ਜਦੋਂ ਸਿੱਖ ਦਰਬਾਰ ਹੋ ਗਿਆ ਕਤਲਗਾਹ ਵਿਚ ਤਬਦੀਲ

By November 15, 2016 0 Comments


sikh-rajਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 15 ਹਾੜ ਸੰਮਤ 1856 ਨੂੰ ਲਾਹੌਰ `ਤੇ ਅਧਿਕਾਰ ਕਾਇਮ ਕਰਕੇ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਇਸ ਦੇ ਠੀਕ 40 ਵਰ੍ਹੇ ਬਾਅਦ 15 ਹਾੜ ਸੰਮਤ 1896 ਮੁਤਾਬਿਕ 27 ਜੂਨ 1839 ਨੂੰ ਮਹਾਰਾਜਾ ਨੇ 59 ਵਰ੍ਹਿਆਂ ਦੀ ਉਮਰ ਭੋਗ ਕੇ ਲਾਹੌਰ ਵਿਖੇ ਹੀ ਦੇਹ ਤਿਆਗ ਦਿੱਤੀ।ਮਹਾਰਾਜਾ ਦੇ ਸੁਰਗਵਾਸ ਹੁੰਦਿਆਂ ਹੀ ਸਿੱਖ ਰਾਜ ਦਾ ਸੂਰਜ ਢਲਨਾ ਸ਼ੁਰੂ ਹੋ ਗਿਆ ਅਤੇ ਸਿੱਖ ਰਾਜ ਦੇ ਮਜ਼ਬੂਤ ਕਿਲੇ੍ਹ ਦੀਆਂ ਨੀਂਹਾਂ ਵਿਚ ਭਾਰੀ ਤਰੇੜਾਂ ਭਰ ਆਈਆਂ।ਵੇਖਦਿਆਂ ਹੀ ਵੇਖਦਿਆਂ ਸੰਪੂਰਨ ਪੰਜਾਬ ਘੱਲੂਘਾਰਿਆਂ ਤੇ ਕਤਲੋਗ਼ਾਰਤ ਦਾ ਅਖਾੜਾ ਬਣ ਗਿਆ ਅਤੇ ਸਿਰਫ਼ ਪੰਜ ਵਰ੍ਹਿਆਂ ਦੇ ਅੰਦਰ ਹੀ ਸਰਬੱਤ ਕੌਮ ਦੇ ਪਿਆਰੇ ਸ਼ੇਰੇ-ਪੰਜਾਬ ਦਾ ਪਰਿਵਾਰ ਉਹਨਾਂ ਦੇ ਭਾਈਆਂ ਅਤੇ ਵਫ਼ਾਦਾਰਾਂ ਨੇ ਬੇਰਿਹਮੀ ਨਾਲ ਖਤਮ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਜਿਸ ਤਰ੍ਹਾਂ ਨਾਲ ਵਹਿਸ਼ਆਣੇ ਢੰਗ ਨਾਲ ਖ਼ਾਤਮਾ ਕੀਤਾ ਗਿਆ, ਪੜ੍ਹਨ ਅਤੇ ਸੁਨਨ ਵਾਲਿਆਂ ਦੀ ਰੂਹ ਤਕ ਕੰਬ ਜਾਂਦੀ ਹੈ।ਮਹਾਰਾਜਾ ਦੇ ਦੇਹਾਂਤ ਦੇ ਪੰਜ ਸਾਲ ਦੇ ਅੰਦਰ ਹੀ ਉਹਨਾਂ ਦੇ ਪੁੱਤਰਾਂ ਮਹਾਰਾਜਾ ਖੜਕ ਸਿੰਘ, ਮਹਾਰਾਜਾ ਸ਼ੇਰ ਸਿੰਘ, ਕੰਵਰ ਤਾਰਾ ਸਿੰਘ, ਕੰਵਰ ਪਸ਼ੌਰਾ ਸਿੰਘ, ਕੰਵਰ ਕਸ਼ਮੀਰਾ ਸਿੰਘ, ਕੰਵਰ ਮੁਲਤਾਨਾ ਸਿੰਘ ਅਤੇ ਕੰਵਰ ਦਲੀਪ ਸਿੰਘ ਵਿਚੋਂ ਸਿਰਫ਼ ਦਲੀਪ ਸਿੰਘ ਹੀ ਬਚਿਆ ਰਹਿ ਗਿਆ, ਜੋ ਕਿ ਉਸ ਸਮੇਂ ਨਬਾਲਗ ਸੀ। ਸ਼ੇਰੇ-ਪੰਜਾਬ ਦਾ ਦੇਹਾਂਤ ਹੁੰਦਿਆਂ ਹੀ ਰਾਜ ਵਿਰੋਧੀ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ।ਸਾਜ਼ਿਸ਼ਾਂ ਰਚਣ `ਚ ਮਾਹਿਰ ਜਮਵਾਲ ਖ਼ਾਨਦਾਨ ਦੇ ਰਾਜਾ ਧਿਆਨ ਸਿੰਘ ਡੋਗਰਾ (ਜੰਮੂ ਦੇ ਪਿੰਡ ਡਿਓਲੀ ਦਾ ਨਿਵਾਸੀ) ਨੇ ਆਪਣੇ ਭਾਈਆਂ ਨਾਲ ਮਿਲ ਕੇ ਮਹਾਰਾਜਾ ਖੜਕ ਸਿੰਘ ਅਤੇ ਉਨ੍ਹਾਂ ਦੇ ਇਕਲੌਤੇ ਸ਼ਹਿਜ਼ਾਦੇ ਕੰਵਰ ਨੋਨਿਹਾਲ ਸਿੰਘ ਦੇ ਦਰਮਿਆਨ ਨਫ਼ਰਤ ਦੀ ਅਜਿਹੀ ਦੀਵਾਰ ਖੜ੍ਹੀ ਕਰ ਦਿੱਤੀ ਕਿ ਖੜਕ ਸਿੰਘ ਨੇ ਰਾਜ ਪ੍ਰਬੰਧਾਂ ਤੋਂ ਮੂੰਹ ਮੋੜ ਕੇ ਲਾਹੌਰੀ ਦਰਵਾਜ਼ੇ ਅੰਦਰਲੀ ਆਪਣੀ ਪੁਰਾਣੀ ਹਵੇਲੀ (ਬਾਅਦ ਵਿਚ ਇਸ ਹਵੇਲੀ ਨੂੰ ਜ਼ਮੀਨਦੋਜ਼ ਕਰਕੇ ਇਸ ਨੂੰ ਮੰਦਰ ਲਾਲਾ ਨਿਹਾਲ ਚੰਦ ਦੇ ਨਾਲ ਲਗਦੀ ਮੰਦਰ ਦੀ ਬਾਗ਼ੀਚੀ ਦਾ ਹਿੱਸਾ ਬਣਾ ਦਿੱਤਾ ਗਿਆ) `ਚ ਰਹਿਣਾ ਸ਼ੁਰੂ ਕਰ ਦਿੱਤਾ।ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼` ਦੇ ਸਫ਼ਾ 721 `ਤੇ ਲਿਖਦੇ ਹਨ ਕਿ ਕੰਵਰ ਸਾਹਿਬ ਦੀ ਚਤੁਰਾਈ ਅਤੇ ਰਾਜਨੀਤੀ ਨੂੰ ਵਿਚਾਰ ਕੇ ਰਾਜਾ ਧਿਆਨ ਸਿੰਘ ਡੋਗਰੇ ਨੇ ਈਰਖਾ ਦੀ ਅੱਗ ਵਿਚ ਸੜਕੇ ਅਤੇ ਸਵਾਰਥ ਨਾਲ ਅੰਨ੍ਹਿਆਂ ਹੋਕੇ ਪਿਤਾ ਪੁੱਤਰ ਵਿਚ ਫੋਕਟ ਪਾਉਣ ਵਿਚ ਵਡੀ ਸਫ਼ਲਤਾ ਪ੍ਰਾਪਤ ਕੀਤੀ ਅਤੇ ਕੰਵਰ ਨੂੰ ਇਹ ਸਮਝਾ ਕੇ ਕਿ ਉਸ ਦਾ ਪਿਤਾ ਲਾਹੌਰ ਦਾ ਰਾਜ ਅੰਗਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ, ਕੰਵਰ ਨੂੰ ਪਿਤਾ ਦਾ ਜਾਨੀ ਦੁਸ਼ਮਨ ਬਣਾ ਦਿੱਤਾ।ਕੰਵਰ ਨੋਨਿਹਾਲ ਸਿੰਘ ਨੇ ਆਪਣੇ ਪਿਤਾ ਨੂੰ ਨਜ਼ਰ-ਬੰਦ ਰਖ ਕੇ ਰਾਜ-ਕਾਜ ਆਪਣੇ ਹੱਥ ਵਿਚ ਲੈ ਲਿਆ ਅਤੇ ਰਾਜ ਦਾ ਕੁਲ ਮੁਖਤਾਰ ਅਤੇ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰੇ ਨੂੰ ਨਿਯੁਕਤ ਕਰ ਦਿੱਤਾ।ਕੰਵਰ ਨੇ ਧਿਆਨ ਸਿੰਘ ਨੂੰ ਇਹ ਜਿੰਮੇਵਾਰੀ ਸੌਂਪ ਤਾਂ ਦਿੱਤੀ ਪਰ ਰਾਜ ਨਾਲ ਸੰਬੰਧਿਤ ਬਹੁਤੇ ਮਾਮਲਿਆਂ ਵਿਚ ਉਹ ਧਿਆਨ ਸਿੰਘ ਦੇ ਫੈਸਲਿਆਂ ਦੇ ਉਲਟ ਆਪਣੀ ਰਾਇ ਦਿੰਦਾ ਰਿਹਾ।ਧਿਆਨ ਸਿੰਘ ਇਸ ਨੂੰ ਲੈ ਕੇ ਕੰਵਰ ਤੋਂ ਨਰਾਜ਼ ਤੇ ਗੁੱਸੇ ਵਿਚ ਰਹਿਣ ਲੱਗਾ।
ਮਹਾਰਾਜਾ ਖੜਕ ਸਿੰਘ ਦੇ ਸਾਂਢੂ ਚੇਤ ਸਿੰਘ ਬਾਜਵਾ (ਇਸ ਨਾਲ ਖੜਕ ਸਿੰਘ ਦੀ ਰਾਣੀ ਇਸ਼ਰ ਕੌਰ ਦੀ ਸਕੀ ਭਤੀਜੀ ਵਿਆਹੀ ਹੋਈ ਸੀ) ਦੀ ਖੜਕ ਸਿੰਘ ਦੀਆਂ ਅੱਖਾਂ ਸਾਹਮਣੇ ਡੋਗਰਿਆਂ ਦੁਆਰਾ ਬੇਰਹਿਮੀ ਨਾਲ ਹੱਤਿਆ ਕੀਤੀ ਗਈ।ਇਸ ਦੇ ਬਾਅਦ ਸਦਮੇ ਵਿਚ ਜਾਣ `ਤੇ ਬੀਮਾਰੀ ਦੀ ਹਾਲਤ ਵਿਚ ਉਸ ਨੂੰ ਧਿਆਨ ਸਿੰਘ ਦੇ ਕਹਿਣ `ਤੇ ਸਫ਼ੈਦਾ, ਕਾਸ਼ਹਾਰੀ ਅਤੇ ਰਸਕਪੁਰ ਆਦਿ ਜ਼ਹਿਰੀਲੇ ਪਦਾਰਥ ਦਵਾਈ ਦੇ ਬਹਾਨੇ ਖਵਾਏ ਗਏ।ਜਿਸ ਨਾਲ 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਦਾ ਦੇਹਾਂਤ ਹੋ ਗਿਆ।ਇਸ ਤੋਂ ਬਾਅਦ ਡੋਗਰਿਆਂ ਦੁਆਰਾ ਇਹ ਮਸ਼ਹੂਰ ਕਰ ਦਿੱਤਾ ਗਿਆ ਕਿ ਕੰਵਰ ਨੇ ਆਪਣੇ ਪਿਤਾ ਨੂੰ ਕੋਈ ਜ਼ਹਰਿਲੀ ਚੀਜ਼ ਖਵਾ ਕੇ ਉਸਦੀ ਹੱਤਿਆ ਕੀਤੀ ਹੈ। ਦੇਹਾਂਤ ਵਾਲੇ ਦਿਨ ਹੀ ਦੁਪਹਿਰ ਨੂੰ ਖੜਕ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪਾਸ ਸਸਕਾਰ ਕੀਤਾ ਗਿਆ।ਉਸ ਦੇ ਨਾਲ ਹੀ ਉਸ ਦੀਆਂ ਦੋ ਰਾਣੀਆਂ; ਰਾਣੀ ਈਸ਼ਰ ਕੌਰ ਪੁੱਤਰੀ ਸ੍ਰ. ਲਾਲ ਸਿੰਘ ‘ਸਿਰਾਂਵਾਲੀ` ਅਤੇ ਇਕ ਹੋਰ ਰਾਣੀ (ਕਰੀਬ ਸਾਰੇ ਹੀ ਲੇਖਕਾਂ ਤੇ ਵਿਦਵਾਨਾਂ ਨੇ ਇਸ ਦੂਸਰੀ ਰਾਣੀ ਦਾ ਨਾਂ ਖੇਮ ਕੌਰ ਲਿਖਿਆ ਹੈ।ਜਦੋਂ ਕਿ ਰਾਣੀ ਖੇਮ ਕੌਰ ਪੁੱਤਰੀ ਸ੍ਰ. ਜੋਧ ਸਿੰਘ ‘ਕਲਾਸ ਬਾਜਵਾ` ਦਾ ਦੇਹਾਂਤ ਸੰਨ 1886 ਵਿਚ ਹੋਇਆ ਅਤੇ ਉਹ ਮਰਨ ਤੱਕ ਸਰਕਾਰੀ ਪੈਨਸ਼ਨ ਪ੍ਰਾਪਤ ਕਰਦੀ ਰਹੀ) ਸਹਿਤ ਨੋ ਦਾਸੀਆਂ ਵੀ ਸਤੀ ਹੋਈਆਂ।ਕੰਵਰ ਨੋਨਿਹਾਲ ਸਿੰਘ ਪਿਤਾ ਦੀ ਦੇਹ ਨੂੰ ਲੰਬੂ ਲਾਉਂਦਿਆਂ ਹੀ ਆਪਣੇ ਮਿੱਤਰ ਰਾਜਾ ਊਧਮ ਸਿੰਘ (ਧਿਆਨ ਸਿੰਘ ਡੋਗਰੇ ਦਾ ਭਤੀਜਾ ਅਤੇ ਰਾਜਾ ਗੁਲਾਬ ਸਿੰਘ ਡੋਗਰਾ ਦਾ ਵੱਡਾ ਪੁੱਤਰ) ਨਾਲ ਸ਼ਾਹੀ ਕਿਲ੍ਹੇ ਵੱਲ ਨੂੰ ਨਿਕਲ ਪਿਆ।ਅਸਲ ਵਿਚ ਉਸੇ ਦਿਨ ਸ਼ਾਮ ਨੂੰ ਰਸਮੀ ਤੌਰ `ਤੇ ਕੰਵਰ ਨੋਨਿਹਾਲ ਸਿੰਘ ਦੀ ਸ਼ਾਹੀ ਕਿਲ੍ਹੇ ਦੇ ਤਖ਼ਤਗ਼ਾਹ ਦੀਵਾਨ-ਏ-ਆਮ ਵਿਚ ਤਾਜਪੋਸ਼ੀ ਕੀਤੀ ਜਾਣੀ ਸੀ।ਊਧਮ ਸਿੰਘ ਅਤੇ ਕੰਵਰ ਨੋਨਿਹਾਲ ਸਿੰਘ ਦੋਵੇਂ ਜਿਉਂ ਹੀ ਹਜੂਰੀ ਬਾਗ਼ ਵੱਲ ਮੁੜਨ ਲਈ ਰੋਸ਼ਨਾਈ ਦਰਵਾਜ਼ੇ (ਪੁਰਾਣਾ ਨਾਂ ਅਕਬਰੀ ਦਰਵਾਜ਼ਾ) `ਚੋਂ ਨਿਕਲੇ ਤਾਂ ਦਰਵਾਜ਼ੇ ਦੀ ਮਹਿਰਾਬ (ਡਾਟ) ਦੇ ਉਪਰ ਬਣੀ ਦੀਵਾਰ ਇਨ੍ਹਾਂ `ਤੇ ਡਿੱਗ ਗਈ।ਜਿਸ ਨਾਲ ਕੰਵਰ ਨੂੰ ਭਾਵੇ ਬਹੁਤੀ ਸੱਟ ਨਾ ਲੱਗੀ, ਪਰ ਊਧਮ ਸਿੰਘ ਦੀ ਮੌਕੇ `ਤੇ ਮੌਤ ਹੋ ਗਈ। ਇਸ ਮੌਕੇ ਦਾ ਚਸ਼ਮਦੀਦ ਗਵਾਹ ਕਰਨਲ ਅਲੈਗ਼ਜ਼ੈਂਡਰ ਗਾਡਨਰ ਲਿਖਦਾ ਹੈ-“ਮੈਂ ਖੜਕ ਸਿੰਘ ਦੇ ਸਸਕਾਰ ਸਮੇਂ ਮੌਕੇ `ਤੇ ਮੌਜੂਦ ਸਾਂ।ਜਦੋਂ ਕੰਵਰ ਸਸਕਾਰ ਵਾਲੇ ਸਥਾਨ ਤੋਂ ਨਿਕਲਿਆ ਤਾਂ ਰਾਜਾ ਧਿਆਨ ਸਿੰਘ ਡੋਗਰਾ ਵੀ ਵੱਡੀਆਂ-ਵੱਡੀਆਂ ਲਾਂਘਾ ਪੱਟਦਾ ਹੋਇਆ ਉਸ ਦੇ ਪਿੱਛੇ-ਪਿੱਛੇ ਚਲ ਪਿਆ ਅਤੇ ਉਸ ਨੇ ਮੇਰੇ ਤੋਪਖ਼ਾਨੇ ਦੇ ਸਿਪਾਹੀਆਂ ਨੂੰ ਵਗਾਰ ਕੇ ਆਪਣੇ ਨਾਲ ਚੱਲਣ ਲਈ ਕਿਹਾ।ਉਸ ਵਕਤ ਊਧਮ ਸਿੰਘ ਵੀ ਕੰਵਰ ਦੇ ਨਾਲ ਹੀ ਸੀ, ਜਿਸ ਨੂੰ ਕੰਵਰ ਨੇ ਉਥੋਂ ਨਿਕਲਣ ਲੱਗਿਆ ਅਚਾਨਕ ਆਪਣੇ ਨਾਲ ਲੈ ਲਿਆ ਸੀ।ਮੈਨੂੰ ਉਸ ਵਕਤ ਤੱਕ ਕੋਈ ਜਾਣਕਾਰੀ ਨਹੀਂ ਸੀ ਕਿ ਧਿਆਨ ਸਿੰਘ ਕੀ ਕਰਨ ਜਾ ਰਿਹਾ ਹੈ, ਪਰ ਮੈਂ ਜਿਵੇਂ ਹੀ ਮੌਕੇ `ਤੇ ਪਹੰੁਚਿਆ ਤਦ ਤੱਕ ਇਹ ਘਟਨਾ ਘਟ ਚੁਕੀ ਸੀ।ਮੇਰੇ ਤੋਪਖ਼ਾਨੇ ਦੇ ਉਹ ਸਿਪਾਹੀ ਜਿਨ੍ਹਾਂ ਧਿਆਨ ਸਿੰਘ ਡੋਗਰੇ ਦੇ ਹੁਕਮ `ਤੇ ਉਥੇ ਪਹਿਲਾਂ ਤੋਂ ਰੱਖੀ ਗਈ ਪਾਲਕੀ ਵਿਚ ਲਿਟਾ ਕੇ ਕੰਵਰ ਨੋਨਿਹਾਲ ਸਿੰਘ ਨੂੰ ਕਿਲ੍ਹੇ ਦੇ ਅੰਦਰ ਪਹੰੁਚਾਇਆ ਸੀ, ਵਿਚੋਂ ਦੋ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਦੋ ਨੂੰ ਹਿੰਦੁਸਤਾਨ ਤੋਂ ਬਾਹਰ ਕਰ ਦਿੱਤਾ ਗਿਆ, ਜਦੋਂ ਕਿ ਪੰਜਵਾਂ ਕਿੱਥੇ ਗਿਆ, ਬਾਰੇ ਮੈਨੂੰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।ਉਪਰੋਕਤ ਸਿਪਾਹੀਆਂ ਵਿਚੋਂ ਇਕ ਨੇ ਦੱਸਿਆ ਸੀ ਕਿ ਦੀਵਾਰ ਡਿੱਗਣ ਤੋਂ ਬਾਅਦ ਧਿਆਨ ਸਿੰਘ ਨੇ ਆਪਣੇ ਭਤੀਜੇ ਰਾਜਾ ਊਧਮ ਸਿੰਘ ਨੂੰ ਉਥੇ ਹੀ ਰਹਿਣ ਦਿੱਤਾ, ਜਦੋਂ ਕਿ ਸਿਪਾਹੀਆਂ ਨੂੰ ਆਦੇਸ਼ ਦੇ ਕੇ ਕੰਵਰ ਨੂੰ ਉਥੇ ਪਹਿਲਾਂ ਤੋਂ ਰਖਵਾਈ ਪਾਲਕੀ ਵਿਚ ਲਿਟਾ ਕੇ ਕਿਲ੍ਹੇ ਦੇ ਅੰਦਰ ਪਹੰੁਚਾਉਣ ਲਈ ਕਿਹਾ।ਜਦੋਂ ਉਹ ਕੰਵਰ ਨੂੰ ਕਿਲ੍ਹੇ ਦੀ ਇਕ ਕੋਠੜੀ ਵਿਚ ਲੈ ਕੇ ਗਏ ਤਾਂ ਉਥੇ ਸਿਰਫ਼ ਡੋਗਰਾ ਸਰਦਾਰ ਦੇ ਪਹਾੜੀ ਸਿਪਾਹੀ ਹੀ ਖੜੇ ਸਨ।ਪਹਾੜੀ ਸਿਪਾਹੀਆਂ ਤੋਂ ਇਲਾਵਾ ਬਾਕੀ ਸਭ ਨੂੰ ਕਿਲੇ੍ਹ ਦੇ ਬਾਹਰ ਭੇਜ ਕੇ ਦਰਵਾਜ਼ੇ ਬੰਦ ਕਰ ਦਿੱਤੇ ਗਏ।ਸਿਪਾਹੀ ਨੇ ਬਾਹਰ ਆ ਕੇ ਦੱਸਿਆ ਕਿ ਕੰਵਰ ਦੇ ਸਿਰ ਜਾਂ ਕਿਸੇ ਵੀ ਅੰਗ `ਤੇ ਕੋਈ ਵੱਡਾ ਜ਼ਖਮ ਨਹੀਂ ਸੀ, ਬਸ ਉਸਦੇ ਸਿਰਹਾਣੇ `ਤੇ ਖੂਨ ਦਾ ਛੋਟਾ ਜਿਹਾ ਨਾਨਕਸ਼ਾਹੀ ਰੁਪਏ ਦੇ ਆਕਾਰ ਦਾ ਖੂਨ ਦਾ ਧੱਬਾ ਲੱਗਾ ਸੀ।”

ਕੰਵਰ ਨੂੰ ਕਿਲ੍ਹੇ ਵਿਚ ਲਿਜਾਉਣ ਤੋਂ ਬਾਅਦ ਧਿਆਨ ਸਿੰਘ ਡੋਗਰੇ ਨੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਸਖ਼ਤੀ ਨਾਲ ਹੁਕਮ ਜਾਰੀ ਕੀਤਾ ਕਿ ਕਿਸੇ ਨੂੰ ਵੀ ਕਿਲ੍ਹੇ ਦੇ ਅੰਦਰ ਨਾ ਆਉਣ ਦਿੱਤਾ ਜਾਵੇ।ਕੰਵਰ ਨੋਨਿਹਾਲ ਸਿੰਘ ਦੀ ਪਤਨੀ ਨਾਨਕੀ (ਸਪੁੱਤਰੀ ਸ੍ਰ. ਸ਼ਾਮ ਸਿੰਘ ਅਟਾਰੀ), ਉਸ ਦੀ ਮਾਂ ਚੰਦ ਕੌਰ, ਸੰਧਾਵਾਲੀਆ ਸਰਦਾਰ ਅਤੇ ਹੋਰ ਅਧਿਕਾਰੀ ਬਥੇਰੇ ਕਿਲ੍ਹੇ ਦੇ ਦਰਵਾਜ਼ੇ ਭੰਨਦੇ ਰਹੇ ਅਤੇ ਤਰਲੇ ਮਿੰਨਤਾਂ ਕਰਦੇ ਰਹੇ ਪਰ ਕਿਸੇ ਲਈ ਵੀ ਦਰਵਾਜ਼ੇ ਨਹੀਂ ਖੋਲੇ ਗਏ।