ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ

By December 25, 2016 0 Comments


sahibzademata-gujri-thanda-burjਸੂਬੇਦਾਰ ਵਜ਼ੀਰ ਖਾਨ ਚਮਕੌਰ ਦੀ ਜੰਗ ਤੋਂ ਵਾਪਸ ਸਰਹਿੰਦ ਆਇਆ ਤਾਂ ਉਸ ਨੂੰ ਖਬਰ ਮਿਲੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਅਤੇ ਉਨ੍ਹਾਂ ਦੀ ਦਾਦੀ ਮਾਂ ਗਿ੍ਫ਼ਤਾਰ ਕਰ ਲਏ ਗਏ ਹਨ | ਵਜ਼ੀਰ ਖ਼ਾਨ ਦੇ ਨਿਰਾਸ਼ ਚਿਹਰੇ ‘ਤੇ ਖੁਸ਼ੀ ਦੀ ਲਹਿਰ ਦੌੜ ਗਈ | ਚਮਕੌਰ ਤੋਂ ਉਹ ਬੜਾ ਦੁਖੀ ਤੇ ਨਿਰਾਸ਼ ਮੁੜਿਆ ਸੀ | ਚਮਕੌਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਲਾਹੌਰ, ਸਰਹਿੰਦ, ਦਿੱਲੀ ਤੇ ਮਲੇਰਕੋਟਲੇ ਤੋਂ ਵੱਡੀ ਗਿਣਤੀ ਵਿਚ ਮੁਗਲ ਫੌਜਾਂ ਢੋਈਆਂ ਗਈਆਂ ਸਨ | ਪਰ ਭਾਰੀ-ਭਰਕਮ ਮੁਗਲ ਫੌਜ ਨਾ ਤਾਂ 40 ਸਿੰਘਾਂ ਨੂੰ ਈਨ ਮਨਵਾ ਸਕੀ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਨੂੰ ਗਿ੍ਫ਼ਤਾਰ ਕਰ ਸਕੀ | ਵਜ਼ੀਰ ਖ਼ਾਨ ਲਈ ਇਹ ਬੜੀ ਨਮੋਸ਼ੀ ਦੀ ਗੱਲ ਸੀ | ਸਾਹਿਬਜ਼ਾਦਿਆਂ ਦੀ ਗਿ੍ਫ਼ਤਾਰੀ ਦੀ ਖਬਰ ਸੁਣ ਕੇ ਉਸ ਦੇ ਦਿਲ ਨੂੰ ਕੁਝ ਧਰਵਾਸ ਆਇਆ: ਚਲੋ, ਕੁਝ ਤਾਂ ਹੱਥ ਲੱਗਾ | ਉਸ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਕਿਲ੍ਹੇ ਦੇ ਠੰਢੇ ਬੁਰਜ ਵਿਚ ਕੈਦ ਕਰਨ ਦਾ ਹੁਕਮ ਦਿੱਤਾ |
ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ | ਕਚਹਿਰੀ ਵਿਚ ਵੱਡੇ-ਵੱਡੇ ਖਾਨ ਬੈਠੇ ਸਨ | ਵਜ਼ੀਰ ਖ਼ਾਨ ਦੀ ਆਪਣੀ ਉਮਰ ਤਕਰੀਬਨ 80 ਸਾਲ ਸੀ | ਕਾਜ਼ੀ ਦੀ ਦਾਹੜੀ ਵੀ ਨਿਆਂ-ਅਨਿਆਂ ਕਰਦਿਆਂ ਚਿੱਟੀ ਹੋ ਗਈ ਸੀ | ਵੱਡੇ-ਵੱਡੇ ਖਾਨਾਂ ਦੀ ਸੱਥ ਵਿਚ ਦੋ ਛੋਟੇ-ਛੋਟੇ ਬਾਲ ਖੜ੍ਹੇ ਸਨ | ਆਮ ਤੌਰ ‘ਤੇ ਬਜ਼ੁਰਗਾਂ ਤੇ ਬੱਚਿਆਂ ਵਿਚ ਲਾਡ-ਪਿਆਰ ਦਾ ਰਿਸ਼ਤਾ ਹੁੰਦਾ ਹੈ | ਪਰ ਇਨ੍ਹਾਂ ਬਜ਼ੁਰਗਾਂ ਵਿਚ ਬਜ਼ੁਰਗੀ ਦੀ ਕੋਈ ਵਿਡੱਤਣ ਦਿਖਾਈ ਨਹੀਂ ਦਿੰਦੀ ਸੀ | ਔਰੰਗਜ਼ੇਬ ਦੀ ਬੋਲੀ ਬੋਲਦਿਆਂ, ਵਜ਼ੀਰ ਖਾਨ ਬੋਲਿਆ, ‘ਐ ਲੜਕੋ, ਸਾਨੂੰ ਪਤਾ ਹੈ ਕਿ ਤੁਸੀਂ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਬੇਟੇ ਹੋ | ਤੁਹਾਡਾ ਮਰਨਾ ਯਕੀਨੀ ਹੈ | ਪਰ ਜੇ ਤੁਸੀਂ ਸਿੱਖੀ ਤੋਂ ਕਿਨਾਰਾ ਕਰ ਕੇ ਇਸਲਾਮ ਕਬੂਲ ਕਰ ਲਓ, ਤਾਂ ਜਾਨ-ਬਖਸ਼ੀ ਜਾ ਸਕਦੀ ਹੈ |’
ਵਜ਼ੀਰ ਖਾਨ ਦੀ ਧਮਕੀ-ਭਰੀ ਨਸੀਹਤ ਨੂੰ ਸੁਣ ਕੇ ਸੱਤ ਤੇ ਨੌਾ ਸਾਲ ਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਬੋਲੇ, ‘ਅਸੀਂ ਨਾ ਕਿਸੇ ਨੂੰ ਡਰਾਉਂਦੇ ਹਾਂ ਅਤੇ ਨਾ ਹੀ ਕਿਸੇ ਤੋਂ ਡਰਦੇ ਹਾਂ | ਸਾਨੂੰ ਧਰਮ ‘ਤੇ ਪਹਿਰਾ ਦੇਣ ਦੀ ਸਿੱਖਿਆ ਦਿੱਤੀ ਗਈ ਹੈ | ਅਸੀਂ ਸ਼ੇਰ ਦੇ ਬੱਚੇ ਹਾਂ, ਤੁਹਾਡੀਆਂ ਗਿੱਦੜ-ਭਬਕੀਆਂ ਤੋਂ ਨਹੀਂ ਡਰਦੇ |’ ਛੋਟੇ ਬੱਚਿਆਂ ਦੇ ਵੱਡੇ ਬੋਲ ਸੁਣ ਕੇ ਕਈ ਖਾਨਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ |
ਅਗਲੇ ਦਿਨ ਫੇਰ ਪੇਸ਼ੀ ਹੋਈ ਤਾਂ ਵਜ਼ੀਰ ਖਾਨ ਨੇ ਬੱਚਿਆਂ ਨੂੰ ਡਰਾਉਣ ਦੀ ਇਕ ਹੋਰ ਚਾਲ ਚੱਲੀ | ਕਹਿਣ ਲੱਗਾ, ‘ਤੁਹਾਡਾ ਘਰ-ਘਾਟ ਉੱਜੜ ਗਿਆ ਹੈ | ਤੁਹਾਡਾ ਪਿਤਾ ਵੀ ਚਮਕੌਰ ਦੀ ਜੰਗ ਵਿਚ ਮਾਰਿਆ ਗਿਆ ਹੈ | ਹੁਣ ਤੁਸੀਂ ਕਿਸ ਦੇ ਸਹਾਰੇ ਜੀਉਗੇ? ਇਸਲਾਮ ਕਬੂਲ ਕਰ ਲਓ | ਤੁਹਾਡੀ ਪਰਵਰਿਸ਼ ਅਸੀਂ ਕਰਾਂਗੇ | ਤੁਹਾਡੇ ਰਹਿਣ ਲਈ ਹਵੇਲੀਆਂ ਹਾਜ਼ਰ ਹਨ | ਵੱਡੇ ਹੋਵੋਗੇ ਤਾਂ ਵੱਡੇ-ਵੱਡੇ ਅਹੁਦੇ ਬਖਸ਼ ਦਿਆਂਗੇ |’ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਵਜ਼ੀਰ ਖਾਨ ਦੇ ਜਾਲ ਵਿਚ ਨਹੀਂ ਫਸੇ | ਗਰਜ ਕੇ ਬੋਲੇ, ‘ਸਾਡੇ ਪਿਤਾ ਨੂੰ ਕੋਈ ਮਾਰ ਨਹੀਂ ਸਕਦਾ | ਅਕਾਲ ਪੁਰਖ ਉਨ੍ਹਾਂ ਦਾ ਰਾਖਾ ਹੈ | ਮਹਿਲ ਮਾੜੀਆਂ ਤੇ ਉੱਚੇ ਅਹੁਦੇ ਸਾਨੂੰ ਧਰਮ ਤੋਂ ਡੁਲਾ ਨਹੀਂ ਸਕਦੇ | ਜਿਊਾਦੇ ਰਹੇ ਤਾਂ ਧਨ-ਧਾਮ ਉਸਰ ਜਾਣਗੇ | ਸ਼ਹੀਦ ਹੋ ਗਏ ਤਾਂ ਸਵਰਗ-ਲੋਕ ਵਿਚ ਵਾਸਾ ਮਿਲ ਜਾਏਗਾ | ਅਸੀਂ ਹਰ ਹਾਲ ਵਿਚ ਰਾਜ਼ੀ ਹਾਂ |’ ਸੂਬੇਦਾਰ ਤਿਲਮਿਲਾ ਉੱਠਿਆ | ਫੁੱਲ ਭਰ ਇਹ ਬੱਚੇ, ਕਿਸ ਮਿੱਟੀ ਦੇ ਬਣੇ ਹੋਏ ਹਨ ਕਿ ਮੁਗਲੀਆ ਸਲਤਨਤ ਦੇ ਕਹਿਰ ਤੋਂ ਨਹੀਂ ਡਰਦੇ | ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿਚ ਦਾਦੀ ਮਾਂ ਮਾਤਾ ਗੁਜਰੀ ਕੋਲ ਭੇਜ ਦਿੱਤਾ ਗਿਆ | ਦਾਦੀ ਮਾਂ ਨੇ ਜਦੋਂ ਨੰਨ੍ਹੇ ਬੱਚਿਆਂ ਦੇ ਮੂੰਹੋਂ ਕਚਹਿਰੀ ਦਾ ਹਾਲ ਸੁਣਿਆ ਤਾਂ ਆਪਣੇ ਲਾਲ ਦੇ ਲਾਲਾਂ ਨੂੰ ਘੁੱਟ ਕੇ ਕਲੇਜੇ ਨਾਲ ਲਾਇਆ | ਵਾਰ-ਵਾਰ ਮੂੰਹ-ਮੱਥਾ ਚੁੰਮਿਆ | ‘ਬੱਚਿਓ, ਗੁਰੂ ਘਰ ਦਾ ਆਵਾਜ਼ਾ ਹੈ: ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ | ਸਿੱਖੀ ਸਿਦਕ ਉੱਤੇ ਪਹਿਰਾ ਦੇਣਾ | ਜ਼ਾਲਮਾਂ ਦੇ ਲਾਲਚ ਜਾਂ ਡਰਾਵੇ ਵਿਚ ਨਹੀਂ ਆਉਣਾ |’
ਤੀਜੇ ਦਿਨ ਦੀ ਕਚਹਿਰੀ ਵਿਚ ਵੀ ਬੜੇ-ਬੜੇ ਖਾਨ ਬੈਠੇ ਸਨ | ਸੂਬੇਦਾਰ ਦੇ ਪੇਸ਼ਕਾਰ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਪੁੱਛਿਆ, ‘ਬੱਚਿਓ, ਜੇ ਅਸੀਂ ਤੁਹਾਨੂੰ ਛੱਡ ਦੇਈਏ, ਤਾਂ ਤੁਸੀਂ ਕਿੱਥੇ ਜਾਉਗੇ?’ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਬੋਲੇ ‘ਅਸੀਂ ਜੰਗਲਾਂ ਵਿਚ ਜਾਵਾਂਗੇ ਅਤੇ ਸਿੰਘਾਂ ਨੂੰ ਇਕੱਠੇ ਕਰ ਕੇ ਧਰਮ ਦੇ ਵੈਰੀਆਂ ਨਾਲ ਲੜਾਂਗੇ |’
