12 ਅਕਤੂਬਰ 2015 ਬੇਅਦਬੀ ਕਾਂਡ ’ਤੇ ਵਿਸ਼ੇਸ਼ – ਪੀੜਤ ਪਰਿਵਾਰ ਇਕ ਸਾਲ ਬੀਤਣ ਉਪਰੰਤ ਵੀ ਇਨਸਾਫ਼ ਦੀ ਉਡੀਕ ’ਚ..

By October 11, 2016 0 Comments


ਗੁਰਿੰਦਰ ਸਿੰਘ ਕੋਟਕਪੂਰਾ

ਪਿਛਲੇ ਸਾਲ 1 ਜੂਨ 2015 ਨੂੰ ਜ਼ਿਲ•ਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ’ਚੋਂ ਦਿਨ-ਦਿਹਾੜੇ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਕੀਤੇ ਗਏ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੱਭਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ, ਸਿੱਖ ਸੰਸਥਾਵਾਂ, ਪੰਥਕ ਜੱਥੇਬੰਦੀਆਂ ਨੇ ਭਾਵੇਂ ਕਿੰਨੇ ਦਾਅਵੇ ਕੀਤੇ ਪਰ 1 ਸਾਲ ਨਾਲੋਂ ਵੀ ਜ਼ਿਆਦਾ ਸਮਾਂ ਬੀਤਣ ਉਪਰੰਤ ਨਤੀਜਾ ‘ਜ਼ੀਰੋ’ ਰਿਹਾ। ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਜਿਥੇ ਸਿੱਖ ਪੰਥ ਲਈ ਦੁਖਦਾਇਕ ਹਨ, ਉਥੇ ਨਵੀਂ ਪੀੜ•ੀ ਤੇ ਨੌਜਵਾਨਾਂ ਲਈ ਹੌਂਸਲਾ ਢਾਊ ਵੀ ਹਨ ਪਰ ਪੰਥ ਦੇ ਅਖੌਤੀ ਠੇਕੇਦਾਰਾਂ ਤੇ ਪੰਥਕ ਲੀਡਰਾਂ ਵੱਲੋਂ ਨਿਭਾਈ ਜਿੰਮੇਵਾਰੀ ਵੀ ਸ਼ਰਮਨਾਕ ਮੰਨੀ ਜਾ ਸਕਦੀ ਹੈ। ਸਿੱਖ ਪੰਥ ’ਤੇ ਆਣ ਬਣੀ ਇਸ ਸੰਕਟ ਦੀ ਘੜੀ ’ਚ ਪੰਥਕ ਮੀਡੀਏ ਦੇ ਇਕ ਹਿੱਸੇ ਵੱਲੋਂ ਨਿਭਾਈ ਜਿੰਮੇਵਾਰੀ ਨੂੰ ਦੇਸ਼-ਵਿਦੇਸ਼ ’ਚ ਬੈਠੀਆਂ ਸਿੱਖ ਸੰਗਤਾਂ, ਪੰਜਾਬੀ ਪਾਠਕਾਂ, ਸੁਹਿਰਦ ਵਿਦਵਾਨਾਂ ਤੇ ਸੂਝਵਾਨ ਪਤਵੰਤਿਆਂ ਨੇ ਸਲਾਹਿਆ, ਕਬੂਲਿਆ ਤੇ ਪੰਥ ਦੀ ਅਵਾਜ਼ ਮੰਨਿਆ। ਇਹ ਉਹ ਦੁਖਦਾਇਕ ਸਮਾਂ ਸੀ, ਜਦੋਂ ਨਿਰੰਤਰ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ ਕਰਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੱਲ•ਮ ਲਾਉਣੀ ਚਾਹੀਦੀ ਸੀ ਪਰ ਉਸ ਸਮੇਂ ਸਿੱਖਾਂ ਦੇ ਅੱਲ•ੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਰਗੀਆਂ ਹਰਕਤਾਂ ਅਰਥਾਤ ਬੇਅਦਬੀ ਦੀਆਂ ਘਟਨਾਵਾਂ ਸਿੱਖ ਨੌਜਵਾਨਾਂ ਸਿਰ ਮੜ• ਕੇ, ਸਿੱਖਾਂ ਨੂੰ ਪੁਲਿਸ ਦੇ ਤਸੀਹਾ ਕੇਂਦਰਾਂ ’ਚ ਲਿਜਾ-ਲਿਜਾ ਕੇ ਕੁੱਟਿਆ-ਮਾਰਿਆ ਗਿਆ ਤੇ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਪਾਵਨ ਸਰੂਪ ਦੀ ਬੇਅਦਬੀ ਦਾ ਦੋਸ਼ ਆਪਣੇ ਸਿਰ ਲੈ ਲੈਣ। ਇਸ ਬਦਲੇ ਉਨ੍ਹਾਂ ਨੂੰ ਮੂੰਹ ਮੰਗੀ ਕੀਮਤ ਮਿਲੇਗੀ। ਉਸ ਸਮੇਂ ਵੀ ਪੰਥਕ ਮੀਡੀਏ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਪੁਲਿਸ ਦੇ ਚੁੰਗਲ ’ਚੋਂ ਬਚਾਇਆ ਅਤੇ ਅਸਲੀਅਤ ਦੇਸ਼-ਵਿਦੇਸ਼ ’ਚ ਵਸਦੇ ਪਾਠਕਾਂ ਸਾਹਮਣੇ ਰੱਖੀ।
ਤਖ਼ਤਾਂ ਦੇ ਜਥੇਦਾਰਾਂ ਦੇ 24 ਸਤੰਬਰ ਦੇ ਸੌਦਾ ਸਾਧ ਨੂੰ ਦੋਸ਼ਮੁਕਤ ਕਰਾਰ ਦੇਣ ਦੇ ਹੈਰਾਨੀਜਨਕ ਫੈਸਲੇ ਦੀ ਖ਼ਬਰ ਜਦੋਂ ਦੁਨੀਆਂ ਦੇ ਕੋਨੇ-ਕੋਨੇ ’ਚ ਬੈਠੇ ਪੰਥਦਰਦੀਆਂ ਤਾਈਂ ਪੁੱਜੀ ਤਾਂ ਹਾ-ਹਾ ਕਾਰ ਮੱਚਣੀ ਸੁਭਾਵਿਕ ਸੀ ਤੇ ਉਕਤ ਖ਼ਬਰ ਨਾਲ ਪੰਥਦਰਦੀਆਂ ਦੇ ਹਿਰਦੇ ਵੀ ਵਲੂੰਧਰੇ ਗਏ। ਭਾਵੇਂ ਸਿਆਸਤਦਾਨਾਂ ਦੀ ਇਸ ਘਟਨਾਕ੍ਰਮ ’ਚ ਵੋਟ ਰਾਜਨੀਤੀ, ਨਿੱਜੀ ਮੁਫ਼ਾਦ, ਕੋਈ ਮਜਬੂਰੀ ਜਾਂ ਸਿਆਸੀ ਚਾਲ ਹੋਵੇ ਪਰ ਪਿਛਲੇ ਕਈ ਦਹਾਕਿਆਂ ਤੋਂ ਪੁਜਾਰੀਵਾਦ ਦੇ ਪੰਥ ਨੂੰ ਢਾਅ ਲਾਉਣ ਵਾਲੇ ਮਨਸੂਬਿਆਂ ਲਈ ਜਾਗਦੇ ਰਹੋ ਦਾ ਹੌਕਾ ਦਿੰਦੇ ਆ ਰਹੇ ਤੱਤ ਗੁਰਮਤਿ ਨੂੰ ਪ੍ਰਣਾਏ ਮੀਡੀਏ ਦਾ ਦੁਨੀਆਂ ਦੇ ਕੋਨੇ-ਕੋਨੇ ’ਚ ਵਸਦੀਆਂ ਸੰਗਤਾਂ ਦੇ ਅੱਖਾਂ ਦਾ ਤਾਰਾ ਬਣਨਾ ਸੁਭਾਵਿਕ ਸੀ। ਸ਼ੋਸ਼ਲ ਮੀਡੀਏ ਰਾਹੀਂ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਇਨ੍ਹਾਂ ਦੇ ਸਿਆਸੀ ਅਕਾਵਾਂ ਖਿਲਾਫ਼ ਗੁੱਸਾ ਕੱਢਦਿਆਂ ਜਾਗਰੂਕ ਸਿੱਖਾਂ ਤੇ ਪੰਥਦਰਦੀਆਂ ਨੇ ਉਸ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ, ਜੋ ਇਥੇ ਦੁਹਰਾਉਣੀ ਸ਼ੋਭਾ ਹੀ ਨਹੀਂ ਦਿੰਦੀ। ਕਿਉਂਕਿ ਉਹ ਸ਼ਬਦਾਵਲੀ ਲਿਖਣੀ ਤੇ ਬੋਲਣੀ ਬੜੀ ਮੁਸ਼ਕਲ ਜਾਪਦੀ ਹੈ। ਸੌਦਾ ਸਾਧ ਬਾਰੇ ਤਖ਼ਤਾਂ ਦੇ ਉਕਤ ਫ਼ੈਸਲੇ ਦੀ ਰਿਪੋਰਟ ਤਾਂ 25 ਸਤੰਬਰ ਦੇ ਅਖ਼ਬਾਰਾਂ ’ਚ ਪ੍ਰਕਾਸ਼ਤ ਹੋਣੀ ਸੀ ਪਰ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੌਦਾ ਸਾਧ ਦੇ ਕਥਿਤ ਚੇਲਿਆਂ ਨੇ ਦੋ ਵੱਡੇ-ਵੱਡੇ ਹੱਥਲਿਖ਼ਤ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਦੀਆਂ ਕੰਧਾਂ ’ਤੇ ਚਿਪਕਾ ਕੇ ਸਿੱਖਾਂ ਖਿਲਾਫ਼ ਬੜੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਉਨ੍ਹਾਂ ਪਾਵਨ ਸਰੂਪ ਆਪਣੇ ਕੋਲ ਅਤੇ ਬਰਗਾੜੀ ’ਚ ਹੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ‘ਤੁਸੀਂ ਸਾਡੇ ਬਾਬੇ ਦੀ ਫ਼ਿਲਮ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਸਿੱਖਾਂ ਦਾ ਵੱਡਾ ਗੁਰੂ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਜੇ ਕਿਸੇ ’ਚ ਹਿੰਮਤ ਹੈ ਤਾਂ ਲੱਭ ਕੇ ਦਿਖਾਵੇ।’ ਪੰਥਦਰਦੀਆਂ ਦੇ 1 ਜੂਨ 2015 ਨੂੰ ਚੋਰੀ ਹੋਏ ਪਾਵਨ ਸਰੂਪ ਦੀ ਘਟਨਾ ਨੂੰ ਲੈ ਕੇ ਹਿਰਦੇ ਵਲੂੰਧਰੇ ਪਏ ਸਨ ਤੇ ਉਕਤ ਹੱਥਲਿਖ਼ਤ ਪੋਸਟਰਾਂ ਨੇ ਵਲੂੰਧਰੇ ਹੋਏ ਹਿਰਦੇ ਹੋਰ ਜ਼ਖ਼ਮੀ ਕਰ ਦਿੱਤੇ ਅਰਥਾਤ ਜ਼ਖ਼ਮੀ ਹਿਰਦਿਆਂ ’ਤੇ ਉਕਤ ਸ਼ਬਦਾਵਲੀ ਨੇ ਲੂਣ ਛਿੜਕਣ ਦਾ ਕੰਮ ਕੀਤਾ। ਗੁਰਮਤਿ ਸੇਵਾ ਲਹਿਰ ਦੇ ਕਰੀਬ ਇਕ ਦਰਜਨ ਨਿਸ਼ਕਾਮ ਤੇ ਨਿਧੜਕ ਮਿਸ਼ਨਰੀ ਪ੍ਰਚਾਰਕਾਂ ਨੇ ਜ਼ਿਲ•ਾ ਮੋਗਾ ਦੇ ਪਿੰਡ ਮਧੇ ਕੇ ਵਿਖੇ ਹਜ਼ਾਰਾਂ ਸੰਗਤਾਂ ਦੇ ਵਿਸ਼ਾਲ ਇਕੱਠ ’ਚ ਮਤਾ ਪਾਸ ਕਰਦਿਆਂ ਜਿਥੇ ਤਖ਼ਤਾਂ ਦੇ ਪੁਜਾਰੀਆਂ ਦਾ ਸੌਦਾ ਸਾਧ ਨੂੰ ਮਾਫ਼ ਕਰਨ ਵਾਲਾ ਫ਼ੈਸਲਾ ਰੱਦ ਕਰ ਦਿੱਤਾ, ਉਥੇ ਸੌਦਾ ਸਾਧ ਤੇ ਨੂਰਮਹਿਲੀਏ ਵਰਗੇ ਕੱਚੇ-ਪਿੱਲੇ ਸਾਧਾਂ ਕੋਲ ਜਾਣ ਵਾਲੇ ਸਿਆਸੀ ਲੋਕਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ। ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਉਸਦੇ ਸਾਥੀ ਪ੍ਰਚਾਰਕਾਂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਲਈ ਵਿਧੀ-ਵਿਧਾਨ ਅਰਥਾਤ ਅਧਿਕਾਰ ਤੇ ਯੋਗਤਾ ਦਾ ਮਾਪਦੰਡ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੌਦਾ ਸਾਧ ਪਹਿਲਾਂ ਪ੍ਰੈਸ ਕਾਨਫਰੰਸ ਬੁਲਾ ਕੇ ਦਸਮੇਸ਼ ਪਿਤਾ ਦਾ ਸਵਾਂਗ ਰਚਾਉਣ ਦੀ ਮਾਫ਼ੀ ਮੰਗਦਾ, ਉਹੀ ਮਾਫ਼ੀਨਾਮਾ ਅਕਾਲ ਤਖ਼ਤ ’ਤੇ ਭੇਜਦਾ, ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਉਕਤ ਮਾਫ਼ੀਨਾਮਾ ਸੰਗਤਾਂ ਦੇ ਸਨਮੁੱਖ ਜਨਤਕ ਕਰਕੇ ਸੰਗਤਾਂ ਤੋਂ ਪ੍ਰਵਾਨਗੀ ਲਈ ਜਾਂਦੀ, ਫ਼ਿਰ ਤਾਂ ਮਾਫ਼ੀ ਵਾਲੀ ਗੱਲ ਸਮਝ ਆਉਂਦੀ ਪਰ ਸਪਸ਼ਟੀਕਰਨ ਦੇ ਨਾਂਅ ’ਤੇ ਆਮ ਸੰਗਤਾ ਨਾਲ ਐਨਾ ਵੱਡਾ ਧੋਖਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਤਖ਼ਤਾਂ ਦੇ ਤਤਕਾਲੀਨ ਤੇ ਮੌਜੂਦਾ ਜਥੇਦਾਰ ਕ੍ਰਮਵਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ• ਤੇ ਗਿਆਨੀ ਇਕਬਾਲ ਸਿੰਘ ਪਟਨਾ ਖੁਦ ਮੰਨ ਚੁੱਕੇ ਹਨ ਕਿ ਅਕਾਲ ਤਖ਼ਤ ਤੋਂ ਆਰ.ਐਸ.ਐਸ. ਦੇ ਕਹਿਣ ’ਤੇ ਹੁਕਮਨਾਮੇ/ਆਦੇਸ਼ ਜਾਰੀ ਅਤੇ ਲਾਗੂ ਹੁੰਦੇ ਰਹੇ ਹਨ। ਸਮਾਗਮ ਦੌਰਾਨ ਨਾਨਕਸ਼ਾਹੀ ਕੈਲੰਡਰ ਦਾ ਕਤਲ, ਪਿੰਕੀ ਵਰਗੇ ਕੈਟਾਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਵਰਤੇ ਦੋਹਰੇ ਕਿਰਦਾਰ, ਤਖ਼ਤਾਂ ਦੇ ਪੁਜਾਰੀਆਂ ਵੱਲੋਂ ਕੀਤੇ ਜਾ ਰਹੇ ਪੰਥ ਦੇ ਨੁਕਸਾਨ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਹਰੋਂ ਤੇ ਅੰਦਰੋਂ ਖੋਖਲਾ ਕਰਨ ਦੀਆਂ ਸਾਜ਼ਿਸ਼ਾਂ ਦਾ ਵੀ ਵਿਸਥਾਰ ਸਹਿਤ ਜ਼ਿਕਰ ਹੋਇਆ ਤੇ ਅੱਧੀ ਰਾਤ 1 ਵਜੇ ਤੱਕ ਚੱਲੇ ਗੁਰਮਤਿ ਸਮਾਗਮ ’ਚ ਸ਼ਾਮਲ ਹਜ਼ਾਰਾਂ ਦੀ ਗਿਣਤੀ ’ਚ ਪੁੱਜੀਆਂ ਸੰਗਤਾਂ ਨੇ ਜੈਕਾਰੇ ਛੱਡਦਿਆਂ ਹੱਥ ਖੜੇ ਕਰਕੇ ਤਖ਼ਤਾਂ ਦੇ ਜਥੇਦਾਰਾਂ ਖਿਲਾਫ਼ ਪੇਸ਼ ਕੀਤੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
ਫ਼ਿਰ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਦੀ ਹਰਕਤ, 12 ਅਕਤੂਬਰ ਨੂੰ ਵਾਪਰੇ ਬੇਅਦਬੀ ਕਾਂਡ, 13 ਅਕਤੂਬਰ ਨੂੰ ਤੜਕਸਾਰ ਪੁਲਿਸ ਵੱਲੋਂ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਨੂੰ ਗ੍ਰਿਫ਼ਤਾਰ ਕਰਕੇ ਦੂਰ-ਦੂਰ ਥਾਣਿਆਂ ’ਚ ਲਿਜਾਣਾ, 14 ਅਕਤੂਬਰ ਨੂੰ ਤੜਕਸਾਰ ਕਰੀਬ ਸਾਢੇ 6 ਵਜੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ’ਚ ਸ਼ਾਮਲ ਬੱਚੇ, ਬਜ਼ੁਰਗ, ਨੌਜਵਾਨ ਤੇ ਔਰਤਾਂ ’ਤੇ ਅੰਨ੍ਹੇਵਾਹ ਤਸ਼ੱਦਦ ਦੀਆਂ ਘਟਨਾਵਾਂ ਬਾਰੇ ਰਿਪੋਰਟਾਂ ਦੇਸ਼-ਵਿਦੇਸ਼ ’ਚ ਬੈਠੇ ਪੰਜਾਬੀਆਂ ਨੇ ਪੰਥਕ ਮੀਡੀਏ ਰਾਹੀਂ ਪੜ•ੀਆਂ। ਸ਼ਹੀਦ ਹੋਏ ਨੌਜਵਾਨਾਂ ਅਤੇ ਜ਼ਖ਼ਮੀ ਪੀੜ•ਤ ਪਰਿਵਾਰਾਂ ਦੀ ਸਾਰ ਲੈਣ ਲਈ ਸਿਆਸੀ ਪਾਰਟੀਆਂ ਦੇ ਉੱਚ ਲੀਡਰ ਕ੍ਰਮਵਾਰ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਐਡਵੋਕੇਟ ਐਚ.ਐਸ.ਫੂਲਕਾ ਆਦਿਕ ਪੁੱਜੇ ਪਰ ਅਕਾਲੀ ਦਲ ਬਾਦਲ ਦਾ ਕੋਈ ਵੀ ਮੰਤਰੀ, ਵਿਧਾਇਕ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਕਿਸੇ ਵੀ ਅਹੁਦੇਦਾਰ/ਮੈਂਬਰ ਨੇ ਪੀੜ•ਤਾਂ ਦੀ ਸਾਰ ਲੈਣ ਦੀ ਜਰੂਰਤ ਹੀ ਨਾ ਸਮਝੀ। ਭਾਵੇਂ 12-13-14 ਅਕਤੂਬਰ ਨੂੰ ਵਾਪਰੀਆਂ ਉਕਤ ਘਟਨਾਵਾਂ ਨੂੰ ਇਕ ਸਾਲ ਦਾ ਸਮਾਂ ਹੋਣ ਜਾ ਰਿਹਾ ਹੈ ਪਰ ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਜਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬੇਅਦਬੀ ਕਾਂਡ ਦੇ ਅਸਲ ਦੋਸ਼ੀਆਂ ਤੱਕ ਪਹੁੰਚਣ ’ਚ ਸਫ਼ਲਤਾ ਪ੍ਰਾਪਤ ਨਹੀਂ ਕੀਤੀ, ਜਦਕਿ ਸਮੇਂ-ਸਮੇਂ ਇਸ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਪੁਲਸੀਆ ਅੱਤਿਆਚਾਰ ਦਾ ਸਾਹਮਣਾ ਜਰੂਰ ਕਰਨਾ ਪਿਆ। ਸਰਕਾਰ ਵੱਲੋਂ ਉਸੇ ਦਿਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਦਾ ਗਠਨ, ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੂੰ ਜਾਂਚ ਸੌਂਪਣਾ ਅਤੇ ਜਾਂਚ ਸੀ.