ਭਾਈ ਜੈਤਾ ਜੀ ਦੀ ਕੁਰਬਾਨੀ ਦਾ ਸਿੱਖ ਇਤਿਹਾਸ ਵਿੱਚ ਸਥਾਨ

By December 22, 2016 0 Comments


bhai-jaita-ji
‘ਸ਼ਹੀਦ’ ਕੌਮਾਂ ਦੀ ਜਿੰਦ-ਜਾਨ ਤੇ ਅਣਖ-ਈਮਾਨ ਹੁੰਦੇ ਹਨ। ਉਹ ਆਪਣਾ ਜੀਵਨ ਕੁਰਬਾਨ ਕਰ ਕੇ ਕੌਮ ਨੂੰ ਨਵਾਂ ਜੀਵਨ ਬਖ਼ਸ਼ਦੇ ਹਨ। ਇਨ੍ਹਾਂ ਸ਼ਹੀਦਾਂ ਵਿੱਚ ਭਾਈ ਜੈਤਾ ਜੀ ਦੀ ਕੁਰਬਾਨੀ ਵੱਖਰਾ ਸਥਾਨ ਰੱਖਦੀ ਹੈ। ‘ਰੰਘਰੇਟਾ ਗੁਰੂ ਕਾ ਬੇਟਾ’ ਅਖਵਾਉਣ ਦਾ ਸ਼ੁਭ ਵਰ ਪ੍ਰਾਪਤ ਕਰਨ ਵਾਲੇ ਭਾਈ ਜੈਤਾ ਜੀ ਨੇ ਦਿੱਲੀ ਤੋਂ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਅਨੰਦਪੁਰ ਪਹੁੰਚਾਇਆ। ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਸਿੰਘ ਸਜ ਗਏ ਤੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣ ਗਏ। ਸਿੱਖ ਕੌਮ ਦੇ ਇਸ ਮਹਾਨ ਸੂਰਬੀਰ ਨੇ ਪਹਿਲਾਂ ਭੰਗਾਣੀ, ਫਿਰ ਅਨੰਦਪੁਰ ਤੇ ਅਖ਼ੀਰ ਚਮਕੌਰ ਦੀ ਜੰਗ ਵਿੱਚ ਹਿੱਸਾ ਲਿਆ ਤੇ ਸ਼ਹੀਦੀ ਪ੍ਰਾਪਤ ਕਰ ਗਏ।
ਭਾਈ ਜੈਤਾ ਜੀ ਦਾ ਜਨਮ ਅਖੌਤੀ ਨੀਵੀਂ ਜਾਤ ਵਿੱਚੋਂ ਮਜ਼੍ਹਬੀ ਅਖਵਾਉਣ ਵਾਲੇ ਭਾਈ ਸਦਾਨੰਦ ਤੇ ਮਾਤਾ ਪ੍ਰੇਮੋ ਦੇ ਘਰ 5 ਸਤੰਬਰ 1661 ਨੂੰ ਪਟਨਾ ਵਿੱਚ ਹੋਇਆ। ਪਟਨਾ ਵਿੱਚ ਹੀ ਉਨ੍ਹਾਂ ਨੇ ਯੁੱਧ ਕਲਾ ਦੇ ਤੌਰ ਤਰੀਕੇ ਤੇ ਕੀਰਤਨ ਸਿੱਖਿਆ। ਉਨ੍ਹਾਂ ਦਾ ਵਿਆਹ ਭਾਈ ਖਜ਼ਾਨ ਸਿੰਘ ਦੀ ਪੁੱਤਰੀ ਬੀਬੀ ਰਾਜ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਪੁੱਤਰਾਂ ਭਾਈ ਗੁਲਜ਼ਾਰ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਸੁੱਖਾ ਅਤੇ ਭਾਈ ਸੇਵਾ ਸਿੰਘ ਨੇ ਜਨਮ ਲਿਆ।
ਭਾਈ ਜੈਤਾ ਜੀ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਸ਼ਰਧਾ ਭਾਵਨਾ ਨਾਲ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਉਹ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਰਧਾਲੂ ਸਨ। ਜਦੋਂ ਗੁਰੂ ਤੇਗ਼ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਪੰਜਾਬ ਦਾ ਦੌਰਾ ਕਰਦਿਆਂ ਦਿੱਲੀ ਵੱਲ ਰਵਾਨਾ ਹੋਏ ਤਾਂ ਹੋਰ ਸੰਗਤ ਦੇ ਨਾਲ ਭਾਈ ਜੈਤਾ ਜੀ ਵੀ ਉਨ੍ਹਾਂ ਦੇ ਨਾਲ ਸਨ। ਮੁਗ਼ਲਾਂ ਨੇ 15 ਸਤੰਬਰ 1675 ਨੂੰ ਪੰਜ ਸਿੱਖਾਂ ਸਮੇਤ ਗੁਰੂ ਤੇਗ਼ ਬਹਾਦਰ ਜੀ ਨੂੰ ਆਗਰੇ ਤੋਂ ਗ੍ਰਿਫ਼ਤਾਰ ਕਰ ਲਿਆ। ਗੁਰੂ ਜੀ ਨੇ ਜੇਲ੍ਹ ਵਿੱਚੋਂ ਭਾਈ ਜੈਤਾ ਨੂੰ 5 ਪੈਸੇ, ਨਾਰੀਅਲ, ਗੁਰਿਆਈ ਤਿਲਕ ਅਤੇ ਹੁਕਮਨਾਮਾ ਦੇ ਕੇ ਅਨੰਦਪੁਰ ਭੇਜਿਆ। ਭਾਈ ਜੈਤਾ ਜੀ ਨੇ ਸਾਰੀ ਸਮੱਗਰੀ ਗੋਬਿੰਦ ਰਾਏ ਨੂੰ ਸੌਂਪੀ ਅਤੇ ਦਿੱਲੀ ਦੇ ਹਾਲਾਤ ਦੱਸੇ ਕਿ ਗੁਰੂ ਸਾਹਿਬ ਦੀ ਸ਼ਹੀਦੀ ਅਟੱਲ ਹੈ। 11 ਨਵੰਬਰ 1675 ਨੂੰ ਗੁਰੂ ਤੇਗ਼ ਬਹਾਦਰ ਜੀ ਨੂੰ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ। ਹਕੂਮਤ ਨੇ ਐਲਾਨ ਕਰ ਦਿੱਤਾ ਕਿ ਜੋ ਗੁਰੂ ਜੀ ਦਾ ਧੜ ਅਤੇ ਸੀਸ ਚੁੱਕੇਗਾ, ਉਸ ਦਾ ਵੀ ਇਹੋ ਹਸ਼ਰ ਹੋਵੇਗਾ। ਭਾਈ ਜੈਤਾ ਜੀ ਭੇਸ ਬਦਲ ਕੇ ਕਿਸੇ ਤਰ੍ਹਾਂ ਦਿੱਲੀ ਪੁੱਜੇ ਤੇ ਇਹ ਖ਼ਤਰਾ ਮੁੱਲ ਲੈਣ ਦੀ ਧਾਰ ਲਈ। ਉਨ੍ਹਾਂ ਬੜੀ ਹੁਸ਼ਿਆਰੀ ਨਾਲ ਗੁਰੂ ਤੇਗ਼ ਬਹਾਦਰ ਜੀ ਦਾ ਧੜ ਨਾਲੋਂ ਅਲੱਗ ਹੋਇਆ ਸੀਸ ਚੁੱਕਿਆ ਤੇ ਸਤਿਕਾਰ ਨਾਲ ਕੱਪੜੇ ਵਿੱਚ ਲਪੇਟ ਕੇ ਅਨੰਦਪੁਰ ਸਾਹਿਬ ਲੈ ਤੁਰੇ।
ਜਦੋਂ ਭਾਈ ਜੈਤਾ ਜੀ ਗੁਰੂ ਤੇਗ਼ ਬਹਾਦਰ ਦਾ ਪਾਵਨ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਤਾਂ ਗੋਬਿੰਦ ਰਾਏ ਜੀ ਨੇ ਆਪਣੇ ਗੁਰਦੇਵ ਪਿਤਾ ਦਾ ਸੀਸ ਦੇਖ ਕੇ ਭਾਈ ਜੈਤਾ ਜੀ ਨੂੰ ਘੁੱਟ ਕੇ ਗਲਵੱਕੜੀ ਵਿੱਚ ਲਿਆ ਤੇ ਵਰ ਦਿੱਤਾ, ‘ਰੰਘਰੇਟਾ ਗੁਰੂ ਕਾ ਬੇਟਾ’। ਉਸ ਦਿਨ ਤੋਂ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਹੀ ਰਹਿਣ ਲੱਗ ਪਏ।