ਧਿਆਨ ਸਿੰਘ ਨੇ ਤੀਜੇ ਦਿਨ ਜ਼ਬਰਦਸਤੀ ਸੰਧਾਵਾਲੀਆ ਸਰਦਾਰਾਂ ਦੁਆਰਾ ਕਿਲ੍ਹੇ ਦੇ ਦਰਵਾਜ਼ੇ ਖੁਲ੍ਹਵਾਉਣ ਅਤੇ ਧਿਆਨ ਸਿੰਘ ਵਲੋਂ ਸੁਨੇਹਾ ਭੇਜ ਕੇ ਬੁਲਾਏ ਗਏ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਬਟਾਲੇ ਤੋਂ ਲਾਹੌਰ ਪਹੁੰਚਣ `ਤੇ ਇਹ ਭੇਦ ਜ਼ਾਹਰ ਕੀਤਾ ਕਿ ਕੰਵਰ ਨੋਨਿਹਾਲ ਸਿੰਘ ਦੀ ਹਾਦਸੇ ਵਾਲੇ ਦਿਨ ਹੀ ਮੌਤ ਹੋ ਗਈ ਸੀ।ਜਦੋਂ ਕੰਵਰ ਦੀ ਦੇਹ ਸਸਕਾਰ ਲਈ ਲਿਜਾਈ ਗਈ ਤਾਂ ਉਸਦੀ ਦੇਹ ਖੂਨ ਨਾਲ ਲੱਥ-ਪੱਥ ਸੀ ਅਤੇ ਸਿਰ ਬੁਰੀ ਤਰ੍ਹਾਂ ਚਿੱਥਿਆ ਹੋਇਆ ਸੀ।ਜਿਸ ਨੂੰ ਵੇਖ ਕੇ ਸਾਫ਼ ਹੋ ਗਿਆ ਕਿ ਕਿਲ੍ਹੇ ਦੇ ਅੰਦਰ ਲਿਜਾਉਣ ਤੋਂ ਬਾਅਦ ਕੰਵਰ ਦਾ ਬਹੁਤ ਮਾੜਾ ਹਸ਼ਰ ਕੀਤਾ ਗਿਆ ਸੀ।ਪਿਤਾ-ਪੁੱਤਰ ਦੀ ਇਕੋ ਦਿਨ ਹੋਈ ਹੱਤਿਆ ਦੇ ਕਾਰਣ ਇਹ ਸਮੱਸਿਆ ਖੜੀ ਹੋ ਗਈ ਕਿ ਖਾਲਸਾ ਰਾਜ ਦੀ ਅਗਵਾਈ ਕੌਣ ਕਰੇਗਾ=;ਵਸ ਕੰਵਰ ਸ਼ੇਰ ਸਿੰਘ ਨੂੰ ਤਖ਼ਤ ਉੱਪਰ ਬਿਠਾਉਣ ਦੀ ਗੱਲ ਚਲੀ ਤਾਂ ਗੁਲਾਬ ਸਿੰਘ ਡੋਗਰਾ ਨੇ ਚਾਲ ਚੱਲ ਕੇ ਰਾਨੀ ਚੰਦ ਕੌਰ (ਚੰਦ ਕੌਰ ਦਾ ਜਨਮ ਸੰਨ 1804 ਵਿਚ ਜੈਮਲ ਸਿੰਘ ਕਨ੍ਹਈਆ ਦੇ ਘਰ ਫਤਿਹਗੜ੍ਹ ਚੂੜੀਆਂ ਵਿਚ ਹੋਇਆ ਅਤੇ ਸੰਨ 1812 ਵਿਚ ਸ਼ਹਿਜ਼ਾਦਾ ਖੜਕ ਸਿੰਘ ਨਾਲ ਵਿਆਹ ਹੋਣ ਤੋਂ ਬਾਅਦ ਸੰਨ 1821 ਵਿਚ ਉਸਨੇ ਕੰਵਰ ਨੋਨਿਹਾਲ ਸਿੰਘ ਨੂੰ ਜਨਮ ਦਿੱਤਾ) ਨੂੰ ਤਖ਼ਤ ਉੱਤੇ ਬਿਠਾ ਦਿੱਤਾ।ਡੋਗਰਿਆਂ ਦੀ ਸਿਖਾਵਟ ਵਿਚ ਆ ਕੇ ਚੰਦ ਕੌਰ ਨੇ ਵੀ ਇਹ ਬਹਾਨਾ ਬਣਾ ਦਿੱਤਾ ਕਿ ਕੰਵਰ ਨੋਨਿਹਾਲ ਸਿੰਘ ਦੀ ਰਾਣੀ ਸਾਹਿਬ ਕੌਰ ਗਿਲਵਾਲਨ ਗਰਭਵਤੀ ਹੈ।ਜੇਕਰ ਉਸ ਦੇ ਘਰ ਲੜਕਾ ਪੈਦਾ ਹੋਇਆ ਤਾਂ ਉਹ ਮਹਾਰਾਜਾ ਬਣੇਗਾ ਅਤੇ ਅਗਰ ਲੜਕੀ ਹੋਈ ਤਾਂ ਸ਼ਹਿਜ਼ਾਦਾ ਸ਼ੇਰ ਸਿੰਘ ਮਹਾਰਾਜਾ ਬਣੇਗਾ।
ਇਸ `ਤੇ ਸ਼ੇਰ ਸਿੰਘ ਬਟਾਲਾ ਵਾਪਸ ਆ ਗਿਆ।ਕੁਝ ਸਮੇਂ ਬਾਅਦ ਇਸ ਗੱਲ ਦਾ ਪਰਦਾਫਾਸ਼ ਹੋ ਗਿਆ ਕਿ ਕੰਵਰ ਨੋਨਿਹਾਲ ਸਿੰਘ ਦੀ ਕੋਈ ਵੀ ਰਾਣੀ ਗਰਭਵਤੀ ਨਹੀਂ ਸੀ।ਡੋਗਰਾ ਸਰਦਾਰਾਂ ਨੇ ਦੋ ਗਰਭਵਤੀ ਕਸ਼ਮੀਰੀ ਔਰਤਾਂ ਨੂੰ ਧੰਨ ਦਾ ਲਾਲਚ ਦੇ ਕੇ ਇਹ ਕਹਿ ਰੱਖਿਆ ਸੀ ਕਿ ਜਿਸ ਦੇ ਲੜਕਾ ਪੈਦਾ ਹੋਵੇਗਾ ਉਹ ਉਸ ਨੂੰ ਰਾਣੀ ਸਾਹਿਬ ਕੌਰ ਦੀ ਝੋਲੀ ਵਿਚ ਪਾ ਦੇਵੇ, ਪਰੰਤੂ ਦੋਵੇਂ ਪਹਾੜਨਾਂ ਦੇ ਘਰ ਲੜਕੀਆਂ ਹੀ ਪੈਦਾ ਹੋਈਆਂ।ਸੱਚ ਸਾਹਮਣੇ ਆਉਣ `ਤੇ ਸ਼ੇਰ ਸਿੰਘ ਨੇ ਲਾਹੌਰ ਉੱਤੇ ਧਾਵਾ ਬੋਲ ਦਿੱਤਾ।ਉਧਰ ਡੋਗਰਾ ਸਰਦਾਰਾਂ ਨੇ ਖ਼ੁਦ ਹੀ ਮਹਾਰਾਣੀ ਵਲੋਂ ਸ਼ਹਿਰ ਵਿਚ ਇਹ ਐਲਾਨ ਕਰਵਾ ਦਿੱਤਾ ਕਿ ਖਾਲਸਾ ਰਾਜ ਦੇ ਕੁਝ ਦੁਸ਼ਮਨ ਸ਼ੇਰ ਸਿੰਘ ਨੂੰ ਬਟਾਲਾ ਤੋਂ ਲਾਹੌਰ `ਤੇ ਚੜ੍ਹਾਈ ਕਰਨ ਲਈ ਲੈ ਕੇ ਆਏ ਹਨ ਅਤੇ ਸ਼ੇਰ ਸਿੰਘ ਲਾਹੌਰ `ਤੇ ਕਬਜ਼ਾ ਕਰ ਕੇ ਰਾਣੀ ਨੂੰ ਬਾਹਰ ਕੱਢ ਦੇਵੇਗਾ।ਇਸ ਲਈ ਸਭ ਡੱਟ ਕੇ ਸ਼ੇਰ ਸਿੰਘ ਦਾ ਮੁਕਾਬਲਾ ਕਰ ਕੇ ਉਸ ਨੂੰ ਰੋਕੋ।ਇਸ ਸਭ ਦੇ ਬਾਵਜੂਦ ਸ਼ੇਰ ਸਿੰਘ ਨੇ ਕਿਲ੍ਹਾ ਲਾਹੌਰ `ਤੇ ਕਬਜ਼ਾ ਕਰ ਲਿਆ। ਗੁਲਾਬ ਸਿੰਘ ਡੋਗਰਾ ਸ਼ੇਰ ਸਿੰਘ ਦੇ ਡਰ ਕਾਰਣ ਉਸ ਦੇ ਆਉਣ ਤੋਂ ਪਹਿਲਾਂ ਹੀ ਲੁੱਟ ਖਸੁੱਟ ਕਰ ਕੇ ਫਰਾਰ ਹੋ ਗਿਆ।