ਬੀ.ਆਈ. ਹਵਾਲੇ ਕਰ ਦੇਣ ਦੇ ਬਾਵਜੂਦ ਸਿੱਖਾਂ ਜਾਂ ਪੀੜ•ਤ ਪਰਿਵਾਰਾਂ ਨੂੰ ਕੋਈ ਇਨਸਾਫ਼ ਨਾ ਮਿਲਣਾ, ਜਸਟਿਸ ਕਾਟਜੂ ਕਮਿਸ਼ਨ ਦੀ ਜਾਂਚ, 3 ਮਹੀਨਿਆਂ ਬਾਅਦ ਰਿਪੋਰਟ, ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਜਸਟਿਸ ਕਾਟਜੂ ਦੀ ਰਿਪੋਰਟ ਤੋਂ ਬਾਅਦ ਤੇਜ਼ੀ ਨਾਲ ਤਿਆਰ ਕਰਨੀ, ਪੀੜ•ਤ ਪਰਿਵਾਰਾਂ ਵੱਲੋਂ ਲੀਕ ਹੋਈ ਜਸਟਿਸ ਜ਼ੋਰਾ ਸਿੰਘ ਦੀ ਮੀਡੀਏ ’ਚ ਆਈ ਰਿਪੋਰਟ ਨੂੰ ਖਾਰਜ ਕਰਨਾ ਆਦਿਕ ਪਹਿਲੂਆਂ ’ਤੇ ਰੌਸ਼ਨੀ ਪਾਉਂਦੀ ਰੋਜ਼ਾਨਾ ਸਪੋਕਸਮੈਨ ਵੱਲੋਂ ਤਿਆਰ ਇਕ ਸਾਲ ਦੀ ਰਿਪੋਰਟ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ ਤਾਂ ਜੋ ਸੁਚੇਤ ਪਾਠਕ ਵਰਗ ਇਸ ਦੁਖਦਾਇਕ ਘੜੀ ਤੋਂ ਜਾਣੂ ਹੋ ਸਕੇ।
ਪਾਵਨ ਸਰੂਪ ਦੀ ਚੋਰੀ : ਮਿਤੀ 1 ਜੂਨ 2015 ਨੂੰ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ’ਚੋਂ ਦਿਨ-ਦਿਹਾੜੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਅਤੇ ਉਸ ਸਮੇਂ ਪਿੰਡ ’ਚ ਚੱਲ ਰਹੇ ਨਰੇਗਾ ਦੇ ਕੰਮ ’ਚ ਸ਼ਾਮਲ ਕੁਝ ਔਰਤਾਂ ਨੇ ਦੱਸਿਆ ਕਿ ਦੋ ਸਿਰੋ ਮੋਨੇ ਅਣਪਛਾਤੇ ਨੌਜਵਾਨਾਂ ਨੇ ਉਕਤ ਸਰੂਪ ਚੋਰੀ ਕੀਤਾ ਹੈ। ਪੰਥਦਰਦੀਆਂ ਨੇ ਪੁਲਿਸ ਨੂੰ ਦੋਸ਼ੀਆਂ ਦਾ ਸੁਰਾਗ ਲਾਉਣ ਲਈ ਮਜਬੂਰ ਕਰਨ ਵਾਸਤੇ ਹਰ ਸੰਭਵ ਯਤਨ ਕੀਤਾ ਪਰ ਪੁਲਿਸ ਵੱਲੋਂ ਹਰ ਵਾਰ ਲਾਰਾ ਹੀ ਮਿਲਿਆ ਤੇ ਪੁਲਿਸ ਨੇ ਦੋ ਸਿਰੋ ਮੋਨੇ ਸ਼ੱਕੀ ਨੌਜਵਾਨਾਂ ਦੇ ਬਕਾਇਦਾ ਸਕੈੱਚ ਵੀ ਜਾਰੀ ਕੀਤੇ ਗਏ ਸਨ, ਜੋ ਸ਼ੋਸ਼ਲ ਮੀਡੀਏ ਰਾਹੀਂ ਖੂਬ ਚਰਚਾ ਦਾ ਵਿਸ਼ਾ ਬਣੇ ਰਹੇ ਪਰ ਬਾਅਦ ’ਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਸਕੈੱਚਾਂ ਦਾ ਜ਼ਿਕਰ ਤੱਕ ਵੀ ਨਾ ਕੀਤਾ ਗਿਆ। ਕਿਉਂਕਿ ਬਲੀ ਦਾ ਬੱਕਰਾ ਦੋ ਨਿਰਦੋਸ਼ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਬਣਾਉਣ ਦੀ ਕੋਸ਼ਿਸ਼ ਵਿੱਢੀ ਗਈ।
ਧਮਕੀ ਭਰੇ ਪੋਸਟਰ : ਮਿਤੀ 24 ਤੇ 25 ਸਤੰਬਰ 2015 ਦੀ ਦਰਮਿਆਨੀ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਗੁਰਦਵਾਰੇ ਦੀਆਂ ਕੰਧਾਂ ’ਤੇ ਦੋ ਧਮਕੀ ਭਰੇ ਪੋਸਟਰ ਚਿਪਕਾ ਕੇ ਸਿੱਖਾਂ ਨੂੰ ਚੁਨੌਤੀ ਦਿੱਤੀ ਸੀ ਕਿ ਤੁਹਾਡਾ ਗੁਰੂ ਗੰ੍ਰਥ ਸਾਹਿਬ ਸਾਡੇ ਕਬਜ਼ੇ ’ਚ ਹੈ, ਜੇ ਹਿੰਮਤ ਹੈ ਤਾਂ ਲੱਭ ਕੇ ਦਿਖਾਓ। ਸ਼ਰਾਰਤੀ ਅਨਸਰਾਂ ਨੇ ਇਥੋਂ ਤੱਕ ਲਿਖ ਦਿੱਤਾ ਸੀ ਕਿ ਉਹ ਪਾਵਨ ਸਰੂਪ ਬਰਗਾੜੀ ’ਚ ਹੀ ਮੌਜੂਦ ਹੈ। ਉਨ੍ਹਾਂ ਉਕਤ ਪੋਸਟਰਾਂ ’ਚ ਆਮ ਸਿੱਖ ਸੰਗਤਾਂ ਅਤੇ ਪੰਥਕ ਪ੍ਰਚਾਰਕਾਂ ਖਿਲਾਫ਼ ਬਹੁਤ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਪਰ ਸਰਕਾਰ ਜਾਂ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਜਰੂਰਤ ਹੀ ਨਾ ਸਮਝੀ। ਉਕਤ ਦੋਨੋਂ ਧਮਕੀ ਭਰੇ ਪੋਸਟਰ ਅਜੇ ਵੀ ਪੁਲਿਸ ਪ੍ਰਸ਼ਾਸ਼ਨ ਕੋਲ ਮਹਿਫੂਜ਼ ਪਏ ਹਨ। ਪੋਸਟਰਾਂ ’ਚ ਆਪਣੇ ਬਾਬੇ (ਸੌਦਾ ਸਾਧ) ਦੀ ਫ਼ਿਲਮ ਨਾ ਚੱਲਣ ਦੇਣ ਦੇ ਰੋਸ ਵਜੋਂ ਪਾਵਨ ਸਰੂਪ ਕਬਜ਼ੇ ’ਚ ਲੈਣ ਦੀ ਗੱਲ ਆਖ਼ੀ ਗਈ ਸੀ ਤੇ ਪੋਸਟਰਾਂ ਦੇ ਸ਼ੁਰੂ ਅਤੇ ਅੰਤ ’ਚ ‘ਧੰਨ-ਧੰਨ ਸਤਿਗੁਰੂ…’ ਲਿਖ਼ਿਆ ਗਿਆ। ਪੰਥਦਰਦੀਆਂ ਨੇ ਡੀ.ਐਸ.ਪੀ. ਜੈਤੋ ਨੂੰ ਰੋਸ ਵਜੋਂ ਮੰਗ ਪੱਤਰ ਸੌਂਪਦਿਆਂ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਨਾਲ-ਨਾਲ ਕਿਸੇ ਦੁਖਦਾਇਕ ਜਾਂ ਅਣਸੁਖਾਵੀਂ ਘਟਨਾ ਦਾ ਖਦਸ਼ਾ ਵੀ ਜ਼ਾਹਰ ਕੀਤਾ ਸੀ।
ਪਾਵਨ ਸਰੂਪ ਦੀ ਬੇਅਦਬੀ : 12 ਅਕਤੂਬਰ 2015 ਨੂੰ ਤੜਕਸਾਰ ਜਦੋਂ ਚੋਰੀ ਹੋਏ ਪਾਵਨ ਸਰੂਪ ਦੇ ਅੰਗ ਪਾੜ ਕੇ ਬਰਗਾੜੀ ਦੀਆਂ ਗਲੀਆਂ ’ਚ ਅਤੇ ਸੜਕਾਂ ’ਤੇ ਖਿਲਾਰ ਦਿੱਤੇ ਤਾਂ ਸਿੱਖ ਸੰਗਤਾਂ ਨੇ ਪਿੰਡ ਬਰਗਾੜੀ ਦੇ ਗੁਰਦਵਾਰਾ ਸਾਹਿਬ ’ਚ ਇਕੱਤਰ ਹੋ ਕੇ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਂਕ ’ਚ ਸ਼ਾਂਤਮਈ ਰੋਸ ਧਰਨਾ ਦਿੱਤਾ ਜਾਵੇਗਾ। ਭਾਵੇਂ ਅਰਦਾਸ ਬੇਨਤੀ ਕਰਨ ਉਪਰੰਤ ਸੰਗਤਾਂ ਨੇ ਕੋਟਕਪੂਰੇ ਵੱਲ ਚਾਲੇ ਪਾ ਦਿੱਤੇ ਪਰ ਇਸ ਤੋਂ ਪਹਿਲਾਂ ਪਾੜੇ ਗਏ ਅੰਗ ਦੇਖਣ ਅਤੇ ਪੰਥਦਰਦੀਆਂ ਨੂੰ ਮਿਲਣ ਲਈ ਉਚੇਚੇ ਤੌਰ ’ਤੇ ਪੁੱਜੇ ਸੁਖਦੇਵ ਸਿੰਘ ਬਾਠ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਗੁਰਦਵਾਰਾ ਸਾਹਿਬ ’ਚੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ।