1699 ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਦਸਮ ਪਿਤਾ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੰਮ੍ਰਿਤ ਛਕਾ ਕੇ ਸਿੱਖਾਂ ਨੂੰ ਸਿੰਘ ਸਜਾਇਆ। ਭਾਈ ਜੈਤਾ ਜੀ ਨੇ ਵੀ ਅੰਮ੍ਰਿਤ ਪਾਨ ਕੀਤਾ ਤੇ ਭਾਈ ਜੈਤਾ ਤੋਂ ਜੀਵਨ ਸਿੰਘ ਬਣ ਗਏ। 1701 ਵਿੱਚ ਅਨੰਦਪੁਰ ਸਾਹਿਬ ਉੱਤੇ ਮੁਗ਼ਲਾਂ ਅਤੇ ਹਿੰਦੂ ਰਾਜਿਆਂ ਦਾ ਹਮਲਾ ਹੋਇਆ। ਹਮਲਾ ਕਰਨ ਵਾਲਿਆਂ ਵਿੱਚ ਦਿੱਲੀ ਤੋਂ ਆਈ ਗਸ਼ਤੀ ਫ਼ੌਜ, ਲਾਹੌਰ ਤੇ ਸਰਹੰਦ ਦੇ ਸੂਬੇਦਾਰ ਦੀਆਂ ਫ਼ੌਜਾਂ ਤੇ ਬਾਈਧਾਰ ਦੇ ਹਿੰਦੂ ਰਾਜਿਆਂ ਦੀਆਂ ਫ਼ੌਜਾਂ ਸ਼ਾਮਲ ਸਨ। ਤਿੰਨ ਸਾਲ ਯੁੱਧ ਚੱਲਦਾ ਰਿਹਾ। ਇਸ ਸਮੇਂ ਯੁੱਧ ਮੈਦਾਨ ’ਚ ਲੜਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਵੀ ਸ਼ਾਮਲ ਸਨ। ਅਖ਼ੀਰ ਜਦੋਂ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ, 40 ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗਏ ਤੇ ਅਤਿ ਤੰਗੀ ਦੇ ਦਿਨ ਆ ਗਏ ਤਾਂ ਉਸ ਸਮੇਂ ਵੀ ਭਾਈ ਜੀਵਨ ਸਿੰਘ ਗੁਰੂ ਜੀ ਦੇ ਨਾਲ ਸਨ।
ਅਨੰਦਪੁਰ ਸਾਹਿਬ ਤੋਂ ਕੂਚ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕਰ ਕੇ ਚਮਕੌਰ ਸਾਹਿਬ ਆ ਡੇਰੇ ਲਾਏ ਤੇ ਇੱਥੇ ਫਿਰ ਸ਼ਾਹੀ ਫ਼ੌਜ ਨਾਲ ਟੱਕਰ ਲਈ। ਇਸ ਲੜਾਈ ਵਿੱਚ ਥੋੜ੍ਹੀ ਗਿਣਤੀ ’ਚ ਸਿੰਘ ਗੁਰੂ ਸਾਹਿਬ ਦੇ ਨਾਲ ਸਨ। ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਇੱਥੇ ਯੁੱਧ ਵਿੱਚ ਸ਼ਹੀਦ ਹੋ ਗਏ। ਭਾਈ ਜੀਵਨ ਸਿੰਘ ਦੇ ਚਾਰੇ ਪੁੱਤਰ ਵੀ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋ ਗਏ। ਭਾਈ ਜੀਵਨ ਸਿੰਘ ਨੇ ਚਮਕੌਰ ਦੇ ਯੁੱਧ ਵਿੱਚ ਵੀਰਤਾ ਦਾ ਕਮਾਲ ਦਿਖਾਇਆ ਤੇ ਸਾਰੀ ਫ਼ੌਜ ਵਿੱਚ ਤਰਥੱਲੀ ਮਚਾ ਦਿੱਤੀ। ਅਖ਼ੀਰ 23 ਦਸੰਬਰ 1704 ਨੂੰ ਉਹ ਲੜਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਦਾ ਇਹ ਮਹਾਨ ਕਾਰਨਾਮਾ ਜਿੱਥੇ ਇਤਿਹਾਸ ਵਿੱਚ ਸਦਾ ਯਾਦ ਰਹੇਗਾ, ਉੱਥੇ ਉਨ੍ਹਾਂ ਦੀ ਸ਼ਹੀਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਤਸ਼ਾਹ ਦਿੰਦੀ ਰਹੇਗੀ।
ਲੈਕਚਰਾਰ ਜੁਗਰਾਜ ਸਿੰਘ
ਸੰਪਰਕ: 94656-17729
Tags:
Posted in: ਸਾਹਿਤ