ਸਾਧੋ ਮਨਿ ਕਾ ਮਾਨੁ ਤਿਆਗਉ

By December 4, 2016 0 Comments


ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸੰਸਾਰਕ ਰਸਾਂ-ਕਸਾਂ ਦੇ ਭਰਮ ਜਾਲ ਵਿੱਚ ਫਸੇ ਮਨੁੱਖ ਨੂੰ ਇਸ ਤੋਂ ਮੁਕਤ ਕਰ ਕੇ ਉਸ ਅੰਦਰ ਪ੍ਰਭੂ ਮਿਲਾਪ ਲਈ ਵੈਰਾਗ ਦੀ ਅਨੰਤ ਧਾਰਾ ਪ੍ਰਵਾਹਿਤ ਕਰਨ ਵਾਲੀ ਬਾਣੀ ਹੈ। ਇਸ ਲਈ ਉਨ੍ਹਾਂ ਨੂੰ ਵੈਰਾਗ ਦੀ ਮੂਰਤ ਵੀ ਆਖਿਆ ਜਾਂਦਾ ਹੈ। ਸੰਸਾਰ ਦੀ ਨਾਸ਼ਮਾਨਤਾ, ਮਨੁੱਖੀ ਜੀਵਨ ਦੇ ਅਸਲ ਮਕਸਦ ਪ੍ਰਤੀ ਲਾਪ੍ਰਵਾਹੀ, ਗਫ਼ਲਤ ਤੇ ਪੰਜ ਵਿਕਾਰਾਂ ਦੀ ਗ਼ੁਲਾਮੀ ਵਿੱਚੋਂ ਉਸ ਨੂੰ ਮੁਕਤ ਕਰਨ ਦੀ ਜੁਗਤੀ ਦ੍ਰਿੜ੍ਹ ਕਰਾਉਣਾ ਨੌਵੇਂ ਪਾਤਸ਼ਾਹ ਦੀ ਬਾਣੀ ਦੇ ਵਿਸ਼ੇਸ਼ ਸਰੋਕਾਰ ਹਨ। ਉਨ੍ਹਾਂ ਨੇ ਗਾਫ਼ਿਲ ਪ੍ਰਾਣੀ ਨੂੰ ਮੋਹ-ਨਿੰਦਰਾ ਤੋਂ ਜਗਾਉਣ ਲਈ ਅਨੇਕ ਥਾਈਂ ‘ਸਾਧੋ’ ਸੰਬੋਧਨੀ ਸ਼ਬਦ ਵਰਤਿਆ ਹੈ। ਜਿਵੇਂ ‘ਸਾਧੋ ਰਚਨਾ ਰਾਮ ਬਨਾਈ’, ‘ਸਾਧੋ ਗੋਵਿੰਦ ਕੇ ਗੁਨ ਗਾਵਉ’ ਤੇ ‘ਸਾਧੋ ਮਨ ਕਾ ਮਾਨ ਤਿਆਗਉ ਕਾਮਿ, ਕ੍ਰੋਧ, ਸੰਗਤਿ ਦੁਰਜਨ ਕੀ ਤਾਤੇ ਅਹਿਨਿਸ ਭਾਗਉ।’
ਗੁਰੂ ਤੇਗ਼ ਬਹਾਦਰ ਸਾਹਿਬ ਮਹਾਨ ਸਮਾਜ ਸੁਧਾਰਕ ਵੀ ਸਨ। ਉਨ੍ਹਾਂ ਨੇ ਸਮਾਜ ਵਿੱਚ ਪ੍ਰਚੱਲਿਤ ਰੂੜੀਆਂ, ਕੁਰੀਤੀਆਂ, ਕਰਮ ਕਾਂਡਾਂ ਤੇ ਭਰਮਾਂ ਵਿਰੁੱਧ ਲੋਕ ਚੇਤਨਾ ਲਿਆਉਣ ਦਾ ਮਹਾਨ ਉਪਰਾਲਾ ਕੀਤਾ। ‘ਸਾਧੋ ਮਨ ਕਾ ਮਾਨ ਤਿਆਗਉ’, ਗਉੜੀ ਰਾਗ ਦੇ ਇਸ ਸ਼ਬਦ ਰਾਹੀਂ ਉਨ੍ਹਾਂ ਨੇ ਅਨੇਕਾਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਉਸਤਤ ਅਤੇ ਨਿੰਦਿਆ ਦਾ ਤਿਆਗ ਕਰਨ ਤੇ ਨਿਰਵਾਣ ਪਦ ਦੀ ਪ੍ਰਾਪਤੀ ਲਈ ਉੱਦਮ ਕਰਨ ਉੱਤੇ ਜ਼ੋਰ ਦਿੱਤਾ ਹੈ। ਗੁਰੂ ਸਾਹਿਬ ਅਨੁਸਾਰ ਨਿਰਵਾਣ ਪਦ ਦੀ ਪ੍ਰਾਪਤੀ ਗ੍ਰਹਿਸਥ ਮਾਰਗ ਵਿੱਚ ਰਹਿੰਦਿਆਂ ਹੀ ਹੋ ਸਕਦੀ ਹੈ ਪਰ ਇਸ ਅਵਸਥਾ ਵਿੱਚ ਵਿਚਰਨਾ, ਅਡੋਲ ਰਹਿਣਾ, ਸਮਦ੍ਰਿਸ਼ਟ ਰਹਿਣਾ ਸੁਖਾਲਾ ਨਹੀਂ ਹੈ। ਗੁਰੂ ਦੀ ਸ਼ਰਨ ਵਿੱਚ ਜਾ ਕੇ ਪੂਰਨ ਰੂਪ ਵਿੱਚ ਆਤਮ-ਸਮਰਪਣ ਕਰ ਕੇ ਹੀ ਕੋਈ ਗੁਰਮੁਖ ਇਸ ਦੀ ਪ੍ਰਾਪਤੀ ਕਰ ਕੇ ਆਪਣਾ ਜੀਵਨ ਸਫ਼ਲ ਕਰ ਸਕਦਾ ਹੈ।
ਗੁਰੂ ਤੇਗ਼ ਬਹਾਦਰ ਸਾਹਿਬ ਨੇ ਇਹ ਬਚਨ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਹੀ ਨਹੀਂ ਕੀਤੇ, ਸਗੋਂ ਆਪ ਵੀ ਇਨ੍ਹਾਂ ਉੱਤੇ ਅਮਲ ਕਰ ਕੇ ਮਹਾਨ ਮਿਸਾਲ ਕਾਇਮ ਕੀਤੀ ਹੈ। ਗੁਰੂ ਸਾਹਿਬ ਦੀ ਜਿਹੜੀ ਆਤਮਿਕ ਅਵਸਥਾ ਗੁਰਗੱਦੀ ਉੱਤੇ ਸੁਭਾਇਮਾਨ, ਸੀਸ ਉੱਤੇ ਸੇਵਕਾਂ ਵੱਲੋਂ ਚੌਰ ਝੁਲਾਉਣ ਤੇ ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਸੀ, ਉਹੋ ਅਵਸਥਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਲੋਹੇ ਦੇ ਪਿੰਜਰੇ ਵਿੱਚ ਨਜ਼ਰਬੰਦ ਭਾਈ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਵਰਗੇ ਸਿੱਖ ਸੇਵਕਾਂ ਦੀਆਂ ਸ਼ਹਾਦਤਾਂ ਤੇ ਆਪਣੀ ਅਜ਼ੀਮ ਸ਼ਹਾਦਤ ਸਮੇਂ ਉਨ੍ਹਾਂ ਦੀ ਆਤਮਿਕ ਅਡੋਲਤਾ, ਦੁੱਖ-ਸੁੱਖ ਵਿੱਚ ਸਮਾਨ ਰਹਿ ਕੇ ਪ੍ਰਭੂ ਚਰਨਾਂ ਨਾਲ ਜੁੜੇ ਰਹਿਣ ਤੇ ਨਿਰਭੈ ਅਵਸਥਾ ਵਿੱਚ ਵਿਚਰਨ ਵੇਲੇ ਵੀ ਸੀ। ਸੰਸਾਰ ਵਿੱਚ ਅਜਿਹੇ ਆਤਮਿਕ ਬਲ ਦੀ ਮਿਸਾਲ ਮਿਲਣੀ ਮੁਸ਼ਕਲ ਹੈ।
