ਸਿੱਖ ਧਰਮ ਵਿਚ ਇਸਤਰੀ ਦਾ ਸਨਮਾਨ

By November 16, 2016 0 Comments


sikh-womenਗੁਰੂ ਮਹਿਲਾਂ, ਗੁਰੂ ਧੀਆਂ, ਗੁਰੂ ਨੂੰ ਹਾਂ, ਗੁਰੂ-ਘਰ ਦੀਆਂ ਸ਼ਹੀਦ ਸਿੰਘਣੀਆਂ ਦੇ ਜੋਸ਼ ਉਤਸ਼ਾਹ ਨੂੰ ਬਣਾਈ ਰੱਖਣ ਵਿਚ ਗੁਰੂ ਸਾਹਿਬ ਦੀ ਨਰੋਈ ਸੋਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਉਨ੍ਹਾਂ ਦੀ ਨਜ਼ਰ ਵਿਚ ਨਾਰੀ ਕਿਸੇ ਵੀ ਤਰ੍ਹਾਂ ਦਾ ਕਾਰਜ ਕਰਨ ਦੇ ਸਮਰੱਥ ਹੈ ਤੇ ਇਸੇ ਤੱਥ ਦੀ ਸ਼ਾਹਦੀ ਭਰਦੀਆਂ ਹਨ ਗੁਰੂ-ਘਰ ਨਾਲ ਸਬੰਧਤ ਬੀਬੀਆਂ |

ਸਿੱਖ ਇਤਿਹਾਸ ਵਿਚ ਉਨ੍ਹਾਂ ਬੀਬੀਆਂ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿਚ ਆਉਂਦਾ ਹੈ, ਜਿਨ੍ਹਾਂ ਨੇ ਆਪਣੀ ਆਤਮਿਕ ਸ਼ਕਤੀ ਨਾਲ ਕੇਵਲ ਇਤਿਹਾਸ ਦੀ ਧਾਰਾ ਨੂੰ ਹੀ ਨਹੀਂ ਮੋੜਿਆ, ਸਗੋਂ ਜੀਵਨ ਉਦੇਸ਼ ਦੇ ਨਵੇਂ ਅਰਥਾਂ ਨੂੰ ਵੀ ਜਨਮ ਦਿੱਤਾ ਅਤੇ ਕਿਰਿਆਤਮਕ ਪੱਧਰ ‘ਤੇ ਰੋਲ ਮਾਡਲ ਵੀ ਦਿੱਤਾ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਰੂਹਾਨੀ ਤੇ ਦਾਰਸ਼ਨਿਕ ਦਿ੍ਸ਼ਟੀ ਦੁਆਰਾ ਸਮਾਜ ਨੂੰ ਪਰਿਵਰਤਨਸ਼ੀਲ ਬਣਾਇਆ | ਉਨ੍ਹਾਂ ਨੇ ਸਮੁੱਚੇ ਵਿਸ਼ਵ ਨੂੰ ਇਸਤਰੀ ਦੀ ਮਾਨਤਾ ਨਾਲ ਪ੍ਰੀਚੈ ਹੀ ਨਹੀਂ ਕਰਵਾਇਆ, ਸਗੋਂ ਇਸਤਰੀ ਦੇ ਹੱਕ ਵਿਚ ਜਾਗਰੂਕਤਾ ਵੀ ਪੈਦਾ ਕੀਤੀ ਅਤੇ ਇਸਤਰੀ ਦੀ ਸਥਿਤੀ ਤੇ ਭੂਮਿਕਾ ਨੂੰ ਨਵੇਂ ਅਰਥ ਦੇਣ ਲਈ ਸੰਘਰਸ਼ ਦਾ ਬਿਗਲ ਵਜਾਇਆ | ਇੰਜ ਸਿੱਖ ਧਰਮ ਅੰਦਰ ਪਹਿਲੇ ਪਾਤਸ਼ਾਹ ਜੀ ਤੋਂ ਹੀ ਨਾਰੀ ਸਨਮਾਨ ਆਰੰਭ ਹੋ ਗਿਆ ਸੀ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਵਡਿਆਉਂਦਿਆਂ ਕਿਹਾ ਸੀ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨ (ਪੰਨਾ 473)
