ਸਾਂਝੀਵਾਲਤਾ ਦੇ ਪ੍ਰਤੀਕ : ਸ਼ੇਖ ਬਾਬਾ ਫ਼ਰੀਦ

By September 24, 2016 0 Comments


ਸ਼ੇਖ ਬਾਬਾ ਫ਼ਰੀਦ ਧਾਰਮਿਕ ਸਾਂਝੀਵਾਲਤਾ ਦੇ ਪ੍ਰਤੀਕ ਸਨ। ਆਪ ਦੇ ਮਨ ਵਿਚ ਇਸਲਾਮੀ ਕੱਟੜਤਾ ਦੇ ਭਾਵ ਬਿਲਕੁਲ ਨਹੀਂ ਸਨ। ਇਹੀ ਕਾਰਨ ਹੈ ਕਿ ਆਪ ਦੇ ਮੁਰੀਦਾਂ ਵਿਚ ਹਿੰਦੂ ਅਤੇ ਮੁਸਲਮਾਨ ਦੋਵਾਂ ਫਿਰਕਿਆਂ ਦੇ ਲੋਕ ਸ਼ਾਮਿਲ ਸਨ। ਫ਼ਰੀਦ ਜੀ ਦਾ ਪਰਿਵਾਰ ਭਾਰਤ ਵਿਚ ਸੁਲਤਾਨਾਂ ਦੇ ਰਾਜ ਸਮੇਂ ਗਿਆਰ੍ਹਵੀਂ ਸਦੀ ਵਿਚ ਪੰਜਾਬ ਵਿਚ ਆਇਆ ਸੀ। ਉਨ੍ਹਾਂ ਦਿਨਾਂ ਵਿਚ farid-jiਭਾਰਤ ਵਿਚ ਮੁਸਲਮਾਨਾਂ ਦੀ ਗਿਣਤੀ ਬਹੁਤੀ ਨਹੀਂ ਸੀ। ਬਹੁਤੇ ਲੋਕ ਹਿੰਦੂ ਧਰਮ ਵਿਚ ਵਿਸ਼ਵਾਸ ਰੱਖਦੇ ਸਨ। ਆਮ ਲੋਕ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਸੀ, ਜਾਤ-ਪਾਤ ਤੋਂ ਬਹੁਤ ਔਖੇ ਸਨ। ਉਨ੍ਹਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਵਿਹਾਰ ਕੀਤਾ ਜਾਂਦਾ ਸੀ। ਇਸ ਕਾਰਨ ਸ਼ੂਦਰ ਅਤੇ ਪਛੜੀਆਂ ਜਾਤੀਆਂ ਦੇ ਲੋਕ ਵੱਡੀ ਗਿਣਤੀ ਵਿਚ ਮੁਸਲਮਾਨ ਬਣਾਏ ਜਾ ਰਹੇ ਸਨ। ਇਸਲਾਮ ਵਿਚ ਜਾਤ-ਪਾਤ ਨਹੀਂ ਸੀ ਅਤੇ ਹਰ ਇਕ ਨੂੰ ਬਰਾਬਰ ਮੰਨਿਆ ਜਾਂਦਾ ਸੀ। ਫ਼ਰੀਦ ਜੀ ਤੋਂ ਕੁਝ ਸਮਾਂ ਬਾਅਦ ਵਿਚ ਭਾਰਤ ਅੰਦਰ ਭਗਤੀ ਲਹਿਰ ਪੈਦਾ ਹੋਈ। 13ਵੀਂ-14ਵੀਂ ਸਦੀ ਦੇ ਭਗਤ ਕਵੀਆਂ ਬਾਬਾ ਨਾਮਦੇਵ, ਭਗਤ ਕਬੀਰ ਅਤੇ ਭਗਤ ਰਵਿਦਾਸ ਨੇ ਵੀ ਮਨੁੱਖੀ ਏਕਤਾ ਅਤੇ ਸਮਾਨਤਾ ਦੇ ਸਿਧਾਂਤਾਂ ਨੂੰ ਪ੍ਰਚਾਰਿਆ ।