ਪਰੰਤੂ ਕਿਸੇ ਤਰ੍ਹਾਂ ਪੰਡਤ ਮਿਸਰ ਬੇਲੀ ਰਾਮ ਨੇ ਉਸ ਦੀ ਲੁੱਟ ਵਿਚੋਂ ਕੋਹਨੂਰ ਹੀਰਾ ਬਚਾ ਕੇ ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਲਾਹੌਰ `ਤੇ ਕਾਬਜ਼ ਹੋਣ ਤੋਂ ਬਾਅਦ ਰਾਣੀ ਚੰਦ ਕੌਰ ਭਾਟੀ ਦਰਵਾਜ਼ੇ (ਲਾਹੌਰ) ਅੰਦਰ ਮੌਜੂਦ ਕੰਵਰ ਨੋਨਿਹਾਲ ਸਿੰਘ ਦੀ ਸੁਨੀ ਪਈ ਹਵੇਲੀ ਵਿਚ ਆ ਗਈ।ਉਧਰ ਸ਼ੇਰ ਸਿੰਘ ਸ਼ਿਕਾਰ ਅਤੇ ਇਲਾਕੇ ਦੀ ਦੇਖ ਭਾਲ ਲਈ ਲਾਹੌਰ ਤੋਂ ਬਾਹਰ ਚਲਾ ਗਿਆ।ਗੁਲਾਬ ਸਿੰਘ ਅਤੇ ਧਿਆਨ ਸਿੰਘ ਨੇ ਇਕ ਯੋਜਨਾ ਤਹਿਤ 11 ਜੂਨ 1842 ਨੂੰ ਰਾਣੀ ਦੇ ਸਿਰ ਵਿਚ ਦਰਦ ਹੋਣ `ਤੇ ਉਸ ਦੀਆਂ ਪਹਾੜਨ ਦਾਸੀਆਂ ਹੀਰੋ, ਆਸੋ, ਵੱਸੋ, ਭਰੀ, ਮੋਚਨ, ਹਸੋ ਆਦਿ ਨੇ ਉਸ ਨੂੰ ਦਵਾਈ ਵਿਚ ਜ਼ਹਿਰ ਮਿਲਾ ਕੇ ਦੇ ਦਿੱਤਾ।ਇਸ ਦੇ ਬਾਵਜੂਦ ਜਦ ਰਾਤ ਨੂੰ ਉਸ ਨੂੰ ਹੋਸ਼ ਆ ਗਈ ਤਾਂ ਸਜ਼ਾ ਦੇ ਡਰ ਤੋਂ ਇਕ ਪਹਾੜਨ ਦਾਸੀ ਨੇ ਮਸਾਲਾ ਕੁੱਟਣ ਵਾਲੀ ਸਿੱਲ੍ਹ ਉਸ ਦੇ ਸਿਰ ਵਿਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਨਾਲ ਹੀ ਦਾਸੀਆਂ ਨੇ ਇਸ ਕੰਮ ਦੇ ਪੂਰੇ ਪੈਸੇ ਨਾ ਮਿਲਣ ਕਰਕੇ ਰਾਣੀ ਚੰਦ ਕੌਰ ਦੇ ਕਤਲ ਦਾ ਵੀ ਪਰਦਾ-ਫਾਸ਼ ਕਰ ਦਿੱਤਾ।ਇਸ `ਤੇ ਧਿਆਨ ਸਿੰਘ ਨੇ ਇਕ ਹੋਰ ਚਾਲ ਚਲੀ ਅਤੇ ਦਾਸੀਆਂ ਦੀ ਦੱਸੀ ਸਚਾਈ ਨੂੰ ਇਕ ਮਨਘੜਤ ਕਹਾਣੀ ਦੱਸ ਕੇ ਉਹਨਾਂ ਨੂੰ ਰਾਵੀ ਦਰਿਆ ਪਾਰ ਲਿਜਾ ਕੇ ਕਤਲ ਕਰ ਦਿੱਤਾ।ਇਸ ਦੇ ਬਾਅਦ ਉਸ ਨੇ ਇਕ ਅੰਗਰੇਜ਼ ਖ਼ਬਰ ਨਵੀਸ ਤੋਂ ਇਹ ਖ਼ਬਰ ਜਾਰੀ ਕਰਵਾ ਦਿੱਤੀ ਕਿ ਮਹਾਰਾਣੀ ਦਾ ਕਤਲ ਸ਼ੇਰ ਸਿੰਘ ਨੇ ਕੀਤਾ ਹੈ।ਇਸ ਤੋਂ ਪਹਿਲਾਂ ਵੀ ਡੋਗਰਿਆਂ ਨੇ ਇਕ ਐਸੀ ਹੀ ਚਾਲ 9 ਅਕਤੂਬਰ 1839 ਨੂੰ ਚੇਤ ਸਿੰਘ ਬਾਜਵਾ ਦਾ ਕਤਲ ਕਰਨ ਤੋਂ ਬਾਅਦ ਚੱਲੀ ਸੀ।ਡੋਗਰਿਆਂ ਨੇ ਉਸ ਵਕਤ ਵੀ ਇਹ ਅਫਵਾਹ ਫੈਲਾ ਦਿੱਤੀ ਸੀ ਕਿ ਰਾਜਾ ਚੇਤ ਸਿੰਘ ਬਾਜਵਾ ਖਾਲਸਾ ਰਾਜ ਅੰਗਰੇਜ਼ਾਂ ਨੂੰ ਸੌਂਪਣਾ ਚਾਹੁੰਦਾ ਸੀ, ਇਸ ਲਈ ਕੰਵਰ ਨੋਨਿਹਾਲ ਸਿੰਘ ਨੇ ਉਸ ਦਾ ਕਤਲ ਕਰ ਦਿੱਤਾ । ਉਂਝ ਤਾਂ ਸੰਧਾਵਾਲੀਆ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਸਕੇ ਰਿਸ਼ਤੇਦਾਰਾਂ ਵਿਚੋਂ ਸਨ ਅਤੇ ਹਰ ਯੁੱਧ ਵਿਚ ਉਹਨਾਂ ਮਹਾਰਾਜੇ ਦਾ ਸਾਥ ਦਿੱਤਾ ਸੀ, ਪਰ ਕੰਵਰ ਨੋਨਿਹਾਲ ਸਿੰਘ ਦੇ ਕਤਲ ਮਗਰੋਂ ਸੰਧਾਵਾਲੀਆ ਸਰਦਾਰਾਂ ਨੇ ਸ਼ੇਰ ਸਿੰਘ ਦਾ ਸਾਥ ਨਾ ਦੇ ਕੇ ਮਹਾਰਾਣੀ ਚੰਦ ਕੌਰ ਦੀ ਮਦਦ ਕੀਤੀ।ਜਿਸ ਕਰ ਕੇ ਜਦੋਂ ਸ਼ਹਿਜ਼ਾਦਾ ਸ਼ੇਰ ਸਿੰਘ ਮਹਾਰਾਜਾ ਬਣਿਆਂ ਤਾਂ ਉਸਨੇ ਸੰਧਾਵਾਲੀਆ ਦੀਆਂ ਜਗੀਰਾਂ ਜ਼ਬਤ ਕਰ ਲਈਆਂ।ਲਹਿਣਾ ਸਿੰਘ ਸੰਧਾਵਾਲੀਆ ਤੇ ਕਿਹਰ ਸਿੰਘ ਸੰਧਾਵਾਲੀਆ ਨੂੰ ਕੈਦ ਕਰ ਲਿਆ।ਜਿਸ ਤੋਂ ਘਬਰਾ ਕੇ ਅਤਰ ਸਿੰਘ ਸੰਧਾਵਾਲੀਆ ਤੇ ਅਜੀਤ ਸਿੰਘ ਸੰਧਾਵਾਲੀਆ ਉਥੋਂ ਫ਼ਰਾਰ ਹੋ ਗਏ।ਬਾਅਦ ਵਿਚ ਗਿਆਨੀ ਗੁਰਮੁੱਖ ਸਿੰਘ ਦੇ ਕਹਿਣ `ਤੇ ਮਹਾਰਾਜਾ ਸ਼ੇਰ ਸਿੰਘ ਨੇ ਲਹਿਣਾ ਸਿੰਘ ਤੇ ਕਿਹਰ ਸਿੰਘ ਨੂੰ ਰਿਹਾ ਕਰ ਦਿੱਤਾ ਅਤੇ ਅਜੀਤ ਸਿੰਘ ਸੰਧਾਵਾਲੀਆ ਨੂੰ ਵੀ ਵਾਪਸ ਬੁਲਾ ਲਿਆ ਤੇ ਨਾਲ ਹੀ ਛੇ ਲੱਖ ਦੀ ਜਾਗੀਰ ਦੇ ਕੇ ਪੁਰਾਣੇ ਅਹੁਦਿਆਂ `ਤੇ ਬਹਾਲ ਕਰ ਦਿੱਤਾ।

