ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ

By October 17, 2016 0 Comments


baba-kharak-singhਸਿੱਖ ਕੌਮ ਦੇ ਚੇਤਿਆਂ ਵਿੱਚ ਪਸਰੀਆਂ ਬੇਧਿਆਨੀਆਂ ਅਤੇ ਅਵੱਲੀ ਗਫ਼ਲਤ ਦਾ ਇੱਕ ਦਰਦਨਾਕ ਮੰਜ਼ਰ ਹੈ ਕਿ ਬਾਬਾ ਖੜਕ ਸਿੰਘ ਜਿਹੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਸਾਡੇ ਚੇਤਿਆਂ ਵਿੱਚੋਂ ਹੀ ਗਵਾਚ ਗਈਆਂ ਹਨ। ਸਜੱਗ ਕੌਮਾਂ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀਆਂ ਵਾਰਿਸ ਪੀੜ੍ਹੀਆਂ ਨੂੰ ਕੌਮ ਦੇ ਗੌਰਵਮਈ ਵਿਰਸੇ ਅਤੇ ਸੰਘਰਸ਼ਾਂ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਸਿੱਖਾਂ ਜਿਹੀ ਵਿਲੱਖਣ ਕੌਮ, ਜਿਸ ਨੂੰ ਦੇਸ਼ ਦੇ ਜਮਹੂਰੀ ਢਾਂਚੇ ਵਿੱਚ ਇੱਕ ਘੱਟ ਗਿਣਤੀ ਹੋਣ ਦੇ ਨਾਤੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲਈ ਤਾਂ ਹੋਰ ਵੀ ਜ਼ਰੂਰੀ ਹੈ ਕਿ ਸਿੱਖ ਜੱਦੋ-ਜਹਿਦ ਦੇ ਪਰਿਪੇਖ ਵਿੱਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਦੇ ਸਾਰੇ ਰਾਜਨੀਤਕ ਵਰਤਾਰਿਆਂ ਦੀ ਮੁਕੰਮਲ ਜਾਣਕਾਰੀ ਕੌਮ ਦੇ ਵਾਰਸਾਂ ਨਾਲ ਸਾਂਝੀ ਕਰੇ।
ਇਹ ਦੁੱਖ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਉਪਰੰਤ ਸਰਬਸੰਮਤੀ ਨਾਲ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਪਹਿਲੇ ਪ੍ਰਧਾਨ ਚੁਣੇ ਜਾਣ ਵਾਲੇ ਬਾਬਾ ਖੜਕ ਸਿੰਘ ਦੀ ਯਾਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਨਾ ਕੇਵਲ ਅਣਗੌਲਿਆ ਕੀਤਾ ਹੈ, ਸਗੋਂ ਸਮੁੱਚੀ ਪੰਥਕ ਅਤੇ ਅਕਾਲੀ ਲੀਡਰਸ਼ਿੱਪ ਦੇ ਸਰੋਕਾਰਾਂ ਵਿੱਚੋਂ ਬਾਬਾ ਖੜਕ ਸਿੰਘ ਦਾ ਗੌਰਵਮਈ ਜ਼ਿਕਰ ਹੀ ਮਨਫ਼ੀ ਹੋ ਚੁੱਕਾ ਹੈ। ਕਿਸੇ ਨੂੰ ਵੀ ਯਾਦ ਨਹੀਂ ਰਿਹਾ ਕਿ 6 ਅਕਤੂਬਰ 2016 ਨੂੰ ਬਾਬਾ ਖੜਕ ਸਿੰਘ ਜੀ ਦੀ 53ਵੀਂ ਬਰਸੀ ਸੀ।
