ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ

By December 21, 2016 0 Comments


baba-jivan-singhਸ਼ਹੀਦ ਬਾਬਾ ਜੀਵਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਸਨ | ਜਦ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਨੂੰ ‘ਖ਼ਾਲਸਾ’ ਸਾਜਿਆ ਤਾਂ ਭਾਈ ਜੈਤਾ ਜੀ ਵੀ ਅੰਮਿ੍ਤ ਦੀ ਪਵਿੱਤਰ ਦਾਤ ਪ੍ਰਾਪਤ ਕਰਕੇ ਭਾਈ ਜੈਤਾ ਤੋਂ ਬਾਬਾ ਜੀਵਨ ਸਿੰਘ ਬਣ ਗਏ ਸਨ | ਭਾਈ ਜੈਤਾ ਦਾ ਜਨਮ 2 ਸਤੰਬਰ, 1661 ਈ: ਨੂੰ ਪਿਤਾ ਭਾਈ ਸਦਾ ਨੰਦ ਅਤੇ ਮਾਤਾ ਪ੍ਰੇਮੋ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ | ਭਾਈ ਜੀਵਨ ਸਿੰਘ ਦੇ ਜਨਮ ਅਤੇ ਸ਼ਹੀਦੀ ਦੀਆਂ ਤਰੀਕਾਂ ਸਬੰਧੀ ਇਤਿਹਾਸਕਾਰਾਂ ਵਿਚ ਮਤਭੇਦ ਹਨ | ਬਾਬਾ ਜੀਵਨ ਸਿੰਘ ਦੇ ਜਨਮ ਸਮੇਂ ਇਨ੍ਹਾਂ ਦੇ ਮਾਤਾ-ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਯਾਤਰਾ ‘ਤੇ ਸਨ | ਬਾਬਾ ਜੀਵਨ ਸਿੰਘ ਦਾ ਬਚਪਨ ਗੋਬਿੰਦ ਰਾਏ ਦੇ ਨਾਲ ਖੇਡਦਿਆਂ ਬੀਤਿਆ | ਗੋਬਿੰਦ ਰਾਏ ਜੀ ਤੇ ਬਾਬਾ ਜੀਵਨ ਸਿੰਘ ਨੇ ਇਕੱਠਿਆਂ ਵਿੱਦਿਆ ਤੇ ਸ਼ਸਤਰ ਵਿੱਦਿਆ ਵਿਚ ਨਿਪੁੰਨਤਾ ਹਾਸਲ ਕੀਤੀ | ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਜਦ ਕਸ਼ਮੀਰੀ ਪੰਡਿਤਾਂ ਦਾ ਇਕ ਵਫਦ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਇਆ ਤੇ ਫਰਿਆਦ ਕੀਤੀ | ਗੁਰੂ ਸਾਹਿਬ ਹਿੰਦੂ ਧਰਮ ਬਚਾਉਣ ਖਾਤਰ ਦਿੱਲੀ ਪਹੁੰਚ ਗਏ | ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕੀਤਾ ਗਿਆ ਤੇ ਐਲਾਨ ਕੀਤਾ ਗਿਆ ਕਿ ‘ਹੈ, ਕੋਈ ਐਸਾ ਸਿੱਖ ਜੋ ਆਪਣੇ ਗੁਰੂ ਦੇ ਸਰੀਰ ਦਾ ਸਸਕਾਰ ਕਰਨ ਦੀ ਹਿੰਮਤ ਰੱਖਦਾ ਹੋਵੇ?’ ਦਿੱਲੀ ਵਾਸੀ ਸਿੱਖਾਂ ਵਿਚੋਂ ਕਿਸੇ ਨਾ ਹਿੰਮਤ ਕੀਤੀ ਤਾਂ ਬਾਬਾ ਜੀਵਨ ਸਿੰਘ (ਭਾਈ ਜੈਤਾ) ਨੇ ਇਹ ਸੇਵਾ ਨਿਭਾਈ |
