ਅਬਦਾਲੀ ਨਾਲ ਲੋਹਾ ਲੈਣ ਵਾਲੇ ਸ਼ਹੀਦ ਗੁਰਬਖ਼ਸ਼ ਸਿੰਘ

By December 4, 2016 0 Comments


ਜਸਬੀਰ ਸਿੰਘ ‘ਤੇਗ’
shaheed-gurbaksh-singh
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਸੁਸ਼ੋਭਿਤ ਹੈ। ਬਾਬਾ ਗੁਰਬਖ਼ਸ਼ ਸਿੰਘ ਦਾ ਜਨਮ 10 ਅਪਰੈਲ 1688 ਨੂੰ ਪਿਤਾ ਦਸੌਂਧਾ ਸਿੰਘ ਤੇ ਮਾਤਾ ਲੱਛਮੀ ਦੇ ਗ੍ਰਹਿ ਪਿੰਡ ਲੀਲ੍ਹ ਖੇਮਕਰਨ ਅੰਮ੍ਰਿਤਸਰ ਵਿੱਚ ਹੋਇਆ। 1693 ਵਿੱਚ ਉਹ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ। 1699 ਨੂੰ ਭਾਈ ਮਨੀ ਸਿੰਘ ਪਾਸੋਂ ਅੰਮ੍ਰਿਤ ਛਕਿਆ ਅਤੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਮਿਸਲ ਵਿੱਚ ਸ਼ਾਮਲ ਹੋ ਗਏ। ਇੱਥੇ ਹੀ ਉਨ੍ਹਾਂ ਨੇ ਸ਼ਸ਼ਤਰ ਵਿੱਦਿਆ ਹਾਸਲ ਕੀਤੀ। ਬਾਬਾ ਦੀਪ ਸਿੰਘ ਦੀ ਸ਼ਹੀਦੀ ਮਗਰੋਂ ਉਨ੍ਹਾਂ ਆਪਣਾ ਜਥਾ ਬਣਾ ਲਿਆ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਤੇ ਸੇਵਾ ਸੰਭਾਲ ਖ਼ਾਤਰ ਇੱਥੇ ਟਿਕਾਣਾ ਰੱਖਿਆ।
ਦਸੰਬਰ 1764 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ 30,000 ਫ਼ੌਜ ਸਣੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰ ਦਿੱਤਾ। ਇਧਰ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ਹੇਠ ਸਿਰਫ਼ ਤੀਹ ਤਿਆਰ-ਬਰ-ਤਿਆਰ ਸਿੰਘ ਸਨ। ਸਿੰਘਾਂ ਨੇ ਮਤਾ ਕੀਤਾ ਕਿ ਅਹਿਮਦ ਸ਼ਾਹ ਦੀ ਫ਼ੌਜ ਦਾ ਟਾਕਰਾ ਕਰ ਕੇ ਸ਼ਹੀਦੀਆਂ ਪਾਈਆਂ ਜਾਣ।