ਮਹਾਰਾਜਾ ਸ਼ੇਰ ਸਿੰਘ ਨੂੰ ਰਸਤੇ `ਚੋਂ ਹਟਾਉਣ ਲਈ ਡੋਗਰਿਆਂ ਅਤੇ ਸੰਧਾਵਾਲੀਆ ਸਰਦਾਰਾਂ ਨੇ ਮਿਲੀ-ਭਗਤ ਨਾਲ ਇਕ ਯੋਜਨਾ ਬਣਾਈ।ਜਿਸ ਦੇ ਚਲਦਿਆਂ 15 ਸਤੰਬਰ 1843 ਨੂੰ ਖੇਡਾਂ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ ਇਕ ਖੇਡ ਮੇਲਾ ਕਰਵਾਇਆ ਗਿਆ।ਮਹਾਰਾਜਾ ਲਾਹੌਰ ਦੀ ਸ਼ਾਹਬਲ੍ਹੌਲ ਬਾਰਾਂਦਰੀ (ਨਵਾਂ ਨਾਮ ਕੋਟ ਖ਼ਵਾਜ਼ਾ ਸੱਯਦ) ਵਿਚ ਕੁਰਸੀ `ਤੇ ਬੈਠਾ ਹੋਇਆ ਸੀ।ਮਹਾਰਾਜੇ ਦਾ ਚਚੇਰਾ ਭਰਾ ਅਜੀਤ ਸਿੰਘ ਸੰਧਾਵਾਲੀਆ (ਇਹ ਲਹਿਣਾ ਸਿੰਘ ਦੇ ਭਰਾ ਵਸਾਵਾ ਸਿੰਘ ਦਾ ਪੁੱਤਰ ਸੀ ਅਤੇ ਲਹਿਣਾ ਸਿੰਘ ਰਿਸ਼ਤੇ ਵਿਚ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ) 400 ਘੋੜ ਸਵਾਰਾਂ ਦੇ ਅੱਗੇ ਚਲਦਾ ਹੋਇਆ ਮਹਾਰਾਜਾ ਦੇ ਸਾਹਮਣੇ ਪੇਸ਼ ਹੋਇਆ ਅਤੇ ਹਥਿਆਰ ਰੱਖਣ ਅਤੇ ਖਰੀਦਣ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਹਜ਼ੂਰ ਵਿਚ ਇਕ ਦੋਨਾਲੀ ਮੌਲੀਦਾਰ ਰਾਈਫਲ ਪੇਸ਼ ਕੀਤੀ।ਜਿਉਂ ਹੀ ਸ਼ੇਰ ਸਿੰਘ ਉਸ ਨੂੰ ਫੜਨ ਲਈ ਉੱਠਿਆ, ਅਜੀਤ ਸਿੰਘ ਨੇ ਉਸ `ਤੇ ਗੋਲੀ ਚਲਾ ਦਿੱਤੀ ਅਤੇ ਉਹ ਤੜਫ ਕੇ ਉਥੇ ਹੀ ਕੁਰਸੀ ਉੱਤੇ ਡਿੱਗ ਪਿਆ।ਹਾਲੇ ਉਹ ਆਖ਼ਰੀ ਸਾਹ ਲੈ ਹੀ ਰਿਹਾ ਸੀ ਕਿ ਅਜੀਤ ਸਿੰਘ ਨੇ ਤਲਵਾਰ ਨਾਲ ਉਸ ਦਾ ਸਿਰ ਕੱਟ ਕੇ ਨੇਜ਼ੇ ਉੱਪਰ ਚੜ੍ਹਾ ਲਿਆ।ਉਧਰ ਦੂਸਰੇ ਪਾਸੇ ਗੋਲੀ ਦੀ ਆਵਾਜ਼ ਸੁਣਦਿਆਂ ਹੀ ਲਹਿਣਾ ਸਿੰਘ ਸੰਧਾਵਾਲੀਆ ਨੇ ਤਲਵਾਰ ਫੜੀ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਸਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਵੱਲ ਚੱਲ ਪਿਆ।ਪ੍ਰਤਾਪ ਸਿੰਘ ਅਜੇ ਆਪਣੇ ਦਾਦਾ ਦੇ ਸਤਿਕਾਰ ਲਈ ਝੁਕਿਆ ਹੀ ਸੀ ਕਿ ਖੂੰਖਾਰ ਦਾਦੇ ਨੇ ਆਪਣੇ ਪੋਤਰੇ ਦੀ ਗਰਦਨ ਕੱਟ ਕੇ ਨੇਜ਼ੇ ਉਪਰ ਟੰਗ ਲਈ। ਅਜੀਤ ਸਿੰਘ ਤੇ ਲਹਿਣਾ ਸਿੰਘ ਸੰਧਾਵਾਲੀਆ ਦੇ ਕਿਲ੍ਹੇ ਵਿਚ ਪਹੁੰਚਣ `ਤੇ ਧਿਆਨ ਸਿੰਘ ਡੋਗਰੇ ਨੇ ਸਲਾਹ ਦਿੱਤੀ ਕਿ ਜਨਤਾ ਤੇ ਫੌਜ ਵਿਚ ਸ਼ਾਂਤੀ ਕਾਇਮ ਕਰਨ ਲਈ ਤੁਰੰਤ ਰਾਜ ਵਿਚ ਰਾਣੀ ਜਿੰਦ ਕੌਰ ਦੇ ਪੁੱਤਰ ਦਲੀਪ ਸਿੰਘ (ਜਨਮ 6 ਸਤੰਬਰ 1838) ਨੂੰ ਰਾਜ-ਗੱਦੀ `ਤੇ ਬਿਠਾਉਣ ਅਤੇ ਉਸ (ਧਿਆਨ ਸਿੰਘ ਡੋਗਰੇ) ਨੂੰ ਮਹਾਰਾਜੇ ਦਾ ਵੱਡਾ ਵਜੀਰ ਬਣਾਏ ਜਾਣ ਸੰਬੰਧੀ ਮੁਨਾਦੀ ਕਰਵਾ ਦਿੱਤੀ ਜਾਵੇ।ਉਸ ਸਮੇਂ ਧਿਆਨ ਸਿੰਘ ਡੋਗਰਾ ਇਸ ਸਚਾਈ ਤੋਂ ਪੂਰੀ ਤਰ੍ਹਾਂ ਅਨਜਾਣ ਸੀ ਕਿ ਸੰਧਾਵਾਲੀਆ ਸਰਦਾਰਾਂ ਨੇ ਉਸ ਦਾ ਘਾਤ ਕਰਨ ਲਈ ਇਕ ਵੱਡੀ ਯੋਜਨਾ ਬਣਾ ਰੱਖੀ ਹੈ।ਵੇਖਦਿਆਂ ਹੀ ਵੇਖਦਿਆਂ ਸੰਧਾਵਾਲੀਆ ਸਰਦਾਰਾਂ ਦੇ ਸੈਨਿਕਾਂ ਨੇ ਧਿਆਨ ਸਿੰਘ ਨੂੰ ਘੇਰੇ ਵਿਚ ਲੈ ਲਿਆ ਅਤੇ ਅਜੀਤ ਸਿੰਘ ਨੇ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।ਇਸ ਦੇ ਬਾਅਦ ਉਸ ਦੀ ਲਾਸ਼ ਦੇ ਛੋਟੇ-ਛੋਟੇ ਟੁਕੜੇ ਕਰਕੇ ਤੋਪਾਂ ਢਾਲਣ ਵਾਲੇ ਕਾਰਖ਼ਾਨੇ ਦੀ ਨਾਲੀ ਵਿਚ ਸੁਟਵਾ ਦਿੱਤੇ। ਉਧਰ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਸ਼ਹਿਜ਼ਾਦੇ ਦੇ ਕੱਟੇ ਸੀਸ ਲਾਹੌਰ ਸ਼ਾਹੀ ਕਿਲੇ੍ਹ ਵਿਚੋਂ ਮਿਲ ਜਾਣ `ਤੇ ਸ਼ਾਹਬਲ੍ਹੋਲ ਦੀ ਵਲਗਣ ਵਿਚ ਦੋਵਾਂ ਦੀਆਂ ਲਾਸ਼ਾਂ ਨੂੰ ਇਕੋ ਅੰਗੀਠੇ ਵਿਚ ਸੰਸਕਾਰਿਆ ਗਿਆ।ਉਥੇ ਹੀ ਬਾਅਦ ਵਿਚ ਸ਼ੇਰ ਸਿੰਘ ਦੀ ਪਤਨੀ ਰਾਣੀ ਧਰਮ ਕੌਰ ਰੰਧਾਵੀ ਵਲੋਂ ਚਬੂਤਰੇ ਉੱਪਰ ਚੂਨੇ ਗੱਚ ਤੇ ਗੰੁਬਦਦਾਰ ਸਮਾਧ ਦੀ ਇਮਾਰਤ ਉਸਾਰੀ ਗਈ। ਸੰਧਾਵਾਲੀਆ ਸਰਦਾਰਾਂ ਨੇ ਧਿਆਨ ਸਿੰਘ ਦੇ ਕਤਲ ਕੀਤੇ ਜਾਣ ਦੀ ਖ਼ਬਰ ਨੂੰ ਗੁਪਤ ਰੱਖਿਆ ਅਤੇ ਸ਼ਹਿਰ ਵਿਚ ਕੰਵਰ ਦਲੀਪ ਸਿੰਘ ਦੇ ਮਹਾਰਾਜਾ ਅਤੇ ਧਿਆਨ ਸਿੰਘ ਡੋਗਰਾ ਦੇ ਵੱਡਾ ਵਜ਼ੀਰ ਸਥਾਪਤ ਕੀਤੇ ਜਾਣ ਸੰਬੰਧੀ ਢੰਡੋਰਾ ਫਿਰਵਾ ਦਿੱਤਾ।ਇਸ ਦੇ ਨਾਲ ਹੀ ਉਹਨਾਂ ਮਿਸਰ ਲਾਲ ਸਿੰਘ ਦੇ ਹੱਥ ਧਿਆਨ ਸਿੰਘ ਦੀ ਅੰਗੂਠੀ ਭੇਜ ਕੇ ਧਿਆਨ ਸਿੰਘ ਦੀ ਤਰਫ਼ੋਂ ਰਾਜਾ ਹੀਰਾ ਸਿੰਘ ਤੇ ਸੁਚੇਤ ਸਿੰਘ ਨੂੰ ਕਿਲ੍ਹੇ ਵਿਚ ਬੁਲਵਾ ਲਿਆ।ਮੀਆਂ ਕੇਸਰੀ ਸਿੰਘ ਨੇ ਸ਼ੱਕ ਪੈਣ `ਤੇ ਜਦੋਂ ਪਤਾ ਕਰਵਾਇਆ ਤਾਂ ਸਚਾਈ ਉਹਨਾਂ ਸਾਹਮਣੇ ਆ ਗਈ।ਆਪਣੇ ਪਿਤਾ ਧਿਆਨ ਸਿੰਘ ਡੋਗਰਾ ਦੇ ਕਤਲ ਕੀਤੇ ਜਾਣ ਦੀ ਜਾਣਕਾਰੀ ਮਿਲਣ `ਤੇ ਹੀਰਾ ਸਿੰਘ ਨੇ ਪੰਡਤ ਜੱਲੇ ਅਤੇ ਮੀਆਂ ਸੁਚੇਤ ਸਿੰਘ ਨੂੰ ਨਾਲ ਲੈ ਕੇ ਫੌਜ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੰਧਾਵਾਲੀਆ ਸਰਦਾਰਾਂ ਦੁਆਰਾ ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ ਅਤੇ ਧਿਆਨ ਸਿੰਘ ਡੋਗਰਾ ਨੂੰ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਜਾਣਕਾਰੀ ਦਿੱਤੀ।ਉਸ ਨੇ ਫੌਜ ਨੂੰ ਵਿਸ਼ਵਾਸ ਦਵਾਇਆ ਕਿ ਜੇਕਰ ਉਹ ਲਾਹੌਰ ਕਿਲੇ੍ਹ ਵਿਚੋਂ ਸੰਧਾਵਾਲੀਆ ਸਰਦਾਰਾਂ ਤੇ ਉਨ੍ਹਾਂ ਦੀ ਫੌਜ ਦਾ ਸਫ਼ਾਇਆ ਕਰ ਦਵੇ ਤਾਂ ਫੌਜ ਦੀ ਤਲਬ ਡਿਉਢੀ ਕਰ ਦਿੱਤੀ ਜਾਵੇਗੀ।ਇਸ `ਤੇ ਫੌਜ ਨੇ ਕਿਲ੍ਹੇ `ਤੇ ਹਮਲਾ ਕਰਕੇ ਪਹਿਲਾਂ ਅਜੀਤ ਸਿੰਘ ਸੰਧਾਵਾਲੀਆ ਅਤੇ ਫਿਰ ਗੋਲੀ ਲੱਗਣ ਨਾਲ ਜ਼ਖਮੀ ਹੋਏ ਉਸ ਦੇ ਚਾਚੇ ਲਹਿਣਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੋਹਾਂ ਦੇ ਸਿਰ ਧੜਾਂ ਤੋਂ ਅਲਗ ਕਰ ਦਿੱਤੇ। ਇਸ ਦੇ ਬਾਅਦ ਦਲੀਪ ਸਿੰਘ ਨੂੰ ਮਹਾਰਾਜਾ ਨਿਯੁਕਤ ਕਰਨ `ਤੇ ਹੀਰਾ ਸਿੰਘ ਡੋਗਰਾ ਨੂੰ ਪ੍ਰਮੁੱਖ ਵਜ਼ੀਰ ਬਣਾ ਦਿੱਤਾ ਗਿਆ।ਉਸ ਨੇ ਵਜ਼ੀਰ ਬਣਦਿਆਂ ਹੀ ਗਿਆਨੀ ਗੁਰਮੁੱਖ ਸਿੰਘ, ਮਿਸਰ ਬੇਲੀ ਰਾਮ ਅਤੇ ਦਰਬਾਰ ਦੇ ਹੋਰ ਸਰਦਾਰਾਂ ਦਾ ਕਤਲ ਕਰਵਾ ਦਿੱਤਾ।ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਬਚੇ ਸ਼ਹਿਜ਼ਾਦੇ ਕੰਵਰ ਕਸ਼ਮੀਰਾ ਸਿੰਘ ਅਤੇ ਕੰਵਰ ਪਸ਼ੌਰਾ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਨੂੰ ਡੋਗਰਿਆਂ ਦੇ ਚੰੁਗਲ `ਚੋਂ ਬਚਾਉਣ ਦੇ ਲਈ ਬਗਾਵਤ ਕਰ ਦਿੱਤੀ।ਹੀਰਾ ਸਿੰਘ ਨੇ ਕੰਵਰ ਪਸ਼ੋਰਾ ਸਿੰਘ ਅਤੇ ਕਸ਼ਮੀਰਾ ਸਿੰਘ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਬਾਅਦ ਵਿਚ ਸੰਨ 1844 ਵਿਚ ਸਮਝੌਤਾ ਕਰ ਕੇ ਉਹਨਾਂ ਨੂੰ ਛੱਡ ਦਿੱਤਾ।ਪਰੰਤੂ ਜਲਦੀ ਬਾਅਦ ਰਾਜ ਜੋਗੀ ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਛਾਉਣੀ `ਤੇ ਹਮਲਾ ਕਰ ਕੇ ਹੀਰਾ ਸਿੰਘ ਨੇ 7 ਮਈ 1844 ਨੂੰ ਕੰਵਰ ਕਸ਼ਮੀਰਾ ਸਿੰਘ (23 ਸਾਲ) ਦਾ ਕਤਲ ਕਰ ਦਿੱਤਾ।