ਇਹ ਸਤਿਕਾਰ ਬਾਕੀ ਗੁਰੂ ਸਾਹਿਬਾਨ ਦੇ ਸਮੇਂ ਵੀ ਨਿਰੰਤਰ ਬਰਕਰਾਰ ਰਿਹਾ | ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤਾਂ ਇਹ ਖਾਸਾ ਵਧਿਆ, ਕਿਉਂਕਿ ਮਾਤਾ ਖੀਵੀ ਜੀ (ਸ੍ਰੀ ਗੁਰੂ ਅੰਗਦ ਦੇਵ ਦੇ ਮਹਿਲ) ਨੂੰ ਗੁਰੂ ਕੇ ਲੰਗਰ ਵਿਚ ਅਤੁੱਟ ਸੇਵਾ ਕਰਨ ਕਰਕੇ ਉਨ੍ਹਾਂ ਦਾ ਨਾਂਅ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਇਆ | ਤੀਸਰੇ ਗੁਰੂ ਜੀ ਦੀ ਨਜ਼ਰ ਵਿਚ ਵਿਧਵਾ ਔਰਤ ਬੇਕਸੂਰ ਸੀ | ਲੋਕ ਰਿਵਾਜ ਅਨੁਸਾਰ ਵਿਧਵਾ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ | ਗੁਰੂ ਜੀ ਦੀ ਦੂਰਅੰਦੇਸ਼ੀ ਨਜ਼ਰ ਉਸ ਚਲਨ ਨੂੰ ਵੀ ਪਛਾਣਦੀ ਸੀ, ਜੋ ਇਨ੍ਹਾਂ ਵਿਧਵਾਵਾਂ ਨਾਲ ਧਰਮ ਦੇ ਨਾਂਅ ‘ਤੇ ਕੀਤਾ ਜਾਂਦਾ ਸੀ | ਗੁਰੂ ਜੀ ਨੇ ਵਿਧਵਾ ਦੇ ਸਤਿਕਾਰ ਨੂੰ ਬਹਾਲ ਕੀਤਾ ਅਤੇ ਸਿੱਖ ਧਰਮ ਦੇ ਅਨੁਯਾਈਆਂ ਨੂੰ ਇਸ ਅਸੂਲ ਉੱਤੇ ਚੱਲਣ ਲਈ ਕਿਹਾ | ਹੋਰ ਤਾਂ ਹੋਰ, ਉਨ੍ਹਾਂ ਨੇ ਸਤੀ ਦੀ ਰਸਮ ਦੀ ਵੀ ਜ਼ੋਰਦਾਰ ਢੰਗ ਨਾਲ ਨਿਖੇਧੀ ਕੀਤੀ | ਸ੍ਰੀ ਗੁਰੂ ਅਮਰਦਾਸ ਜੀ ਨੇ ਬੀਬੀਆਂ ਨੂੰ ਪਰਦੇ ਦੀ ਰਸਮ ਤੋਂ ਵੀ ਆਜ਼ਾਦੀ ਦਿਵਾਈ | ਸੰਖੇਪ ਵਿਚ ਗੁਰੂ ਸਾਹਿਬ ਨੇ ਇਕ ਅਜਿਹੇ ਖੁੱਲ੍ਹੇ ਸੱਭਿਆਚਾਰ ਨੂੰ ਜਨਮ ਦਿੱਤਾ, ਜਿਸ ਵਿਚ ਨਾਰੀ ਬਹਾਦਰ ਹੋ ਸਕਦੀ ਸੀ | ਗੱਲ ਕੀ ਤੀਸਰੇ ਪਾਤਸ਼ਾਹ ਜੀ ਨੇ ਇਸਤਰੀ ਨੂੰ ਹਰ ਤਰ੍ਹਾਂ ਖੁਦਮੁਖਤਿਆਰ ਕੀਤਾ | ਦਸਮ ਗੁਰੂ ਦੇ ਸਮੇਂ ਤਾਂ ਉਸ ਨੂੰ ਬਕਾਇਦਾ ਬਰਾਬਰੀ ਦਾ ਹੱਕ ਮਿਲ ਗਿਆ | ਜੇ ਪੁਰਸ਼ ਅੰਮਿ੍ਤਪਾਨ ਕਰਕੇ ਗੁਰੂ ਦੇ ਦਰ ‘ਤੇ ਪ੍ਰਵਾਨ ਹੋ ਰਹੇ ਸਨ ਤਾਂ ਬੀਬੀਆਂ ਵੀ ਕੌਰ ਬਣ ਕੇ ਆਪਣੀ ਨਿਵੇਕਲੀ ਪਛਾਣ ਬਣਾ ਰਹੀਆਂ ਸਨ | ਦਸਮ ਗੁਰੂ ਜੀ ਦੀ ਨਜ਼ਰ ਵਿਚ ਨਾਰੀ ਪੁਰਸ਼ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ | ਆਪ ਜੀ ਨੇ ਮਾਤਾ ਸਾਹਿਬ ਕੌਰ ਨੂੰ ਖ਼ਾਲਸੇ ਦੀ ਮਾਤਾ ਦੀ ਉਪਾਧੀ ਦੇ ਦਿੱਤੀ ਤੇ ਨਾਲ ਹੀ ਹੁਕਮਨਾਮੇ ਭੇਜਣ ਦੀ ਇਜਾਜ਼ਤ ਦਿੱਤੀ | ਮੱਧਕਾਲੀ ਦਿ੍ਸ਼ਟੀ ਨਾਰੀ ਨੂੰ ਸਦਾ ਹੇਠਲੇ ਸਥਾਨ ਉੱਪਰ ਰੱਖਦੀ ਸੀ, ਪਰ ਦਸਮ ਪਾਤਸ਼ਾਹ ਜੀ ਦੀ ਬਖਸ਼ਿਸ਼ ਸਦਕਾ ਉਹ ਬਰਾਬਰਤਾ ਦੀ ਭਾਗੀ ਬਣੀ |
ਦਸਮ ਗੁਰੂ ਜੀ ਦੀ ਦਿ੍ਸ਼ਟੀ ਬਹੁਤ ਵਿਸ਼ਾਲ ਸੀ | ਅੰਮਿ੍ਤ ਸੰਸਕਾਰ ਵਿਚ ਇਸਤਰੀ-ਪੁਰਸ਼ ਦਾ ਭੇਦ ਨਹੀਂ ਰੱਖਿਆ ਗਿਆ | ਗੁਰੂ ਸਾਹਿਬ ਦੀ ਨਜ਼ਰ ਵਿਚ ਨਾਰੀ ਦਾ ਸਥਾਨ ਤੇ ਰੁਤਬਾ ਬਹੁਤ ਉੱਚਾ ਸੀ | ਉਨ੍ਹਾਂ ਨੇ ਜਨ ਸਾਧਾਰਨ ਨਾਰੀ ਨੂੰ ਆਦਰ ਨਾਲ ਵੇਖਿਆ ਤੇ ਗੁਰੂ ਮਹਿਲਾਂ ਨੂੰ ਆਦਰਸ਼ ਰੂਪ ਵਿਚ ਤਰਾਸ਼ ਕੇ ਲੋਕ ਸਮਾਜ ਦੇ ਸਾਹਮਣੇ ਇਕ ਮਾਡਲ ਸਥਾਪਤ ਕਰ ਦਿੱਤਾ | ਸਿੱਖ ਇਤਿਹਾਸ ਵਿਚ ਮਾਤਾ ਸੁੰਦਰੀ ਜੀ ਦਾ ਦਰਜਾ ਪ੍ਰਥਮ ਤੇ ਸਤਿਕਾਰ ਵਾਲਾ ਹੈ | ਮਾਤਾ ਜੀ ਦਾ ਧੀਰਜ ਬੇਜੋੜ ਹੈ | ਰਹਿਨੁਮਾਈ ਲਾਸਾਨੀ, ਬੰਦਗੀ ਅਦੁੱਤੀ ਅਤੇ ਜਗਤ ਦੀ ਕਲਿਆਣ ਭਰੀ ਮੁਸਕਾਨ ਸਦਾ ਉਨ੍ਹਾਂ ਦੇ ਚਿਹਰੇ ‘ਤੇ ਖੇਡਦੀ ਰਹੀ |
ਗੁਰੂ ਮਹਿਲਾਂ, ਗੁਰੂ ਧੀਆਂ, ਗੁਰੂ ਨੂੰ ਹਾਂ, ਗੁਰੂ-ਘਰ ਦੀਆਂ ਸ਼ਹੀਦ ਸਿੰਘਣੀਆਂ ਦੇ ਜੋਸ਼ ਉਤਸ਼ਾਹ ਨੂੰ ਬਣਾਈ ਰੱਖਣ ਵਿਚ ਗੁਰੂ ਸਾਹਿਬ ਦੀ ਨਰੋਈ ਸੋਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਉਨ੍ਹਾਂ ਦੀ ਨਜ਼ਰ ਵਿਚ ਨਾਰੀ ਕਿਸੇ ਵੀ ਤਰ੍ਹਾਂ ਦਾ ਕਾਰਜ ਕਰਨ ਦੇ ਸਮਰੱਥ ਹੈ ਤੇ ਇਸੇ ਤੱਥ ਦੀ ਸ਼ਾਹਦੀ ਭਰਦੀਆਂ ਹਨ ਗੁਰੂ-ਘਰ ਨਾਲ ਸਬੰਧਤ ਬੀਬੀਆਂ |
