ਦਾ ਜਿੰਮੇਵਾਰ ਹੈ।
ਵਧਾਵਾ ਸਿੰਘ ਖਾੜਕੂ ਸੰਘਰਸ਼ ਦੀ ਬੇੜੀ ਡੋਬਣ ਵਾਲੇ ਮਲਾਹਾਂ ਵਿੱਚੋਂ ਇੱਕ ਹੈ, ਸੰਘਰਸ਼ ਨੂੰ ਅਰਸ਼ ਤੋਂ ਫਰਸ਼ ਤੇ ਲਿਆਉਣ ਵਾਲਾ ਇਹ ਮੇਨ ਸਖਸ਼ ਹੈ। ਖਾੜਕੂ ਜਥੇਬੰਦੀਆਂ ਵਿੱਚ ਧੜੇਬੰਦੀਆਂ ਅਤੇ ਫੁੱਟ ਪਾਉਣ ਵਿੱਚ ਵੀ ਇਸਦਾ ਅਹਿਮ ਰੋਲ ਰਿਹਾ ਹੈ। ਜਦੋ ਵੀ ਖਾੜਕੂ ਜਥੇਬੰਦੀਆਂ ਵੱਲੋਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਲੜਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਉਸ ਵਿੱਚ ਰੋੜਾ ਅਟਕਾਉਣ ਵਿੱਚ ਇਸਦੀ ਮੁੱਖ ਭੂਮਿਕਾ ਰਹੀ।
ਇਸਨੇ ਪਰਿਵਾਰਕ ਮੋਹ ਜਾਲ ਵਿੱਚ ਪੈ ਕੇ ਬੱਬਰ ਖਾਲਸਾ ਨੂੰ ਟੱਬਰ ਖਾਲਸਾ ਬਣਾ ਕੇ ਰੱਖ ਦਿੱਤਾ। ਇਸਦੇ ਪਰਿਵਾਰਕ ਮੋਹ ਕਰਕੇ ਅਮਰੀਕਾ ਅਤੇ ਜਰਮਨੀ ਵਿੱਚ ਜਥੇਬੰਦੀ ਖੇਰੂੰ ਖੇਰੂੰ ਹੋ ਗਈ। ਸੰਗਤ ਦਾ ਕਰੋੜਾਂ ਰੁਪਈਆ ਪਰਿਵਾਰ ਨੂੰ ਸੈਟ ਕਰਨ ਲਈ ਬਰਬਾਦ ਕੀਤਾ। ਇਸ ਸਮੇਂ ਵੱਖ ਵੱਖ ਦੇਸ਼ਾਂ ਵਿੱਚ ਹਿੰਦੁਸਤਾਨੀ ਏਜੰਸੀਆਂ ਦੇ ਬੰਦਿਆਂ ਨੂੰ ਮੋਹਰੀ ਬਣਾਕੇ ਅੱਗੇ ਕੀਤਾ ਹੋਇਆ ਹੈ। ਉਹਨਾਂ ਵਿੱਚੋਂ ਇੱਕ ਭੁਪਿੰਦਰ ਸਿੰਘ ਭਲਵਾਨ ਜਰਮਨੀ ਹੈ ਜੋ ਕਿ ਪੰਜਾਬ ਵਿੱਚ ਇਸਦਾ ਨੁਮਾਇੰਦਾ ਬਣਕੇ, ਪੰਥਕ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸਿੱਖ ਸੰਗਤ ਨੂੰ ਗੁਮਰਾਹ ਕਰ ਰਿਹਾ ਹੈ। ਇਸ ਵਾਰੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਤੋਂ ਉਸ ਵਾਰੇ ਪਤਾ ਕਰ ਸਕਦਾ ਹੈ।
ਖਾੜਕੂ ਸੰਘਰਸ਼ ਦੇ ਖੁਦਗਰਜ਼ ਆਗੂ ਨੂੰ ਕੌਮ ਦੇ ਡੂੰਘੇ ਜਖਮਾਂ ਅਤੇ ਦੁੱਖ ਦਰਦ ਦਾ ਅਹਿਸਾਸ ਬਿਲਕੁਲ ਵੀ ਨਹੀਂ ਹੈ। ਇਸਨੂੰ ਕੌਮੀ ਹਿੱਤਾਂ ਨਾਲੋਂ ਆਪਣੇ ਹਿੱਤ ਜਿਆਦਾ ਪਿਆਰੇ ਹਨ ਕਿੳਂਕਿ ਇਹ ਪੈਸੇ ਦੀ ਚਕਾਚੌਂਧ ਚ ਕੌਮੀ ਸੰਘਰਸ਼ ਨੂੰ ਤਿਲਾਂਜਲੀ ਦੇ ਚੁੱਕਾ ਹੈ। ਇਸਦੇ ਪੰਜਾਬ ਵਿੱਚ ਚਿੱਟੇ ਦੇ ਸੌਦਾਗਰਾਂ ਨਾਲ ਸਿੱਧੇ ਸਬੰਧ ਹਨ, ਜਿਨਾਂ ਰਾਹੀ ਇਹ ਕਰੋੜਾਂ ਰੁਪਏ ਕਮਾ ਕੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰ ਰਿਹਾ ਹੈ। ਇਸਦੇ ਹਿੰਦੁਸਤਾਨ ਏਜੰਸੀ ਦੇ ਗਿਆਨੀ ਨਾਮ ਦੇ ਬੰਦੇ ਨਾਲ ਸਿੱਧੇ ਸਬੰਧ ਰਹੇ ਹਨ। ਉਸ ਰਾਹੀਂ ਇਹ ਆਪਣਾ ਚੰਗਾ ਮਾੜਾ ਕੰਮ ਇਧਰ ਕਰਵਾਉਦਾਂ ਰਿਹਾ ਅਤੇ ਚਿੱਟੇ ਦੇ ਕੰਮ ਚ ਵੀ ਉਹ ਇਸਦਾ ਹਿੱਸੇਦਾਰ ਰਿਹਾ। ਉਸ ਨਾਲ ਇਸ ਵੱਲੋਂ ਭੇਜੀ ਚਿੱਟੇ ਦੀ ਖੇਪ ਕਰਕੇ, ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਫਿਰ ਇਸਨੇ ਉਸਨੂੰ ਆਪਣੇ ਕੋਲ ਬੁਲਾ ਕੇ ਏਜੰਸੀ ਦੇ ਹਵਾਲੇ ਕਰਕੇ ਜੇਲ੍ਹ ਚ ਬੰਦ ਕਰਵਾ ਦਿੱਤਾ ਸੀ। ਉਹ ੨੦੦੫ ਤੋਂ ਲੈ ਕੇ ਕਾਫੀ ਸਮੇਂ ਬਾਅਦ ਰਿਹਾ ਹੋ ਕੇ ਪੰਜਾਬ ਆਇਆ ਸੀ। ਇਸ ਸਮੇਂ ਵੀ ਇਸਦੇ ਹਿੰਦੁਸਤਾਨੀ ਏਜੰਸੀਆਂ ਨਾਲ ਸਿੱਧੇ ਸਬੰਧ ਹਨ।
ਮੇਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਹੈ, ਮੈਂ ਕੌਮ ਲਈ ਹੀ ਜੀਵਾਂਗਾ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਹੀ ਮਰਾਂਗਾ। ਮੈਨੂੰ ਇਹਨਾਂ ਖੁਦਗਰਜ਼ ਜਥੇਦਾਰਾਂ ਨਾਲ ਕੋਈ ਸਰੋਕਾਰ ਨਹੀਂ ਹੈ। ਪਰ ਕੌਮ ਲਈ ਸ਼ਹੀਦ ਹੋ ਚੁੱਕੇ ਆਪਣੇ ਵੀਰਾਂ ਨਾਲ ਸਰੋਕਾਰ ਜਰੂਰ ਹੈ, ਪੰਥ ਦਰਦੀ ਰੂਹਾਂ ਨਾਲ ਹੈ, ਕੌਮ ਲਈ ਸੰਤਾਪ ਹੰਢਾ ਚੁੱਕੀਆਂ ਰੂਹਾਂ ਦੀਆਂ ਪੀੜਾਂ ਨਾਲ ਹੈ। ਆਪਣੇ ਉਹਨਾਂ ਵੀਰਾਂ ਨਾਲ ਹੈ ਜਿੰਨਾਂ ਨੇ ਸਰਕਾਰੀ ਜਬਰ ਜੁਲਮ ਖਿਲਾਫ ਆਪਣਾ ਸਰੀਰ ਕੌਮ ਦੇ ਲੇਖੇ ਲਾਇਆ। ਉਹਨਾਂ ਨੇ ਇਹਨਾਂ ਗਦਾਰਾਂ ਦੀਆਂ ਜਥੇਦਾਰੀਆਂ ਕਾਇਮ ਕਰਨ ਲਈ ਸ਼ਹੀਦੀਆਂ ਨਹੀਂ ਦਿੱਤੀਆਂ ਸਨ। ਉਹਨਾਂ ਨੇ ਸਿਰਫ ਇਸ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ ਕਿ ਕਿਵੇਂ ਨਾ ਕਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਖਾਲਸਾ ਪੰਥ ਦਾ ਬੋਲਬਾਲਾ ਸਾਰੇ ਸੰਸਾਰ ਵਿੱਚ ਹੋਵੇ।
