ਮਾਨਵਤਾ ਦੇ ਰੱਖਿਅਕ ਬਾਬਾ ਬੰਦਾ ਸਿੰਘ ਬਹਾਦਰ

By October 18, 2016 0 Comments


ਗੁਰਪ੍ਰੀਤ ਸਿੰਘ ਮੱਲ੍ਹੀ
ਸਿੱਖ ਧਰਮ ਵਿੱਚ ਅਨੇਕਾਂ ਯੋਧੇ, ਸੂਰਵੀਰ ਅਤੇ ਸ਼ਹੀਦ ਹੋਏ ਹਨ। ਇਸੇ ਲਈ ਸਿੱਖ ਕੌਮ ਨੂੰ ਬਹਾਦਰਾਂ ਦੀ ਕੌਮ ਕਿਹਾ ਜਾਂਦਾ ਹੈ। ਸਿੱਖ ਕੌਮ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਰਾਜ ਦੀ baba bandaਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਸੀ। ਸਮਾਂ ਪਾ ਕੇ ਸਿੱਖ ਕੌਮ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਮਹਾਨ ਸ਼ਾਸਕ ਮਿਲਿਆ ਜਿਸ ਨੇ ਵੱਡਾ ਸਿੱਖ ਸਾਮਰਾਜ ਬਣਾਇਆ। ਕਸ਼ਮੀਰ ਦੇ ਜ਼ਿਲ੍ਹੇ ਪੁੰਛ ਦੇ ਇੱਕ ਛੋਟੇ ਜਿਹੇ ਦੇ ਕਿਸਾਨ ਨਾਮਦੇਵ ਦੇ ਘਰ 17 ਅਕਤੂਬਰ 1670 ਈਸਵੀ ਨੂੰ ਇੱਕ ਬਾਲਕ ਪੈਦਾ ਹੋਇਆ ਜਿਸ ਦਾ ਨਾਂ ਲੱਛਮਣ ਦਾਸ ਰੱਖਿਆ ਗਿਆ। ਲੱਛਮਣ ਦਾਸ ਨੂੰ ਸ਼ਿਕਾਰ ਕਰਨ ਦਾ ਬਹੁਤ ਸ਼ੌਕ ਸੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਲੱਛਮਣ ਦਾਸ ਦੇ ਹੱਥੋਂ ਇੱਕ ਗਰਭਵਤੀ ਹਿਰਨੀ ਮਾਰੀ ਗਈ। ਹਿਰਨੀ ਅਤੇ ਉਸ ਦਾ ਬੱਚਾ ਲੱਛਮਣ ਦਾਸ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਦਾ ਲੱਛਮਣ ਦਾਸ ਦੇ ਮਨ ’ਤੇ ਬਹੁਤ ਡੂੰਘਾ ਅਸਰ ਹੋਇਆ। ਇਸ ਘਟਨਾ ਦੇ ਸਿੱਟੇ ਵਜੋਂ ਲੱਛਮਣ ਦਾਸ ਬੈਰਾਗੀ ਬਣ ਗਿਆ ਅਤੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ।
ਮਾਧੋ ਦਾਸ ਨੇ ਮਹਾਂਰਾਸ਼ਟਰ ਦੇ ਨਾਂਦੇੜ ਇਲਾਕੇ ਵਿੱਚ ਗੋਦਾਵਰੀ ਨਦੀ ਦੇ ਕੰਢੇ ’ਤੇ ਆਪਣਾ ਮੱਠ ਬਣਾ ਲਿਆ। ਉਹ ਆਉਣ-ਜਾਣ ਵਾਲਿਆਂ ਨੂੰ ਆਪਣੀਆਂ ਆਲੋਕਿਕ ਸ਼ਕਤੀਆਂ ਨਾਲ ਪ੍ਰੇਸ਼ਾਨ ਕਰਨ ਅਤੇ ਡਰਾਉਣ ਲੱਗਿਆ। ਸਤੰਬਰ 1708 ਈਸਵੀ ਨੂੰ ਮਾਧੋ ਦਾਸ ਦੇ ਮੱਠ ਕੋਲ ਦੀ ਗੁਰੂ ਗੋਬਿੰਦ ਸਿੰਘ ਜੀ ਲੰਘੇ ਅਤੇ ਉਸ ਨੇ ਉਨ੍ਹਾਂ ਨੂੰ ਵੀ ਡਰਾਉਣ ਅਤੇ ਪ੍ਰੇਸ਼ਾਨ ਕਰਨ ਦਾ ਯਤਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਉੱਪਰ ਮਾਧੋ ਦਾਸ ਦੀਆਂ ਸ਼ਕਤੀਆਂ ਦਾ ਕੋਈ ਅਸਰ ਨਾ ਹੋਇਆ। ਉਹ ਗੁਰੂ ਜੀ ਦੇ ਨੂਰੀ ਪ੍ਰਕਾਸ਼ ਨੂੰ ਦੇਖ ਕੇ ਦੰਗ ਰਹਿ ਗਿਆ ਅਤੇ ਉਨ੍ਹਾਂ ਦੇ ਚਰਨਾਂ ’ਤੇ ਢਹਿ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਸੀਨੇ ਲਾ ਲਿਆ ਅਤੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ। ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ 3 ਸਤੰਬਰ 1708 ਈਸਵੀ ਨੂੰ ਅੰਮ੍ਰਿਤ ਛਕ ਕੇ ਸਿੰਘ ਸਜਿਆ।