ਬੱਤੀਆਂ ਵਾਲੇ ਚੌਂਕ ’ਚ ਧਰਨਾ : 12 ਅਕਤੂਬਰ 2015 ਸ਼ਾਮ ਨੂੰ ਸ਼ੁਰੂ ਹੋਏ ਸ਼ਾਂਤਮਈ ਰੋਸ ਧਰਨੇ ਨੂੰ ਪੁਲਿਸ ਨੇ ਬੜੇ ਵਿਉਂਤਬੱਧ ਤਰੀਕੇ ਨਾਲ ਅਗਲੇ ਦਿਨ ਤੜਕਸਾਰ ਉਸ ਵੇਲੇ ਚੁਕਵਾ ਦਿੱਤਾ, ਜਦੋਂ ਸੰਗਤਾਂ ਨਿਤਨੇਮ ਦਾ ਜਾਪ ਕਰ ਰਹੀਆਂ ਸਨ। ਪ੍ਰਚਾਰਕਾਂ ਤੇ ਸੰਗਤਾਂ ਨੂੰ ਜ਼ਿਲ•ਾ ਫਰੀਦਕੋਟ ਤੋਂ ਇਲਾਵਾ ਗੁਆਂਢੀ ਜ਼ਿਲਿ•ਆਂ ਦੇ ਵੱਖ-ਵੱਖ ਥਾਣਿਆਂ ’ਚ ਲਿਜਾਇਆ ਗਿਆ, ਜਿਥੇ ਬਿਨ੍ਹਾਂ ਕੋਈ ਕਾਰਵਾਈ ਕੀਤਿਆਂ ਉਨ੍ਹਾਂ ਨੂੰ ਕੁਝ ਘੰਟਿਆਂ ਬਾਅਦ ਰਿਹਾਅ ਕਰਨ ਦੇ ਹੁਕਮ ਵੀ ਜਾਰੀ ਹੋਏ ਪਰ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉਹ ਦੁਬਾਰਾ ਫ਼ਿਰ ਬੱਤੀਆਂ ਵਾਲੇ ਚੌਂਕ ’ਚ ਇਕੱਤਰ ਹੋਣੇ ਸ਼ੁਰੂ ਹੋ ਗਏ।
ਸੰਗਤਾਂ ’ਤੇ ਅੰਨ੍ਹਾ ਤਸ਼ੱਦਦ : 13 ਅਕਤੂਬਰ 2015 ਨੂੰ ਦੁਬਾਰਾ ਲੱਗੇ ਸ਼ਾਂਤਮਈ ਰੋਸ ਧਰਨੇ ’ਚ ਵਾਰ-ਵਾਰ ਸਪੀਕਰਾਂ ਰਾਹੀਂ ਬੇਨਤੀ ਕੀਤੀ ਗਈ ਕਿ ਕਿਸੇ ਨੇ ਵੀ ਕਾਨੂੰਨ ਨੂੰ ਹੱਥ ’ਚ ਨਹੀਂ ਲੈਣਾ, ਕਿਸੇ ਖਿਲਾਫ਼ ਇਤਰਾਜ਼ਯੋਗ ਜਾਂ ਅਪਮਾਨਜਨਕ ਸ਼ਬਦਾਵਲੀ ਦੀ ਸਖਤ ਮਨਾਹੀ ਹੈ, ਦੁਕਾਨਦਾਰਾਂ ਜਾਂ ਕਿਸੇ ਵੀ ਉਦਯੋਗਪਤੀ ਦੇ ਕਾਰੋਬਾਰ ’ਚ ਅੜਿੱਕਾ ਪੈਦਾ ਨਹੀਂ ਕਰਨਾ, ਸਾਡਾ ਕੰਮ ਸਿਰਫ਼ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨਾ ਹੈ। ਇਸ ਦੇ ਬਾਵਜੂਦ ਪੁਲਿਸ ਨੇ 14 ਅਕਤੂਬਰ 2015 ਨੂੰ ਸਵੇਰੇ ਤੜਕਸਾਰ ਨਿਤਨੇਮ ਕਰ ਰਹੀਆਂ ਸੰਗਤਾਂ ਉੱਪਰ ਲਾਠੀਚਾਰਜ, ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ ਵਰਸਾਉਣ ਦੇ ਨਾਲ-ਨਾਲ ਅੰਨ੍ਹੇਵਾਹ ਗੋਲੀ ਚਲਾ ਕੇ ਅਨ੍ਹੇਕਾਂ ਨਿਰਦੋਸ਼ ਮਰਦ, ਔਰਤਾਂ, ਬੱਚੇ ਤੇ ਬਜ਼ੁਰਗਾਂ ਨੂੰ ਜ਼ਖ਼ਮੀ ਕਰ ਦਿੱਤਾ। ਜਿਸ ਬਾਰੇ ਪੁਲਿਸ ਵੱਲੋਂ ਭੜਕਾਹਟ ਪੈਦਾ ਕਰਨ, ਵਾਹਨਾਂ ਦੀ ਭੰਨਤੋੜ ਕਰਨ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਏ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ’ਚ ਪਹੁੰਚ ਗਈਆਂ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਦੁਖਦਾਇਕ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ, ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਇਕ ਕਰੋੜ ਰੁਪਏ ਦਾ ਇਨਾਮ ਦੇਣ ਦੇ ਐਲਾਨ ਦੇ ਨਾਲ-ਨਾਲ ਸਿੱਖਾਂ ਉੱਪਰ ਦਰਜ ਹੋਏ ਸਾਰੇ ਪੁਲਿਸ ਕੇਸ ਵਾਪਸ ਲੈਣ, ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਦੇ ਹੱਕ ’ਚ ਕੀਤੇ ਫੈਸਲੇ ਨੂੰ ਵਾਪਸ ਲੈਣ ਦੀਆਂ ਖ਼ਬਰਾਂ ਵੀ ਚਰਚਾ ’ਚ ਰਹੀਆਂ।
ਦੋ ਸਿੱਖ ਨੌਜਵਾਨਾਂ ਦੀ ਸ਼ਹੀਦੀ : ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਵਾਪਰੀ ਘਟਨਾ ਤੋਂ ਕੁਝ ਕੁ ਘੰਟਿਆਂ ਬਾਅਦ ਪੁਲਿਸ ਦੀ ਗੋਲੀ ਨਾਲ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਧਰਨਾ ਦੇ ਰਹੇ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ। ਨਾ ਤਾਂ ਕੋਟਕਪੂਰੇ ਅਤੇ ਨਾ ਹੀ ਬਹਿਬਲ ਕਲਾਂ ਵਿਖੇ ਪੁਲਿਸ ਨੇ ਜ਼ਿਲ•ਾ ਮੈਜਿਸਟ੍ਰੇਟ ਤੋਂ ਗੋਲੀ ਚਲਾਉਣ ਦੀ ਆਗਿਆ ਲੈਣ ਦੀ ਜਰੂਰਤ ਸਮਝੀ, ਪੁਲਿਸ ਦੀ ਜ਼ਿਆਦਤੀ ਤੇ ਧੱਕੇਸ਼ਾਹੀ ਦਾ ਸ਼ਿਕਾਰ ਹੁੰਦਿਆਂ ਇਕ ਪਰਿਵਾਰ ਦਾ ਕਮਾਊ ਪੁੱਤ ਗੁਰਜੀਤ ਸਿੰਘ ਸਰਾਵਾਂ, ਜਦਕਿ ਦੂਜੇ ਪਰਿਵਾਰ ਦਾ ਗੁਜਾਰਾ ਚਲਾਉਣ ਵਾਲਾ ਮੋਢੀ ਕ੍ਰਿਸ਼ਨ ਸਿੰਘ ਨਿਆਮੀਵਾਲਾ ਸ਼ਹਾਦਤ ਦਾ ਜਾਮ ਪੀ ਗਿਆ।
ਤਸ਼ੱਦਦ ਤੋਂ ਬਾਅਦ ਝੂਠੇ ਪੁਲਿਸ ਕੇਸ : 14 ਅਕਤੂਬਰ 2015 ਨੂੰ ਪੁਲਿਸ ਪ੍ਰਸ਼ਾਸ਼ਨ ਨੇ ਕਾਨੂੰਨ ਨੂੰ ਹੱਥ ’ਚ ਲੈ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਅਤੇ 100 ਦੇ ਕਰੀਬ ਨਿਰਦੋਸ਼ ਸਿੰਘਾਂ ਨੂੰ ਜ਼ਖ਼ਮੀ ਕਰ ਦਿੱਤਾ। ਸਿਟੀ ਥਾਣਾ ਕੋਟਕਪੂਰਾ ਵਿਖੇ ਕੁਝ ਨਾਮਜ਼ਦ ਅਤੇ ਬਾਕੀਆਂ ਖਿਲਾਫ਼ ਇਰਾਦਾ ਕਤਲ ਤੋਂ ਇਲਾਵਾ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ, ਜਦਕਿ ਬਾਜਾਖਾਨਾ ਥਾਣੇ ’ਚ ਵੀ ਪੁਲਿਸ ਨੇ ਅਜਿਹੀ ਗਲਤੀ ਦੁਹਰਾਉਂਦਿਆਂ ਉਲਟਾ ਪੀੜ•ਤ ਸਿੱਖਾਂ ਖਿਲਾਫ਼ ਹੀ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ। ਦੁਨੀਆਂ ਦੇ ਕੋਨੇ-ਕੋਨੇ ’ਚ ਬੈਠੀਆਂ ਇਨਸਾਫ਼ ਪਸੰਦ ਸੰਗਤਾਂ ’ਚ ਹਾ-ਹਾਕਾਰ ਮੱਚਣ ਤੋਂ ਬਾਅਦ ਸਰਕਾਰ ਨੇ ਸਾਰੇ ਪੁਲਿਸ ਕੇਸ ਰੱਦ ਕਰਨ ਅਤੇ ਫੜੇ ਸਿੰਘਾਂ ਦੀ ਰਿਹਾਈ ਦਾ ਹੁਕਮ ਸੁਣਾਇਆ।
ਰੋਸ ਧਰਨਿਆਂ ਦੀ ਵਧੀ ਤਦਾਦ : ਬਾਦਲ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਗਲਤ-ਫ਼ਹਿਮੀ ਪੈਦਾ ਹੋ ਗਈ ਕਿ ਕੇਸ ਰੱਦ ਹੋਣ ਅਤੇ ਫੜੇ ਸਿੰਘਾਂ ਦੀ ਰਿਹਾਈ ਤੋਂ ਬਾਅਦ ਮਾਮਲਾ ਸ਼ਾਂਤ ਹੋ ਜਾਵੇਗਾ ਪਰ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੀਆਂ ਸੰਗਤਾਂ ਨੇ ਰੋਸ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਸ਼ਾਂਤਮਈ ਰੋਸ ਧਰਨਿਆਂ ਦੌਰਾਨ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਤੱਕ ਅਣਮਿੱਥੇ ਸਮੇਂ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਹੋਰ ਵੀ ਕਈ ਥਾਂ ਪੁਲਿਸ ਅਤੇ ਸੰਗਤਾਂ ’ਚ ਟਕਰਾਅ ਹੋਇਆ ਅਤੇ ਹਰ ਥਾਂ ਤਣਾਅ ਵਾਲਾ ਮਾਹੌਲ ਬਣਿਆ ਰਿਹਾ।