‘ਜੇ ਤੁਸੀਂ ਹਾਰ ਗਏ ਫੇਰ ਕੀ ਕਰੋਗੇ?’ ਸੁੱਚਾ ਨੰਦ ਫੇਰ ਬੋਲਿਆ |
ਸ਼ੇਰ-ਦਿਲ ਸਾਹਿਬਜ਼ਾਦਿਆਂ ਨੇ ਬੁਲੰਦ ਆਵਾਜ਼ ਵਿਚ ਕਿਹਾ, ‘ਅਸੀਂ ਉੱਨਾ ਚਿਰ ਜ਼ਾਲਮਾਂ ਨਾਲ ਲੜਦੇ ਹੀ ਰਹਾਂਗੇ, ਜਿੰਨਾ ਚਿਰ ਅਸੀਂ ਜਿੱਤ ਨਹੀਂ ਜਾਂਦੇ ਤੇ ਜ਼ਾਲਮ ਹਾਰ ਨਹੀਂ ਜਾਂਦੇ |’
ਅੱਲਾ ਯਾਰ ਖਾਂ ਜੋਗੀ ਲਿਖਦੇ ਹਨ-
ਬੱਚੋਂ ਕਾ ਰੁਹਬ ਛਾ ਗਿਆ ਹਰ ਇਕ ਮੁਸ਼ੀਰ ਪਰ |
ਲਰਜ਼ਾ ਸਾ ਪੜ ਗਿਆ ਥਾ ਅਮੀਰੋ-ਵਜ਼ੀਰ ਪਰ |
(ਮੁਸ਼ੀਰ: ਸਲਾਹਕਾਰ ਦਰਬਾਰੀ; ਲਰਜ਼ਾ: ਕਾਂਬਾ)
ਸੂਬੇਦਾਰ ਵਜ਼ੀਰ ਖਾਨ ਨੇ ਕੋਲ ਬੈਠੇ ਕਾਜ਼ੀ ਨੂੰ ਕਿਹਾ- ‘ਇਹ ਬੱਚੇ ਬੜੇ ਗੁਸਤਾਖ਼ ਹਨ | ਸ਼ਰਾਹ ਦੇ ਕਾਨੂੰਨ ਅਨੁਸਾਰ ਦੱਸੋ, ਇਨ੍ਹਾਂ ਨੂੰ ਕੀ ਸਜ਼ਾ ਦਿੱਤੀ ਜਾਏ?’ ਕਾਜ਼ੀ ਨੇ ਆਪਣੀ ਕਿਤਾਬ ਨੂੰ ਫੋਲ ਕੇ ਆਖਿਆ, ‘ਇਨ੍ਹਾਂ ਗੁਸਤਾਖ਼ ਬੱਚਿਆਂ ਨੂੰ ਦੀਵਾਰ ਵਿਚ ਚਿਣ ਕੇ ਮਾਰ ਦੇਣਾ ਚਾਹੀਦਾ ਹੈ |’
ਵਜ਼ੀਰ ਖਾਨ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ- ‘ਤੁਸੀਂ ਇਨ੍ਹਾਂ ਬੱਚਿਆਂ ਨੂੰ ਮਾਰ ਕੇ, ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰੇ ਗਏ ਆਪਣੇ ਭਰਾ ਨਾਹਰ ਖਾਨ ਦੀ ਮੌਤ ਦਾ ਬਦਲਾ ਲੈ ਸਕਦੇ ਹੋ | ਲੈ ਜਾਓ ਇਨ੍ਹਾਂ ਬੱਚਿਆਂ ਨੂੰ ਤੇ ਕਤਲ ਕਰ ਦਿਓ |’
ਸ਼ੇਰ ਖਾਨ ਹੈ ਤਾਂ ਮੁਗਲ ਸਰਕਾਰ ਦਾ ਅਹਿਲਕਾਰ ਅਤੇ ਸਿੱਖ ਲਹਿਰ ਦਾ ਵਿਰੋਧੀ ਸੀ ਪਰ ਉਸ ਵਿਚ ਇਨਸਾਨੀਅਤ ਅਜੇ ਬਾਕੀ ਸੀ | ਉਸ ਨੇ ਖੜ੍ਹਾ ਹੋ ਕੇ ਕਚਹਿਰੀ ਨੂੰ ਸੰਬੋਧਨ ਕਰਦਿਆਂ ਆਖਿਆ, ‘ਸੂਬੇਦਾਰ ਸਾਹਿਬ, ਸਾਡਾ ਵੈਰ-ਵਿਰੋਧ ਇਨ੍ਹਾਂ ਬੱਚਿਆਂ ਨਾਲ ਨਹੀਂ, ਇਨ੍ਹਾਂ ਦੇ ਬਾਪ ਨਾਲ ਹੈ | ਅਸੀਂ ਜੇ ਬਦਲਾ ਲੈਣਾ ਹੋਇਆ ਤਾਂ ਇਨ੍ਹਾਂ ਬੱਚਿਆਂ ਦੇ ਬਾਪ ਨਾਲ ਲੜ ਕੇ ਲਵਾਂਗੇ | ਮਾਸੂਮ ਬੱਚਿਆਂ ਨੂੰ ਮਾਰਨਾ ਕੋਈ ਮਰਦਾਨਗੀ ਨਹੀਂ, ਨਾ ਹੀ ਅਜਿਹੇ ਕਤਲ ਦੀ ਇਸਲਾਮ ਇਜਾਜ਼ਤ ਦਿੰਦਾ ਹੈ | ਨਿਰਦੋਸ਼ ਬੱਚਿਆਂ ਉਤੇ ਐਸਾ ਜ਼ੁਲਮ ਨਾ ਕਰੋ |’