ਸਿੰਘ ਸਜ ਕੇ ਬਾਬਾ ਬੰਦਾ ਸਿੰਘ ਬਹਾਦਰ ਕੁਝ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਰਹੇ। ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਚੱਲ ਰਹੇ ਸਨ। ਮੁਗ਼ਲ ਸਾਮਰਾਜ ਉਸ ਸਮੇਂ ਹੋਰ ਧਰਮਾਂ ਦੇ ਲੋਕਾਂ ਨੂੰ ਧੱਕੇ ਨਾਲ ਮੁਸਲਮਾਨ ਬਣਾਉਣ ਵਿੱਚ ਲੱਗਾ ਹੋਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਅਤੇ ਕੁਝ ਹੁਕਮਨਾਮੇ ਦੇ ਕੇ ਪੰਜਾਬ ਵੱਲ ਤੋਰ ਦਿੱਤਾ। ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿੱਚ ਕੇਵਲ 25 ਸਿੰਘ ਸਨ ਅਤੇ ਉਹ ਸਭ ਖ਼ਾਲਸੇ ਦੇ ਝੰਡੇ ਥੱਲੇ ਇਕੱਤਰ ਸਨ। ਜਿੱਥੋਂ ਜਿੱਥੋਂ ਵੀ ਇਹ ਫ਼ੌਜ ਲੰਘਦੀ ਖ਼ਾਲਸਾਈ ਝੰਡਾ ਦੇਖ ਕੇ ਲੋਕ ਇਸ ਫ਼ੌਜ ਨਾਲ ਜੁੜਦੇ ਗਏ ਅਤੇ ਥੋੜ੍ਹੇ ਦਿਨਾਂ ਵਿੱਚ ਹੀ ਫ਼ੌਜ ਦੀ ਗਿਣਤੀ ਚਾਲੀ ਹਜ਼ਾਰ ਦੇ ਕਰੀਬ ਪੁੱਜ ਗਈ। ਇਸ ਫ਼ੌਜ ਵਿੱਚ ਕੇਵਲ ਸਿੱਖ ਹੀ ਨਹੀਂ ਸਗੋਂ ਜ਼ੁਲਮ ਦੇ ਸਤਾਏ ਹੋਰ ਧਰਮਾਂ ਦੇ ਲੋਕ ਵੀ ਸ਼ਾਮਿਲ ਸਨ।
ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੋਨੀਪਤ ਅਤੇ ਕੈਥਲ ਦੀਆਂ ਲੜਾਈਆਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ। ਫਿਰ ਸਮਾਣੇ ਉੱਪਰ ਚੜ੍ਹਾਈ ਕਰ ਦਿੱਤੀ ਅਤੇ ਸ਼ਹਿਰ ਨੂੰ ਤਹਿਸ-ਨਹਿਸ ਕਰ ਦਿੱਤਾ। ਇੱਥੇ ਸਿੱਖਾਂ ਦੇ ਨੌਂਵੇਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਉਦੀਨ ਰਹਿੰਦਾ ਸੀ। ਸਮਾਣੇ ਵਿਖੇ ਉਨ੍ਹਾਂ ਦਿਨਾਂ ਵਿੱਚ ਸਿੱਕਿਆਂ ਦਾ ਕਾਰੋਬਾਰ ਹੁੰਦਾ ਸੀ ਜਿਸ ’ਤੇ ਬਾਬਾ ਜੀ ਨੇ ਕਬਜ਼ਾ ਕਰ ਲਿਆ। ਬਾਬਾ ਜੀ ਨੇ ਫਿਰ ਸ਼ਾਹਬਾਦ, ਡਸਕਾ, ਮੁਸਤਕਾਬਾਦ ਅਤੇ ਕਪੂਰੀ ਨੂੰ ਜਿੱਤਿਆ। ਫਿਰ ਸਢੌਰੇ ਦੀ ਵਾਰੀ ਆਈ ਜਿੱਥੇ ਦਸਮੇਸ਼ ਪਿਤਾ ਦੇ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਦਾ ਹਤਿਆਰਾ ਅਸਮਾਨ ਖਾਨ ਰਹਿੰਦਾ ਸੀ। ਬਾਬਾ ਜੀ ਨੇ ਸਢੌਰਾ ਜਿੱਤ ਕੇ ਅਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਰ 22 ਮਈ 1710 ਈਸਵੀ ਨੂੰ ਚੱਪੜਚਿੜੀ ਵਿਖੇ ਹੋਏ ਜ਼ਬਰਦਸਤ ਯੁੱਧ ਵਿੱਚ ਬਾਬਾ ਜੀ ਨੇ ਫਤਹਿ ਪ੍ਰਾਪਤ ਕਰਕੇ ਮਾਤਾ ਗੁਜ਼ਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਵਜ਼ੀਰ ਖਾਂ ਅਤੇ ਦੀਵਾਨ ਸੁੱਚਾਨੰਦ ਨੂੰ ਮਾਰ ਕੇ ਬਦਲਾ ਲਿਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਅਤੇ ਕਾਫੀ ਵੱਡਾ ਸਿੱਖ ਰਾਜ ਸਥਾਪਿਤ ਕਰ ਲਿਆ। ਸੁਤੰਤਰ ਸਿੱਖ ਰਾਜ ਬਣਾਉਣ ਪਿੱਛੋਂ ਬਾਬਾ ਜੀ ਨੇ ਮੁਸਲਮਾਨਾਂ ਦਾ ਲਗਾਇਆ ਜ਼ਿਮੀਦਾਰਾ ਕਰ ਅਤੇ ਹੋਰ ਵੀ ਕਈ ਪ੍ਰਕਾਰ ਦੇ ਕਰਾਂ ਅਤੇ ਟੈਕਸਾਂ ਨੂੰ ਖ਼ਤਮ ਕਰਕੇ ਆਪਣੀ ਸਥਿਤੀ ਮਜ਼ਬੂਤ ਕੀਤੀ। ਬਾਬਾ ਜੀ ਨੇ ਆਪਣੇ ਰਾਜ ਵਿੱਚ ਗੁਰੂ ਨਾਨਕ ਦੇਵ ਜੀ ਨੇ ਨਾਂ ਉੱਪਰ ਸਿੱਕੇ ਜਾਰੀ ਕੀਤੇ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੁਰਦਾਸ ਨੰਗਲ ਤੋਂ 7 ਦਸੰਬਰ 1715 ਈਸਵੀ ਨੂੰ ਸਮਦ ਖਾਨ ਨੇ ਕੈਦ ਕਰ ਲਿਆ ਅਤੇ ਮੁਸਲਮਾਨ ਬਣਨ ਲਈ ਕਈ ਲਾਲਚ ਦਿੱਤੇ ਗਏ। ਜਦੋਂ ਬਾਬਾ ਜੀ ’ਤੇ ਕਿਸੇ ਲਾਲਚ ਦਾ ਕੋਈ ਅਸਰ ਨਾ ਹੋਇਆ ਤਾਂ ਮੁਗ਼ਲਾਂ ਨੇ ਉਨ੍ਹਾਂ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਬਾਬਾ ਜੀ ਦੇ ਸਾਹਮਣੇ ਉਨ੍ਹਾਂ ਦੇ ਪੁੱਤਰ ਅਜੇ ਸਿੰਘ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ ਅਤੇ ਉਸਦਾ ਧੜਕਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਧੱਕੇ ਨਾਲ ਤੁੰਨਿਆ ਗਿਆ। ਪਰ ਬਾਬਾ ਜੀ ਵਾਹਿਗੁਰੂ ਦਾ ਜਾਪ ਕਰਦੇ ਅਡੋਲ ਰਹੇ। ਤਿੰਨ ਮਹੀਨੇ ਤਕ ਖ਼ੂਨ-ਖਰਾਬਾ ਅਤੇ ਸਿੰਘਾਂ ਦੀਆਂ ਸ਼ਹੀਦੀਆਂ ਦਾ ਸਿਲਸਿਲਾ ਚਲਦਾ ਰਿਹਾ ਅਤੇ ਬਾਬਾ ਜੀ ਉੱਪਰ ਮੁਸਲਮਾਨ ਬਣਨ ਲਈ ਦਬਾਅ ਵਧਦਾ ਗਿਆ। ਜਦੋਂ ਮੁਸਲਮਾਨਾਂ ਦੇ ਬਾਬਾ ਜੀ ਨੂੰ ਮੁਸਲਿਮ ਬਣਾਉਣ ਦੇ ਸਭ ਦਾਅ ਪੇਚ ਫੇਲ੍ਹ ਹੋ ਗਏ ਤਾਂ ਉਨ੍ਹਾਂ ਨੇ 9 ਜੂਨ 1716 ਈਸਵੀ ਨੂੰ ਬਾਬਾ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ।
ਗੁਰਪ੍ਰੀਤ ਸਿੰਘ ਮੱਲ੍ਹੀ
ਸੰਪਰਕ: 98885-02510
Tags: ,
Posted in: ਸਾਹਿਤ