ਰੁਪਿੰਦਰ ਤੇ ਜਸਵਿੰਦਰ ਦੀ ਗ੍ਰਿਫ਼ਤਾਰੀ : 16 ਤੇ 17 ਅਕਤੂਬਰ 2015 ਦੀ ਦਰਮਿਆਨੀ ਰਾਤ ਨੂੰ ਪਿੰਡ ਪੰਜਗਰਾਂਈ ਖੁਰਦ ਨੂੰ ਘੇਰਾ ਪਾ ਕੇ ਪੁਲਿਸ ਨੇ ਜਸਵਿੰਦਰ ਸਿੰਘ ਤੇ ਉਸਦੇ ਪਿਤਾ ਦਰਸ਼ਨ ਸਿੰਘ ਦਰਦੀ ਨੂੰ ਚੁੱਕ ਲਿਆ, ਜਦਕਿ ਜਸਵਿੰਦਰ ਦੀ ਭੈਣ ਤੇ ਮਾਤਾ ਨਾਲ ਬਦਸਲੂਕੀ ਵੀ ਕੀਤੀ ਗਈ। ਮਿਤੀ 14 ਅਕਤੂਬਰ 2015 ਦੇ ਪੁਲਿਸ ਵੱਲੋਂ ਢਾਹੇ ਤਸ਼ੱਦਦ ’ਚ ਰੁਪਿੰਦਰ ਸਿੰਘ ਦੀ ਰੀੜ ਦੀ ਹੱਡੀ ’ਤੇ ਸੱਟ ਲੱਗਣ ਕਰਕੇ ਉਹ ਪਿੰਡ ’ਚ ਕਿਸੇ ਦੋਸਤ ਦੇ ਘਰ ਸੁੱਤਾ ਸੀ, ਜਿਥੋਂ ਪੁਲਿਸ ਨੇ ਰੁਪਿੰਦਰ ਸਿੰਘ ਨੂੰ ਸਟਰੈਚਰ ’ਤੇ ਪਾਇਆ ਤੇ ਉਸ ਦੇ ਦੋ ਹੋਰ ਦੋਸਤਾਂ ਅਮਨਦੀਪ ਸਿੰਘ ਅਮਨਾ ਤੇ ਗੁਰਲਾਲ ਸਿੰਘ ਰਿੰਕੂ ਨੂੰ ਵੀ ਹਿਰਾਸਤ ’ਚ ਲੈ ਕੇ ਸੀ.ਆਈ.ਏ.ਸਟਾਫ਼ ਫ਼ਰੀਦਕੋਟ ਵਿਖੇ ਬੰਦ ਕਰ ਦਿੱਤਾ। ਪੰਥਕ ਜੱਥੇਬੰਦੀਆਂ ਅਨੁਸਾਰ ਉਕਤ ਨੌਜਵਾਨਾਂ ਦੀ ਸੀ.ਆਈ.ਏ.ਸਟਾਫ਼ ’ਚ ਕੁੱਟਮਾਰ ਕੀਤੀ ਗਈ ਪਰ ਪਿੰਡ ਦੀ ਪੰਚਾਇਤ ਦੇ ਦਬਾਅ ਕਾਰਨ ਰੁਪਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ, ਅਮਨਦੀਪ ਸਿੰਘ ਅਮਨਾ ਤੇ ਗੁਰਲਾਲ ਸਿੰਘ ਰਿੰਕੂ ਨੂੰ ਛੱਡ ਦਿੱਤਾ ਗਿਆ।
ਦੋ ਸਕੇ ਭਰਾਵਾਂ ਨੂੰ ਦੋਸ਼ੀ ਸਾਬਤ ਕਰਨਾ : ਦੁਬਈ, ਆਸਟ੍ਰੇਲੀਆ ਤੇ ਹਾਂਗਕਾਂਗ ਆਦਿਕ ਤੋਂ ਆਈਆਂ ਫੋਨ ਕਾਲਾਂ ਦੇ ਅਧਾਰ ’ਤੇ ਗੁਰੂ ਘਰ ਦੇ ਪੱਕੇ ਸ਼ਰਧਾਲੂਆਂ ਨੂੰ ਮਿਤੀ 20 ਅਕਤੂਬਰ 2015 ਨੂੰ ਦੇਰ ਸ਼ਾਮ ਬਾਦਲ ਪਰਿਵਾਰ ਦੇ ਪ੍ਰਭਾਵ ਵਾਲੇ ਇਕ ਨਿੱਜੀ ਟੀ.ਵੀ.ਚੈੱਨਲ ਰਾਹੀਂ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੋਸ਼ੀ ਐਲਾਨ ਦਿੱਤਾ ਗਿਆ। ਅਗਲੇ ਦਿਨ ਦੁਬਈ, ਆਸਟ੍ਰੇਲੀਆ ਤੇ ਹਾਂਗਕਾਂਗ ਤੋਂ ਕਾਲਾਂ ਕਰਨ ਵਾਲੇ ਦਾਨੀ ਸੱਜਣਾਂ ਨੇ ਸ਼ੋਸ਼ਲ ਮੀਡੀਏ ਰਾਹੀਂ ਸਪਸ਼ਟੀਕਰਨ ਦਿੰਦਿਆਂ ਪੁਲਿਸ ਪ੍ਰਸ਼ਾਸ਼ਨ ਦੀ ਮਨਘੜ•ਤ ਕਹਾਣੀ ਦਾ ਪਰਦਾਫਾਸ਼ ਕਰ ਦਿੱਤਾ। ਇਸ ਤੋਂ ਇਲਾਵਾ ਪਿੰਡ ਪੰਜਗਰਾਂਈ ਖੁਰਦ ਦੀ ਸਮੁੱਚੀ ਪੰਚਾਇਤ, ਬੱਚੇ-ਬੱਚੇ ਸਮੇਤ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੀ ਕੋਝੀ ਹਰਕਤ ਨੂੰ ਨਿਰਾ ਝੂਠ ਦੱਸਦਿਆਂ ਰੱਦ ਕਰ ਦਿੱਤਾ।
ਅਣਪਛਾਤੇ ਪੁਲਸੀਆਂ ਖਿਲਾਫ਼ ਕੇਸ : ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਘਟਨਾਕ੍ਰਮ ਦੀ ਜਾਂਚ ਕਰਨ ਤੋਂ ਬਾਅਦ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਹੋਏ ਗੋਲੀਕਾਂਡ ਦਾ ਜ਼ਿਕਰ ਤਾਂ ਨਾ ਕੀਤਾ ਪਰ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਤੇ ਅਨੇਕਾਂ ਜ਼ਖ਼ਮੀਆਂ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਧਾਰਾ 302 ਸਮੇਤ ਹੋਰ ਅਨੇਕਾਂ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਪੁਲਿਸ ਅਧਿਕਾਰੀਆਂ ਖਿਲਾਫ਼ ਮਾਮਲਾ ਕਰਨ ਦੀ ਹਦਾਇਤ ਕਰ ਦਿੱਤੀ ਪਰ ਅੱਜ ਤੱਕ ਉਸ ਮਾਮਲੇ ਬਾਰੇ ਪੀੜ•ਤ ਪਰਿਵਾਰਾਂ, ਪੰਥਕ ਜੱਥੇਬੰਦੀਆਂ ਜਾਂ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਪੰਥਕ ਜੱਥੇਬੰਦੀਆਂ ਵੱਲੋਂ ਮੰਗ ਪੱਤਰ : ਪੰਥਕ ਜੱਥੇਬੰਦੀਆਂ ਤੇ ਸਿੱਖ ਸੰਸਥਾਵਾਂ ਨੇ ਪਿੰਡ ਪੰਜਗਰਾਂਈ ਖੁਰਦ ਵਿਖੇ ਅਰਦਾਸ ਸਮਾਗਮ ਕਰਾਉਂਦਿਆਂ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਰੁਪਿੰਦਰ ਤੇ ਜਸਵਿੰਦਰ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੰਗਤਾਂ ਦੇ ਸਨਮੁੱਖ ਕੀਤਾ ਤਾਂ ਸਾਰੀ ਅਸਲੀਅਤ ਸਾਹਮਣੇ ਆ ਗਈ ਕਿ ਉਕਤ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਸਰਕਾਰ ਨੇ ਆਪਣਾ ਉੱਲੂ ਸਿੱਧਾ ਕਰਨਾ ਸੀ ਪਰ ਉਕਤ ਹਰਕਤ ਉਸਨੂੰ ਹੋਰ ਮਹਿੰਗੀ ਪੈ ਗਈ। ਹਜ਼ਾਰਾਂ ਦੀ ਗਿਣਤੀ ’ਚ ਪੰਥਦਰਦੀਆਂ ਨੇ ਰੋਸ ਮਾਰਚ ਰਾਹੀਂ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫ਼ਤਰ ਵਿਖੇ ਪਹੁੰਚ ਕੇ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਨਿਰਦੋਸ਼ ਨੌਜਵਾਨਾਂ ਨੂੰ ਬਿਨ੍ਹਾਂ ਦੇਰੀ ਰਿਹਾਅ ਕੀਤਾ ਜਾਵੇ।
