ਨਾ ਕੋ ਬੈਰੀ ਨਾਹਿ ਬਿਗਾਨਾ-ਭਾਈ ਘਨੱਈਆ ਜੀ

By September 24, 2016 0 Comments


bhai-kahnaiya-jiਸੇਵਾ ਮਨੁੱਖਤਾ ਦਾ ਸਭ ਤੋਂ ਅਹਿਮ ਗੁਣ ਹੁੰਦਾ ਹੈ। ਸੇਵਾ ਅਤੇ ਸਿਮਰਨ ਦੇ ਸੁਮੇਲ ਵਾਲਾ ਵਿਅਕਤੀ ਬ੍ਰਹਮ ਗਿਆਨੀ ਹੁੰਦਾ ਹੈ। ਇਨ੍ਹਾਂ ਉੱਤਮ ਗੁਣਾਂ ਦੀ ਬਖਸ਼ਿਸ਼ ਭਾਈ ਘਨੱਈਆ ਨੂੰ ਸੀ, ਜੋ ਕਿ ਅੱਜ ਦੇ ਸਮਾਜ ਲਈ ਮਾਰਗ-ਦਰਸ਼ਕ ਹਨ। ਭਾਈ ਘਨੱਈਆ ਦਾ ਜਨਮ ਪਿੰਡ ਸੋਧਰਾਂ ਨੇੜੇ ਵਜ਼ੀਰਾਬਾਦ (ਪਾਕਿਸਤਾਨ) ਵਿਖੇ ਸੰਨ 1648 ਈ: ਨੂੰ ਹੋਇਆ। ਇਨ੍ਹਾਂ ਦੇ ਮਾਤਾ ਦਾ ਨਾਂਅ ਮਾਤਾ ਸੁੰਦਰੀ ਅਤੇ ਪਿਤਾ ਦਾ ਨਾਂਅ ਭਾਈ ਨੱਥੂ ਰਾਮ ਸੀ। ਭਾਈ ਘਨੱਈਆ ਜੀ ਬਚਪਨ ਤੋਂ ਹੀ ਅਜਿਹੇ ਸੁਭਾਅ ਦੇ ਸਨ ਕਿ ਜਿਥੇ ਕਿਤੇ ਸਤਿਸੰਗ ਹੋਵੇ, ਕਥਾ ਕੀਰਤਨ ਹੋਵੇ, ਸਭ ਤੋਂ ਪਹਿਲਾਂ ਚਲੇ ਜਾਂਦੇ ਅਤੇ ਉਥੇ ਲੰਗਰ-ਪਾਣੀ ਦੀ ਸੇਵਾ ਆਪਣੇ ਹੱਥੀਂ ਕਰਦੇ। ਭਾਈ ਘਨੱਈਆ ਜੀ ਇਕ ਗੁਰੂ ਦੇ ਸਿੱਖ ਜਿਨ੍ਹਾਂ ਦਾ ਨਾਂਅ ਭਾਈ ਨੰਨੂਆ ਸੀ ਤੇ ਉਹ ਵਜ਼ੀਰਾਬਾਦ ਦੇ ਰਹਿਣ ਵਾਲੇ ਸਨ, ਦੇ ਸੰਪਰਕ ਵਿਚ ਆਏ ਅਤੇ ਇਨ੍ਹਾਂ ਦੀ ਸੰਗਤ ਵਿਚ ਰਹਿੰਦਿਆਂ ਹੀ ਭਾਈ ਘਨੱਈਆ ਨੂੰ ਗੁਰਬਾਣੀ ਦਾ ਪ੍ਰੇਮ ਸਿੱਖੀ ਸਿਦਕ ਅਤੇ ਪਰਮਾਤਮਾ ਦੀ ਪ੍ਰਾਪਤੀ ਦੀ ਤੜਪ ਪ੍ਰਚੰਡ ਹੋਈ ਅਤੇ ਗੁਰੂ ਤੇਗ ਬਹਾਦਰ ਜੀ ਦੇ ਚਰਨੀਂ ਲੱਗ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੇਵਾ ਕਰਨੀ ਸ਼ੁਰੂ ਕੀਤੀ।
ਜਦੋਂ ਅਨੰਦਪੁਰ ਸਾਹਿਬ ‘ਤੇ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਹਮਲਾ ਕੀਤਾ। ਘਮਸਾਨ ਦੀ ਜੰਗ ਹੋਈ, ਜਿਸ ਵਿਚ ਭਾਰੀ ਗਿਣਤੀ ਵਿਚ ਗੁਰੂ ਦੇ ਸਿੰਘ ਅਤੇ ਹਮਲਾਵਰ ਸੈਨਿਕ ਵੀ ਜ਼ਖ਼ਮੀ ਹੋਏ। ਜ਼ਖ਼ਮੀ ਹੋਏ ਯੋਧਿਆਂ ਨੂੰ ਪਿਆਸ ਨਾਲ ਤੜਫਦੇ ਦੇਖਿਆ ਤਾਂ ਉਨ੍ਹਾਂ ਦਾ ਮਨ ਪਸੀਜ ਗਿਆ ਤੇ ਉਨ੍ਹਾਂ ਨੇ ਬਿਨਾਂ ਕਿਸੇ ਭੇਦ-ਭਾਵ ਦੇ ਦੋਵਾਂ ਹੀ ਧਿਰਾਂ ਦੇ ਜ਼ਖ਼ਮੀਆਂ ਨੂੰ ਜਲ ਛਕਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਜ਼ਖ਼ਮੀਆਂ ਨੂੰ ਜਲ ਛਕਾਉਂਦੇ ਦੇਖ ਕੁਝ ਸਿੰਘਾਂ ਨੇ ਭਾਈ ਘਨੱਈਆ ਨੂੰ ਰੋਕਿਆ ਕਿ ਇਹ ਹਮਲਾਵਰ ਜ਼ਖ਼ਮੀ ਗੁਰੂ ਜੀ ਦੇ ਦੁਸ਼ਮਣ ਹਨ, ਤੁਸੀਂ ਇਨ੍ਹਾਂ ਨੂੰ ਜਲ ਨਾ ਛਕਾਓ।
