ਮਹਾਰਾਜਾ ਸ਼ੇਰ ਸਿੰਘ ਦੇ ਅੰਤ ਦੀ ਦਾਸਤਾਨ

By September 24, 2016 0 Comments


ਸੁਰਿੰਦਰ ਕੋਛੜ

ਸਿੱਖ ਇਤਿਹਾਸ ਦਾ ਧੁਆਂਖਿਆ ਪੰਨਾ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਹਿਜ਼ਾਦੇ ਸ਼ੇਰ ਸਿੰਘ ਦਾ ਜਨਮ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਚਾਰ ਦਸੰਬਰ 1807 ਨੂੰ ਹੋਇਆ। ਉਸ ਨੂੰ ਯੁੱਧ ਵਿੱਦਿਆ ਦੇ ਨਾਲ-ਨਾਲ sher-singhਅੰਗਰੇਜ਼ੀ ਅਤੇ ਫ਼ਰੈਂਚ ਦੀ ਚੰਗੀ ਸੂਝ-ਬੂਝ ਸੀ।
ਸ਼ਹਿਜ਼ਾਦਾ ਸ਼ੇਰ ਸਿੰਘ ਦਾ ਪਹਿਲਾ ਵਿਆਹ ਨਕਈ ਮਿਸਲ ਦੇ ਰਈਸ ਦੀ ਧੀ ਬੀਬੀ ਦੇਸਾਂ ਨਾਲ ਹੋਇਆ, ਜਿਸ ਦਾ ਥੋੜ੍ਹੇ ਸਮੇਂ ਬਾਅਦ ਦੇਹਾਂਤ ਹੋ ਗਿਆ। ਉਸ ਦੇ ਚਲਾਣੇ ਤੋਂ ਬਾਅਦ ਸ਼ਹਿਜ਼ਾਦੇ ਦਾ ਦੂਜਾ ਵਿਆਹ ਹਰੀ ਸਿੰਘ ਵੜੈਚ (ਲਾਧੋਵਾਲੀਏ) ਦੀ ਧੀ ਬੀਬੀ ਪ੍ਰੇਮ ਕੌਰ ਨਾਲ ਹੋਇਆ, ਜਿਸ ਨੇ 14 ਦਸੰਬਰ 1831 ਨੂੰ ਸ਼ਹਿਜ਼ਾਦਾ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ। ਇਨ੍ਹਾਂ ਤੋਂ ਇਲਾਵਾ ਸ਼ੇਰ ਸਿੰਘ ਨੇ ਕ੍ਰਮਵਾਰ ਰਾਣੀ ਪ੍ਰਤਾਪ ਕੌਰ, ਰਾਣੀ ਦਖ਼ਣੂ, ਰਾਣੀ ਧਰਮ ਕੌਰ ਰੰਧਾਵਾ ਉਰਫ਼ ਰਾਣੀ ਰੰਧਾਵੀ, ਰਾਣੀ ਨੰਦ ਕੌਰ ਤੇ ਰਾਣੀ ਜੇਬੋ ਨਾਲ ਵੀ ਵਿਆਹ ਕੀਤਾ।
ਜੂਨ 1839 ਵਿੱਚ ਮਹਾਰਾਜਾ ਼ਰਣਜੀਤ ਸਿੰਘ ਦੇ ਦੇਹਾਂਤ ਤੋਂ ਜਲਦੀ ਬਾਅਦ ਜਦੋਂ ਉਨ੍ਹਾਂ ਦੇ ਵੱਡੇ ਸ਼ਹਿਜ਼ਾਦੇ ਮਹਾਰਾਜਾ ਖੜਕ ਸਿੰਘ ਅਤੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਇੱਕੋ ਦਿਨ ਕਤਲ ਹੋ ਗਿਆ ਤਾਂ ਰਾਜ ਸਾਹਮਣੇ ਇਹ ਸਮੱਸਿਆ ਖੜ੍ਹੀ ਹੋ ਗਈ ਕਿ ਖ਼ਾਲਸਾ ਰਾਜ ਦੀ ਅਗਵਾਈ ਕੌਣ ਕਰੇਗਾ? ਕੰਵਰ ਸ਼ੇਰ ਸਿੰਘ ਨੂੰ ਤਖ਼ਤ ’ਤੇ ਬਿਠਾਉਣ ਦੀ ਗੱਲ ਚੱਲੀ ਤਾਂ ਗੁਲਾਬ ਸਿੰਘ ਡੋਗਰਾ ਨੇ ਚਾਲ ਚੱਲ ਕੇ ਮਹਾਰਾਜਾ ਖੜਕ ਸਿੰਘ ਦੀ ਪਤਨੀ ਮਹਾਰਾਣੀ ਚੰਦ ਕੌਰ ਨੂੰ ਤਖ਼ਤ ’ਤੇ ਬਿਠਾ ਦਿੱਤਾ। ਉਸ ਦੀ ਗੱਲ ਵਿੱਚ ਆ ਕੇ ਚੰਦ ਕੌਰ ਨੇ ਵੀ ਇਹ ਬਹਾਨਾ ਬਣਾ ਦਿੱਤਾ ਕਿ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਸਾਹਿਬ ਕੌਰ ਗਿਲਵਾਲਣ ਗਰਭਵਤੀ ਹੈ। ਜੇ ਉਸ ਦੇ ਘਰ ਲੜਕਾ ਹੋਇਆ ਤਾਂ ਮਹਾਰਾਜਾ ਉਹ ਬਣੇਗਾ ਤੇ ਜੇ ਲੜਕੀ ਹੋਈ ਤਾਂ ਸ਼ੇਰ ਸਿੰਘ ਮਹਾਰਾਜਾ ਬਣੇਗਾ।
ਇਸ ’ਤੇ ਸ਼ੇਰ ਸਿੰਘ ਬਟਾਲਾ ਵਾਪਸ ਆ ਗਿਆ। ਕੁਝ ਸਮੇਂ ਬਾਅਦ ਇਸ ਗੱਲ ਦਾ ਪਰਦਾ-ਫਾਸ਼ ਹੋ ਗਿਆ ਕਿ ਕੰਵਰ ਨੌਨਿਹਾਲ ਸਿੰਘ ਦੀ ਕੋਈ ਵੀ ਰਾਣੀ ਗਰਭਵਤੀ ਨਹੀਂ ਸੀ। ਡੋਗਰਾ ਸਰਦਾਰਾਂ ਨੇ ਦੋ ਗਰਭਵਤੀ ਕਸ਼ਮੀਰੀ ਔਰਤਾਂ ਨੂੰ ਧਨ ਦਾ ਲਾਲਚ ਦੇ ਕੇ ਇਹ ਕਹਿ ਰੱਖਿਆ ਸੀ ਕਿ ਜਿਸ ਦੇ ਲੜਕਾ ਪੈਦਾ ਹੋਵੇਗਾ, ਉਹ ਰਾਣੀ ਸਾਹਿਬ ਕੌਰ ਦੀ ਝੋਲੀ ਵਿੱਚ ਪਾ ਦੇਵੇ ਪਰ ਦੋਵਾਂ ਪਹਾੜਨਾਂ ਦੇ ਘਰ ਲੜਕੀਆਂ ਪੈਦਾ ਹੋਈਆਂ।
ਡੋਗਰਾ ਭਰਾਵਾਂ ਦੀਆਂ ਅਜਿਹੀਆਂ ਚਾਲਾਂ ਤੇ ਲਗਾਤਾਰ ਹੋ ਰਹੀਆਂ ਲੁੱਟ-ਖਸੁੱਟ ਤੇ ਅੱਤਿਆਚਾਰ ਦੀਆਂ ਕਾਰਵਾਈਆਂ ਨਾਲ ਪੂਰੇ ਲਾਹੌਰ ਵਿੱਚ ਬੇਅਮਨੀ ਫੈਲ ਚੁੱਕੀ ਸੀ ਤੇ ਰਾਜ ਗੱਦੀ ਦੀ ਪ੍ਰਾਪਤੀ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ। ਰਾਜ ਦੀ ਇਸ ਵਿਗੜੀ ਹਾਲਤ ਨੂੰ ਸੁਧਾਰਨ ਲਈ ਰਾਜ ਦੇ ਪੰਚਾਂ ਤੇ ਮੁਲਕੀ ਦਰਬਾਰੀਆਂ ਨੇ ਮੀਆਂ ਮੀਰ ਛਾਉਣੀ ਵਿੱਚ ਇਕੱਠ ਕਰ ਕੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਪੰਜਾਬ ਦਾ ਰਾਜ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਸੌਂਪਣ ਲਈ ਜਲਦ ਤੋਂ ਜਲਦ ਉਸ ਨੂੰ ਲਾਹੌਰ ਬੁਲਾਇਆ ਜਾਵੇ।
14 ਜਨਵਰੀ, 1841 ਨੂੰ ਰਾਤ ਦੇ 8 ਵਜੇ ਸ਼ਹਿਜ਼ਾਦਾ ਸ਼ੇਰ ਸਿੰਘ ਨੇ ਲਾਹੌਰ ’ਤੇ ਚੜ੍ਹਾਈ ਕਰ ਦਿੱਤੀ, ਪਰ ਡੋਗਰਾ ਭਰਾਵਾਂ ਨੇ ਆਪਣੇ ਆਪ ਮਹਾਰਾਣੀ ਵੱਲੋਂ ਸ਼ਹਿਰ ਵਿੱਚ ਇਹ ਐਲਾਨ ਕਰ ਦਿੱਤਾ ਕਿ ਖ਼ਾਲਸਾ ਰਾਜ ਦੇ ਕੁਝ ਦੁਸ਼ਮਣ ਸ਼ੇਰ ਸਿੰਘ ਨੂੰ ਬਟਾਲਾ ਤੋਂ ਲਾਹੌਰ ’ਤੇ ਚੜ੍ਹਾਈ ਕਰਨ ਲਈ ਲੈ ਕੇ ਆਏ ਹਨ ਤੇ ਸ਼ੇਰ ਸਿੰਘ ਲਾਹੌਰ ’ਤੇ ਕਬਜ਼ਾ ਕਰ ਕੇ ਰਾਣੀ ਨੂੰ ਬਾਹਰ ਕੱਢ ਦੇਵੇਗਾ। ਇਸ ਲਈ ਸਭ ਡਟ ਕੇ ਸ਼ੇਰ ਸਿੰਘ ਦਾ ਮੁਕਾਬਲਾ ਕਰਨ ਅਤੇ ਉਸ ਨੂੰ ਸ਼ਹਿਰ ’ਤੇ ਕਬਜ਼ਾ ਨਾ ਕਰਨ ਦੇਣ। ਇਸ ਸਭ ਦੇ ਬਾਵਜੂਦ ਸ਼ੇਰ ਸਿੰਘ ਨੇ ਕਿਲ੍ਹਾ ਲਾਹੌਰ ’ਤੇ ਕਬਜ਼ਾ ਕਰ ਲਿਆ। ਇਸ ਪਿੱਛੋਂ 27 ਜਨਵਰੀ, 1841 ਨੂੰ ਉਸ ਨੂੰ ਮਹਾਰਾਜੇ ਵਜੋਂ ਤਿਲਕ ਲਾਇਆ ਗਿਆ।