ਇਸ ਬਾਰੇ ਪਤਾ ਲੱਗਣ `ਤੇ ਖਾਲਸਾ ਫੌਜ ਨੇ ਹੀਰਾ ਸਿੰਘ ਡੋਗਰਾ `ਤੇ ਹਮਲਾ ਕਰ ਕੇ 21 ਦਸੰਬਰ 1844 ਨੂੰ ਉਸ ਦਾ ਸਿਰ ਕੱਟ ਕੇ ਉਸ ਦਾ ਜਲੂਸ ਕੱਢਿਆ। ਬਾਅਦ ਵਿਚ ਕੰਵਰ ਪਸ਼ੌਰਾ ਸਿੰਘ ਨੇ ਗੁਲਾਬ ਸਿੰਘ ਡੋਗਰਾ ਦੀਆਂ ਗੱਲਾਂ ਵਿਚ ਆ ਕੇ ਰਾਣੀ ਜਿੰਦ ਕੌਰ ਅਤੇ ਦਲੀਪ ਸਿੰਘ ਦੇ ਵਿਰੁੱਧ ਰਾਜ ਵਿਚੋਂ ਹਿੱਸਾ ਲੈਣ ਦੇ ਲਈ ਬਗ਼ਾਵਤ ਕਰ ਦਿੱਤੀ।ਜਿਸ ਨੂੰ ਰਾਣੀ ਜਿੰਦਾ (ਜਿੰਦ ਕੌਰ ਦਾ ਜਨਮ ਸੰਨ 1817 ਪਿੰਡ ਚਾੜ੍ਹ ਜਿਲ੍ਹਾ ਸਿਆਲਕੋਟ ਤਹਿਸੀਲ ਜਫ਼ਰਵਾਲ `ਚ ਹੋਇਆ) ਦੇ ਭਰਾ ਵਜ਼ੀਰ ਜਵਾਹਰ ਸਿੰਘ ਨੇ ਬੜੀ ਬੇਰਹਿਮੀ ਨਾਲ 30 ਅਗਸਤ 1845 ਨੂੰ ਕਤਲ ਕਰ ਦਿੱਤਾ।ਇਸ ਦੇ ਬਾਅਦ ਭੜਕੀ ਖ਼ਾਲਸਾ ਫ਼ੌਜ ਨੇ 21 ਸਤੰਬਰ 1845 ਨੂੰ ਜਵਾਹਰ ਸਿੰਘ ਦਾ ਕਤਲ ਕਰ ਦਿੱਤਾ।ਇਤਿਹਾਸਕ ਦਸਤਾਵੇਜ਼ਾਂ ਵਿਚ ਦਰਜ਼ ਹੈ ਕਿ ਰਾਣੀ ਜਿੰਦ ਕੌਰ ਸਿੱਖ ਫੌਜ ਹੱਥੋਂ ਕਤਲ ਹੋਏ ਆਪਣੇ ਭਰਾ ਦੇ ਵਿਯੋਗ ਵਿਚ ਨਿਤ ਵਾਲ ਖੁਲੇ ਛੱਡ ਕੇ ਆਪਣੀਆਂ ਦਾਸੀਆਂ ਨਾਲ ਆਪਣੀ ਸ਼ਹਿਰ ਵਾਲੀ ਹਵੇਲੀ ਤੋਂ ਪੈਦਲ ਚਲ ਕੇ ਲਾਹੌਰ ਸ਼ਹਿਰ ਦੇ ਮਸਤੀ ਦਰਵਾਜ਼ੇ ਤੋਂ ਬਾਹਰ ਬਦਾਮੀ ਬਾਗ਼ ਵਾਲੇ ਪਾਸੇ ਮੌਜੂਦ ਜਵਾਹਰ ਸਿੰਘ ਦੀ ਸਮਾਧ `ਤੇ ਜਾਇਆ ਕਰਦੀ ਸੀ। ਜਵਾਹਰ ਸਿੰਘ ਦੀ ਮੌਤ ਦੇ ਬਾਅਦ ਰਾਜ ਦੀ ਸਾਰੀ ਤਾਕਤ ਮਿਸਰ ਲਾਲ ਸਿੰਘ ਤੇ ਤੇਜ ਸਿੰਘ ਹੱਥ ਆ ਗਈ।ਉਹਨਾਂ ਖ਼ਾਲਸਾ ਫੌਜਾਂ ਨੂੰ ਭੜਕਾ ਕੇ ਅੰਗਰੇਜ਼ਾਂ ਨਾਲ ਲੜਾਈ ਛੇੜ ਲਈ।ਸਿੱਖ ਰਾਜ ਦੀਆਂ ਫੌਜਾਂ ਪੂਰੀ ਬਹਾਦਰੀ ਨਾਲ ਯੁੱਧ ਕਰਨ ਦੇ ਬਾਵਜੂਦ ਆਪਣੇ ਜਰਨੈਲਾਂ, ਰਾਜ ਦੇ ਪ੍ਰਧਾਨ ਮੰਤਰੀ ਰਾਜਾ ਲਾਲ ਸਿੰਘ, ਕਮਾਂਡਰ-ਇਨ-ਚੀਫ਼ ਤੇਜ ਸਿੰਘ ਅਤੇ ਗੁਲਾਬ ਸਿੰਘ ਡੋਗਰਾ ਆਦਿ ਦੀ ਗੱਦਾਰੀ ਸਦਕਾ ਇਹ ਯੁੱਧ ਹਾਰ ਗਈਆਂ ਅਤੇ 29 ਮਾਰਚ 1849 ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਸਿੱਖਰਾਜ ਦਾ ਅੰਤ ਕਰਕੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ।ਹਾਲਾਂਕਿ ਕੌਮੀ ਕਵੀ ਸ਼ਾਹ ਮੁਹੰਮਦ ਨੇ ਆਪਣੀ ਕਵਿਤਾ ‘ਜੰਗਨਾਮਾ` ਦੇ 44-47 ਬੈਂਤ ਵਿਚ ਸਿੱਖ ਫੌਜ ਨੂੰ ਭੜਕਾ ਕੇ ਇਹ ਯੁੱਧ ਸ਼ੁਰੂ ਕਰਵਾਉਣ ਅਤੇ ਇਸ ਦੀ ਹਾਰ ਦਾ ਕਾਰਣ ਪੂਰੀ ਤਰ੍ਹਾਂ ਨਾਲ ਰਾਣੀ ਜਿੰਦ ਕੌਰ ਨੂੰ ਠਹਿਰਾਇਆ ਹੈ। ਪੰਜਾਬ `ਤੇ ਕਾਬਜ਼ ਹੋਣ ਤੋਂ ਬਾਅਦ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਨੂੰ ਲੰਡਨ ਲੈ ਗਏ ਅਤੇ ਉਥੇ 8 ਮਾਰਚ 1853 ਨੂੰ ਉਸ ਦਾ ਧਰਮ ਪਰਿਵਰਤਨ ਕਰਾ ਕੇ ਉਸ ਨੂੰ ਇਸਾਈ ਬਣਾ ਦਿੱਤਾ ਗਿਆ।23 ਅਕਤੂਬਰ 1893 ਨੂੰ ਉਸਦਾ ਵਿਦੇਸ਼ ਵਿਚ ਹੀ ਦੇਹਾਂਤ ਹੋ ਗਿਆ ਅਤੇ 10 ਮਾਰਚ 1957 ਨੂੰ ਉਸਦੀ ਪਹਿਲੀ ਪਤਨੀ ਬੰਬਾ ਦੇ ਛੇ ਬੱਚਿਆਂ ਵਿਚੋਂ ਬਾਕੀ ਬਚੀ ਪੁੱਤਰੀ ਸ਼ਹਿਜ਼ਾਦੀ ਬੰਬਾ ਸੂਫ਼ੀਆ ਦਲੀਪ ਸਿੰਘ ਦੇ ਲਾਹੌਰ ਵਿਚ ਦੇਹਾਂਤ ਹੋਣ ਦੇ ਬਾਅਦ ਸਿੱਖ ਰਾਜ ਦੀ ਅੰਤਿਮ ਨਿਸ਼ਾਨੀ ਵੀ ਹਮੇਸ਼ਾ ਲਈ ਅਲੋਪ ਹੋ ਗਈ।

– ਸੁਰਿੰਦਰ ਕੋਛੜ, ਅੰਮ੍ਰਿਤਸਰ

ਫੋਨ : 9356127771

Posted in: ਸਾਹਿਤ