ਮਰਹੂਮ ਸਿਰਦਾਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਨੇ 6 ਸਤੰਬਰ 1966 ਨੂੰ ਲੋਕ ਸਭਾ ਵਿੱਚ ‘ਪੰਜਾਬ ਪੁਨਰਗਠਨ ਬਿਲ 1966’ ਉੱਤੇ ਬੋਲਦਿਆਂ ਸਦਨ ਦਾ ਧਿਆਨ 19 ਜੂਨ 1929 ਨੂੰ ਲਾਹੌਰ ਵਿੱਚ ਵਿੱਚ ਦਰਿਆ ਰਾਵੀ ਦੇ ਕੰਢੇ ਹੋਏ ਸਰਬ ਹਿੰਦ ਕਾਂਗਰਸ ਕਮੇਟੀ ਦੇ ਉਸ ਮਹੱਤਵਪੂਰਨ ਸਮਾਗਮ ਵੱਲ ਦਿਵਾਇਆ ਜਿਸ ਵਿੱਚ ਹਿੰਦੁਸਤਾਨ ਲਈ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਸਮਾਗਮ ਤੋਂ ਇੱਕ ਦਿਨ ਪਹਿਲਾਂ ਸਿੱਖਾਂ ਨੇ ਆਪਣੇ ਲੀਡਰ ਬਾਬਾ ਖੜਕ ਸਿੰਘ ਦੀ ਅਗਵਾਈ ਵਿੱਚ ਆਪਣੀ ਬੰਨ੍ਹਵੀਂ ਤਾਕਤ ਅਤੇ ਠੋਸ ਹੋਂਦ ਦਾ ਪ੍ਰਗਟਾਵਾ ਕਰਨ ਲਈ ਇੱਕ ਪ੍ਰਭਾਵਸ਼ਾਲੀ ਜਲੂਸ ਕੱਢਿਆ ਸੀ। ਇਸ ਜਲੂਸ ਦੀ ਦਰਸ਼ਨੀ ਆਭਾ ਅਤੇ ਸ਼ਾਨਦਾਰ ਕਾਮਯਾਬੀ ’ਤੇ ਟਿੱਪਣੀ ਕਰਦਿਆਂ ਲੰਡਨ ਦੇ ਅਖ਼ਬਾਰ ‘ਟਾਈਮਜ਼’ ਨੇ ਲਿਖਿਆ ਸੀ ਕਿ ‘ਸਿੱਖਾਂ ਦੇ ਇਸ ਜਲੂਸ ਦੀ ਸ਼ਾਨ ਦੇ ਸਾਹਮਣੇ ਕਾਂਗਰਸ ਦੀ ਜਲਸੀ ਤੇ ਜਲੂਸੀ ਫਿੱਕੀ ਪੈ ਗਈ।’
ਕਾਂਗਰਸ ਦੀ ਸਮੁੱਚੀ ਲੀਡਰਸ਼ਿਪ, ਸਿੱਖਾਂ ਦੇ ਇਸ ਜਲੂਸ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਸਰਬ ਹਿੰਦ ਕਾਂਗਰਸ ਦਾ ਇਜਲਾਸ ਖ਼ਤਮ ਹੋਣ ਤੋਂ ਬਾਅਦ ਦੂਜੇ ਦਿਨ ਹੀ ਕਾਂਗਰਸ ਦਾ ਇੱਕ ਉੱਚ-ਪੱਧਰੀ ਵਫ਼ਦ, ਬਾਬਾ ਖੜਕ ਸਿੰਘ ਦੇ ਨਿਵਾਸ ਅਸਥਾਨ ਚਬੁਰਜੀ (ਲਾਹੌਰ) ਪਹੁੰਚ ਗਿਆ। ਇਸ ਵਿੱਚ ਮਹਾਤਮਾ ਗਾਂਧੀ, ਪੰਡਿਤ ਮੋਤੀ ਲਾਲ ਨਹਿਰੂ, ਜਵਾਹਰਲਾਲ ਨਹਿਰੂ, ਮਦਨ ਮੋਹਨ ਮਾਲਵੀਆ ਅਤੇ ਡਾਕਟਰ ਅਨਸਾਰੀ ਸ਼ਾਮਲ ਸਨ। ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਅੱਗੇ ਜਾਚਨਾ ਕੀਤੀ ਕਿ ‘ਹਿੰਦੁਸਤਾਨ ਦੀ ਪੂਰਨ ਆਜ਼ਾਦੀ ਦਾ ਸੰਘਰਸ਼, ਸਿੱਖ ਕੌਮ ਦੀ ਸਿੱਧੀ ਸ਼ਮੂਲੀਅਤ ਅਤੇ ਠੋਸ ਇਮਦਾਦ ਬਗ਼ੈਰ ਅਪੂਰਣ ਹੈ, ਦੇਸ਼ ਦੀ ਆਜ਼ਾਦੀ ਦੇ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਪ ਦਾ ਸਹਿਯੋਗ ਜ਼ਰੂਰੀ ਹੈ।’ ਇਸ ਵਫ਼ਦ ਨੇ ਇਹ ਵਿਸ਼ਵਾਸ ਵੀ ਦਿਵਾਇਆ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੋ ਜਾਵੇਗਾ ਤਦ ਦੇਸ਼ ਵਿੱਚ ਕੋਈ ਵੀ ਅਜਿਹਾ ਸੰਵਿਧਾਨ ਨਹੀਂ ਬਣਾਇਆ ਜਾਵੇਗਾ ਜੋ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਵੇਗਾ। ਇਸ ਸਬੰਧ ਵਿੱਚ ਕਾਂਗਰਸ ਨੇ ਬਾਅਦ ਵਿੱਚ ਇੱਕ ਮਤਾ ਵੀ ਪਾਸ ਕਰ ਦਿੱਤਾ। 1947 ਤਕ ਕਾਂਗਰਸ ਨੇ ਇਸ ਮਤੇ ਦੀ ਕਈ ਵਾਰ ਵਜਾਹਤ ਵੀ ਕੀਤੀ ਗਈ ਪਰ ਜਦੋਂ ਸੁਤੰਤਰ ਭਾਰਤ ਦਾ ਸੰਵਿਧਾਨ ਬਣਿਆ ਤਾਂ ਇਸ ਮਤੇ ਉੱਤੇ ਅਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਬਾਬਾ ਖੜਕ ਸਿੰਘ ਜੀ ਦੇ ਮਨ ਨੂੰ ਕਾਂਗਰਸੀ ਲੀਡਰਾਂ ਦੇ ਇਸ ਨਾਸ਼ੁਕਰੇ ਰਵੱਈਏ ਕਾਰਨ ਭਾਰੀ ਠੇਸ ਪੁੱਜੀ। ਇਸ ਵਜ੍ਹਾ ਕਾਰਨ ਉਨ੍ਹਾਂ ਨੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ।
ਬਾਬਾ ਜੀ ਦਾ ਜਨਮ 6 ਜੂਨ 1868 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ, ਇਲਾਕੇ ਦੇ ਮੰਨੇ-ਪ੍ਰਮੰਨੇ ਅਮੀਰ ਠੇਕੇਦਾਰ ਅਤੇ ਉੱਘੇ ਉਦਯੋਗਪਤੀ ਰਾਏ ਬਹਾਦਰ ਸਰਦਾਰ ਹਰੀ ਸਿੰਘ ਦੇ ਘਰ ਹੋਇਆ ਸੀ। ਬਾਬਾ ਖੜਕ ਸਿੰੰਘ ਨੇ ਸਿਆਲਕੋਟ ਦੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕਰਨ ਉਪਰੰਤ ਸਥਾਨਕ ਮਰੇ ਕਾਲਜ ਤੋਂ ਐਫ.ਏ. ਦਾ ਇਮਤਿਹਾਨ ਪਾਸ ਕੀਤਾ। ਉਸ ਤੋਂ ਬਾਅਦ ਗੌਰਮਿੰਟ ਕਾਲਜ ਲਾਹੌਰ ਤੋਂ ਬੀ.ਏ. ਪਾਸ ਕੀਤੀ। ਬਾਬਾ ਖੜਕ ਸਿੰਘ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ.ਏ. ਪਾਸ ਕਰਨ ਵਾਲੇ, ਸਾਲ 1889 ਦੇ ਸਭ ਤੋਂ ਪਹਿਲੇ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਵਿੱਚੋਂ ਸਨ। ਉਸ ਤੋਂ ਬਾਅਦ ਵਕਾਲਤ ਦੀ ਡਿਗਰੀ ਹਾਸਲ ਕਰਨ ਲਈ ਉਹ ਅਲਾਹਾਬਾਦ ਦੇ ਲਾਅ ਕਾਲਜ ਵਿੱਚ ਦਾਖ਼ਲ ਹੋ ਗਏ, ਪਰ ਪਿਤਾ ਅਤੇ ਵੱਡੇ ਭਰਾ ਦੀ ਬੜੇ ਥੋੜ੍ਹੇ ਵਕਫ਼ੇ ਅੰਦਰ ਮੌਤ ਹੋ ਜਾਣ ਕਾਰਨ ਵਕਾਲਤ ਦੀ ਪੜ੍ਹਾਈ ਵਿੱਚੇ ਛੱਡ ਕੇ ਸਿਆਲਕੋਟ ਪਰਤਣਾ ਪਿਆ।
ਬਾਬਾ ਖੜਕ ਸਿੰਘ ਜੀ ਸਭ ਤੋਂ ਪਹਿਲਾਂ ਆਵਾਮੀ-ਤਵੱਜੋ ਦਾ ਕੇਂਦਰ ਬਿੰਦੂ ਉਸ ਸਮੇਂ ਬਣੇ, ਜਦੋਂ ਉਨ੍ਹਾਂ ਨੂੰ 1912 ਵਿੱਚ ਸਿਆਲਕੋਟ ਵਿੱਚ ਹੋਈ ਪੰਜਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਸਵਾਗਤੀ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ। ਉਸ ਕਾਨਫਰੰਸ ਵਿੱਚ ਬਾਬਾ ਖੜਕ ਸਿੰਘ ਦੇ ਸਖ਼ਤ ਵਿਰੋਧ ਕਾਰਨ ਪਹਿਲੇ ਸੰਸਾਰ ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਦੀ ਕਾਮਨਾ ਕਰਨ ਵਾਲਾ ‘ਚਾਪਲੂਸ ਮਤਾ’ ਪਾਸ ਨਾ ਹੋ ਸਕਿਆ।
ਅੰਮ੍ਰਿਤਸਰ ਵਿੱਚ ਵਾਪਰੇ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਨੇ ਬਾਬਾ ਖੜਕ ਸਿੰਘ ਦੀ ਰੂਹ ਅਤੇ ਚੇਤਨਾ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਦਾ ਵਾਸਤੇ ਸਿੱਖ ਕੌਮ ਅਤੇ ਦੇਸ਼ ਲਈ ਸਮਰਪਿਤ ਕਰ ਦਿੱਤਾ। ਬਾਬਾ ਜੀ 1920 ਵਿੱਚ ਸਥਾਪਿਤ ਹੋਈ ਸੈਂਟ੍ਰਲ ਸਿੱਖ ਲੀਗ ਦੇ ਪਹਿਲੇ ਪ੍ਰਧਾਨ ਬਣੇ। ਇਸੇ ਸਾਲ ਲਾਹੌਰ ਵਿੱਚ ਸੈਂਟ੍ਰਲ ਸਿੱਖ ਲੀਗ ਦੇ ਇਤਿਹਾਸਕ ਸੈਸ਼ਨ ’ਚ ਬਾਬਾ ਖੜਕ ਸਿੰਘ ਦੇ ਆਦੇਸ਼ ਅਨੁਸਾਰ ਸਿੱਖਾਂ ਨੇ ਮਹਾਤਮਾ ਗਾਂਧੀ ਵੱਲੋਂ ਚਲਾਈ ਜਾ ਰਹੀ ਨਾ-ਮਿਲਵਰਤਣ ਲਹਿਰ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਇਸ ਇਤਿਹਾਸਕ ਇਕੱਠ ਵਿੱਚ ਮਹਾਤਮਾ ਗਾਂਧੀ, ਡਾਕਟਰ ਸੈਫ਼ੂਦੀਨ ਕਿਚਲੂ, ਮੌਲਾਨਾ ਮੁਹੰਮਦ ਅਲੀ ਅਤੇ ਮੌਲਾਨਾ ਸ਼ੌਕਤ ਅਲੀ ਵੀ ਸ਼ਾਮਲ ਹੋਏ।
