ਨੌਜਵਾਨਾਂ ਦੇ ਦੋ ਗੁੱਟ ਭਿੜੇ; ਤਲਵਾਰਾਂ ਤੇ ਬੇਸਬਾਲ ਬੈਟ ਚੱਲੇ

By September 27, 2016 0 Comments


ਮੋਗਾ, 27 ਸਤੰਬਰ: ਇੱਥੇ ਨਿਊ ਗੀਤਾ ਕਲੋਨੀ ਵਿੱਚ ਲੰਘੀ ਦੇਰ ਰਾਤ ਨੌਜਵਾਨਾਂ ਦੇ ਦੋ ਧੜਿਆਂ ਵਿੱਚ ਤਲਵਾਰਾਂ ਤੇ ਬੇਸਬਾਲਾਂ ਨਾਲ ਲੜਾਈ ਹੋਈ। ਲੜਾਈ ਦੌਰਾਨ ਗੋਲੀਬਾਰੀ ਵੀ ਹੋਈ। ਇਸ ਮੌਕੇ ਜ਼ਖ਼ਮੀ ਹੋਏ ਇੱਕ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਦੇ ਸਮੇਂ ਸਿਰ ਪਹੁੰਚਣ ਕਾਰਨ ਵੱਡੀ ਘਟਨਾ ਤੋਂ ਬਚਾਅ ਹੋ ਗਿਆ। ਥਾਣਾ ਸਿਟੀ ਦੱਖਣੀ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਰਵਾਨਾਂ ਨਗਰ, ਮੋਗਾ ਅਤੇ ਜਸਵੰਤ ਸਿੰਘ ਪਿੰਡ ਜੈਮਲਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਰਭਿੰਦਰ ਸਿੰਘ ਵਾਸੀ ਮੁਹੱਲਾ ਅੰਗਦਪੁਰਾ ਦੇ ਬਿਆਨਾਂ ਉੱਤੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਇਲਾਵਾ ਬਲਰਾਜ ਸਿੰਘ, ਦੁਰਲੱਭ ਸਿੰਘ ਤੇ ਦੇਵਿੰਦਰ ਸਿੰਘ ਤਿੰਨੇ ਪਿੰਡ ਬੁੱਕਣਵਾਲਾ, ਸੁਖਰਾਜ ਸਿੰਘ, ਸ਼ਰਨ ਸਿੰਘ ਪਿੰਡ ਸਿੰਘਾਂਵਾਲਾ, ਸੁੱਖੀ ਵਾਸੀ ਬਸਤੀ ਮੋਹਨ ਸਿੰਘ, ਮੋਗਾ ਅਤੇ 5 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੁਝ ਮੁਲਜ਼ਮ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਪਰਿਵਾਰਾਂ ਵਿੱਚੋਂ ਹਨ। ਪੁਲੀਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਪਿੰਦਰ ਸਿੰਘ ਨਾਂ ਦੇ ਲੜਕੇ ਨਾਲ ਸੋਮਵਾਰ ਨੂੰ ਮਾਮੂਲੀ ਝਗੜਾ ਹੋਇਆ ਸੀ। ਇਸ ਝਗੜੇ ਬਾਅਦ ਦੋਵਾਂ ਜਣਿਆਂ ਨੇ ਇੱਕ ਦੂਜੇ ਨੂੰ ਲਲਕਾਰਿਆ ਸੀ। ਇੱਥੇ ਨਿਊ ਗੀਤਾ ਕਾਲੋਨੀ ਵਿੱਚ ਦੋਵਾਂ ਗਰੁੱਪਾਂ ਦਾ ਟਕਰਾਅ ਹੋ ਗਿਆ। ਇਸ ਗੁੰਡਾਗਰਦੀ ਦੀ ਘਟਨਾ ਨੇੜੇ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਕਿਸੇ ਨੂੰ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ: ਡੀਐਸਪੀ

ਡੀਐਸਪੀ ਸਿਟੀ ਹਰਿੰਦਰ ਸਿੰਘ ਡੋਡ ਨੇ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਾਂਵੇ ਉਹ ਕਿਸੇ ਵੀ ਪਾਰਟੀ ਜਾਂ ਵਰਗ ਨਾਲ ਸਬੰਧ ਰਖਦਾ ਹੋਵੇ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਇੱਕ ਹੈ।