ਗੁਰੂ ਤੇਗ਼ ਬਹਾਦਰ ਸਾਹਿਬ ਫ਼ਰਮਾਉਂਦੇ ਹਨ ਕਿ ਭੁੱਲ ਕੇ ਵੀ ਮਨਮੁਖਾਂ ਦੇ ਨੇੜੇ ਨਹੀਂ ਢੁੱਕਣਾ ਕਿਉਂਕਿ ਜੈਸੀ ਸੰਗਤ, ਵੈਸੀ ਰੰਗਤ। ਇਸ ਲਈ ਉਹ ਸਮਸਤ ਪ੍ਰਾਣੀਆਂ ਨੂੰ ਸਤਿ ਪੁਰਸ਼ਾਂ ਦੀ ਸੰਗਤ ਕਰਨ ਤੇ ਨਿਰਮਾਣਤਾ ਦੇ ਧਾਰਨੀ ਹੋਣ ਦੀ ਪ੍ਰੇਰਨਾ ਦਿੰਦੇ ਹਨ।
ਗੁਰੂ ਸਾਹਿਬ ਉਚੇਰੀ ਆਤਮਿਕ ਅਵਸਥਾ ਦੀ ਸੋਝੀ ਕਰਾਉਂਦਿਆਂ ਫ਼ਰਮਾਨ ਕਰਦੇ ਹਨ ਕਿ ਜੀਵਨ ਵਿੱਚ ਵਿਚਰਦਿਆਂ ਦੁੱਖ ਵੀ ਮਿਲਣਗੇ ਤੇ ਸੁੱਖਾਂ ਦੀ ਬਖ਼ਸ਼ਿਸ਼ ਵੀ ਹੋਵੇਗੀ। ਅਸਲ ਮਨੁੱਖ ਉਹ ਹੈ, ਜਿਹੜਾ ਇਨ੍ਹਾਂ ਦੋਵਾਂ ਅਵਸਥਾਵਾਂ ਵਿੱਚ ਵਿਚਲਿਤ ਨਹੀਂ ਹੁੰਦਾ। ਉਸ ਦੇ ਕਦਮ ਡਗਮਗਾਉਂਦੇ ਨਹੀਂ, ਮਨ ਡੋਲਦਾ ਨਹੀਂ, ਸਗੋਂ ਉਹ ਦੋਵਾਂ ਅਵਸਥਾਵਾਂ ਨੂੰ ਪਰਮੇਸ਼ਰ ਦੀ ਰਜ਼ਾ ਸਮਝਦਿਆਂ ਖਿੜੇ ਮੱਥੇ ਕਬੂਲ ਕਰਦਾ ਹੈ। ਇਸ ਦੇ ਨਾਲ ਨਾਲ ਖ਼ੁਸ਼ੀ ਅਤੇ ਗ਼ਮੀ ਵਿੱਚ ਵੀ ਸਾਬਤ ਕਦਮ ਰਹਿੰਦਿਆਂ, ਭਾਣਾ ਮੰਨਦਾ ਹੈ। ਸੁੱਖ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੈ ਤੇ ਬਿਪਤਾ ਆਉਣ ਦੀ ਸੂਰਤ ਵਿੱਚ ਗੁਰੂ ਪਾਸੋਂ ਆਤਮਿਕ ਸ਼ਕਤੀ ਪ੍ਰਾਪਤ ਕਰਨ ਲਈ ਅਰਦਾਸ ਬੇਨਤੀ ਕਰਦਾ ਹੈ।

ਤੀਰਥ ਸਿੰਘ ਢਿੱਲੋਂ
ਸੰਪਰਕ: 98154-61710
Tags:
Posted in: ਸਾਹਿਤ