ਭਾਈ ਜੈਤਾ ਦਿੱਲੀ ਪਹੁੰਚ ਕੇ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਠਾ ਕੇ ਅਨੰਦਪੁਰ ਸਾਹਿਬ ਪਹੁੰਚੇ ਤਾਂ ਸ੍ਰੀ ਗੁਰੂ ਗੋਬਿੰਦ ਜੀ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜ਼ ਕੇ ਛਾਤੀ ਨਾਲ ਲਾਇਆ | (ਉਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਪੁੱਤਰਾਂ ਦੀ ਮਦਦ ਨਾਲ ਰੂੰ ਵਾਲੇ ਗੱਡੇ ਵਿਚ ਸਤਿਕਾਰ ਸਹਿਤ ਰੱਖ ਕੇ ਆਪਣੇ ਘਰ ਲਿਜਾ ਕੇ ਆਪਣੇ ਘਰ ਨੂੰ ਅਗਨ ਭੇਟ ਕਰਕੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਸੀ) | ਗੁਰੂ ਸਾਹਿਬ ਨੇ 1699 ਈ: ਦੀ ਵਿਸਾਖੀ ਨੂੰ ‘ਖ਼ਾਲਸਾ’ ਸਾਜ ਕੇ ਦੁਨੀਆ ਵਿਚ ਸਭ ਤੋਂ ਅਨੋਖਾ ਕੰਮ ਕਰ ਵਿਖਾਇਆ | ਉਸੇ ਖ਼ਾਲਸੇ ਤੋਂ ਆਪ ਅੰਮਿ੍ਤ ਦੀ ਪਵਿੱਤਰ ਦਾਤ ਪ੍ਰਾਪਤ ਕਰਕੇ ‘ਗੋਬਿੰਦ ਰਾਏ’ ਤੋਂ ‘ਗੋਬਿੰਦ ਸਿੰਘ’ ਬਣ ਗਏ | ਖ਼ਾਲਸੇ ਨੂੰ ਪੰਜ ਕਕਾਰਾਂ ਦੀ ਦਾਤ ਬਖਸ਼ਿਸ਼ ਕਰਕੇ ਦੁਨੀਆ ਵਿਚ ਸਭ ਤੋਂ ਵੱਖਰਾ ਰੂਪ ਦਿੱਤਾ | ਬਾਬਾ ਜੀਵਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਦੇ ਖਿਲਾਫ ਲੜੀ ਹਰ ਜੰਗ ਵਿਚ ਵਧ-ਚੜ੍ਹ ਕੇ ਸਾਥ ਦਿੱਤਾ | ਜਦ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਤਾਂ ਕਾਫਲੇ ਦੇ ਸਭ ਤੋਂ ਅਖੀਰ ਵਿਚ ਗੁਰੂ ਸਾਹਿਬ ਨੇ ਬਾਬਾ ਜੀਵਨ ਸਿੰਘ, ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ ਦੀ ਡਿਊਟੀ ਲਾਈ, ਕਿਉਂਕਿ ਗੁਰੂ ਸਾਹਿਬ ਜਾਣਦੇ ਸਨ ਕਿ ਮੁਗ਼ਲ ਆਪਣੇ ਵਾਅਦਿਆਂ ਤੋਂ ਮੁੱਕਰ ਜਾਣਗੇ, ਇਸ ਲਈ ਪਿੱਠ ਪਿੱਛੋਂ ਹਮਲਾ ਜ਼ਰੂਰ ਕਰਨਗੇ ਤਾਂ ਇਨ੍ਹਾਂ ਜ਼ਾਲਮਾਂ ਨਾਲ ਇਹ ਸਿੰਘ ਸੂਰਮੇ ਹੀ ਨਜਿੱਠ ਸਕਦੇ ਹਨ | ਵੈਰੀ ਨਾਲ ਲੋਹਾ ਲੈਂਦੇ ਹੋਏ ਭਾਈ ਜੀਵਨ ਸਿੰਘ ਨੇ 23 ਦਸੰਬਰ, 1704 ਦੀ ਸਵੇਰ ਨੂੰ ਸ਼ਹੀਦੀ ਪ੍ਰਾਪਤ ਕੀਤੀ | ਬਾਬਾ ਜੀਵਨ ਸਿੰਘ ਇਕ ਉੱਚ ਦਰਜੇ ਦੇ ਕਵੀ ਵੀ ਸਨ | ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਹਰ ਜੰਗਾਂ ਯੁੱਧਾਂ ਵਿਚ ਫਤਹਿ ਹਾਸਲ ਕੀਤੀ |
By Dharminder Singh Chabba
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮਿ੍ਤਸਰ-143022
email: dharmindersinghchabba0gmail.com
Tags: ,
Posted in: ਸਾਹਿਤ