ਭਗਤ ਰਵਿਦਾਸ ਬਾਣੀ ਵਿੱਚ ਭਾਈਚਾਰਕ ਏਕਤਾ

By October 19, 2016 0 Comments


ਪਰਵਿੰਦਰ ਕੌਰ ਲਤਾਲਾ
bhagat ji
ਭਗਤ ਰਵਿਦਾਸ ਜੀ ਇੱਕ ਅਜਿਹੇ ਮਹਾਨ ਕ੍ਰਾਂਤੀਕਾਰੀ ਚਿੰਤਕ ਤੇ ਸਮਾਜ ਸੁਧਾਕਰ ਹੋਏ ਹਨ ਜਿਨ੍ਹਾਂ ਨੇ ਆਪਣੇ ਸਰਬ-ਵਿਆਪੀ ਦ੍ਰਿਸ਼ਟੀਕੋਣ ਅਤੇ ਅਧਿਆਤਮਕ ਵਿਚਾਰਧਾਰਾ ਰਾਹੀਂ ਸਮੁੱਚੀ ਲੋਕਾਈ ਨੂੰ ਬਰਾਬਰੀ, ਸਮਾਨਤਾ, ਭਾਈਚਾਰਕ ਏਕਤਾ ਅਤੇ ਸਰਬ-ਸਾਂਝੀਵਾਲਤਾ ਵਰਗੇ ਸਮਾਜਿਕ ਸਰੋਕਾਰਾਂ ਨਾਲ ਜੋੜਿਆ। ਬੇਸ਼ੱਕ ਭਗਤ ਰਵਿਦਾਸ ਜੀ ਭਾਰਤੀ ਵਰਣ-ਵਿਵਸਥਾ ਦੀ ਵੰਡ ਅਨੁਸਾਰ ਨੀਵੀਂ ਜਾਤ ਨਾਲ ਸਬੰਧਿਤ ਸਨ ਪਰ ਉਨ੍ਹਾਂ ਨੇ ਕਦੇ ਵੀ ਇਸ ਦੀ ਨਮੋਸ਼ੀ ਜਾਂ ਹੀਣਤਾ ਮਹਿਸੂਸ ਨਹੀਂ ਕੀਤੀ ਬਲਕਿ ਉਨ੍ਹਾਂ ਨੇ ਆਪਣੀ ਕਥਨੀ ਤੇ ਕਰਨੀ ਨਾਲ ਸਮਾਜ ਵਿੱਚ ਹੋ ਰਹੇ ਅਜਿਹੇ ਭੇਦਭਾਵਾਂ ਦਾ ਕ੍ਰਾਂਤੀਕਾਰੀ ਸੁਰ ਵਿੱਚ ਪੁਰਜ਼ੋਰ ਖੰਡਨ ਕੀਤਾ। ਉਨ੍ਹਾਂ ਨੇ ਆਪਣੀ ਅਧਿਆਤਮਿਕ ਵਿਚਾਰਧਾਰਾ ਰਾਹੀਂ ਜਾਤੀ ਵਿਵਸਥਾ ਅਧੀਨ ਪੀੜਤ, ਦੁਖੀ ਅਤੇ ਦਲਿਤ ਲੋਕਾਂ ਵਿੱਚ ਅਣਖ, ਇੱਜ਼ਤ ਅਤੇ ਸਵੈਮਾਨ ਨੂੰ ਜਾਗ੍ਰਿਤ ਕੀਤਾ। ਉਨ੍ਹਾਂ ਨੇ ‘ਬੇਗਮਪੁਰਾ ਸਹਰ ਕੋ ਨਾਉ’ ਸ਼ਬਦ ਰਾਹੀਂ ਅਜਿਹਾ ਆਦਰਸ਼ ਤੇ ਕਲਿਆਣਕਾਰੀ ਸਮਾਜ ਸਿਰਜਿਆ ਜਿੱਥੇ ਕੋਈ ਗਮ, ਕਰ, ਦੁੱਖ, ਜ਼ੁਲਮ, ਲੁੱਟ-ਖਸੁੱਟ, ਪਾਪ ਅਤੇ ਜਾਤ-ਪਾਤ ਦਾ ਭੇਦਭਾਵ ਨਾ ਹੋਵੇ। ਇਹ ਸ਼ਬਦ ਇੱਕ ਅਜਿਹਾ ਸੂਝ ਮਾਡਲ ਹੈ ਜੋ ਮਾਨਵ ਮੁਕਤੀ ਅਤੇ ਲੋਕ ਵਰਗ ਦੀ ਆਜ਼ਾਦੀ ਲਈ ਚੇਤਨਾ ਪੈਦਾ ਕਰਦਾ ਹੈ।
bhagat
ਮਨੁੱਖੀ ਜੀਵਨ ਸਦਾਚਾਰਕ ਤੇ ਨੈਤਿਕਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ ਪਰ ਮਨੁੱਖ ਸਬਰ, ਸੰਤੋਖ, ਦਇਆ, ਖਿਮਾ, ਸੰਜਮਤਾ ਅਤੇ ਸਹਿਜਤਾ ਆਦਿ ਵਰਗੇ ਸਦਗੁਣਾਂ ਨੂੰ ਵਿਸਾਰ ਕੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਔਗੁਣਾਂ ਨੂੰ ਪਹਿਲ ਦਿੰਦਾ ਹੈ। ਜਦੋਂ ਤਕ ਸਾਡੇ ਅੰਦਰ ਹਉਮੈ ਕਾਇਮ ਹੈ ਉਦੋਂ ਤਕ ਅਸੀਂ ਇੱਕ ਆਦਰਸ਼ ਸਮਾਜ ਅਤੇ ਆਦਰਸ਼ ਮਨੁੱਖ ਦੀ ਸਿਰਜਣਾ ਨਹੀਂ ਕਰ ਸਕਦੇ। ਮਾਇਆ ਦੇ ਪ੍ਰਭਾਵ ਅਧੀਨ ਆਪਣੀ ਨਿੱਜੀ ਲੋੜਾਂ ਦੀ ਪੂਰਤੀ ਲਈ ਇੱਕ-ਦੂਜੇ ਦਾ ਘਾਣ ਕਰਦੇ ਜਾ ਰਹੇ ਹਾਂ, ਪਵਿੱਤਰ ਰਿਸ਼ਤਿਆਂ ਨੂੰ ਖ਼ਤਮ ਕਰਦੇ ਜਾ ਰਹੇ ਹਾਂ ਅਤੇ ਇੱਕ-ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਮਨੁੱਖ ਨੂੰ ਪਤਾ ਹੈ ਕਿ ਇਹ ਪਦਾਰਥਮਈ ਸੰਸਾਰ ਸਦਾ ਸਥਿਰ ਨਹੀਂ ਅਤੇ ਮੌਤ ਇੱਕ ਅਟੱਲ ਸਚਾਈ ਹੈ ਪਰ ਫਿਰ ਵੀ ਅਣਜਾਣ ਬਣ ਕੇ ਆਪਣੇ ਮੁੱਖ ਮਨੋਰਥ ਨਾਮ-ਸਿਮਰਨ ਤੋਂ ਖੁੰਝਦੇ ਜਾ ਰਹੇ ਹਾਂ। ਭਗਤ ਰਵਿਦਾਸ ਜੀ ਅਨੁਸਾਰ ਇਹ ਸੰਸਾਰ ਇੱਕ ਪੰਛੀ ਦੇ ਆਲ੍ਹਣੇ ਵਾਂਗ ਰਾਤ ਕੱਟਣ ਸਮਾਨ ਹੈ, ਭਾਵ ਰਾਤ ਕੱਟ ਕੇ ਅਗਲੇ ਦਿਨ ਆਲ੍ਹਣਾ ਛੱਡ ਕੇ ਕੂਚ ਕਰ ਜਾਣਾ ਹੈ। ਇਸ ਲਈ ਤੇਰ-ਮੇਰ ਦੀ ਭਾਵਨਾ ਅਧੀਨ ਆਪਸ ਵਿੱਚ ਲੜੀ ਜਾਣਾ, ਜਾਤ-ਪਾਤ ਪੱਖੋਂ ਇੱਕ-ਦੂਜੇ ਨਾਲ ਭੇਦਭਾਵ ਕਰਨਾ ਸਭ ਵਿਅਰਥ ਹੈ।
ਸਾਡੇ ਇਸ ਭਾਰਤੀ ਸਮਾਜ ਵਿੱਚੋਂ ਜਾਤ-ਪਾਤ ਦਾ ਮਸਲਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਬੇਸ਼ੱਕ ਅੱਜ ਅਸੀਂ ਹਰ ਖੇਤਰ ਵਿੱਚ ਵਿਕਾਸਸ਼ੀਲ ਹੁੰਦੇ ਜਾ ਰਹੇ ਹਾਂ ਪਰ ਜਾਤ-ਪਾਤ ਦੇ ਬੰਧਨਾਂ ਵਿੱਚ ਗ੍ਰਸੇ ਹੋਏ ਹਾਂ। ਇਹ ਇੱਕ ਅਜਿਹੀ ਗੁੰਝਲਦਾਰ ਸਮੱਸਿਆ ਬਣ ਗਈ ਹੈ ਕਿ ਜਿਸ ਨੂੰ ਜਿੰਨਾ ਸੁਲਝਾਉਣ ਦੀ ਕੋਸ਼ਿਸ਼ ਕਰੋ ਉਨ੍ਹਾਂ ਹੀ ਉਲਝਦੇ ਜਾਂਦੇ ਹਾਂ। ਪਰ ਗੁਰਬਾਣੀ ਸਾਨੂੰ ਅਜਿਹੀ ਸਮੱਸਿਆ ਅਤੇ ਬੰਧਨਾਂ ਤੋਂ ਮੁਕਤ ਕਰਦੀ ਹੈ। ਭਗਤ ਰਵਿਦਾਸ ਜੀ ਅਨੁਸਾਰ ਪਰਮਾਤਮਾ ਨੇ ਸਭ ਜੀਵਾਂ ਨੂੰ ਬਰਾਬਰ ਤੇ ਸਮਾਨ ਰੂਪ ਵਿੱਚ ਭੇਜਿਆ ਹੈ ਪਰ ਮਨੁੱਖ ਦੀ ਸੋਚ ਨੇ ਇਸ ਜਗਤ ਨੂੰ ਕਈ ਵਰਗਾਂ ਅਤੇ ਵਰਣਾਂ ਵਿੱਚ ਵੰਡ ਦਿੱਤਾ। ਮਨੁੱਖ ਆਪਣੇ ਕਰਮਾਂ ਕਰਕੇ ਹੀ ਉੱਚਾ ਜਾਂ ਨੀਵਾਂ ਹੈ ਜਨਮ ਕਰਕੇ ਨਹੀਂ। ਹਰ ਜੀਵ ਪਰਮਾਤਮਾ ਦੀ ਜੋਤ ਦਾ ਰੂਪ ਹੈ ਜਿਸ ਵਿੱਚ ਕੋਈ ਅੰਤਰ ਨਹੀਂ।
ਭਗਤ ਰਵਿਦਾਸ ਬਾਣੀ ਨੈਤਿਕ ਤੇ ਸਦਾਚਾਰਕ ਗੁਣਾਂ ਨੂੰ ਮਨੁੱਖੀ ਜੀਵਨ ਵਿੱਚ ਢਾਲਣ ਦੀ ਪ੍ਰੇਰਨਾ ਦਿੰਦੀ ਹੈ। ਨਾਮ ਸਿਮਰਨ ਦੀ ਮਹਤੱਤਾ ਨੂੰ ਦਰਸਾਉਂਦੀ ਹੋਈ ਦੱਸਦੀ ਹੈ ਕਿ ਸੱਚੇ ਹਿਰਦੇ ਤੋਂ ਜਪਿਆ ਪ੍ਰਭੂ ਦਾ ਨਾਮ ਮਨੁੱਖ ਅੰਦਰ ਅਜਿਹੀ ਗਿਆਨ ਰੂਪੀ ਜੋਤ ਜਗਾ ਦਿੰਦੀ ਹੈ ਕਿ ਉਸ ਨੂੰ ਆਤਮਿਕ ਜੀਵਨ ਦਾ ਪੂਰਨ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਉਸ ਦੀ ਦ੍ਰਿਸ਼ਟੀ ਵਿੱਚ ਸਭ ਸਮਾਨ ਹੋ ਜਾਂਦੇ ਹਨ। ਜੇ ਅਸੀਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝੀਏ ਅਤੇ ਉਸ ਵਿੱਚ ਦਿੱਤੇ ਗਏ ਅਨੇਕਾਂ ਨੈਤਿਕ ਮੁੱਲਾਂ ਨੂੰ ਜੀਵਨ ਵਿੱਚ ਢਾਲੀਏ ਤਾਂ ਸਚੁਮੱਚ ਅਸੀਂ ਇੱਕ ‘ਬੇਗਮਪੁਰਾ’ ਵਰਗੇ ਵਿਕਸਿਤ ਆਦਰਸ਼ ਸਮਾਜ ਦੀ ਸਥਾਪਨਾ ਕਰ ਸਕਦੇ ਹਾਂ ਕਿਉਂਕਿ ਪਰਮਾਤਮਾ ਇੱਕ ਹੈ ਤੇ ਅਸੀਂ ਸਭ ਉਸ ਦੀ ਸੰਤਾਨ ਹਾਂ। ਸਾਨੂੰ ਲੋੜ ਹੈ ਆਪਣੀ ਕਥਨੀ ਤੇ ਕਰਨੀ ਵਿੱਚ ਸੁਮੇਲ ਪੈਦਾ ਕਰਨ ਦੀ ਅਤੇ ਮਨ, ਬਚਨ ਅਤੇ ਕਰਮ ਵਿੱਚ ਏਕਤਾ ਪ੍ਰਤੀਪਾਦਿਤ ਕਰਕੇ ਭਾਈਚਾਰਕ ਸਾਂਝ ਵਿਕਸਿਤ ਕਰਨ ਦੀ।
ਪਰਵਿੰਦਰ ਕੌਰ ਲਤਾਲਾ
ਸੰਪਰਕ: 98769-25243
Tags:
Posted in: ਸਾਹਿਤ