ਬਦਲਾ ਹੀ ਲੇਨਾ ਹੋਗਾ ਤੋਂ ਹਮ ਲੇਂਗੇ ਬਾਪ ਸੇ |
ਮਹਿਫੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ |
-ਅੱਲਾ ਯਾਰ ਖਾਂ ਜੋਗੀ
ਪਰ ਬੁੱਢੇ ਵਜ਼ੀਰ ਖਾਨ ਉੱਤੇ ਸ਼ੇਰ ਮੁਹੰਮਦ ਖਾਨ ਦੀ ਦਲੀਲ ਤੇ ਅਪੀਲ ਦਾ ਕੋਈ ਅਸਰ ਨਹੀਂ ਹੋਇਆ |
ਨਵੀਂ ਕੰਧ ਉਸਾਰ ਕੇ ਉਸ ਵਿਚ ਸਾਹਿਬਜ਼ਾਦਿਆਂ ਨੂੰ ਖੜ੍ਹਾ ਕਰ ਦਿੱਤਾ ਗਿਆ | ਕੰਧ ਜਦੋਂ ਗਲੇ ਤੱਕ ਆਈ ਤਾਂ ਸਾਹਿਬਜ਼ਾਦਿਆਂ ਦੇ ਸਾਹ ਤੇਜ਼ ਹੋ ਗਏ | ਇਸ ਜ਼ੁਲਮ ਤੋਂ ਦਿਲਗੀਰ ਇੱਟਾਂ ਚਿਣਦੇ ਮਿਸਤਰੀ ਦੇ ਹੱਥ ਵੀ ਕੰਬਣ ਲੱਗ ਪਏ | ਉਸੇ ਪਲ ਗਿੱਲੀ ਕੰਧ ਧੜੰਮ ਕਰ ਕੇ ਡਿਗ ਪਈ ਅਤੇ ਸਾਹਿਬਜ਼ਾਦੇ ਵੀ ਬੇਹੋਸ਼ ਹੋ ਕੇ ਧਰਤੀ ‘ਤੇ ਡਿਗ ਪਏ | ਜ਼ਾਲਮਾਂ ਦੇ ਸਿਰ ਉਤੇ ਜ਼ੁਲਮ ਸਵਾਰ ਸੀ | ਇਸ ਕੌਤਕ ਨੂੰ ਵੇਖ ਕੇ ਵੀ ਉਨ੍ਹਾਂ ਦੇ ਦਿਲ ਨਹੀਂ ਪਿਘਲੇ | ਵਜ਼ੀਰ ਖਾਨ ਦੇ ਹੁਕਮ ਨਾਲ ਸਮਾਣੇ ਦੇ ਦੋ ਜੱਲਾਦਾਂ ਸਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਦੋਵਾਂ ਸਾਹਿਬਜ਼ਾਦਿਆਂ ਦੇ ਸਿਰ ਧੜਾਂ ਤੋਂ ਅਲੱਗ ਕਰ ਦਿੱਤੇ | ਭਾਈ ਰਤਨ ਸਿੰਘ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਲਿਖਦੇ ਹਨ-
ਹੁਤੋ ਉਹਾਂ ਥੋ ਛੁਰਾ ਇਕ ਵਾਰੋ |
ਦੈ ਗੋਡੇ ਹੇਠ ਜ਼ਿਬਹ ਕਰ ਡਾਰੋ |
ਬੰਸਾਵਲੀਨਾਮਾ ਵਿਚ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ-
ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲਿ ਬੇਗ ਛੁੱਟ ਗਏ |
ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ |
ਗੁਰੂ ਗੋਬਿੰਦ ਸਿੰਘ ਜੀ ਨੇ ਲੰਮੇ ਜੱਟਪੁਰੇ ਵਿਚ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣੀ ਤਾਂ ਉਨ੍ਹਾਂ ਨੇ ਤੀਰ ਦੀ ਨੋਕ ਨਾਲ ਕਾਹੀ ਦੇ ਇਕ ਬੂਟੇ ਨੂੰ ਜੜ੍ਹੋਂ ਪੁੱਟਦਿਆਂ ਫ਼ਰਮਾਇਆ, ‘ਜਿਹੜੀ ਹਕੁੂਮਤ ਛੋਟੇ ਬੱਚਿਆਂ ਉੱਤੇ ਜ਼ੁਲਮ ਕਰਨੋਂ ਵੀ ਬਾਜ਼ ਨਹੀਂ ਆਉਂਦੀ, ਸਮਝੋ ਉਸ ਦੀ ਜੜ੍ਹ ਪੁੱਟੀ ਗਈ ਹੈ | ਇਹ ਸਰਕਾਰ ਹੁਣ ਬਹੁਤਾ ਚਿਰ ਨਹੀਂ ਰਹੇਗੀ |’
ਗੁਰੂ ਦਸਮੇਸ਼ ਦੇ ਇਨ੍ਹਾਂ ਬਚਨਾਂ ਨੂੰ ਉਨ੍ਹਾਂ ਦੇ ਸੂਰਬੀਰ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜ ਸਾਲ ਬਾਅਦ 1710 ਈ. ਵਿਚ ਸੱਚ ਕਰ ਵਿਖਾਇਆ | ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ | ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦੇ ਸੋਮੇ ਵਜ਼ੀਰ ਖਾਨ ਨੂੰ ਉਸ ਦੇ ਜ਼ੁਲਮਾਂ ਦੀ ਐਸੀ ਸਜ਼ਾ ਦਿੱਤੀ ਕਿ ਨਾ ਤਾਂ ਪੰਜਾਬ ਵਿਚ ਮੁਗਲ ਰਾਜ ਰਿਹਾ ਤੇ ਨਾ ਹੀ ਵਜ਼ੀਰ ਖ਼ਾਨ ਦਾ ਕੋਈ ਨਾਂਅ ਨਿਸ਼ਾਨ | ਪਰ ਗੁਰੂ ਪਾਤਸ਼ਾਹਾਂ ਦੇ ਕੇਸਰੀ ਨਿਸ਼ਾਨ ਪੰਜਾਬ ਵਿਚ ਹੀ ਨਹੀਂ, ਕੁੱਲ ਜਹਾਨ ਵਿਚ ਥਾਂ ਪਰ ਥਾਂ ਝੁਲਦੇ ਹਨ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਬਣੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਰਹਿੰਦ ਵਿਚ ਹਰ ਰੋਜ਼ ਹਜ਼ਾਰਾਂ ਸਿੱਖ ਨਤਮਸਤਕ ਹੁੰਦੇ ਹਨ-
ਸਤਿਗੁਰ ਕੇ ਸਦ ਗਿ੍ਹ ਵਿਖੇ, ਝੰਡੇ ਝੁਲਤ ਨਿਸ਼ਾਨ |
ਗਾਵਤ ਗਰਜਤ ਪ੍ਰੇਮ ਸੋਂ, ਸ੍ਰੀ ਗੁਰ ਸ਼ਬਦ ਨਿਧਾਨ |

-ਭਾਈ ਦੁੱਨਾ ਸਿੰਘ ਹੰਡੂਰੀਆ
-ਮੋਬਾਈਲ: 98155-40968
Tags: , ,
Posted in: ਸਾਹਿਤ