ਸਿੰਘਾਂ ਅੰਦਰ ਸ਼ਹੀਦੀਆਂ ਦਾ ਚਾਅ ਠਾਠਾਂ ਮਾਰ ਰਿਹਾ ਸੀ। ਬਾਬਾ ਜੀ ਕਹਿਣ ਲਗੇ, ‘‘ਸਿੰਘੋ ਅਸਾਂ ਮੌਤ ਲਾੜੀ ਨੂੰ ਪ੍ਰਨਾਉਣਾ ਹੈ, ਸਾਡੇ ਗਾਨਾ ਬੰਨ੍ਹ ਦੇਵੋ।’’ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਤੇ ਨਿਤਨੇਮ ਕਰ ਕੇ ਬਾਬਾ ਜੀ ਸਾਰੇ ਸਿੰਘਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਆ ਗਏ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਬਾਬਾ ਜੀ ਨੇ ਕਿਹਾ, ‘‘ਅੱਜ ਸਾਨੂੰ ਘੋੜੀਆਂ ਦਾ ਪਾਠ ਸਰਵਣ ਕਰਵਾਓ। ਅੱਜ ਅਸਾਂ ਮੌਤ ਲਾੜੀ ਨੂੰ ਵਿਆਹੁਣਾ ਹੈ।’’ ਘੋੜੀਆਂ ਦਾ ਪਾਠ ਸਰਵਣ ਕਰ ਕੇ ਸਿੰਘਾਂ ਦੇ ਚਿਹਰੇ ਸੂਹੇ-ਲਾਲ ਹੋ ਗਏ। ਸਿੰਘ ਤਿਆਰ ਬਰ ਤਿਆਰ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨੀ ਡਿਉਢੀ ਦੇ ਸਾਹਮਣੇ ਆ ਖਲੋਤੇ ਤੇ ਅਹਿਮਦਸ਼ਾਹ ਦੀ ਫ਼ੌਜ ਦਾ ਇੰਤਜ਼ਾਰ ਕਰਨ ਲੱਗੇ। ਅਹਿਮਦ ਸ਼ਾਹ ਸਮਝਦਾ ਸੀ ਕਿ ਉਸ ਦੇ ਆਉਣ ਦੀ ਖ਼ਬਰ ਸੁਣ ਕੇ ਸਿੰਘ ਜੰਗਲਾਂ ਵਿੱਚ ਜਾ ਲੁਕੇ ਹਨ। ਉਹ ਇਨ੍ਹਾਂ ਸਿੰਘਾਂ ਨੂੰ ਆਪਣੇ ਸਾਹਮਣੇ ਵੇਖ ਕੇ ਹੈਰਾਨ ਹੋ ਗਿਆ। ਸਿੰਘਾਂ ਨੇ ਜੈਕਾਰੇ ਛੱਡੇ ਤੇ ਬਾਜਾਂ ਵਾਂਗ ਫ਼ੌਜ ’ਤੇ ਟੁੱਟ ਪਏ। ਵੇਖਦੇ ਹੀ ਵੇਖਦੇ ਲੋਥਾਂ ਦੇ ਢੇਰ ਲੱਗ ਗਏ। ਹੌਲੀ-ਹੌਲੀ ਘਮਸਾਣ ਵਧਣ ਲੱਗਾ। ਸਿੰਘ ਸ਼ਹੀਦੀਆਂ ਪਾ ਰਹੇ ਸਨ ਤੇ ਦਿਨ ਦਾ ਪਹਿਲਾ ਪਹਿਰ ਬੀਤ ਗਿਆ। ਬਾਬਾ ਗੁਰਬਖ਼ਸ਼ ਸਿੰਘ ਨੇ ਆਪਣੇ ਖੰਡੇ ਨਾਲ ਵੈਰੀ ਦੇ ਐਸੇ ਆਹੂ ਲਾਹੇ ਕਿ ਕਿਸੇ ਦੀ ਜੁਰਅਤ ਨਹੀਂ ਸੀ ਪੈ ਰਹੀ ਕਿ ਅੱਗੇ ਵਧ ਕੇ ਮੁਕਾਬਲਾ ਕਰ ਸਕੇ। ਬਾਬਾ ਜੀ ਸ਼ਹੀਦੀ ਲਈ ਤਤਪਰ ਸਨ। ਦਿਨ ਦੇ ਦੂਜੇ ਪਹਿਰ ਤਕ ਵੈਰੀਆਂ ਨੂੰ ਹੌਂਸਲਾ ਨਹੀਂ ਸੀ ਪੈ ਰਿਹਾ ਕਿ ਬਾਬਾ ਜੀ ਦੇ ਸਨਮੁਖ ਹੋ ਸਕਦੇ। ਦੂਰੋਂ ਖੜ੍ਹੇ ਹੋ ਕੇ ਉਹ ਗੋਲੀਆਂ ਵਰ੍ਹਾਉਂਦੇ ਤੇ ਤੀਰਾਂ ਦੀ ਮਾਰ ਕਰ ਰਹੇ ਸਨ। ਬਾਬਾ ਜੀ ਦੇ ਸਰੀਰ ਨੂੰ ਤੀਰਾਂ ਤੇ ਗੋਲੀਆਂ ਨੇ ਚੀਰ ਕੇ ਦਿੱਤਾ। ਉਨ੍ਹਾਂ ਦੇ ਸਰੀਰ ’ਤੇ ਬੇਸ਼ੁਮਾਰ ਜ਼ਖ਼ਮ ਹੋ ਗਏ ਸਨ।
ਗੋਲੀ ਛਾਡੈਂ ਦੂਰ ਖੜ,
ਔ ਧਰੀ ਤੀਰਨ ਕੀ ਮਾਰ।
ਸਿੰਘ ਗਏ ਚੀਰ ਸਰੀਰ ਕੋ,
ਪਰੈ ਨ ਜ਼ਖ਼ਮ ਸੁਮਾਰ।।
(ਪੰਥ ਪ੍ਰਕਾਸ਼)
ਬਾਬਾ ਗੁਰਬਖ਼ਸ਼ ਸਿੰਘ ਦੇ ਸਰੀਰ ਵਿੱਚੋਂ ਲਹੂ ਦੀਆਂ ਤਤੀਰੀਆਂ ਨਿਕਲ ਰਹੀਆਂ ਸਨ। ਜਦੋਂ ਕਾਫ਼ੀ ਲਹੂ ਸਰੀਰ ਵਿੱਚੋਂ ਵਹਿ ਗਿਆ ਤਾਂ ਉਨ੍ਹਾਂ ਦਾ ਸਰੀਰ ਨਿਢਾਲ ਹੋਣ ਲੱਗਾ। ਫਿਰ ਬਾਬਾ ਜੀ ਦਰਸ਼ਨੀ ਡਿਉਢੀ ਦੇ ਸਾਹਮਣੇ ਗੋਡਿਆਂ ਭਾਰ ਹੋ ਕੇ ਗੁਰੂ ਪਾਤਸ਼ਾਹ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕਰਨ ਲੱਗੇ:
ਹਾਥ ਜੋੜ ਠਾਂਢੋ ਭਯੋ,
ਲਾਇ ਚਰਨ ਸੁ ਗੁਰ ਕੋ ਧਪਾਨ।
ਗੁਰਬਖਸ਼ ਸਿੰਘ ਇਮ ਬਚ ਕਹਪੋ,
ਤੂੰ ਆਪੈ ਜਾਣੀ ਜਾਣ।
ਜੋ ਹਜੂਰ ਨਿਜ ਪੰਥ ਰਚਾਯਾ।
ਅਬ ਤਿਸ ਨੈ ਹੈ ਬਹੁ ਦੁਖ ਪਾਯਾ।
ਕਾਬਲ ਤੇ ਜੋਊ ਕੁਤੋ ਮੰਗਾਯੋ।
ਬੰਦੈ ਜਿਮ ਉਸ ਚਹੀਅਤ ਗਲਾਯੋ।
(ਪੰਥ ਪ੍ਰਕਾਸ਼)
ਉਨ੍ਹਾਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ‘‘ਹੇ ਸੱਚੇ ਪਾਤਸ਼ਾਹ! ਤੇਰੇ ਸਾਜੇ ਹੋਏ ਪੰਥ ਨੇ ਬਹੁਤ ਦੁੱਖ ਸਹੇ ਹਨ, ਹੁਣ ਕੋਈ ਐਸਾ ਚਮਤਕਾਰ ਕਰੋ ਕਿ ਇਹ ਜੋ ਬੇਗ਼ਾਨੀ-ਧਰਤ ਕਾਬਲ ਵੱਲੋਂ ਹਮਲਾਵਰ (ਕੁੱਤੇ) ਆਉਂਦੇ ਹਨ, ਇਨ੍ਹਾਂ ਦਾ ਰਾਹ ਸਦਾ ਲਈ ਬੰਦ ਹੋ ਜਾਵੇ ਤੇ ਤੇਰਾ ਪੰਥ ਚੜ੍ਹਦੀ ਕਲਾ ਵਿੱਚ ਹੋਵੇ, ਪੰਜਾਬ ਦੀ ਰਾਜ-ਸੱਤਾ ਦਾ ਸੁੱਖ ਮਾਣੇ।’’
ਇਤਿਹਾਸ ਗਵਾਹ ਹੈ ਕਿ ਬਾਬਾ ਗੁਰਬਖ਼ਸ਼ ਸਿੰਘ ਦੀ ਸ਼ਹੀਦੀ ਤੋਂ ਜਲਦ ਮਗਰੋਂ ਹੀ ਅਹਿਮਦ ਸ਼ਾਹ ਫੌਤ ਹੋ ਗਿਆ ਤੇ ਪੰਜਾਬ ਵਿੱਚ ਖ਼ਾਲਸੇ ਦੀ ਚੜ੍ਹਾਈ ਹੋ ਗਈ। ਸੰਗਤਾਂ ਵੱਲੋਂ ਸ਼ਰਧਾ ਤੇ ਸਤਿਕਾਰ ਸਹਿਤ 3 ਦਸੰਬਰ ਨੂੰ ਸ਼ਹੀਦ ਗੰਜ: ਬਾਬਾ ਗੁਰਬਖ਼ਸ਼ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਜਸਬੀਰ ਸਿੰਘ ‘ਤੇਗ’
ਸੰਪਰਕ: 9888647225
Tags:
Posted in: ਸਾਹਿਤ