ਜਦੋਂ ਕੁਝ ਸਿੰਘਾਂ ਨੇ ਗੁਰੂ ਜੀ ਪਾਸ ਸ਼ਿਕਾਇਤ ਕੀਤੀ ਕਿ ਅਸੀਂ ਜਿਨ੍ਹਾਂ ਦੁਸ਼ਮਣਾਂ ਨੂੰ ਜ਼ਖ਼ਮੀ ਕਰਦੇ ਹਾਂ, ਭਾਈ ਘਨੱਈਆ ਉਨ੍ਹਾਂ ਨੂੰ ਪਾਣੀ ਪਿਆ ਕੇ ਫਿਰ ਹੋਸ਼ ਵਿਚ ਲੈ ਆਉਂਦੇ ਹਨ। ਗੁਰੂ ਜੀ ਦੇ ਪੁੱਛਣ ‘ਤੇ ਭਾਈ ਘਨੱਈਆ ਜੀ ਨੇ ਕਿਹਾ ਕਿ ਮਹਾਰਾਜ, ਮੈਨੂੰ ਤਾਂ ਹਰ ਕਿਸੇ ਵਿਚੋਂ ਤੁਹਾਡਾ ਹੀ ਮੁੱਖ ਨਜ਼ਰ ਆਉਂਦਾ ਹੈ ਅਤੇ ਮੈਨੂੰ ਕੋਈ ਵੀ ਆਪਣਾ ਜਾਂ ਬਿਗਾਨਾ ਨਜ਼ਰ ਨਹੀਂ ਆਇਆ। ਗੁਰੂ ਜੀ ਨੇ ਇਸ ਮੌਕੇ ‘ਤੇ ਕਿਹਾ ਭਾਈ ਘਨੱਈਆ, ਧੰਨ ਹੈ ਤੇਰੀ ਕਮਾਈ ਅਤੇ ਭਾਈ ਘਨੱਈਆ ਨੂੰ ਮਲ੍ਹਮ ਦੀ ਡੱਬੀ ਅਤੇ ਪੱਟੀਆਂ ਆਦਿ ਦੇ ਕੇ ਫ਼ਰਮਾਇਆ ਕਿ ਜ਼ਖ਼ਮੀਆਂ ਨੂੰ ਪਾਣੀ ਪਿਲਾਉਣ ਦੇ ਨਾਲ-ਨਾਲ ਮਲ੍ਹਮ ਪੱਟੀ ਦੀ ਸੇਵਾ ਵੀ ਕਰਿਆ ਕਰੋ। ਮੈਦਾਨ-ਏ-ਜੰਗ ਵਿਚ ਜ਼ਖ਼ਮੀ ਹੋਏ ਯੋਧਿਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਨ ਦੇ ਸੰਕਲਪ ਨੇ ਸੇਵਾ ਦੇ ਇਤਿਹਾਸ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਨੇ ਸਾਰੀ ਉਮਰ ਮਨੁੱਖਤਾ ਦੀ ਸੇਵਾ ਵਿਚ ਆਪਣਾ ਜੀਵਨ ਲਗਾ ਦਿੱਤਾ। ਆਪ 70 ਸਾਲ ਦੀ ਉਮਰ ਭੋਗ ਕੇ 1718 ਈ: ਵਿਚ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਵੱਲੋਂ ਆਰੰਭੀ ਗਈ ਸੇਵਾ ਨੂੰ ਵਿਸ਼ਵ ਪੱਧਰ ‘ਤੇ ਸੇਵਾ ਪੰਥੀ ਸੰਪਰਦਾ ਦੇ ਮਹਾਂਪੁਰਸ਼ ਅੱਗੇ ਤੋਰ ਰਹੇ ਹਨ। ਹਰ ਸਾਲ 20 ਸਤੰਬਰ ਨੂੰ ਭਾਈ ਘਨੱਈਆ ਜੀ ਦੀ ਯਾਦ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਤੌਰ ‘ਤੇ ਸਮਾਗਮ ਕੀਤੇ ਜਾਂਦੇ ਹਨ।