ਬਾਬਾ ਖੜਕ ਸਿੰਘ ਦੇ ਯਤਨਾਂ ਸਦਕਾ ਸਾਲ 1921 ਵਿੱਚ ਗੁਰਦੁਆਰਾ ਸੈਂਟਰਲ ਬੋਰਡ ਦੀ ਸਥਾਪਨਾ ਹੋਈ ਅਤੇ ਉਹ ਇਸ ਦੇ ਪਹਿਲੇ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਤੋਸ਼ੇਖਾਨੇ ਦੀਆਂ ਚਾਬੀਆਂ ਵਾਪਸ ਲੈਣ ਲਈ ਮੋਰਚਾ ਲਾਇਆ। ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਅੰਮ੍ਰਿਤਸਰ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਦੇ ਕਬਜ਼ੇ ਵਿੱਚ ਸਨ। 26 ਨਵੰਬਰ 1921 ਨੂੰ ਬਾਬਾ ਖੜਕ ਸਿੰਘ ਨੂੰ ਅੰਗਰੇਜ਼ ਦੀ ਸਰਕਾਰ ਦੇ ਵਿਰੁੱਧ ਭਾਸ਼ਣ ਦੇਣ ਕਾਰਨ ਛੇ ਮਹੀਨੇ ਲਈ ਜੇਲ੍ਹ ਭੇਜ ਦਿੱਤਾ। ਪਰ 17 ਜਨਵਰੀ 1922 ਨੂੰ ਸਿੱਖਾਂ ਦੇ ਭਾਰੀ ਰੋਹ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਅਤੇ ਤੋਸ਼ੇਖਾਨੇ ਦੀਆਂ ਚਾਬੀਆਂ ਵੀ ਬਾਬਾ ਖੜਕ ਸਿੰਘ ਦੇ ਸਪੁਰਦ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਬਾਬਾ ਖੜਕ ਸਿੰਘ ਜੀ ਦੇ ਵਿਆਪਕ ਪ੍ਰਭਾਵ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ ਵੀ ਥਾਪ ਦਿੱਤਾ ਸੀ।
ਬੀਰ ਦਵਿੰਦਰ ਸਿੰਘ *

4 ਅਪਰੈਲ 1922 ਨੂੰ ਅੰਗਰੇਜ਼ ਹਕੂਮਤ ਨੇ ਬਾਬਾ ਖੜਕ ਸਿੰਘ ਜੀ ਨੂੰ ਕਿਰਪਾਨਾਂ ਤਿਆਰ ਕਰਨ ਵਾਲੀ ਫੈਕਟਰੀ ਲਗਾਉਣ ਦੇ ਦੋਸ਼ ਵਿੱਚ ਇੱਕ ਸਾਲ ਲਈ ਡੇਰਾ ਗਾਜ਼ੀ ਖਾਂ ਜੇਲ੍ਹ ਵਿੱਚ ਡੱਕ ਦਿੱਤਾ। ਬਾਅਦ ’ਚ ਸਜ਼ਾ ਵਿੱਚ ਤਿੰਨ ਸਾਲ ਦਾ ਵਾਧਾ ਮਹਿਜ਼ ਇਹ ਆਖ ਕੇ ਕਰ ਦਿੱਤਾ ਕਿ ਬਾਬਾ ਜੀ ਵੱਲੋਂ ਅੰਗਰੇਜ਼ ਵਿਰੱਧ ਕੀਤੀਆਂ ਤਕਰੀਰਾਂ ਦੀ ਭਾਸ਼ਾ ਵਿਦਰੋਹੀ ਸੀ। ਜਦੋਂ ਬਾਬਾ ਜੀ ਡੇਰਾ ਗਾਜ਼ੀ ਖਾਂ ਜੇਲ੍ਹ ਵਿੱਚ ਕੈਦ ਸਨ ਤਾਂ ਅੰਗਰੇਜ਼ ਸਰਕਾਰ ਦੇ ਹੁਕਮ ਅਨੁਸਾਰ ਜੇਲ੍ਹ ਵਿੱਚ ਡੱਕੇ ਦੇਸ਼ ਭਗਤਾਂ ਦੀਆਂ ਦਸਤਾਰਾਂ ਅਤੇ ਗਾਂਧੀ ਟੋਪੀਆ ਜੇਲ੍ਹਰਾਂ ਨੇ ਜ਼ਬਰਦਸਤੀ ਉਤਾਰ ਦਿੱਤੀਆਂ ਜਿਸ ਦੇ ਰੋਸ ਵੱਜੋਂ ਬਾਬਾ ਖੜਕ ਸਿੰਘ ਜੀ ਨੇ ਜੇਲ੍ਹ ਵਿੱਚ ਕੋਈ ਵੀ ਪੁਸ਼ਾਕ ਪਹਿਨਣ ਦਾ ਤਿਆਗ ਕਰ ਦਿੱਤਾ। ਉਨ੍ਹਾਂ ਲਗਪਗ ਚਾਰ ਸਾਲ ਤਕ ਤੇੜ ਕਛਿਹਰਾ ਅਤੇ ਕਕਾਰ ਹੀ ਪਹਿਨੇ।
ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਬਾਬਾ ਜੀ ਅਨੇਕਾਂ ਵਾਰ ਜੇਲ੍ਹ ਗਏ। ਉਨ੍ਹਾਂ ਦੇ ਪੰਡਿਤ ਜਵਾਹਰਲਾਲ ਨਹਿਰੂ, ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਅਤੇ ਕਈ ਵਾਰੀ ਸਿੱਖ ਲੀਡਰਾਂ ਨਾਲ ਵੀ ਮੱਤਭੇਦ ਹੋ ਜਾਂਦੇ ਸਨ। ਬਾਬਾ ਜੀ ਨਾ ਤਾਂ ਵੱਖਰੇ ਪਾਕਿਸਤਾਨ ਦੇ ਹੱਕ ਵਿੱਚ ਸਨ ਤੇ ਨਾ ਹੀ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿਚਕਾਰ ਅੰਗਰੇਜ਼ਾਂ ਦੇ ਅਧੂਰੇ ਤੇ ਅਸਾਵੇਂ ਪ੍ਰਸਤਾਵ ਆਜ਼ਾਦ ਪੰਜਾਬ ਕਾਇਮ ਕਰਨ ਦੇ ਪੱਖ ਵਿੱਚ ਸਨ। 1928-29 ਵਿੱਚ ਬਾਬਾ ਜੀ ਨੇ ਨਹਿਰੂ ਕਮੇਟੀ ਰਿਪੋਰਟ ਦਾ ਉਦੋਂ ਤਕ ਵਿਰੋਧ ਕੀਤਾ, ਜਦੋਂ ਤਕ ਕਾਂਗਰਸ ਪਾਰਟੀ ਨੇ ਇਸ ਨੂੰ ਰੱਦ ਕਰਕੇ ਬਾਬਾ ਜੀ ਦਾ ਦੇਸ਼ ਦੇ ਸੰਵਿਧਾਨ ਦੀ ਹਰ ਪ੍ਰਸਤਾਵਨਾ ਵਿੱਚ ਸਿੱਖਾਂ ਦੀ ਸਹਿਮਤੀ ਜ਼ਰੂਰੀ ਹੈ, ਪ੍ਰਸਤਾਵ ਮਨਜ਼ੂਰ ਨਹੀਂ ਕਰ ਲਿਆ।
1928 ਵਿੱਚ ਬਾਬਾ ਜੀ ਨੇ ਲਾਹੌਰ ਵਿੱਚ ਸਾਈਮਨ ਕਮਿਸ਼ਨ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਸਾਈਮਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਖ਼ਿਲਾਫ਼ ਇੱਕ ਜਲਸੇ ਵਿੱਚ ਯਾਦਗਾਰੀ ਤਕਰੀਰ ਕਰਦਿਆਂ ਬਾਬਾ ਜੀ ਨੇ ਕਿਹਾ ਸੀ, ‘ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਜੇ ਤੁਹਾਨੂੰ ਮੇਰੀ ਪਿੱਠ ਵਿੱਚੋਂ ਗੋਲੀ ਮਿਲੇ ਤਾਂ ਮੈਨੂੰ ਗੁਰੂ ਦਾ ਸਿੱਖ ਨਾ ਸਮਝਣਾ ਅਤੇ ਸਿੱਖ ਮਰਿਆਦਾ ਅਨੁਸਾਰ ਮੇਰੀ ਦੇਹ ਦਾ ਸਸਕਾਰ ਵੀ ਨਾ ਕਰਨਾ। ਮਹਾਨ ਗੁਰੂ ਸਾਹਿਬਾਨ ਦਾ ਪੈਰੋਕਾਰ ਇੱਕ ਆਦਰਸ਼ ਸੰਤ-ਸਿਪਾਹੀ ਹੁੰਦਾ ਹੈ ਅਤੇ ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਅਗਲੀਆਂ ਸਫ਼ਾਂ ਵਿੱਚ ਹੋ ਕੇ ਲੜੇ ਅਤੇ ਆਪਣੀ ਪਿੱਠ ਵਿੱਚ ਨਹੀਂ ਸਗੋਂ ਆਪਣੀ ਛਾਤੀ ਵਿੱਚ ਗੋਲੀ ਖਾਵੇ। ਅਸੀਂ ਸਿੱਖ, ਆਪਣੀ ਮਾਤ ਭੂਮੀ ਉੱਤੇ ਕਿਸੇ ਵਿਦੇਸ਼ੀ ਨੂੰ ਰਾਜ ਨਹੀਂ ਕਰਨ ਦਿਆਂਗੇ ਅਤੇ ਨਾ ਹੀ ਕੋਈ ਬੇਇਨਸਾਫ਼ੀ ਬਰਦਾਸ਼ਤ ਕਰਾਂਗੇ।’
ਬਾਬਾ ਖੜਕ ਸਿੰਘ ਜੀ ਦੇ ਜੀਵਨ ਕਾਲ ਦਾ ਅੰਤ 95 ਵਰ੍ਹਿਆਂ ਦੀ ਉਮਰ ਭੋਗ ਕੇ 6 ਅਕਤੂਬਰ 1963 ਨੂੰ ਦਿੱਲੀ ਦੇ ਸਿਵਿਲ ਲਾਈਨਜ਼ ਇਲਾਕੇ ਵਿੱਚ ਉਨ੍ਹਾਂ ਦੇ ਨਿਵਾਸ ਅਸਥਾਨ ’ਤੇ ਅੰਤਾਂ ਦੀ ਬੇਕਸੀ ਦੇ ਆਲਮ ਵਿੱਚ ਹੋਇਆ। ਬਾਬਾ ਜੀ ਦੀ ਬਿਰਧ ਅਤੇ ਬੇਕਸ ਅਵਸਥਾ ਦੇ ਆਲਮ ਅਤੇ ਉਨ੍ਹਾਂ ਦੀ ਬੁਲੰਦੀ ਦੇ ਸਮਿਆਂ ਨੂੰ ਬਾਬਾ ਜੀ ਦੇ ਸਮਕਾਲੀ ਸ਼ਾਇਰ ਨੇ ਇਸ ਦਰਦ ਨਾਲ ਬਿਆਨ ਕੀਤਾ ਸੀ-
‘ਕਬੀ ਖੜਕ ਸਿੰਘ ਕੇ ਖੜਕਨੇ ਸੇ, ਖੜਕਤੀ ਥੀ ਖਿੜਕੀਆਂ,
ਅਬ ਖਿੜਕੀਓਂ ਕੇ ਖੜਕਨੇ ਸੇ, ਖੜਕਤਾ ਹੈ ਖੜਕ ਸਿੰਘ’
ਸਿੱਖਾਂ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਦੇ ਮ੍ਰਿਤਕ ਸਰੀਰ ਨੂੰ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੀ ਮਲੋਟ ਤਹਿਸੀਲ ਦੇ ਪਿੰਡ ਸਿੱਖਵਾਲਾ ਵਿੱਚ ਸਿੱਖ ਧਰਮ ਦੀਆਂ ਰਹੁ-ਰੀਤਾਂ ਅਨੁਸਾਰ ਸਪੁਰਦ-ਏ-ਆਤਿਸ਼ ਕੀਤਾ ਗਿਆ। ਇੱਥੇ ਉਨ੍ਹਾਂ ਦੀ ਸਮਾਧ ਅੱਜ ਵੀ ਮੌਜੂਦ ਹੈ।
ਬੀਰ ਦਵਿੰਦਰ ਸਿੰਘ *
*ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ
ਸੰਪਰਕ : 98140-33362
Tags: ,
Posted in: ਸਾਹਿਤ