ਇਸ ਪ੍ਰਕਾਰ ਭਾਰਤ ਵਿਚ ਮੁਨੱਖੀ ਸਾਂਝੀਵਾਲਤਾ ਦੀ ਫਿਲਾਸਫੀ ਨੇ ਜ਼ੋਰ ਫੜ ਲਿਆ। ਬਾਬਾ ਫ਼ਰੀਦ ਜੀ ਦੇ ਜਮਾਤਖਾਨੇ (ਦਰਬਾਰ) ਵਿਚ ਹਿੰਦੂ, ਮੁਸਲਮਾਨ ਅਤੇ ਨਾਥ ਜੋਗੀ ਘੁੰਮਦੇ ਰਹਿੰਦੇ ਸਨ। ਉਹ ਫ਼ਰੀਦ ਜੀ ਤੋਂ ਜੀਵਨ ਦੇ ਗੁੱਝੇ ਭੇਤਾਂ ਬਾਰੇ ਸਵਾਲ ਪੁੱਛਦੇ ਸਨ ਅਤੇ ਫ਼ਰੀਦ ਜੀ ਉਨ੍ਹਾਂ ਦੇ ਸ਼ੰਕਿਆਂ ਅਤੇ ਜਗਿਆਸਾਵਾਂ ਦੇ ਯੋਗ ਹੱਲ ਪੇਸ਼ ਕਰ ਦਿੰਦੇ ਸਨ। ਇਸ ਕਾਰਨ ਆਪ ਛੇਤੀ ਹੀ ਪੂਰੇ ਉੱਤਰੀ ਭਾਰਤ ਵਿਚ ਬਹੁਤ ਪ੍ਰਸਿੱਧ ਹੋ ਗਏ ਅਤੇ ਆਪ ਦੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ। ਆਪ ਨੇ ਕਈ ਸੂਫ਼ੀ ਫ਼ਕੀਰਾਂ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਦੇ ਕੇ ਖ਼ਲੀਫ਼ੇ ਬਣਾਇਆ। ਖੁਆਜਾ ਨਿਜ਼ਾਮੁਦੀਨ ਔਲੀਆ ਆਪ ਦਾ ਪ੍ਰਮੁੱਖ ਖ਼ਲੀਫ਼ਾ ਸੀ, ਜਿਸ ਨੇ ਦਿੱਲੀ ਅਤੇ ਅਜਮੇਰ ਵਿਚ ਜਾ ਕੇ ਸੂਫ਼ੀਮਤ ਦਾ ਬਹੁਤ ਪ੍ਰਚਾਰ ਕੀਤਾ। ਫ਼ਰੀਦ ਜੀ ਚਿਸ਼ਤੀ ਸਿਲਸਿਲੇ ਦੇ ਸੂਫ਼ੀ ਫ਼ਕੀਰ ਸਨ। ਭਾਰਤ ਵਿਚ ਚਿਸ਼ਤੀ ਸਿਲਸਿਲੇ ਨੂੰ ਹਜ਼ਰਤ ਖੁਆਜ਼ਾ ਮੁਈਨਦੀਨ ਚਿਸ਼ਤੀ ਨੇ ਲੋਕਪ੍ਰਿਆ ਬਣਾਇਆ। ਉਨ੍ਹਾਂ ਤੋਂ ਬਾਅਦ ਹਜ਼ਰਤ ਖੁਆਜ਼ਾ ਕੁਤਬੁਦੀਨ ਬਖਤਿਆਰ ਕਾਕੀ ਜੀ ਨੇ ਦਿੱਲੀ ਵਿਚ ਇਸ ਸਿਲਸਿਲੇ ਦੀ ਵਾਗਡੋਰ ਸੰਭਾਲੀ। ਫ਼ਰੀਦ ਜੀ ਨੇ ਕਾਕੀ ਜੀ ਪਾਸੋਂ ਸਿੱਖਿਆ ਹਾਸਲ ਕੀਤੀ। ਇਸ ਲਈ ਉਨ੍ਹਾਂ ਤੋਂ ਬਾਅਦ ਫ਼ਰੀਦ ਜੀ ਇਸ ਸਿਲਸਿਲੇ ਦੇ ਪ੍ਰਮੁੱਖ ਖ਼ਲੀਫ਼ੇ ਬਣ ਗਏ। ਫ਼ਰੀਦ ਜੀ ਨੇ ਅਰਬੀ ਫਾਰਸੀ ਵਿਚ ਆਪਣੇ ਸਿਧਾਂਤਾਂ ਦਾ ਪ੍ਰਚਾਰ ਕਰਨ ਦੀ ਬਜਾਏ ਆਮ ਲੋਕਾਂ ਦੀ ਬੋਲੀ ਪੰਜਾਬੀ ਨੂੰ ਅਪਣਾਇਆ। ਆਪ ਪੰਜਾਬੀ ਬੋਲੀ ਦੇ ਮੋਢੀ ਕਵੀ ਬਣੇ। ਆਪ ਦੁਆਰਾ ਲਿਖੇ 112 ਸਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ।
ਫ਼ਰੀਦ ਜੀ ਆਪਣੇ ਮੁਰੀਦਾਂ ਨੂੰ ਮਿੱਠਾ ਬੋਲਣ ਅਤੇ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਦਿੰਦੇ ਸਨ। ਆਪ ਫ਼ਰਮਾਉਂਦੇ ਸਨ ਕਿ ਕਿਸੇ ਦਾ ਵੀ ਬੁਰਾ ਨਾ ਕਰੋ, ਸਭ ਦਾ ਭਲਾ ਮੰਗੋ। ਆਪਣੇ ਨਾਲ ਭੈੜਾ ਵਿਹਾਰ ਕਰਨ ਵਾਲੇ ਸ਼ਖ਼ਸ ਨੂੰ ਵੀ ਯੋਗ ਆਦਰ ਦਿਓ। ਜੋ ਵੀ ਤੁਹਾਡੇ ਪਾਸ ਹੋਵੇ, ਉਸ ਨੂੰ ਹੋਰ ਲੋੜਵੰਦਾਂ ਨਾਲ ਮਿਲ ਕੇ ਵਰਤ-ਛਕ ਲਓ। ਸਾਦੀ ਅਤੇ ਸਰਲ ਜ਼ਿੰਦਗੀ ਬਿਤਾਓ, ਧਨ ਦੌਲਤ ਦਾ ਲਾਲਚ ਨਾ ਕਰੋ। ਕਦੇ ਵੀ ਬੁਰੇ ਕੰਮ ਨਾ ਕਰੋ। ਕਿਸੇ ਦਾ ਦਿਲ ਨਾ ਦੁਖਾਓ, ਕਿਉਂਕਿ ਹਰ ਮਨੁੱਖ ਦੇ ਅੰਦਰ ਰੱਬ ਵਸਦਾ ਹੈ। ਆਪਣਾ ਜਿਗਰਾ ਰੁੱਖਾਂ ਵਰਗਾ ਬਣਾ ਲਵੋ ਜੋ ਸਭ ਨੂੰ ਠੰਢੀ ਛਾਂ ਅਤੇ ਫਲ-ਫੁੱਲ ਦਿੰਦੇ ਹਨ। ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਸਬਰ-ਸੰਤੋਖ ਨਾਲ ਆਪਣੀ ਜ਼ਿੰਦਗੀ ਬਸਰ ਕਰੋ ਅਤੇ ਰੱਬ ਨੂੰ ਸਦਾ ਯਾਦ ਰੱਖੋ। ਰੱਬ ਹਰ ਗੁਨਾਹਗਾਰ ਨੂੰ ਬਖਸ਼ ਦਿੰਦਾ ਹੈ। 1215 ਈ: ਵਿਚ ਫ਼ਰੀਦ ਜੀ ਦਿੱਲੀ ਤੋਂ ਪਾਕਪਟਨ ਵੱਲ ਜਾਂਦੇ ਹੋਏ ਕੁਝ ਸਮਾਂ ਫ਼ਰੀਦਕੋਟ ਵਿਖੇ ਠਹਿਰੇ ਸਨ। ਉਨ੍ਹਾਂ ਦੇ ਆਗਮਨ ਦੀ ਖੁਸ਼ੀ ਵਿਚ ਇੱਥੇ 1986 ਈ: ਤੋਂ ਇਕ ਬਹੁਤ ਵੱਡਾ ਮੇਲਾ ਮਨਾਇਆ ਜਾਂਦਾ ਹੈ, ਜੋ 19 ਸਤੰਬਰ ਤੋਂ 23 ਸਤੰਬਰ ਤੱਕ ਪੂਰੇ ਪੰਜ ਦਿਨ ਚੱਲਦਾ ਹੈ। ਸ਼ੇਖ ਫ਼ਰੀਦ ਜੀ ਦੀ ਰਹਿਮਤ ਸਮੂਹ ਭਾਰਤ ਵਾਸੀਆਂ ਉਪਰ ਬਣੀ ਰਹੇ, ਲੋਕ ਆਪੋ ਵਿਚ ਪਿਆਰ-ਇਤਫ਼ਾਕ ਨਾਲ ਜੁੜੇ ਰਹਿਣ, ਇਹੋ ਸਾਡੀ ਦੁਆ ਹੈ।
ਜਸਵੰਤ ਸਿੰਘ ਪੁਰਬਾ
Tags:
Posted in: ਸਾਹਿਤ