ਪੁਲਿਸ ਕਾਰਵਾਈ ਨੂੰ ਸ਼ੱਕੀ ਤੇ ਝੂਠਾ ਦਰਸਾਉਣ ਵਾਲੇ ਕੁਝ ਤੱਥ : ਪੁਲਿਸ ਪ੍ਰਸ਼ਾਸ਼ਨ ਨੇ ਦਾਅਵਾ ਕੀਤਾ ਸੀ ਕਿ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ’ਚ ਫੜੇ ਗਏ ਸਿੱਖ ਨੌਜਵਾਨਾਂ ਨੂੰ ਵਿਦੇਸ਼ਾਂ ’ਚੋਂ ਲੱਖਾਂ ਰੁਪੈ ਇਸ ਕੰਮ ਲਈ ਮਿਲੇ, ਪੰਜਾਬ ਭਰ ਦੇ ਬਿਜਲਈ ਤੇ ਪ੍ਰਿੰਟ ਮੀਡੀਏ ਨਾਲ ਜੁੜੇ ਪੱਤਰਕਾਰਾਂ ਨੇ ਖੁਦ ਜਾ ਕੇ ਉਕਤ ਨੌਜਵਾਨਾਂ ਦੇ ਘਰ ਦੀ ਹਾਲਤ ਦੇਖੀ ਤਾਂ ਬਿਨ੍ਹਾਂ ਦਰਵਾਜ਼ਿਆਂ ਵਾਲੇ ਘਰ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਕਤ ਪਰਿਵਾਰ ਗੁਰਬੱਤ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਫੋਨ ਰਿਕਾਰਡਿੰਗ ਵਾਲੇ ਦੋਸ਼ ਨੂੰ ਵੀ ਵਿਦੇਸ਼ਾਂ ’ਚੋਂ ਫੋਨ ਕਾਲ ਕਰਨ ਵਾਲੇ ਦਾਨੀ ਸੱਜਣਾਂ ਨੇ ਝੁਠਲਾ ਦਿੱਤਾ। ਪਹਿਲਾਂ ਪਿੰਡ ਪੰਜਗਰਾਂਈ ਖੁਰਦ ਅਤੇ ਬਾਅਦ ’ਚ ਦਰਜਨਾਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ-ਨਾਲ ਪੰਥਕ ਜੱਥੇਬੰਦੀਆਂ ਅਤੇ ਦੁਨੀਆਂ ਦੇ ਕੋਨੇ-ਕੋਨੇ ’ਚ ਵਸਦੀਆਂ ਸਿੱਖ ਸੰਗਤਾਂ ਨੇ ਰੁਪਿੰਦਰ ਤੇ ਜਸਵਿੰਦਰ ਦੇ ਨਿਰਦੋਸ਼ ਹੋਣ ਦੀ ਗਵਾਹੀ ਭਰ ਦਿੱਤੀ ਸੀ। ਵਾਲ ਦੀ ਖੱਲ ਲਾਹੁਣ ਲਈ ਮਸ਼ਹੂਰ ਪੰਜਾਬ ਪੁਲਿਸ ਨੇ ਚੋਰੀ ਹੋਇਆ ਪਾਵਨ ਸਰੂਪ ਲੱਭਣ ਤੋਂ ਪਹਿਲਾਂ ਹੀ ਰੁਪਿੰਦਰ ਤੇ ਜਸਵਿੰਦਰ ਦੇ ਸਿਰ ਉਕਤ ਦੋਸ਼ ਮੜ• ਕੇ ਖੁਦ ਨੂੰ ਸੁਰਖਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਸਨੂੰ ਪੁੱਠੀ ਪੈਂਦੀ ਨਜ਼ਰ ਆਈ। ਪੁਲਿਸ ਨੇ 1 ਜੂਨ 2015 ਨੂੰ ਚੋਰੀ ਦੀ ਵਾਪਰੀ ਘਟਨਾ ਤੋਂ ਬਾਅਦ ਦੋ ਸਿਰੋ ਮੋਨੇ ਨੌਜਵਾਨਾਂ ਦੇ ਸਕੈੱਚ ਜਾਰੀ ਕੀਤੇ ਸਨ, ਮਾਮਲਾ ਦਰਜ ਹੋਇਆ, ਮਿਤੀ 25 ਸਤੰਬਰ 2015 ਨੂੰ ਧਮਕੀ ਭਰੇ ਪੋਸਟਰ ਮਿਲਣ ਤੋਂ ਬਾਅਦ ਮਾਮਲਾ ਦਰਜ ਹੋਣ ਤੱਕ ਸੀਮਤ ਰਹੀ ਕਾਰਵਾਈ ਅਤੇ ਮਿਤੀ 12 ਅਕਤੂਬਰ 2015 ਨੂੰ ਵਾਪਰੀ ਹਿਰਦੇਵੇਦਕ ਘਟਨਾ ਨੂੰ ਸੁਲਝਾਉਣ ਦੀ ਬਜਾਇ ਪੁਲਿਸ ਨੇ ਕਦਮ ਦਰ ਕਦਮ ਗਲਤੀਆਂ ਹੀ ਕੀਤੀਆਂ, ਜਿਨ੍ਹਾਂ ਨੂੰ ਸੁਲਝਾਉਣ ਲਈ ਪੁਲਿਸ ਨੂੰ ਸੂਝਬੂਝ ਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ। ਉਕਤ ਘਟਨਾਵਾਂ ਤੋਂ ਇੰਝ ਪ੍ਰਤੀਤ ਹੁੰਦਾ ਰਿਹਾ ਜਿਵੇਂ ਪੁਲਿਸ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੋਵੇ ਜਾਂ ਸਿੱਖ ਨੌਜਵਾਨਾਂ ਨੂੰ ਖਾੜਕੂਵਾਦ ਵੱਲ ਧਕੇਲਣ ਦੀਆਂ ਕੋਸ਼ਿਸ਼ਾਂ ’ਚ ਲੱਗੀ ਹੋਵੇ? ਕਿਉਂਕਿ ਹਰ ਤਰ•ਾਂ ਦੇ ਸਬੂਤ ਸਾਹਮਣੇ ਆ ਜਾਣ ਦੇ ਬਾਵਜੂਦ ਕਈ ਦਿਨ ਪੁਲਿਸ ਵੱਲੋਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ।
25 ਅਕਤੂਬਰ 2015 : ਬਰਗਾੜੀ ਦੇ ਖੇਡ ਸਟੇਡੀਅਮ ਵਿਖੇ ਹੋਏ ਸ਼ਰਧਾਂਜ਼ਲੀ ਸਮਾਗਮ ਮੌਕੇ ਬੜਾ ਕੁਝ ਹਾਂਪੱਖੀ-ਨਾਂਹਪੱਖੀ ਅਤੇ ਵੱਖਰਾ-ਵੱਖਰਾ ਦੇਖਣ ਨੂੰ ਮਿਲਿਆ। ਭਾਵੇਂ ਉਕਤ ਸਮਾਗਮ ਦੇ ਨਤੀਜੇ ਪੰਥ ਦੇ ਭਲੇ ਲਈ ਨਿਕਲਣ ਦੀ ਆਸ-ਉਮੀਦ ਸੀ ਪਰ ਫ਼ਿਰ ਵੀ ਉਕਤ ਸਮਾਗਮ ਦੀ ਤੁਲਨਾ ਅੱਜ ਤੋਂ 25-30 ਸਾਲ ਪਹਿਲਾਂ ਹੋਣ ਵਾਲੇ ਸ਼ਰਧਾਂਜ਼ਲੀ ਜਾਂ ਹੋਰ ਧਾਰਮਿਕ ਸਮਾਗਮਾਂ ਨਾਲ ਕੀਤੀ ਗਈ। ਲਗਾਤਾਰ 5 ਘੰਟੇ ਚੱਲੇ ਉਕਤ ਸ਼ਰਧਾਂਜ਼ਲੀ ਸਮਾਗਮ ’ਚ ਜੋ-ਜੋ ਗੱਲਾਂ ਦਾ ਜ਼ਿਕਰ ਹੋਇਆ ਜਾਂ ਤਕਰੀਰਾਂ ਕੀਤੀਆਂ ਗਈਆਂ ਸਨ, ਉਸ ਸਮੱਸਿਆ ਜਾਂ ਆਉਣ ਵਾਲੇ ਭਵਿੱਖੀ ਖਤਰੇ ਬਾਰੇ ਮਿਸ਼ਨਰੀ ਪ੍ਰਚਾਰਕਾਂ ਵੱਲੋਂ ਪਿਛਲੇ ਕਰੀਬ 20-22 ਸਾਲਾਂ ਤੋਂ ਸੰਗਤਾਂ ਨੂੰ ਸੁਚੇਤ ਕੀਤਾ ਜਾ ਰਿਹਾ ਸੀ। ਭਾਵੇਂ ਮੰਚ ’ਤੇ ਬਿਰਾਜਮਾਨ ਸਖਸ਼ੀਅਤਾਂ ਜਾਂ ਪੰਥ ਦਾ ਦਰਦ ਰੱਖਣ ਵਾਲੇ ਲੋਕ ਇਸ ਸੱਚ ਨੂੰ ਜਨਤਕ ਤੌਰ ’ਤੇ ਮੰਨਣ ਲਈ ਤਿਆਰ ਨਾ ਹੋਣ ਪਰ ਅੰਦਰੋਂ-ਅੰਦਰੀ ਉਹ ਇਹ ਮਹਿਸੂਸ ਕਰ ਰਹੇ ਸਨ ਕਿ ਰੋਜ਼ਾਨਾ ਸਪੋਕਸਮੈਨ ਦੇ ਪ੍ਰਬੰਧਕਾਂ ਵਿਰੁੱਧ ਬਾਦਲ ਪਰਿਵਾਰ, ਅਕਾਲੀ ਦਲ, ਤਖਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅਪਨਾਏ ਧੱਕੜਸ਼ਾਹੀ ਰਵੱਈਏ ਦੇ ਵਿਰੋਧ ’ਚ ਨਾ ਬੋਲਣਾ ਉਨ੍ਹਾਂ ਦੀ ਬਹੁਤ ਵੱਡੀ ਅਣਗਹਿਲੀ ਜਾਂ ਲਾਪ੍ਰਵਾਹੀ ਹੀ ਨਹੀਂ, ਬਲਕਿ ਬੱਜਰ ਗਲਤੀ ਸੀ। ਕਿਉਂਕਿ ਪੰਥ ਦੀ ਚੜ•ਦੀ ਕਲਾ ਦੇ ਪ੍ਰਤੀਕ ਤੇ ਅਵਾਜ਼ ਬਣ ਚੁੱਕੇ ਰੋਜ਼ਾਨਾ ਸਪੋਕਸਮੈਨ ਦੀ ਪੰਜਾਬ, ਪੰਜਾਬੀ, ਪੰਜਾਬੀਅਤ ਤੋਂ ਇਲਾਵਾ ਪੰਥ ਦੀ ਕੀਤੀ ਜਾ ਰਹੀ ਪਹਿਰੇਦਾਰੀ ਦੇ ਬਾਵਜੂਦ ਬਾਦਲ ਦਲ, ਤਖਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਤੇ ਇਨ੍ਹਾਂ ਦੇ ਪਿਛਲੱਗਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਪੰਥ ਵਿਰੋਧੀ ਸਾਬਤ ਕਰਨ ਲਈ ਹਰ ਕੋਝਾ ਹੱਥਕੰਡਾ ਵਰਤ ਲਿਆ ਪਰ ਕਾਮਯਾਬ ਨਾ ਹੋ ਸਕੇ। ਸ਼ਾਇਦ ਹੁਣ ਉਨ੍ਹਾਂ ਨੂੰ ਆਪਣੀਆਂ ਕੀਤੀਆਂ ਗਲਤੀਆਂ ਤੇ ਬੱਜਰ ਗੁਨਾਹਾਂ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ।
ਉਕਤ ਸ਼ਰਧਾਂਜ਼ਲੀ ਸਮਾਗਮ ਦੌਰਾਨ ਪਹਿਲੀ ਵਾਰ ਬਾਦਲ ਨੂੰ ਪੰਥ ਵਿਰੋਧੀ, ਆਰ.ਐਸ.ਐਸ. ਦਾ ਏਜੰਟ, ਸਿੱਖਾਂ ਦਾ ਦੁਸ਼ਮਣ ਤੇ ਸਿੱਖ ਸਿਧਾਂਤਾਂ ਦਾ ਘਾਣ ਕਰਨ ਵਾਲਾ ਕਹਿਣ ਦੇ ਨਾਲ-ਨਾਲ ਸਿੱਖਾਂ ਦਾ ਖੂਨ ਚੂਸਣ ਵਾਲਾ ਵਿਅਕਤੀ ਵੀ ਐਲਾਨਿਆ ਗਿਆ ਸੀ। ਇਹ ਵੀ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਪੰਥਕ ਇਕੱਠ ’ਚ ਅਕਾਲੀ ਦਲ, ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੋਵੇ। ਸਮਾਗਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿੱਖਾਂ ਦਾ ਦਰਦ ਸਮਝਣ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਕੋਲ ਦੁੱਖ ਪ੍ਰਗਟ ਕਰਨ ਲਈ ਖੁਦ ਪੁੱਜਣ ਅਤੇ ਪੰਥ ਦੇ ਨਾਂਅ ’ਤੇ ਵੋਟਾਂ ਲੈ ਕੇ ਸਰਕਾਰਾਂ ਬਣਾਉਣ, ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਪ੍ਰਭਾਵ ਅਧੀਨ ਰੱਖਣ ਵਾਲੇ ਅਕਾਲੀ ਦਲ ਦੇ ਮੁੱਖ ਮੰਤਰੀ ਵੱਲੋਂ ਪੀੜ•ਤ ਪਰਿਵਾਰਾਂ ਦੀ ਸਾਰ ਨਾ ਲੈਣ ਦੀ ਨੁਕਤਾਚੀਨੀ ਦੀ ਚਰਚਾ ਵੀ ਚੱਲੀ। ਸ਼ਰਧਾਂਜ਼ਲੀ ਸਮਾਗਮ ਮੌਕੇ ਕਾਂਗਰਸ, ਆਮ ਆਦਮੀ ਪਾਰਟੀ, ਬਸਪਾ, ਅਕਾਲੀ ਦਲ ਮਾਨ, ਪੀਪਲਜ਼ ਪਾਰਟੀ ਆਫ਼ ਪੰਜਾਬ, ਲੋਕ ਜਨਸ਼ਕਤੀ ਪਾਰਟੀ, ਦਲਿਤ ਸੈਨਾ ਤੇ ਭਾਜਪਾ ਸਮੇਤ ਹੋਰ ਅਨੇਕਾਂ ਸਿਆਸੀ ਪਾਰਟੀਆਂ ਦੀ ਸਿਖਰਲੀ ਕਤਾਰ ਦੇ ਆਗੂ ਮੌਜੂਦ ਸਨ ਪਰ ਅਕਾਲੀ ਦਲ ਬਾਦਲ ਦਾ ਇਕ ਵੀ ਆਗੂ ਜਾਂ ਨੁਮਾਇੰਦਾ ਉਥੇ ਦਿਖਾਈ ਨਾ ਦਿੱਤਾ। ਕਾਂਗਰਸ, ਆਮ ਆਦਮੀ ਪਾਰਟੀ ਤੇ ਬਸਪਾ ਵੱਲੋਂ ਬੋਲੇ ਬੁਲਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਦੇ ਨਾਲ-ਨਾਲ ਬਾਦਲ ਤੋਂ ਤੁਰਤ ਅਸਤੀਫ਼ੇ ਦੀ ਮੰਗ ਵੀ ਕੀਤੀ ਸੀ ਅਰਥਾਤ ਸਿਆਸਤ ਦਾ ਪੱਤਾ ਖੇਡਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਜ਼ਿਆਦਾਤਰ ਧਾਰਮਿਕ ਬੁਲਾਰਿਆਂ ਨੇ ਵਾਰ-ਵਾਰ ਦੱਸਿਆ ਕਿ ਇਹ ਸਮਾਗਮ ਨਿਰੋਲ ਧਾਰਮਿਕ ਹੈ ਤੇ ਇਸ ਸਮਾਗਮ ਦਾ ਮੁੱਖ ਮੰਤਵ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਤੋਂ ਇਲਾਵਾ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਦਾ ਪ੍ਰਣ ਹੈ। ਸਮਾਗਮ ਦੀ ਸਟੇਜ ’ਤੇ ਹੋਈਆਂ ਗਰਮ ਤਕਰੀਰਾਂ ’ਚ ਗੁੱਸਾ ਤੇ ਰੋਹ ਸਾਫ਼ ਝਲਕ ਰਿਹਾ ਸੀ ਅਤੇ ਸਟੇਜ ਦੇ ਨੇੜੇ ਬੈਠੀਆਂ ਸੰਗਤਾਂ ’ਚ ਬਿਰਾਜਮਾਨ ਨੌਜਵਾਨਾਂ ਵੱਲੋਂ ਗਰਮ ਨਾਹਰੇ ਲਾਉਣ ਦਾ ਸਿਲਸਿਲਾ ਵੀ ਬਾਸਤੂਰ ਜਾਰੀ ਰਿਹਾ।
ਭਾਈ ਕ੍ਰਿਸ਼ਨ ਸਿੰਘ ਨਿਆਮੀਵਾਲਾ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਨਮਿੱਤ ਹੋਏ ਸ਼ਰਧਾਂਜ਼ਲੀ ਸਮਾਗਮ ਦੌਰਾਨ ਪਿਛਲੇ 25-26 ਸਾਲਾਂ ਤੋਂ ਬਾਅਦ ਪਹਿਲੀ ਵਾਰ ਨੀਲੀਆਂ ਤੇ ਪੀਲੀਆਂ ਦਸਤਾਰਾਂ/ਚੁੰਨੀਆਂ ਵਾਲੇ ਮਰਦ-ਔਰਤਾਂ ਦਾ ਹਜ਼ੂਮ ਦੇਖਣ ਨੂੰ ਮਿਲਿਆ, ਜਿਸ ’ਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵੀ ਬਰਾਬਰ ਸੀ ਅਤੇ ਅੱਲੜ ਉਮਰ ਦੇ ਨੌਜਵਾਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਬਹੁਤੇ ਨੌਜਵਾਨਾਂ ਨੇ ਕੇਸਰੀ ਦਸਤਾਰਾਂ ਸਜਾ ਕੇ, ਬਾਹਰੋਂ ਗਾਤਰੇ ਅਤੇ ਸੰਤ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਪਹਿਨ ਕੇ ਹੱਥਾਂ ’ਚ ਵੱਡੀਆਂ ਕਿਰਪਾਨਾਂ ਵੀ ਫੜੀਆਂ ਹੋਈਆਂ ਸਨ। ਉਕਤ ਸ਼ਰਧਾਂਜ਼ਲੀ ਸਮਾਗਮ ਦਾ ਵਿਚਾਰਣਯੋਗ ਪਹਿਲੂ ਇਹ ਵੀ ਹੈ ਕਿ ਸੰਗਤਾਂ ਨੂੰ ਇਕੱਠਾ ਕਰਨ ਵਾਸਤੇ ਪ੍ਰਬੰਧਕਾਂ ਨੇ ਨਾ ਤਾਂ ਲੰਗਰ-ਪਾਣੀ ਅਤੇ ਨਾ ਹੀ ਬੱਸਾਂ-ਟਰੱਕਾਂ ਜਾਂ ਹੋਰ ਵਾਹਨਾਂ ਦਾ ਇੰਤਜ਼ਾਮ ਕੀਤਾ, ਬਲਕਿ ਲੰਗਰ-ਪਾਣੀ ਬਣਾਉਣ ਅਤੇ ਵਰਤਾਉਣ ਦੀ ਸੇਵਾ ਨੇੜਲੇ ਪਿੰਡਾਂ ਦੀਆਂ ਸੰਗਤਾਂ ਨੇ ਖੁਦ ਸੰਭਾਲੀ, ਜਦਕਿ ਉਥੇ ਪੁੱਜਣ ਵਾਲੀਆਂ ਸੰਗਤਾਂ ਨੇ ਵੀ ਆਪੋ-ਆਪਣੇ ਸਾਧਨਾਂ ਦੀ ਵਰਤੋਂ ਕੀਤੀ ਤੇ ਹਜ਼ਾਰਾਂ ਦੀ ਗਿਣਤੀ ’ਚ ਪੁੱਜੀਆਂ ਸੰਗਤਾਂ ਦੇ ਇਕੱਠ ਤੋਂ ਅਜੀਬ ਤਰ•ਾਂ ਦੀ ਚਰਚਾ ਛਿੜਣੀ ਸੁਭਾਵਿਕ ਸੀ। ਸ਼ਰਧਾਂਜ਼ਲੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਬੰਧੀ ਵਾਪਰੀਆਂ ਘਟਨਾਵਾਂ ਦੀ ਤੁਲਨਾ ਜੂਨ 1984 ਦੇ ਘੱਲੂਘਾਰੇ ਨਾਲ ਕਰਦਿਆਂ ਕਿਹਾ ਸੀ ਕਿ ਜਿਸ ਤਰ•ਾਂ ਜੂਨ ’84 ’ਚ ਕਾਂਗਰਸ, ਭਾਜਪਾ, ਕਾਮਰੇਡ ਸੋਵੀਅਤ ਰੂਸ, ਮਾਰਗਰੇਟ ਥੈਚਰ ਬਰਤਾਨੀਆ ਅਤੇ ਇਨ੍ਹਾਂ ਰਵਾਇਤੀ ਅਕਾਲੀਆਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਕੇ ਹਜ਼ਾਰਾਂ ਦੀ ਗਿਣਤੀ ’ਚ ਬੇਕਸੂਰ ਬੱਚਿਆਂ, ਬੀਬੀਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਭਾਰਤੀ ਫੌਜ਼ਾਂ ਹੱਥੋਂ ਸ਼ਹੀਦ ਕਰਵਾਇਆ ਸੀ, ਇਸੇ ਤਰ•ਾਂ ਨਵੰਬਰ ’84 ’ਚ ਦਿੱਲੀ ਸਮੇਤ ਭਾਰਤ ਦੇ ਕਈ ਹੋਰ ਸੂਬਿਆਂ ’ਚ ਨਸਲਕੁਸ਼ੀ ਵੀ ਕਰਵਾਈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਨੈਲਸਨ ਮੰਡੇਲਾ ਨਾਲ ਕਰਕੇ ਜ਼ਖ਼ਮੀ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਮਾਰਨਾ ਕਰਾਰ ਦਿੱਤਾ। ਕਿਉਂਕਿ ਨੈਲਸਨ ਮੰਡੇਲਾ ਨੇ 28 ਸਾਲ ਜ਼ੇਲ• ’ਚ ਰਹਿ ਕੇ ਆਪਣੀ ਕੌਮ ਦੇ ਹੱਕਾਂ ਦੀ ਤਰਜ਼ਮਾਨੀ ਕੀਤੀ ਤੇ ਇਸ ਦੇ ਉਲਟ ਪ੍ਰਕਾਸ਼ ਸਿੰਘ ਬਾਦਲ ਨੇ ਲਗਭਗ 22 ਸਾਲ ਤੋਂ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠ ਕੇ ਸਿੱਖ ਕੌਮ ਦੇ ਸਿਧਾਂਤਾਂ, ਅਸੂਲਾਂ, ਫਰਜ਼ਾਂ ਅਤੇ ਪੰਥਕ ਰਵਾਇਤਾਂ ਨੂੰ ਛਿੱਕੇ ਟੰਗ ਕੇ ਪੰਥ ਨਾਲ ਧਰੋਅ ਕਮਾਇਆ।
ਮਿਤੀ 14 ਅਕਤੂਬਰ 2015 ਨੂੰ ਕੋਟਕਪੂਰੇ ਅਤੇ ਪਿੰਡ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਤੋਂ ਬਾਅਦ ਪੰਜਾਬ ’ਚ ਜਾਗਦੀ ਜ਼ਮੀਰ ਵਾਲੇ ਅਕਾਲੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਦੌਰ ਸ਼ੁਰੂ ਹੋ ਗਿਆ ਸੀ। ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਆਗੂਆਂ ਨੂੰ ਲੋਕਾਂ ’ਚ ਵਿਚਰਣ ਦੀ ਕੀਤੀ ਹਦਾਇਤ ਦਾ ਅਸਰ ਇਹ ਹੋਇਆ ਸੀ ਕਿ ਕਈ ਥਾਂ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਆਗੂਆਂ ਦੇ ਵਿਰੋਧ ਦੇ ਨਾਲ-ਨਾਲ ਗੱਲ ਹੱਥੋਪਾਈ ਤੱਕ ਵੀ ਪੁੱਜੀ। ਸਰਬੱਤ ਖਾਲਸਾ ਨਾਲ ਸਬੰਧਤ ਸਿਆਸੀ ਤੇ ਗੈਰਸਿਆਸੀਆਂ ਦੀ ਵੱਖਰੀ, ਜਦਕਿ ਗੋਲੀਕਾਂਡ ਨਾਲ ਜੁੜੀਆਂ ਪੰਥਕ ਧਿਰਾਂ ਦੀ ਉਸ ਤੋਂ ਵੱਖਰੀ ਬਿਆਨਬਾਜ਼ੀ ਅਖ਼ਬਾਰਾਂ ਤੇ ਸ਼ੋਸ਼ਲ ਮੀਡੀਏ ’ਚ ਛਾਈ ਰਹੀ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ•ਾ ਫਰੀਦਕੋਟ ਨਾਲ ਸਬੰਧਤ ਲੀਡਰਸ਼ਿਪ ਨੂੰ ਹਦਾਇਤ ਕੀਤੀ ਗਈ ਸੀ ਕਿ ਸ਼ਹੀਦ ਹੋਏ ਨੌਜਵਾਨਾਂ ਦੇ ਪਿੰਡਾਂ ’ਚ ਉਨ੍ਹਾਂ ਦੀ ਫੇਰੀ ਦਾ ਮਾਹੌਲ ਤਿਆਰ ਕੀਤਾ ਜਾਵੇ। ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਸੂਬਾਈ ਆਗੂਆਂ ਦੀ ਪਿੰਡ ਸਰਾਵਾਂ ਤੇ ਨਿਆਮੀਵਾਲਾ ਦੀ ਫੇਰੀ ਨੇ ਬਾਦਲ ਪਰਿਵਾਰ ਲਈ ਹੋਰ ਮੁਸ਼ਕਲਾਂ ਖੜ•ੀਆਂ ਕਰ ਦਿੱਤੀਆਂ ਸਨ। ਉਹ ਬਰਗਾੜੀ ਅਤੇ ਉਕਤ ਪਿੰਡਾਂ ’ਚ ਫੇਰੀ ਪਾਉਣ ਲਈ ਉਤਾਵਲੇ ਸਨ ਤੇ ਜ਼ਿਲ•ਾ ਫਰੀਦਕੋਟ ਦੀ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਵੱਲੋਂ 10-10 ਲੱਖ ਰੁਪਏ ਦੇ ਚੈੱਕ ਲੈ ਕੇ ਦੋਨਾਂ ਪਿੰਡਾਂ ’ਚ ਦਸਤਕ ਦਿੱਤੀ, ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਫੇਰੀ ਦਾ ਮਾਹੌਲ ਤਿਆਰ ਕਰ ਲਿਆ। ਸੁਖਬੀਰ ਬਾਦਲ ਨੇ 23 ਨਵੰਬਰ 2015 ਨੂੰ ਬਠਿੰਡਾ ਵਿਖੇ ਸਦਭਾਵਨਾ ਰੈਲੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੰਜਾਬ ਭਰ ’ਚ ਅਜਿਹੀਆਂ ਰੈਲੀਆਂ ਕਰਨਗੇ ਤੇ ਆਮ ਲੋਕਾਂ ਨੂੰ ਦੱਸਣਗੇ ਕਿ ਗੋਲੀਕਾਂਡ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਸਿਆਸਤ ਕਰਨਾ ਠੀਕ ਨਹੀਂ। ਬਾਦਲ ਪਰਿਵਾਰ ਲਈ 23 ਨਵੰਬਰ 2015 ਤੋਂ ਪਹਿਲਾਂ-ਪਹਿਲਾਂ ਬਰਗਾੜੀ ਤੇ ਸ਼ਹੀਦਾਂ ਦੇ ਪਿੰਡਾਂ ’ਚ ਜਾਣ ਦੀ ਮਜਬੂਰੀ ਬਣ ਗਈ ਸੀ ਅਤੇ 17 ਨਵੰਬਰ 2015 ਦੀ ਸੁਖਬੀਰ ਦੀ ਫੇਰੀ ਮੌਕੇ ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨਾ ਚਾਹਿਆ ਤਾਂ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਥਾਣੇ ’ਚ ਬੰਦ ਕਰ ਦਿੱਤਾ।
ਹੁਣ ਤੱਕ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਅੰਮ੍ਰਿਤਧਾਰੀ ਸਿੱਖ ਨੌਜਵਾਨ : ਬੇਅਦਬੀ ਕਾਂਡ ਤੋਂ ਬਾਅਦ ਉਲਟਾ ਇਨਸਾਫ ਦੀ ਮੰਗ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਹੀ ਪੁਲਸੀਆ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਜਿੰਨ੍ਹਾਂ ਨੂੰ ਇਕ ਤੋਂ ਵੱਧ ਵਾਰ ਸੀ ਆਈ ਏ ਸਟਾਫ ਫਰੀਦਕੋਟ ਜਾਂ ਹੋਰ ਵੱਖ-ਵੱਖ ਥਾਣਿਆਂ ’ਚ ਬੁਲਾ ਕੇ ਪੁਛਗਿੱਛ ਦੇ ਨਾਂਅ ’ਤੇ ਜਲੀਲ ਕੀਤਾ ਗਿਆ ਤੇ ਉਨ੍ਹਾਂ ਉਪਰ ਬੇਤਹਾਸ਼ਾ ਤਸ਼ੱਦਦ ਵੀ ਕੀਤਾ ਜਾਂਦਾ। ਇਨ੍ਹਾਂ ’ਚ ਕੁਝ ਚੋਣਵੇਂ ਨਾਂਅ ਕਵੀਸ਼ਰ ਮੱਖਣ ਸਿੰਘ ਮੁਸਾਫਿਰ, ਦੋ ਸਕੇ ਭਰਾ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਪੰਜਗਰਾਂਈ, ਗੁਰਮੁੱਖ ਸਿੰਘ ਖਾਲਸਾ ਬਰਗਾੜੀ, ਸੁਖਵਿੰਦਰ ਸਿੰਘ ਗੋਂਦਾਰਾ, ਰਣਜੀਤ ਸਿੰਘ ਖਾਲਸਾ ਬੁਰਜ, ਗੁਰਜੀਤ ਸਿੰਘ ਖਾਲਸਾ ਬੁਰਜ, ਗੋਰਾ ਸਿੰਘ ਗ੍ਰੰਥੀ ਆਦਿਕ ਪ੍ਰਮੁੱਖ ਹਨ, ਅਜੀਬ ਵਿਡੰਬਨਾ ਹੈ ਕਿ ਇਨਸਾਫ ਦੀ ਮੰਗ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਹੀ ਪੁਛਗਿੱਛ ਦੇ ਬਹਾਨੇ ਪੁਲਿਸ ਥਾਣਿਆਂ ’ਚ ਬੁਲਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ।
ਪੀੜ•ਤ ਪਰਿਵਾਰ ਅਜੇ ਵੀ ਇਨਸਾਫ਼ ਦੀ ਉਡੀਕ ’ਚ ਹਨ, ਗੈਰ ਸਿਆਸੀ ਪੰਥਕ ਧਿਰਾਂ ਆਪੋ-ਆਪਣੇ ਪ੍ਰਚਾਰ ਵਾਲੇ ਸਮਾਗਮਾਂ ’ਚ ਰੁੱਝ ਗਈਆਂ ਹਨ ਤੇ ਕੁਝ ਸਿਆਸਤ ’ਚ ਹਿੱਸਾ ਲੈਣ ਵਾਲੀਆਂ ਪੰਥਕ ਧਿਰਾਂ ਨੇ ਇਸ ਕਾਂਡ ਨੂੰ ਸਿਆਸੀ ਮੁੱਦਾ ਬਣਾ ਕੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਲਾਹਾ ਲੈਣ ਦੀ ਵਿਉਂਤਬੰਦੀ ਆਰੰਭ ਦਿੱਤੀ ਹੈ। ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ’ਚ ਬੇਅਦਬੀ ਕਾਂਡ ਦੇ ਨੁਕਸਾਨ ਦਾ ਖ਼ਮਿਆਜਾ ਅਕਾਲੀ ਦਲ ਬਾਦਲ ਨੂੰ ਭੁਗਤਨਾ ਪੈ ਸਕਦਾ ਹੈ ਪਰ ਇਸ ਦਾ ਸਿਆਸੀ ਲਾਹਾ ਕੌਣ ਲਵੇਗਾ, ਇਹ ਅਜੇ ਭਵਿੱਖ ਹੀ ਤੈਅ ਕਰੇਗਾ। ਪਰ ਪਤਾ ਨਹੀਂ ਕਿੰਨਾ ਕੁ ਚਿਰ ਹੋਰ ਪੀੜ•ਤ ਪਰਿਵਾਰ ਇਸ ਸਿਆਸੀ ਡਰਾਮੇਬਾਜ਼ੀ ਦਾ ਸ਼ਿਕਾਰ ਹੁੰਦੇ ਰਹਿਣਗੇ?
-ਗੁਰਿੰਦਰ ਸਿੰਘ ਕੋਟਕਪੂਰਾ
ਮੋਬਾ.98728-10153

Posted in: ਸਾਹਿਤ