ਇਸ ਸਮੇਂ ਸਾਨੂੰ ਕੌਮੀ ਸੰਘਰਸ਼ ਬਾਰੇ ਪੜਚੋਲ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਕੋਈ ਵੀ ਸੰਘਰਸ਼ ਓਨੀ ਦੇਰ ਅੱਗੇ ਨਹੀਂ ਵਧ ਸਕਦਾ ਜਿੰਨੀ ਦੇਰ ਉਹਦੀ ਵਾਰ ਵਾਰ ਪੜਚੋਲ ਨਾ ਕੀਤੀ ਜਾਵੇ। ਜੇਕਰ ਹੁਣ ਵੀ ਕੌਮੀ ਸੰਘਰਸ਼ ਨਾਲ ਗਦਾਰੀ ਕਰਨ ਵਾਲੇ ਇਹਨਾਂ ਗਦਾਰ ਜਥੇਦਾਰਾਂ ਦੇ ਹੱਥ ਸੰਘਰਸ਼ ਦੀ ਵਾਂਗਡੋਰ ਰਹੀ ਤਾਂ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ। ਕਿਉਂਕਿ ਜਿੱਥੇ ਆਪਣੇ ਹੀ ਆਪਣਿਆਂ ਨੂੰ ਮਰਵਾਉਣ ਤੇ ਆ ਜਾਣ, ਓਥੇ ਪ੍ਰਾਪਤੀ ਕੀ ਹੋ ਸਕਦੀ ਹੈ? ਇਹਨਾਂ ਗਦਾਰ ਆਗੂਆਂ ਕਰਕੇ ਮਰਜੀਵੜਿਆਂ ਦੀ ਸ਼ਹਾਦਤ ਅਤੇ ਵਫਾਦਾਰੀ ਅਜਾਈ ਚਲੀ ਗਈ। ਇਹਨਾਂ ਦਾ ਨਾਮ ਇਤਿਹਾਸ ਦੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਤੇ ਇਹ ਸ਼ਹੀਦ ਹੋਈਆਂ ਰੂਹਾਂ ਦੀਆਂ ਲਾਹਨਤਾਂ ਦੇ ਹੱਕਦਾਰ ਹੋਣਗੇ।
ਮੈਂ ਸਿੱਖ ਕੌਮ ਦੇ ਇਹਨਾਂ ਗਦਾਰ ਜਥੇਦਾਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਕਿੰਨਾ ਕੁ ਚਿਰ ਆਪਣੀਆਂ ਖੁਦਗਰਜ਼ੀਆਂ ਅਤੇ ਕਮਜ਼ੋਰੀਆਂ ਉੱਤੇ ਪਰਦੇ ਪਾਉਣ ਲਈ ਪੰਥ ਦਰਦੀ ਸਿੰਘਾਂ ਦੀ ਬਲੀ ਲੈਂਦੇ ਰਹਿਣਗੇ? ਕਿੰਨਾ ਕੁ ਚਿਰ ਇਹ ਕੌਮ ਦੇ ਨੌਜਵਾਨਾਂ ਦੇ ਖੂਨ ਨਾਲ ਆਪਣੀ ਜਥੇਦਾਰੀ ਚਮਕਾਉਦੇਂ ਰਹਿਣਗੇ? ਕਿੰਨਾ ਕੁ ਚਿਰ ਆਪਣੀ ਹਉਮੈਂ ਅਤੇ ਪਦਾਰਥਾਂ ਦੀ ਭੁੱਖ ਵਧਾਉਦੇਂ ਰਹਿਣਗੇ?
ਪਰ ਹੁਣ ਇਹ ਕਿਸੇ ਭੁਲੇਖੇ ਚ ਨਾ ਰਹਿਣ ਕਿ ਆਉਣ ਵਾਲੀ ਸਿੱਖ ਨੌਜਵਾਨੀ ਜ਼ਜਬਾਤੀ ਹੋ ਕੇ ਸਿਰਫ ਸ਼ਹੀਦੀਆਂ ਪਾਉਣ ਵਾਲੀ ਜਾਂ ਜੇਲ੍ਹਾਂ ਵਿੱਚ ਸੜਨ ਵਾਲੀ ਹੀ ਹੋਵੇਗੀ। ਉਹ ਹੁਣ ਸਭ ਕੁਝ ਸਮਝ ਚੁੱਕੀ ਹੈ, ਉਹ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਗੁੰਮਰਾਹ ਨਹੀਂ ਹੋਵੇਗੀ। ਸਗੋਂ ਉਹ ਆਪਣੇ ਚੰਗੇ ਮਾੜੇ ਦੀ ਪਹਿਚਾਣ ਕਰਕੇ, ਕੌਮ ਦੀ ਵਾਰਿਸ ਵੀ ਬਣੇਗੀ।
ਗੁਰੂ ਪੰਥ ਦਾ ਦਾਸ
ਜਗਤਾਰ ਸਿੰਘ ਤਾਰਾ ਡੇਕਵਾਲਾ
੨੦ ਚੱਕੀ ਹਾਈ ਸਕਿਉਰਟੀ ਬੈਰਕ
ਮਾਡਲ ਜੇਲ੍ਹ, ਚੰਡੀਗੜ੍ਹ
੨੩ ਦਸੰਬਰ ੨੦੧੬
Via Simranjit Singh Lawyer Bhai Jagtar Singh Tara

tara-1 tara-2 tara-3