ਸਿੱਖ ਰਾਜ ਦਾ ਹੋਣਹਾਰ ਸਿਤਾਰਾ ਕੰਵਰ ਨੌਨਿਹਾਲ ਸਿੰਘ

By November 18, 2016 0 Comments


kanwarਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਗੱਲ ਜਦੋਂ ਵੀ ਕੀਤੀ ਜਾਂਦੀ ਹੈ ਤਾਂ ਮਹਾਰਾਜਾ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਜ਼ਿਕਰ ਵੀ ਬੜੇ ਸਤਿਕਾਰ ਨਾਲ ਕੀਤਾ ਜਾਂਦਾ ਹੈ | ਜਿਸ ਨਾਲ ਸ਼ੇਰ-ਏ-ਪੰਜਾਬ ਕੇਵਲ ਪਿਆਰ ਹੀ ਨਹੀਂ ਕਰਦਾ, ਸਗੋਂ ਉਸ ਦੀ ਸ਼ਖ਼ਸੀਅਤ ਦੀ ਉਸਾਰੀ ਵੱਲ ਵੀ ਵਿਸ਼ੇਸ਼ ਧਿਆਨ ਦਿੰਦਾ ਸੀ | ਕੰਵਲ ਨੌਨਿਹਾਲ ਸਿੰਘ ਦਾ ਜਨਮ ਮਹਾਰਾਜਾ ਖੜਕ ਸਿੰਘ ਅਤੇ ਰਾਣੀ ਚੰਦ ਕੌਰ ਦੇ ਗ੍ਰਹਿ ਵਿਖੇ 23 ਫਰਵਰੀ, 1821 ਈ: (ਮਹਾਨ ਕੋਸ਼ ਅਨੁਸਾਰ 18 ਫਰਵਰੀ, 1820) ਨੂੰ ਹੋਇਆ | ਕੰਵਰ ਦੀ ਮਾਤਾ ਰਾਣੀ ਚੰਦ ਕੌਰ ਕਨੱਈਆ ਮਿਸਲ ਦੇ ਸ: ਜੈਮਲ ਸਿੰਘ ਦੀ ਪੁੱਤਰੀ ਸੀ | ਸ਼ੇਰ-ਏ-ਪੰਜਾਬ ਨੇ ਕੰਵਰ ਦੀ ਧਾਰਮਿਕ ਸਿੱਖਿਆ ਲਈ ਗਿ: ਸੰਤ ਸਿੰਘ ਅਤੇ ਸ਼ਸਤਰਾਂ ਦੀ ਸਿਖਲਾਈ ਅਤੇ ਯੁੱਧ ਵਿੱਦਿਆ ਲਈ ਸ: ਹਰੀ ਸਿੰਘ ਨਲੂਆ, ਸ: ਲਹਿਣਾ ਸਿੰਘ ਮਜੀਠੀਆ ਅਤੇ ਜਨਰਲ ਵੈਂਤੂਰਾ ਦੀ ਨਿਯੁਕਤੀ ਕੀਤੀ | ਛੋਟੀ ਉਮਰ ਵਿਚ ਉਸ ਨੂੰ ਵੱਡੀਆਂ ਮੁਹਿੰਮਾਂ ਉੱਤੇ ਭੇਜਣਾ ਸ਼ੁਰੂ ਕਰ ਦਿੱਤਾ | ਸੰਨ 1834 ਈ: ਵਿਚ 13 ਸਾਲ ਦੀ ਉਮਰ ਵਿਚ ਪਿਸ਼ਾਵਰ ਨੂੰ ਫਤਹਿ ਕਰਨ ਲਈ ਭੇਜਿਆ | ਇਸੇ ਸਾਲ ਅਟਕ ਅਤੇ ਪਿਸ਼ਾਵਰ ਖੇਤਰ ਦਾ ਪ੍ਰਬੰਧਕ ਨਿਯੁਕਤ ਕੀਤਾ | 1835 ਈ: ਵਿਚ ਡੇਰਾਜਾਤ ਅਤੇ ਟਾਂਕ ਖੇਤਰ ਵਿਚ ਹੋਈ ਬਗਾਵਤ ਨੂੰ ਦਬਾਉਣ ਲਈ ਭੇਜਿਆ | ਮਾਰਚ, 1837 ਈ: ਵਿਚ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਸ: ਸ਼ਾਮ ਸਿੰਘ ਅਟਾਰੀ ਦੀ ਸਪੁੱਤਰੀ ਬੀਬੀ ਨਾਨਕੀ ਨਾਲ ਹੋਈ | ਉਸ ਸਮੇਂ ਰਾਜੇ-ਮਹਾਰਾਜਿਆਂ ਦੇ ਘਰਾਂ ਵਿਚ ਹੋਣ ਵਾਲੇ ਸ਼ਾਨੋ-ਸ਼ੌਕਤ ਵਾਲੇ ਵਿਆਹਾਂ ਵਿਚੋਂ ਇਸ ਸ਼ਾਦੀ ਦੀ ਚਰਚਾ ਸਿੱਖ ਸਰਦਾਰਾਂ ਵਿਚ ਅੱਜ ਵੀ ਹੁੰਦੀ ਹੈ | ਕੰਵਰ ਦੀ ਬਰਾਤ ਦਾ ਇਕ ਸਿਰਾ ਅਟਾਰੀ ਪਹੁੰਚ ਚੁੱਕਾ ਸੀ | ਆਖਰੀ ਹਿੱਸਾ ਅਜੇ ਅੰਮਿ੍ਤਸਰ ਸ਼ਹਿਰ ਵਿਚ ਹੀ ਸੀ |
ਜਦੋਂ ਸੰਨ 1839 ਦੀ 27 ਜੂਨ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਚਲਾਣਾ ਕੀਤਾ ਤਾਂ ਕੰਵਰ ਨੌਨਿਹਾਲ ਸਿੰਘ ਪਿਸ਼ਾਵਰ ਵਿਖੇ ਸੀ | ਪੰਜਾਬ ਦੇ ਮਹਾਰਾਜਾ ਵਜੋਂ ਕੰਵਰ ਖੜਕ ਸਿੰਘ ਦੀ ਤਾਜਪੋਸ਼ੀ ਹੋਈ | ਸ: ਖੜਕ ਸਿੰਘ ਦੇ ਮਹਾਰਾਜਾ ਬਣਨ ਪਿੱਛੋਂ ਲਾਹੌਰ ਦਰਬਾਰ ਵਿਚ ਧੜੇਬੰਦੀ ਸ਼ੁਰੂ ਹੋ ਗਈ | ਡੋਗਰਿਆਂ ਨੇ ਕੰਵਰ ਨੌਨਿਹਾਲ ਸਿੰਘ ਦੇ ਕੰਨ ਭਰ ਕੇ ਆਪਣੇ ਪਿਤਾ ਸ: ਖੜਕ ਸਿੰਘ ਦੇ ਵਿਰੁੱਧ ਕਰ ਦਿੱਤਾ | ਅੰਦਰਖਾਤੇ ਚੇਤ ਸਿੰਘ ਰਾਹੀਂ ਲਾਹੌਰ ਦਰਬਾਰ ਨੂੰ ਅੰਗਰੇਜ਼ ਹਕੂਮਤ ਦੇ ਹਵਾਲੇ ਕਰਨ ਦੀ ਜੁਗਤ ਬਣਾਉਣੀ ਸ਼ੁਰੂ ਕਰ ਦਿੱਤੀ | 9 ਅਕਤੂਬਰ, 1939 ਨੂੰ ਤਿੰਨੇ ਡੋਗਰੇ ਭਰਾਵਾਂ (ਧਿਆਨ ਸਿੰਘ, ਗੁਲਾਬ ਸਿੰਘ ਤੇ ਸੁਚੇਤ ਸਿੰਘ) ਨੇ ਕੰਵਰ ਨੌਨਿਹਾਲ ਸਿੰਘ ਨਾਲ ਲੈ ਕੇ ਮਹਾਰਾਜਾ ਖੜਕ ਸਿੰਘ ਦੇ ਨਿਵਾਸ ਵਿਚ ਪ੍ਰਵੇਸ਼ ਕੀਤਾ ਅਤੇ ਧਿਆਨ ਸਿੰਘ ਨੇ ਚੇਤ ਸਿੰਘ ਦਾ ਕਤਲ ਕਰ ਦਿੱਤਾ | ਕੰਵਰ ਨੌਨਿਹਾਲ ਸਿੰਘ ਨੂੰ ਆਪਣੇ ਹੱਥ ਵਿਚ ਕਰਕੇ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਬੰਦ ਕਰਕੇ ਰਾਜ ਪ੍ਰਬੰਧ ਕੰਵਰ ਨੌਨਿਹਾਲ ਸਿੰਘ ਨੂੰ ਸੌਾਪ ਦਿੱਤਾ | 5 ਨਵੰਬਰ, 1940 ਈ: ਨੂੰ ਮਹਾਰਾਜਾ ਖੜਕ ਸਿੰਘ ਇਸ ਸੰਸਾਰ ਤੋਂ ਕੂਚ ਕਰ ਗਿਆ | ਜਦੋਂ ਕੰਵਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦਾ ਸਸਕਾਰ ਕਰਕੇ ਲਾਹੌਰ ਦੇ ਕਿਲ੍ਹੇ ਵੱਲ ਨੂੰ ਆ ਰਿਹਾ ਸੀ ਤਾਂ ਡੋਗਰੇ ਭਰਾਵਾਂ ਨੇ ਸਾਜ਼ਿਸ਼ ਅਧੀਨ ਹਜ਼ੂਰੀ ਬਾਗ ਦੀ ਉੱਤਰੀ ਡਿਉਢੀ ਦਾ ਛੱਜਾ ਕੰਵਰ ਨੌਨਿਹਾਲ ਸਿੰਘ ਉੱਪਰ ਸੁਟਵਾ ਦਿੱਤਾ, ਜਿਸ ਨਾਲ ਕੰਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦਾ ਜ਼ਿਕਰ ਸ਼ਾਹ ਮੁਹੰਮਦ ਨੇ ਆਪਣੇ ਕਿੱਸੇ ਵਿਚ ਵੀ ਕੀਤਾ ਹੈ |
ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ,
ਛੱਜਾ ਢਾਹ ਦੋਹਾਂ ਉੱਤੇ ਪਾਇਆ ਈ |
ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,
ਕੌਰ ਸਿੰਘ ਭੀ ਸਹਿਕਦਾ ਆਇਆ ਈ।
ਇਤਿਹਾਸ ਵਿਚ ਇਸ ਗੱਲ ਦਾ ਜ਼ਿਕਰ ਵੀ ਮਿਲਦਾ ਹੈ ਕਿ ਕੰਵਰ ਜ਼ਖਮੀ ਤਾਂ ਜ਼ਰੂਰ ਹੋ ਗਿਆ ਸੀ ਪਰ ਜ਼ਖਮੀ ਹਾਲਤ ਵਿਚ ਧਿਆਨ ਸਿੰਘ ਡੋਗਰੇ ਨੇ ਸਿਰ ਵਿਚ ਗੰਭੀਰ ਸੱਟਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਤਿਹਾਸ ਦੇ ਖੂਨੀ ਪੰਨੇ ਅਨੁਸਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹ ਹੋਣਹਾਰ ਪੁੱਤਰ ਸਿੱਖ ਰਾਜ ਦੇ ਵਿਰੋਧੀਆਂ ਦਾ ਸ਼ਿਕਾਰ ਹੋ ਗਿਆ। ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਮੌਤ ਤੋਂ ਤਿੰਨ ਦਿਨ ਪਿੱਛੋਂ 8 ਨਵੰਬਰ, 1840 ਈ: ਵਿਚ ਖਾਲਸਾ ਰਾਜ ਦਾ ਇਹ ਫੁੱਲ ਵੀ ਮੁਰਝਾ ਗਿਆ। ਅੱਜ ਕੇਵਲ ਯਾਦ ਹੀ ਬਾਕੀ ਹੈ।
Bhagwan Singh JOhal
-bhagwansinghjohal@gmail.com

– See more at: http://beta.ajitjalandhar.com/supplement/20161113/28.cms#sthash.nTHJ0Ey7.dpuf
Tags: , ,
Posted in: ਸਾਹਿਤ