ਡੋਗਰਾ ਸਰਦਾਰਾਂ, ਗੁਲਾਬ ਸਿੰਘ ਤੇ ਧਿਆਨ ਸਿੰਘ ਨੇ ਇੱਕ ਯੋਜਨਾ ਤਹਿਤ 11 ਜੂਨ, 1842 ਨੂੰ ਰਾਣੀ ਚੰਦ ਕੌਰ ਦਾ ਉਸੇ ਦੀਆਂ ਪਹਾੜਨ ਦਾਸੀਆਂ ਹੱਥੋਂ ਕਤਲ ਕਰਵਾਉਣ ਤੋਂ ਬਾਅਦ ਸੰਧਾਵਾਲੀਆ ਸਰਦਾਰਾਂ ਨਾਲ ਮਿਲ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ। ਇਸ ਦੇ ਚਲਦਿਆਂ 15 ਸਤੰਬਰ, 1843 ਨੂੰ ਖੇਡਾਂ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ ਇੱਕ ਖੇਡ ਮੇਲਾ ਕਰਵਾਇਆ ਗਿਆ। ਮਹਾਰਾਜਾ ਸ਼ਾਹਬਹਿਲੋਲ (ਨਵਾਂ ਨਾਮ ਕੋਟ ਖ਼ਵਾਜਾ ਸੱਯਦ) ਵਿੱਚ ਕੁਰਸੀ ’ਤੇ ਬੈਠਾ ਹੋਇਆ ਸੀ। (ਉਸ ਦਿਨ ਧਿਆਨ ਸਿੰਘ ਡੋਗਰਾ ਬਿਮਾਰੀ ਦਾ ਬਹਾਨਾ ਬਣਾ ਕੇ ਕਿਲ੍ਹੇ ਵਿੱਚ ਹੀ ਰਹਿ ਗਿਆ)। ਅਜੀਤ ਸਿੰਘ ਸੰਧਾਵਾਲੀਆ 400 ਘੋੜ ਸਵਾਰਾਂ ਦੇ ਅੱਗੇ ਚੱਲਦਾ ਹੋਇਆ ਮਹਾਰਾਜੇ ਦੇ ਸਾਹਮਣੇ ਪੇਸ਼ ਹੋਇਆ ਤੇ ਹਥਿਆਰ ਰੱਖਣ ਤੇ ਖ਼ਰੀਦਣ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਹਜ਼ੂਰ ਵਿੱਚ ਇੱਕ ਦੁਨਾਲੀ ਮੌਲੀਦਾਰ ਰਾਈਫਲ ਪੇਸ਼ ਕੀਤੀ। ਜਿਉਂ ਹੀ ਸ਼ੇਰ ਸਿੰਘ ਉਸ ਨੂੰ ਫੜਨ ਲਈ ਉੱਠਿਆ, ਅਜੀਤ ਸਿੰਘ ਨੇ ਉਸ ’ਤੇ ਗੋਲੀ ਚਲਾ ਦਿੱਤੀ ਤੇ ਉਹ ਉੱਥੇ ਹੀ ਕੁਰਸੀ ਉੱਤੇ ਡਿੱਗ ਗਿਆ। ਹਾਲੇ ਉਹ ਆਖ਼ਰੀ ਸਾਹ ਲੈ ਹੀ ਰਿਹਾ ਸੀ ਕਿ ਅਜੀਤ ਸਿੰਘ ਨੇ ਤਲਵਾਰ ਨਾਲ ਉਸ ਦਾ ਸਿਰ ਕੱਟ ਕੇ ਨੇਜ਼ੇ ਉੱਪਰ ਚੜ੍ਹਾ ਦਿੱਤਾ। ਉਧਰ, ਦੂਜੇ ਪਾਸੇ ਗੋਲੀ ਦੀ ਆਵਾਜ਼ ਸੁਣਦਿਆਂ ਹੀ ਲਹਿਣਾ ਸਿੰਘ ਸੰਧਾਵਾਲੀਆ (ਅਜੀਤ ਸਿੰਘ, ਲਹਿਣਾ ਸਿੰਘ ਦੇ ਭਰਾ ਵਸਾਵਾ ਸਿੰਘ ਦਾ ਪੁੱਤਰ ਸੀ ਅਤੇ ਲਹਿਣਾ ਸਿੰਘ ਰਿਸ਼ਤੇ ਵਿੱਚ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ) ਨੇ ਤਲਵਾਰ ਫੜੀ ਤੇ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਵੱਲ ਚੱਲ ਪਿਆ। ਪ੍ਰਤਾਪ ਸਿੰਘ ਅਜੇ ਆਪਣੇ ਦਾਦਾ ਦੇ ਸਤਿਕਾਰ ਲਈ ਝੁਕਿਆ ਹੀ ਸੀ ਕਿ ਦਾਦੇ ਨੇ ਆਪਣੇ ਪੋਤਰੇ ਦੀ ਗਰਦਨ ਕੱਟ ਕੇ ਨੇਜੇ ਉੱਪਰ ਟੰਗ ਲਈ।
ਬਾਬਾ ਪ੍ਰੇਮ ਸਿੰਘ ਹੋਤੀ ਇਸ ਖ਼ੌਫ਼ਨਾਕ ਦ੍ਰਿਸ਼ ਦਾ ਵਰਣਨ ਕਰਦਿਆਂ ਲਿਖਦੇ ਹਨ, ‘‘ਉਸ ਸਮੇਂ ਭੁੱਲੜ ਸਰਦਾਰ ਲਹਿਣਾ ਸਿੰਘ ਇਹ ਨਹੀਂ ਸੀ ਜਾਣਦਾ ਕਿ ਉਹ ਕੇਵਲ ਬੇਦੋਸ਼ੇ ਬੱਚੇ ਦਾ ਸੀਸ ਹੀ ਨਹੀਂ ਸੀ ਕੱਟ ਰਿਹਾ, ਸਗੋਂ ਖ਼ਾਲਸਾ ਰਾਜ ਦੀਆਂ ਜੜ੍ਹਾਂ ਵੀ ਵੱਢ ਰਿਹਾ ਸੀ।’’
ਇਸ ਭਿਆਨਕ ਤੇ ਘ੍ਰਿਣਤ ਦ੍ਰਿਸ਼ ਨੂੰ ਅੱਖੀਂ ਦੇਖਣ ਵਾਲੇ ਮੌਲਵੀ ਅਹਿਮਦ ਬਖ਼ਸ਼ ਚਿਸ਼ਤੀ ਆਪਣੇ ਰੋਜ਼ਨਾਮਚੇ ’ਚ ਇਸ ਘਟਨਾ ਦਾ ਵੇਰਵਾ ਦਿੰਦਿਆਂ ਲਿਖਦੇ ਹਨ,‘‘ਜਿਸ ਸਮੇਂ ਸ਼ਹਿਜ਼ਾਦਾ ਪ੍ਰਤਾਪ ਸਿੰਘ ਦਾ ਕਤਲ ਕੀਤਾ ਗਿਆ, ਮੈਂ ਉਸ ਸਮੇਂ ਸ਼ਾਲਾਮਾਰ ਬਾਗ਼ ਵੱਲ ਜਾ ਰਿਹਾ ਸੀ। ਮੈਨੂੰ ਸੰਯੋਗ ਨਾਲ ਲਹਿਣਾ ਸਿੰਘ ਆਪਣੇ ਕੁਝ ਸਵਾਰਾਂ ਸਣੇ ਅੱਗਿਓਂ ਮਿਲ ਪਿਆ, ਜਿਸ ਨੇ ਸ਼ਹਿਜ਼ਾਦੇ ਦਾ ਧੜ ਤੋਂ ਵੱਢਿਆ ਹੋਇਆ ਸੀਸ ਆਪਣੇ ਨੇਜੇ ਦੀ ਨੋਕ ਉੱਪਰ ਟੰਗਿਆ ਹੋਇਆ ਸੀ। ਪ੍ਰਤਾਪ ਸਿੰਘ ਦੇ ਖਿੱਲਰੇ ਹੋਏ ਸੋਹਣੇ ਕੇਸ, ਜਿਹੜੇ ਚੋਖੇ ਲੰਬੇ ਸਨ, ਤਿੱਲੇ ਦੀਆਂ ਸੁਨਹਿਰੀ ਤਾਰਾਂ ਵਾਂਗ ਲਿਸ਼ਕ ਰਹੇ ਸਨ। ਉਸ ਦੇ ਸੁੰਦਰ ਮੁਖੜੇ ਦੀ ਗੁਲਾਬੀ ਭਾ ਲਹੂ ਦੀਆਂ ਧਾਰਾਂ ਪੈਣ ਨਾਲ ਵਧੇਰੇ ਲਾਲ ਗੁਲਾਲ ਹੋ ਗਈ ਸੀ। ਮਾਲੂਮ ਹੁੰਦਾ ਸੀ ਕਿ ਜਦੋਂ ਲਹਿਣਾ ਸਿੰਘ ਨੇ ਉਸ ਦੀ ਗਰਦਨ ’ਤੇ ਆਪਣੀ ਤਲਵਾਰ ਚਲਾਈ ਸੀ ਤਾਂ ਸ਼ਹਿਜ਼ਾਦਾ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਆਪਣੇ ਬਾਬਾ ਜੀ ਵੱਲ ਤੱਕ ਰਿਹਾ ਸੀ। ਉਸ ਦੇ ਵੱਢੇ ਹੋਏ ਸੀਸ ਦੀਆਂ ਹਰਨਾਖੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਇੰਜ ਪ੍ਰਤੀਤ ਹੋ ਰਹੀਆਂ ਸਨ, ਜਿਵੇਂ ਕਹਿ ਰਹੀਆਂ ਹੋਣ ਕਿ ਮੈਨੂੰ ਉਸ ਸਮੇਂ ਆਪਣੇ ਪਿਆਰੇ ਬਾਬਾ ਜੀ ਤੋਂ ਤਰਸ ਕਰ ਕੇ ਕੋਈ ਨਹੀਂ ਬਚਾ ਸਕਿਆ ਤਾਂ ਹੁਣੇ ਹੀ ਕੋਈ ਦਇਆਵਾਨ ਪਹੁੰਚ ਕੇ ਮਹਾਰਾਜਾ ਰਣਜੀਤ ਸਿੰਘ ਦੇ ਲਾਡਲੇ ਪੋਤੇ ਦੀ ਮੱਖਣਾਂ ਨਾਲ ਪਲੀ ਹੋਈ ਦੇਹ ਨੂੰ ਕਾਵਾਂ-ਕੁੱਤਿਆਂ ਤੋਂ ਬਚਾ ਕੇ ਅਗਨ ਭੇਟ ਕਰ ਦੇਵੇ।’’ ਬਾਅਦ ਵਿੱਚ ਮਹਾਰਾਜਾ ਸ਼ੇਰ ਸਿੰਘ ਤੇ ਉਨ੍ਹਾਂ ਦੇ ਸ਼ਹਿਜ਼ਾਦੇ ਦੇ ਕੱਟੇ ਸੀਸ ਲਾਹੌਰ ਸ਼ਾਹੀ ਕਿਲ੍ਹੇ ਵਿੱਚੋਂ ਮਿਲ ਜਾਣ ’ਤੇ ਸ਼ਾਹਬਹਿਲੋਲ ਦੀ ਵਲਗਣ ਵਿੱਚ ਦੋਵਾਂ ਦੀਆਂ ਦੇਹਾਂ ਦਾ ਇੱਕੋ ਅੰਗੀਠੇ ਵਿੱਚ ਸਸਕਾਰ ਕੀਤਾ ਗਿਆ।
ਸੁਰਿੰਦਰ ਕੋਛੜ
ਸੰਪਰਕ: 93561-27771
Tags:
Posted in: ਸਾਹਿਤ