ਸਿੱਖ ਧਰਮ ਅਤੇ ਸਮਾਜ ਵਿਚ ਇਸਤਰੀ ਨੂੰ ਪਰੰਪਰਾਵਾਦੀ ਸੋਚ ਤੋਂ ਕਿਤੇ ਉੱਤੇ ਉੱਠ ਕੇ ਉਸ ਨੂੰ ਪੈਰ ਦੀ ਜੁੱਤੀ ਤੋਂ ਸਿਰ ਦਾ ਤਾਜ ਹੋਣ ਤੱਕ ਦਾ ਸਨਮਾਨ ਦਿੱਤਾ ਗਿਆ | ਇਤਿਹਾਸ ਗਵਾਹ ਹੈ ਕਿ ਸਿੱਖ ਧਰਮ ਦੇ ਵਿਕਾਸ ਵਿਚ ਬੀਬੀਆਂ ਅਤੇ ਮਾਤਾਵਾਂ ਨੇ ਅਤਿ ਵਡਮੁੱਲਾ ਸਹਿਯੋਗ ਦਿੱਤਾ | ਗੁਰੂ-ਘਰ ਦੀਆਂ ਇਹ ਮਹਾਨ ਬੀਬੀਆਂ ਆਪਣੇ-ਆਪਣੇ ਸਮੇਂ ਵਿਚ ਜੇ ਲਾਸਾਨੀ ਕੁਰਬਾਨੀ ਨਾ ਕਰਦੀਆਂ ਤਾਂ ਸਿੱਖ ਇਤਿਹਾਸ ਕੁਰਬਾਨੀ ਅਤੇ ਤਿਆਗ ਦਾ ਮੁਜੱਸਮਾ ਨਾ ਹੋ ਕੇ ਕਿਸੇ ਇਕ ਸਾਧਾਰਨ ਕੌਮ ਦੇ ਇਤਿਹਾਸ ਵਾਂਗ ਹੀ ਹੁੰਦਾ | ਸਿੱਖ ਇਤਿਹਾਸ ਵਿਚ ਜਿਨ੍ਹਾਂ ਬੀਬੀਆਂ, ਮਾਤਾਵਾਂ ਦੇ ਨਾਂਅ ਵਰਨਣਯੋਗ ਹਨ ਉਨ੍ਹਾਂ ਵਿਚੋਂ ਬੇਬੇ ਨਾਨਕੀ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ, ਜੋ ਸੁਲਤਾਨਪੁਰ ਲੋਧੀ ਵਿਖੇ ਦੀਵਾਨ ਜੈ ਰਾਮ ਜੀ ਨਾਲ ਵਿਆਹੀ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਇਸਤਰੀ ਸੀ |
ਬੀਬੀ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸ੍ਰੀ ਗੁਰੂ ਰਾਮਦਾਸ ਜੀ ਨਾਲ ਵਿਆਹੀ ਸੀ | ਇਹ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਨਿਯਮਾਂ ਦੇ ਪਾਲਣ ਵਿਚ ਅਦੁੱਤੀ ਸੀ | ਇਨ੍ਹਾਂ ਨੂੰ ਗੁਰੂ ਸਪੁੱਤਰੀ, ਗੁਰੂ ਸੁਪਤਨੀ ਅਤੇ ਗੁਰੂ ਮਾਤਾ ਹੋਣ ਦਾ ਸੁਭਾਗ ਪ੍ਰਾਪਤ ਹੈ | ਮਾਤਾ ਗੰਗਾ ਜੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਵਿਆਹ ਹੋਇਆ | ਮਾਤਾ ਗੰਗਾ ਜੀ ਸਿੱਖ ਇਤਿਹਾਸ ਦੀ ਪਹਿਲੀ ਸਿੱਖ ਇਸਤਰੀ ਹੋਏ ਹਨ, ਜਿਨ੍ਹਾਂ ਦੇ ਪਤੀ ਧਰਮ ਦੀ ਖ਼ਾਤਰ ਸ਼ਹੀਦ ਹੋਏ | ਮਾਤਾ ਨਾਨਕੀ ਜੀ ਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਅਨੰਦ ਕਾਰਜ ਹੋਇਆ, ਜਿਨ੍ਹਾਂ ਦੇ ਉਦਰ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ | ਮਾਤਾ ਜੀ ਨੇ ਪਹਿਲਾਂ ਆਪਣੇ ਪਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਫਿਰ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਿਆ | ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਨ੍ਹਾਂ ਦੀ ਦੇਣ ਤੋਂ ਦੁਨੀਆ ਦਾ ਹਰ ਬਸ਼ਰ ਜਾਣੂ ਹੈ |
ਸਿੱਖ ਧਰਮ ਦੇ ਵਿਕਾਸ ਅਤੇ ਇਤਿਹਾਸ ਵਿਚ ਉਪਰੋਕਤ ਪ੍ਰਸੰਗ ਤੋਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਤਿਆਗ ਦੀ ਮੂਰਤ ਸਿੱਖ ਬੀਬੀਆਂ ਨੇ ਇਕ ਅਜਿਹੇ ਜੀਵਨ ਦਰਸ਼ਨ ਦੀ ਨਿਸ਼ਾਨਦੇਹੀ ਕੀਤੀ, ਜਿਸ ਮਾਰਗ ‘ਤੇ ਚੱਲ ਕੇ ਜੇਕਰ ਕੋਈ ਮਨੁੱਖ ਦਿ੍ੜ੍ਹ ਇਰਾਦੇ ਨਾਲ ਦੱਸੀਆਂ ਹੋਈਆਂ ਸਮਾਜਿਕ ਕਦਰਾਂ-ਕੀਮਤਾਂ ਅਨੁਸਾਰ ਜੀਵਨ ਜੀਵੇ ਤਾਂ ਉਹ ਇਸ ਮਾਰਗ ਰਾਹੀਂ ਸੱਚਖੰਡ ਨੂੰ ਜਾ ਪਹੁੰਚਦਾ ਹੈ | ਇਸੇ ਤਰ੍ਹਾਂ ਮਾਈ ਸੇਵਾ ਜੀ, ਮਾਈ ਭਾਗੋ ਜੀ, ਬੀਬੀ ਹਰਸ਼ਰਨ ਕੌਰ ਜੀ ਤੋਂ ਇਲਾਵਾ ਅਨੇਕਾਂ ਹੀ ਸਿੱਖ ਇਸਤਰੀਆਂ ਹੋਈਆਂ ਹਨ, ਜਿਨ੍ਹਾਂ ਗੁਰੂ ਦੇ ਸਿਧਾਂਤ ‘ਤੇ ਡਟ ਕੇ ਪਹਿਰਾ ਦਿੱਤਾ ਤੇ ਖ਼ਾਲਸਾ ਪੰਥ ਦੀਆਂ ਹੋਣਹਾਰ ਸਪੁੱਤਰੀਆਂ ਅਖਵਾਈਆਂ | ਸਿੱਖ ਧਰਮ ਨੂੰ ਮਾਣ ਹੈ, ਜਿਸ ਦੇ ਇਤਿਹਾਸ ਵਿਚ ਉਨ੍ਹਾਂ ਮਹਾਨ ਤੇ ਸੂਰਬੀਰ ਇਸਤਰੀਆਂ ਦਾ ਨਾਂਅ ਦਰਜ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਵਾਏ, ਪੁੱਤਰ ਨੇਜਿਆਂ ‘ਤੇ ਟੰਗਾਏ, ਫਿਰ ਵੀ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਧਰਮ ਨਹੀਂ ਹਾਰਿਆ |
ਸਿੱਖ ਰਹਿਤਨਾਮਿਆਂ ਅਤੇ ਸਿੱਖ ਰਹਿਤ ਮਰਯਾਦਾ ਵਿਚ ਕੁੜੀ ਮਾਰ ਨਾਲ ਸਾਂਝ ਨਾ ਰੱਖਣ ਦਾ ਆਦੇਸ਼ ਵੀ ਇਸਤਰੀ ਦੇ ਮਾਣ-ਸਤਿਕਾਰ ਦਾ ਹੀ ਇਕ ਹਿੱਸਾ ਹੈ | ਅੱਜ ਗਰਭ ਵਿਚ ਪਲ ਰਹੇ ਬੱਚੇ ਦੀ ਤੰਦਰੁਸਤੀ ਜਾਚਣ ਲਈ ਸਿਹਤ ਵਿਗਿਆਨੀਆਂ ਵੱਲੋਂ ਕੀਤੀ ਖੋਜ ਦੀ ਦੁਰਵਰਤੋਂ ਕਰਕੇ ਗਰਭ ਟੈਸਟ ਰਾਹੀਂ ਲੜਕੀ ਦਾ ਪਤਾ ਲੱਗਣ ‘ਤੇ ਬਹੁਤ ਸਾਰੇ ਨਾਸਮਝ ਲੋਕਾਂ ਵੱਲੋਂ ਕੰਨਿਆ ਭਰੂਣ-ਹੱਤਿਆ ਕਰ ਦਿੱਤੀ ਜਾਂਦੀ ਹੈ | ਇਸ ਰੁਝਾਨ ਦੇ ਦਿਨੋਂ-ਦਿਨ ਵਧਣ ਕਰਕੇ ਜਿੱਥੇ ਮਨੁੱਖੀ ਸ਼੍ਰੇਣੀ ਦੇ ਇਸਤਰੀ ਜਾਮੇ ਦਾ ਅਪਮਾਨ ਕੀਤਾ ਜਾ ਰਿਹਾ ਹੈ, ਉੱਥੇ ਨਾਲ ਹੀ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਦੀ ਨਿਤਾ ਪ੍ਰਤੀ ਘਟ ਰਹੀ ਗਿਣਤੀ ਕਾਰਨ ਅਣਸੁਖਾਵੀਂ ਸਮਾਜਿਕ ਸਥਿਤੀ ਬਣਦੀ ਜਾ ਰਹੀ ਹੈ | ਇਸ ਅਣਮਨੁੱਖੀ, ਅਨੈਤਿਕ ਅਤੇ ਅਪਰਾਧਿਕ ਬਿਰਤੀ ਨੂੰ ਠੱਲ੍ਹ ਪਾਉਣ ਲਈ ਹੰਭਲਾ ਮਾਰਨ ਦੀ ਵੱਡੀ ਲੋੜ ਹੈ | ਸਿੱਖ ਧਰਮ ਵਿਚ ਇਸਤਰੀ ਨੂੰ ਦਿੱਤੇ ਗਏ ਵੱਡੇ ਸਤਿਕਾਰ ਦੀ ਰੌਸ਼ਨੀ ਵਿਚ ਸਾਨੂੰ ਭਰੂਣ ਹੱਤਿਆ ਵਿਰੁੱਧ ਜੰਗ ਲੜਨੀ ਪਵੇਗੀ, ਤਾਂ ਜੋ ਸਮਾਜਿਕ ਸਾਵੇਂਪਨ ਦੀ ਸਥਿਤੀ ਬਰਕਰਾਰ ਰਹਿ ਸਕੇ |
Diljit Singh Bedi
-ਸ੍ਰੀ ਅੰਮਿ੍ਤਸਰ | ਮੋਬਾ: 98148-98570

Posted in: ਸਾਹਿਤ