ਇਤਿਹਾਸ ਦੀ ਉਹ ਘਟਨਾ ਜੋ ਵਿਸ਼ਵ ਭਰ ਵਿਚ ਮਾਨਵ ਸੇਵਾ ਲਈ ਮੀਲ ਪੱਥਰ ਸਾਬਤ ਹੋਈ, ਉਹ ਹੈ ਰੈੱਡ ਕਰਾਸ ਸੰਸਥਾ ਦਾ ਆਰੰਭ। 1859 ਵਿਚ ਸਰ ਹੈਨਰੀ ਡਿਊਨਾ ਨਿਵਾਸੀ ਸਵਿਟਜ਼ਰਲੈਂਡ ਵੱਲੋਂ ਮੈਦਾਨ-ਏ-ਜੰਗ ਵਿਚ ਜ਼ਖ਼ਮੀ ਹੋਏ ਯੋਧਿਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਨ ਤੋਂ ਰੈੱਡ ਕਰਾਸ ਦਾ ਜਨਮ ਹੋਇਆ। ਇਸ ਸਬੰਧੀ ਕੁਝ ਮੁਲਕਾਂ ਦੇ ਪ੍ਰਤੀਨਿਧਾਂ ਦੀ ਕਾਨਫਰੰਸ ਜਨੇਵਾ ਵਿਖੇ 1864 ਵਿਚ ਕੀਤੀ ਗਈ ਅਤੇ ਪ੍ਰਤੀਨਿਧਾਂ ਵੱਲੋਂ ਸਰ ਹੈਨਰੀ ਡਿਊਨਾਟ ਵੱਲੋਂ ਦਿੱਤੇ ਗਏ ਸੁਝਾਵਾਂ ਦੀ ਸ਼ਲਾਘਾ ਕੀਤੀ ਗਈ। ਰੈੱਡ ਕਰਾਸ ਦੀ ਸਥਾਪਨਾ ਪਿੱਛੇ ਜੋ ਮੂਲ ਸਿਧਾਂਤ ਹੈ, ਉਹ ਇਕ ਇਤਿਹਾਸਕ ਸੱਚਾਈ ਹੈ, ਜੋ ਕਿ 1704 ਈ: ਨੂੰ (ਰੈੱਡ ਕਰਾਸ ਤੋਂ ਤਕਰੀਬਨ ਪੌਣੇ ਦੋ ਸੌ ਸਾਲ ਪਹਿਲਾਂ) ਭਾਰਤ ਵਰਸ਼ ਦੀ ਧਰਤੀ ਉੱਪਰ ਸ੍ਰੀ ਅਨੰਦਪੁਰ ਸਾਹਿਬ (ਪੰਜਾਬ) ਵਿਖੇ ਗੁਰਬਾਣੀ ਦੇ ਮਹਾਂਵਾਕ ‘ਨਾ ਕੋ ਬੈਰੀ ਨਾਹਿ ਬਿਗਾਨਾ, ਸਗਿਲ ਸੰਗ ਹਮ ਕਉ ਬਨਿਆਈ’ ਅਤੇ ‘ਮਾਨਿਸ ਕੀ ਜਾਤ ਸਭੋ ਏਕੇ ਪਹਿਚਾਨਬੋ’ ਦੇ ਮਹਾਨ ਮਨੁੱਖਵਾਦ ਦੇ ਆਦਰਸ਼ ਅਨੁਸਾਰ ਅਮਲੀ ਰੂਪ ਵਿਚ ਪ੍ਰਗਟ ਹੋਈ ਸੀ। ਲੰਮੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ ਕਿ ਭਾਈ ਘਨੱਈਆ ਜੀ ਦੀ ਸੇਵਾ ਨੂੰ ਵਿਸ਼ਵ ਵਿਆਪੀ ਬਣਾਇਆ ਜਾਵੇ ਅਤੇ ਇਸ ਮਹਾਨ ਸੇਵਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸੇਵਾ ਸਬੰਧੀ ਵੰਡੇ ਜਾ ਰਹੇ ਸਾਹਿਤ ਵਿਚ ਦਰਜ ਕਰਵਾਇਆ ਜਾਵੇ। ਇਨ੍ਹਾਂ ਉਪਰਾਲਿਆਂ ਲਈ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੇਸ਼-ਵਿਦੇਸ਼ ਵਿਚ ਸੇਵਾ ਕਰ ਰਹੀਆਂ ਸੰਸਥਾਵਾਂ ਦਾ ਸਹਿਯੋਗ ਬਹੁਤ ਹੀ ਜ਼ਰੂਰੀ ਹੈ।

ਪ੍ਰੋ ਬਹਾਦਰ ਸਿੰਘ ਸੁਨੇਤ
-ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ, ਹੁਸ਼ਿਆਰਪੁਰ। ਮੋਬਾ: 94174-16327
Tags:
Posted in: ਸਾਹਿਤ